ਪੰਜ ਰਾਜਾਂ ਦੀਆਂ ਚੋਣਾਂ ਵਿਚ ਭਾਜਪਾ ਤੇ ਕਾਂਗਰਸ ਨੂੰ ਇਕੋ ਜਹੀਆਂ ‘ਘਰੇਲੂ’ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਾਂਗਰਸ ਨੂੰ ਹਰਾਉਣਾ ਚਾਹੁਣ ਵਾਲੇ ਹਮੇਸ਼ਾ ਕਾਂਗਰਸ ਵਿਚ ਹੀ ਬੈਠੇ ਹੁੰਦੇ ਹਨ

Narendra Modi, Rahul Gandhi

ਪੰਜ ਸੂਬਿਆਂ ਵਿਚ ਚੋਣਾਂ ਦਾ ਐਲਾਨ ਉਸ ਸਮੇਂ ਹੋਇਆ ਹੈ ਜਦ ਕਾਂਗਰਸ ਦੇ ਹੱਕ ਵਿਚ ਕਾਰਗਿਲ ਤੋਂ ਜਿੱਤ ਦਾ ਢੋਲ ਵਜਿਆ ਹੈ ਤੇ ਕਾਂਗਰਸ ਨੂੰ ਅਪਣੀ ਜਿੱਤ ਨਿਸ਼ਚਤ ਲਗਣੀ ਸ਼ੁਰੂ ਹੋ ਚੁੱਕੀ ਹੈ। ਪਰ ਕਾਂਗਰਸ ਨੂੰ ਹਰਾਉਣਾ ਚਾਹੁਣ ਵਾਲੇ ਹਮੇਸ਼ਾ ਕਾਂਗਰਸ ਵਿਚ ਹੀ ਬੈਠੇ ਹੁੰਦੇ ਹਨ। ਇਸ ਵਾਰ ਵੀ ਸੰਕੇਤ ਉਸੇ ਤਰ੍ਹਾਂ ਦੇ ਮਿਲ ਰਹੇ ਹਨ। ਰਾਜਸਥਾਨ ਵਿਚ ਗਹਿਲੋਤ ਨੂੰ ਹਾਈਕਮਾਂਡ ਦਾ ਸਾਥ ਪ੍ਰਾਪਤ ਹੋਣ ਦੇ ਬਾਵਜੂਦ ਪਾਇਲਟ ਦੇ ਪਿੰਡ ਦੀ ਵੋਟ ਵਿਰੋਧੀ ਪਾਰਟੀ ਨੂੰ ਮਿਲੇਗੀ।

ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵਾਰ ਭਾਜਪਾ ਅੰਦਰ ਵੀ ਦਰਾੜਾਂ ਪੈ ਚੁਕੀਆਂ ਹਨ ਜੋ ਉਸ ਨੂੰ ਕਮਜ਼ੋਰ ਕਰ ਰਹੀਆਂ ਹਨ। ਸ਼ਾਇਦ ਜਦ ਸੰਸਥਾ ਵੱਡੀ ਹੋ ਜਾਂਦੀ ਹੈ ਤਾਂ ਉਹ ਅਪਣੇ ਬਲਬੂਤੇ ਦਰਾੜਾਂ ਭਰ ਲੈਂਦੀ ਹੈ ਜਿਵੇਂ ਕਾਂਗਰਸ ਵਿਚ ਹੁੰਦਾ ਆ ਹੀ ਰਿਹਾ ਹੈ। ਪਰ ਅੱਜ ਭਾਜਪਾ ਵਿਚ ਐਨੇ ਕਾਂਗਰਸੀ ਉੱਚ ਅਹੁਦਿਆਂ ’ਤੇ ਬੈਠ ਚੁੱਕੇ ਹਨ ਕਿ ਇਹ ਵੀ ਹੋ ਸਕਦਾ ਹੈ ਕਿ ਉਹ ਕਾਂਗਰਸ ਦੀਆਂ ਆਦਤਾਂ, ਭਾਜਪਾ ਵਿਚ ਅਪਣੇ ਨਾਲ ਲੈ ਗਏ ਹੋਣ।

