ਇਹ ਜਨਮ ਸ਼ਤਾਬਦੀ ਬਾਬੇ ਨਾਨਕ ਦੀ ਹੈ ਜਾਂ ਕਿਸੇ ਧਨਾਢ ਸਿਆਸਤਦਾਨ ਦੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਿੱਖਾਂ ਨੂੰ ਭਾਵੁਕ ਬਣਾ ਕੇ ਲੁਟਿਆ ਜਾ ਰਿਹਾ ਹੈ ਬੱਸ!

International Nagar Kirtan

ਬਾਬੇ ਨਾਨਕ ਦਾ 500ਵਾਂ ਜਨਮ ਦਿਨ (ਪੰਜਵੀਂ ਸ਼ਤਾਬਦੀ) ਸਿੱਖਾਂ ਵਲੋਂ ਮਨਾਇਆ ਜਾਂਦਾ ਜਿਨ੍ਹਾਂ ਨੇ ਵੇਖਿਆ ਸੀ, ਉਨ੍ਹਾਂ ਨੂੰ ਬਾਬਾ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਠਾਠ ਬਾਠ ਵਾਲੇ ਕਰੋੜਾਂ ਅਰਬਾਂ ਰੁਪਏ ਫੂਕ ਕੇ ਮਨਾਏ ਜਾਣ ਵਾਲੇ ਜਸ਼ਨਾਂ ਤੋਂ ਕੋਈ ਖ਼ਾਸ ਉਮੀਦਾਂ ਕਦੇ ਵੀ ਨਹੀਂ ਸਨ ਕਿਉਂਕਿ ਬਾਬੇ ਨਾਨਕ ਦੇ ਅੱਜ ਦੇ ਸਿੱਖਾਂ ਦਾ ਸੱਚ ਇਹੀ ਹੈ ਕਿ ਇਹ ਦਸਾਂ ਨਹੁੰਆਂ ਦੀ ਕਿਰਤ ਨੂੰ ਨਫ਼ਰਤ ਕਰਨ ਵਾਲੇ ਲੋਕ ਹਨ। ਵਾਰ-ਵਾਰ ਦੁਹਰਾਉਣ ਦਾ ਫ਼ਾਇਦਾ ਤਾਂ ਨਹੀਂ ਪਰ ਹੈਰਾਨੀ ਹੁੰਦੀ ਹੈ ਜਦੋਂ ਵਾਰ ਵਾਰ ਪੰਜਾਬ ਦੇ ਫਲਦੇ ਫੁਲਦੇ ਵਪਾਰ ਵਲ ਝਾਤ ਮਾਰੀਦੀ ਹੈ। ਜਲੰਧਰ, ਲੁਧਿਆਣਾ ਦੇ ਸ਼ਹਿਰਾਂ ਦੇ ਵਪਾਰੀਆਂ ਵਲ ਵੇਖੋ, ਕਿਸਾਨਾਂ ਵਲ ਵੇਖੋ ਤਾਂ ਸਾਫ਼ ਦਿਸਦਾ ਹੈ ਕਿ ਪੰਜਾਬ ਵਿਚ ਅੱਜ ਕਿਰਤ ਦੀ ਕਮਾਈ ਨਹੀਂ ਚਲ ਰਹੀ। ਅੱਜ ਜੇ ਚਲ ਰਿਹਾ ਹੈ ਤਾਂ ਰੇਤਾ ਮਾਈਨਿੰਗ ਦਾ ਕਾਲਾ ਧੰਦਾ ਚਲ ਰਿਹਾ ਹੈ।

ਸਰਕਾਰਾਂ ਬਦਲ ਗਈਆਂ ਹਨ ਪਰ ਕਾਲੇ ਧੰਦੇ ਉਸੇ ਤਰ੍ਹਾਂ ਫੈਲ ਰਹੇ ਹਨ। ਨਸ਼ੇ ਦਾ ਧੰਦਾ ਵੀ ਸਰਕਾਰੀ ਸ਼ਹਿ ਨਾਲ ਚਲਣ ਦੇ ਇਲਜ਼ਾਮ ਸਿਆਸਤਦਾਨ ਇਕ ਦੂਜੇ ਉਤੇ ਲਾਉਂਦੇ ਹਨ। ਉਨ੍ਹਾਂ ਸੱਭ ਉਤੇ ਯਕੀਨ ਕਰ ਸਕਦੇ ਹਾਂ ਕਿਉਂਕਿ ਸਰਕਾਰੀ ਸਿਸਟਮ ਦੀ ਜਾਣਕਾਰੀ ਸੱਤਾ ਵਿਚ ਬੈਠੇ ਤੇ ਸੱਤਾ ਵਿਚ ਰਹਿ ਚੁੱਕੇ ਸਿਆਸਤਦਾਨਾਂ ਤੋਂ ਬਿਹਤਰ ਕਿਸ ਕੋਲ ਹੁੰਦੀ ਹੈ? ਸੋ ਜੇ ਅੱਜ ਸਾਬਕਾ ਉਪ ਮੁੱਖ ਮੰਤਰੀ ਨੇ ਇਲਜ਼ਾਮ ਲਾਇਆ ਹੈ ਕਿ ਸਰਕਾਰ ਹੀ ਨਸ਼ਾ ਤਸਕਰੀ ਵਿਚ ਸ਼ਾਮਲ ਹੈ ਤਾਂ ਇਸ ਨੂੰ ਨਾ ਮੰਨਣ ਦਾ ਕੋਈ ਕਾਰਨ ਤਾਂ ਨਹੀਂ ਦਿਸਦਾ। ਉਨ੍ਹਾਂ ਤਾਂ 10 ਸਾਲ ਸਰਕਾਰ ਚਲਾਈ ਹੈ। ਇਨ੍ਹਾਂ ਦੋ ਧੰਦਿਆਂ ਦੇ ਨਾਲ ਨਾਲ ਇਕ ਹੋਰ ਧੰਦਾ ਚਲ ਰਿਹਾ ਹੈ ਅਤੇ ਭਾਵੇਂ ਪੰਜਾਬ ਦੇ ਕਿਸੇ ਵੀ ਵਪਾਰ ਜਾਂ ਉਦਯੋਗ ਕੋਲ ਪ੍ਰਚਾਰ ਵਾਸਤੇ ਪੈਸਾ ਨਾ ਹੋਵੇ, ਇਸ ਕਾਲੇ ਜਾਦੂ ਦੇ ਬਾਬਿਆਂ ਕੋਲ ਦੌਲਤ ਦੀ ਕੋਈ ਕਮੀ ਨਹੀਂ।

ਇਸ ਗੰਦਗੀ ਵਿਚੋਂ ਨਿਕਲ ਕੇ ਆ ਰਿਹਾ ਹੈ ਪੰਜਾਬ ਛੱਡਣ ਦਾ ਰੁਝਾਨ ਅਰਥਾਤ ਇਮੀਗਰੇਸ਼ਨ। ਅਤੇ ਪੰਜਾਬ ਦੇ ਨੌਜੁਆਨ ਵਿਦੇਸ਼ਾਂ ਵਿਦੇਸ਼ਾਂ ਵਲ ਕਿਉਂ ਨਾ ਮੂੰਹ ਕਰਨ? ਜਦੋਂ ਸਿਆਸਤਦਾਨਾਂ ਨੇ ਇਸ ਕਦਰ ਪੰਜਾਬ ਵਿਚ ਭ੍ਰਿਸ਼ਟਾਚਾਰ ਤੇ ਕਾਲੇ ਧੰਦਿਆਂ ਨੂੰ ਵਧਾਇਆ ਹੋਇਆ ਹੈ ਤਾਂ ਕਿਉਂ ਨਾ ਬੱਚੇ ਇਸ ਸੂਬੇ ਨੂੰ ਛੱਡ ਕੇ ਬਾਹਰ ਚਲੇ ਜਾਣ? ਇਸ ਸਮਾਜ 'ਚ ਬਾਬੇ ਨਾਨਕ ਦੀ ਬਰਾਬਰੀ ਤੇ ਸਾਂਝੀਵਾਲਤਾ ਦਾ ਸੁਨੇਹਾ ਕਿਸ ਤਰ੍ਹਾਂ ਕੋਈ ਸੁਣ ਸਕਦਾ ਸੀ? ਜਿਸ ਤਰ੍ਹਾਂ ਪੰਜਾਬ ਨੇ ਗੁਰੂ ਨਾਨਕ ਨੂੰ ਪੰਡਾਲਾਂ ਅਤੇ ਨਗਰ ਕੀਰਤਨਾਂ ਵਿਚ ਵੰਡਿਆ ਹੈ, ਉਨ੍ਹਾਂ ਦੇ ਜਨਮਦਿਨ ਦਾ ਅਸਲ ਜਸ਼ਨ ਤਾਂ ਮੁਮਕਿਨ ਹੀ ਨਹੀਂ ਰਿਹਾ। ਕਿਤੇ ਕੋਈ ਲਾਈਟਾਂ ਉਤੇ 10 ਕਰੋੜ ਖ਼ਰਚ ਰਿਹਾ ਹੈ ਅਤੇ ਕਿਤੇ ਕੋਈ ਨਗਰ ਕੀਰਤਨਾਂ ਉਤੇ ਸਿਆਸਤ ਕਰ ਰਿਹਾ ਹੈ।

ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਤਾਂ ਹੱਦ ਹੀ ਕਰ ਦਿਤੀ ਜਦ ਉਨ੍ਹਾਂ ਨੇ ਪਾਕਿਸਤਾਨ ਗੁਰਦਵਾਰਾ ਕਮੇਟੀ ਤੇ ਪਾਕਿਸਤਾਨ ਸਰਕਾਰ ਤੋਂ ਪੁੱਛੇ ਬਗ਼ੈਰ ਹੀ ਲੋਕਾਂ ਤੋਂ ਦਾਨ ਇਕੱਠਾ ਕਰ ਕੇ ਨਗਰ ਕੀਰਤਨ ਵਾਸਤੇ ਤਿਆਰੀਆਂ ਕਰ ਲਈਆਂ ਜਦਕਿ ਇਜਾਜ਼ਤ ਸਰਨਾ ਦੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਕੋਲ ਹੈ। ਵਾਹ! ਗੁਰੂ ਦੇ ਜਨਮ ਦਿਹਾੜੇ ਦੇ ਨਾਂ ਤੇ ਸਰਨਾ ਧੜੇ ਨੇ ਇਕ ਸਿਆਸੀ ਜਿੱਤ ਹਾਸਲ ਕਰ ਲਈ। ਬਸ ਇਹੋ ਜਹੀਆਂ ਖ਼ਬਰਾਂ ਲਈ ਹੀ ਤਾਂ 'ਸ਼ਤਾਬਦੀ ਜਸ਼ਨਾਂ' ਦਾ ਸ਼ੋਰ ਮਚਾਇਆ ਜਾ ਰਿਹਾ ਹੈ ਤੇ ਸਿਆਸਤਦਾਨ ਆਪਸ ਵਿਚ ਲੜ ਰਹੇ ਹਨ ਵਰਨਾ ਬਾਬੇ ਨਾਨਕ ਪ੍ਰਤੀ ਅਕੀਦਤ (ਸ਼ਰਧਾ) ਪ੍ਰਗਟ ਕਰਨ ਲਈ ਮੁਕਾਬਲੇਬਾਜ਼ੀ ਕਾਹਦੀ ਤੇ ਖਹਿਬਾਜ਼ੀ ਕਾਹਦੀ?

ਇਹੀ ਕੁੱਝ ਪੰਜਾਬ ਵਿਚ ਸ਼੍ਰੋਮਣੀ ਕਮੇਟੀ ਨੂੰ ਅੱਗੇ ਕਰ ਕੇ ਅਕਾਲੀ ਦਲ ਬਾਦਲ ਅਤੇ ਪੰਜਾਬ ਸਰਕਾਰ ਵਿਚਕਾਰ ਚਲ ਰਿਹਾ ਹੈ। ਕਾਂਗਰਸ ਸਰਕਾਰ ਦੇ ਸਿਰ ਉਤੇ ਸਿਹਰਾ ਨਾ ਬੱਝ ਜਾਵੇ, ਇਸ ਲਈ ਸ਼੍ਰੋਮਣੀ ਕਮੇਟੀ ਨੇ 8 ਕਰੋੜ ਰੁਪਏ ਦਾ ਵਖਰਾ ਪੰਡਾਲ ਬਣਾ ਦਿਤਾ ਹੈ। ਲਾਂਘਾ ਖੁਲ੍ਹਿਆ ਕ੍ਰਿਕਟ ਦੇ ਖਿਡਾਰੀਆਂ ਦੀ ਮਿੱਤਰਤਾ ਕਰ ਕੇ, ਪਰ ਜੱਫੀਆਂ ਉਤੇ ਰੋਣ ਵਾਲੀ ਪਾਰਟੀ ਅੱਜ ਲਾਂਘੇ ਦਾ ਸਿਹਰਾ ਅਪਣੇ ਸਿਰ ਸਜਾਉਣ ਲਈ ਕਮਲੀ ਹੋਈ ਫਿਰਦੀ ਹੈ। ਪਾਕਿਸਤਾਨ ਵਾਲੇ ਵੀ ਵੇਖ ਕੇ ਹਸਦੇ ਹੋਣਗੇ ਕਿ ਕਿਹੋ ਜਹੀ ਇਹ ਕੌਮ ਹੈ ਜਿਸ ਵਾਸਤੇ ਅਸੀਂ ਸਾਰੀਆਂ ਮੁਸ਼ਕਲਾਂ ਵਿਚ ਅਪਣਾ ਰਸਤਾ ਖੋਲ੍ਹਿਆ ਹੈ। ਉਹ ਬੇਵਕੂਫ਼ ਨਹੀਂ ਹਨ, ਇਸੇ ਕਰ ਕੇ ਉਨ੍ਹਾਂ ਸਿਰਫ਼ ਅਤੇ ਸਿਰਫ਼ ਡਾ. ਮਨਮੋਹਨ ਸਿੰਘ ਨੂੰ ਸੱਦਾ ਭੇਜਿਆ ਹੈ।