ਜਿਵੇਂ ਵੀ ਹੈ, ਇਨ੍ਹਾਂ ਸੂਬਾ ਪਧਰੀ ਚੋਣਾਂ ਵਿਚ ਭਾਜਪਾ ਨੇ ਸਾਫ਼ ਕਰ ਦਿਤਾ ਹੈ ਕਿ ਉਨ੍ਹਾਂ ਦਾ ਅਪਣੇ ਸੂਬਾ ਪਧਰੀ ਆਗੂਆਂ ਤੇ ਵਿਸ਼ਵਾਸ ਬਣਿਆ ਨਹੀਂ ਰਹਿ ਸਕਿਆ।
ਜਿਵੇਂ ਪੰਜਾਬ ਵਿਚ ਪੁਰਾਣੇ ਭਾਜਪਾ ਆਗੂਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ, ਠੀਕ ਉਸੇ ਤਰ੍ਹਾਂ ਰਾਜਸਥਾਨ, ਐਮ.ਪੀ. ਅਤੇ ਛੱਤੀਸਗੜ੍ਹ ਵਿਚੋਂ ਆ ਰਹੀ ਉਮੀਦਵਾਰਾਂ ਦੀ ਸੂਚੀ ਵਿਚ ਵੀ ਸੂਬਾ ਪਧਰੀ ਆਗੂਆਂ ਦੀ ਥਾਂ ਐਮ.ਪੀਜ਼ ਦੇ ਨਾਮ ਆ ਰਹੇ ਹਨ।

ਮੁੱਖ ਮੰਤਰੀ ਦੇ ਨਾਮ ਬਾਰੇ ਤਾਂ ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਆਖ ਦਿਤਾ ਹੈ ਕਿ ਮੁੱਖ ਮੰਤਰੀ ਸਿਰਫ਼ ਕਮਲ ਹੋਵੇਗਾ। ਪਰ ਸਾਫ਼ ਹੈ ਕਿ ਲੋਕਾਂ ਤੋਂ ਪ੍ਰਧਾਨ ਮੰਤਰੀ ਦੇ ਨਾਮ ’ਤੇ ਵੋਟ ਮੰਗੀ ਜਾਵੇਗੀ। ਸ਼ਿਵਰਾਜ ਚੌਹਾਨ ਜਾਂ ਵਸੁੰਦਰਾ ਰਾਜੇ ਦਾ ਮੁਕਾਬਲਾ ਕਾਂਗਰਸ ਦੇ ਆਗੂਆਂ ਨਾਲ ਹੋ ਸਕਦਾ ਹੈ ਪਰ ਕੀ ਗਹਿਲੋਤ, ਨਰਿੰਦਰ ਮੋਦੀ ਸਾਹਮਣੇ ਖੜਾ ਰਹਿ ਸਕਦਾ ਹੈ?

ਇਹੀ ਨੀਤੀ ਹਾਲ ਹੀ ਵਿਚ ਕਰਨਾਟਕਾ ਵਿਚ ਨਹੀਂ ਸੀ ਚਲੀ ਤੇ ਨਾ ਹੀ ਹਿਮਾਚਲ ਪ੍ਰਦੇਸ਼ ਵਿਚ ਪਰ ਉੱਤਰ ਪ੍ਰਦੇਸ਼, ਗੁਜਰਾਤ ਵਿਚ ਇਹ ਸਫ਼ਲ ਹੋਈ।  ਅਜੇ ਤਕ ਜਿਹੜੇ ਵੀ ਸਰਵੇਖਣ ਆ ਰਹੇ ਹਨ, ਉਹ 2024 ਵਿਚ ਨਰਿੰਦਰ ਮੋਦੀ ਨੂੰ ਹੀ ਜਿਤਦੇ ਵਿਖਾ ਰਹੇ ਹਨ ਪਰ ਸੂਬਿਆਂ ਵਿਚ ਕਾਂਗਰਸ ਦਾ ਪਲੜਾ ਭਾਰੀ ਦਰਸਾਉਂਦੇ ਹਨ। 