ਪੈਸੇ ਦੀ ਬਰਬਾਦੀ ਚਲ ਰਹੀ ਹੈ। ਗ਼ਰੀਬ ਨੂੰ ਭਾਵੁਕ ਕਰ ਕੇ ਪੈਸੇ ਬਟੋਰੇ ਜਾ ਰਹੇ ਹਨ। ਰਾਤ ਨੂੰ ਉਨ੍ਹਾਂ ਨਗਰ ਕੀਰਤਨਾਂ ਦੀਆਂ ਵੈਨਾਂ ਦਾ ਦ੍ਰਿਸ਼ ਵੇਖ ਕੇ ਖ਼ੂਨ ਦੇ ਅਥਰੂ ਕੇਰਨਗੇ, ਅਸਲ ਸਿੱਖ ਅਤੇ ਬਾਬਾ ਨਾਨਕ ਆਪ ਵੀ। ਇਸ ਸਾਰੀ ਨਾਟਕਬਾਜ਼ੀ ਵਿਚ ਇਕ ਆਵਾਜ਼ ਮੁੱਖ ਸੇਵਾਦਾਰ ਅਕਾਲ ਤਖ਼ਤ, ਗਿਆਨੀ ਹਰਪ੍ਰੀਤ ਸਿੰਘ ਦੀ ਸੁਣ ਕੇ ਦੰਗ ਰਹਿ ਗਏ ਕਿ ਸੋਨੇ ਦੀਆਂ ਪਾਲਕੀਆਂ ਉਤੇ ਧਨ ਖ਼ਰਚਣ ਦੀ ਬਜਾਏ ਬੱਚਿਆਂ ਨੂੰ ਪੜ੍ਹਾਉ। ਇਹ ਬਿਆਨ ਮਰਹਮ ਦਾ ਇਕ ਫੋਹਾ ਹੈ ਜੋ ਬਰਬਾਦੀ ਦੇ ਸਾਰੇ ਜ਼ਖ਼ਮਾਂ ਨੂੰ ਠੰਢਕ ਪਹੁੰਚਾਉਣ ਦਾ ਕੰਮ ਕਰ ਸਕਦਾ ਹੈ। ਇਕ ਬਿਆਨ ਅੱਜ ਦੀ ਹਾਕਮ ਧਿਰ ਵਲੋਂ ਆਇਆ ਹੈ ਜੋ ਬਾਬਾ ਨਾਨਕ ਦੀ ਸੋਚ ਨੂੰ ਦਰਸਾਉਂਦਾ ਹੈ ਅਤੇ ਉਮੀਦ ਜਾਗਦੀ ਹੈ। ਕੀ ਵਕਤ ਬਦਲਣ ਵਾਲੇ ਹਨ? ਕੀ ਪੜ੍ਹੇ-ਲਿਖੇ ਇਨਸਾਨ ਨੇ ਬਾਬਾ ਨਾਨਕ ਦਾ ਰਸਤਾ ਅਪਣਾਉਣ ਦਾ ਫ਼ੈਸਲਾ ਕਰ ਲਿਆ ਹੈ?  -ਨਿਮਰਤ ਕੌਰ