ਸੋ ਜਾਪਦਾ ਹੈ ਕਿ ਭਾਜਪਾ, ਰਾਜਾਂ ਦੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਦੇ ਨਾਮ ’ਤੇ ਸਰਵੇਖਣਾਂ ਤੋਂ ਉਲਟ ਨਤੀਜੇ ਲਿਆਉਣ ਦੀ ਰਣਨੀਤੀ ਅਪਣਾ ਰਹੀ ਹੈ। ਇਹ ਹੁਣ ਸਮਾਂ ਹੀ ਦੱਸੇਗਾ ਕਿ ਭਾਜਪਾ ਵਰਕਰ ਕਿਸ ਤਰ੍ਹਾਂ ਅਪਣੇ ਸੂਬੇ ਦੇ ਆਗੂ ਦਾ ਨਾਮ ਕੱਟੇ ਜਾਣ ਤੇ ਨਾਰਾਜ਼ ਹੁੰਦਾ ਹੈ ਜਾਂ ਮੋਦੀ ਖ਼ਾਤਰ ਸੱਭ ਕੁੱਝ ਮਨਜ਼ੂਰ ਕਰ ਲੈਂਦਾ ਹੈ।
ਮਧਿਆ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਵਿਚ ਤਾਂ ਚੋਣਾਂ ਨੂੰ ਕਾਂਗਰਸ ਤੇ ਭਾਜਪਾ ਵਿਚਕਾਰ ਹੀ ਲੜਾਈ ਮੰਨਿਆ ਜਾ ਰਿਹਾ ਹੈ ਪਰ ਇੰਡੀਆ ਗਠਜੋੜ ਕੀ ਕਾਂਗਰਸ ਨੂੰ ਅਪਣੇ ਤੋਂ ਉਪਰ ਸਵੀਕਾਰ ਕਰ ਲਵੇਗਾ?

 

ਸੂਬਾ ਪਧਰੀ ਚੋਣਾਂ ਵਿਚ ਜਦ ‘ਇੰਡੀਆ’ ’ਚੋਂ ਹੀ ਸਾਥੀ, ਕਾਂਗਰਸ ਵਿਰੁਧ ਖੜੇ ਹੋਣਗੇ ਤਾਂ ਫਿਰ ਇੰਡੀਆ ਗਠਜੋੜ ਕਿਥੇ ਜਾਵੇਗਾ? ਆਪ, ਟੀਐਮਸੀ, ਕਾਂਗਰਸ ਵਿਰੁਧ ਦੇਸ਼ ਵਿਚ ਅਪਣਾ ਸਥਾਨ ਬਣਾਉਣ ਵਾਸਤੇ ਗੋਆ ਤੇ ਗੁਜਰਾਤ ਵਿਚ ਪੂਰੀ ਤਾਕਤ ਨਾਲ ਗਏ ਸਨ ਤੇ ਰਾਜਸਥਾਨ ਵਿਚ ਰੈਲੀਆਂ ਦਾ ਆਗ਼ਾਜ਼ ਕਰ ਚੁੱਕੇ ਹਨ। ਪੰਜਾਬ ਵਿਚ ਕਾਂਗਰਸੀ ਆਗੂਆਂ ਨਾਲ ਉਹੀ ਹੋ ਰਿਹਾ ਹੈ

ਜੋ ਈਡੀ ਦਿੱਲੀ ਵਿਚ ਆਪ ਨਾਲ ਕਰ ਰਹੀ ਹੈ। ਕਾਂਗਰਸ ਅਜੇ ਤਾਂ ਦਿੱਲੀ ਵਿਚ ਆਪ ਨਾਲ ਖੜੀ ਹੈ ਪਰ ਜੇ ਆਪ ਦੀ ਨੀਤੀ ਨਾ ਬਦਲੀ, ਖ਼ਾਸ ਕਰ ਕੇ ਆਉਣ ਵਾਲੀਆਂ ਚੋਣਾਂ ਵਿਚ, ਇੰਡੀਆ ਦਾ ਅੰਤ ਵੀ ਮੁਮਕਿਨ ਹੈ। ਹਰ ਚੋਣ ਕੁੱਝ ਸੰਕੇਤ ਦੇਂਦੀ ਹੈ ਪਰ ਇਹ ਵਾਲੀਆਂ ਚੋਣਾਂ ਸਾਰੀਆਂ ਸਿਆਸੀ ਪਾਰਟੀਆਂ ਵਾਸਤੇ ਬੜੀਆਂ ਮਹੱਤਵਪੂਰਨ ਸਾਬਤ ਹੋਣਗੀਆਂ। ਲੋਕਾਂ ਨੂੰ ਤਾਂ ਇਹ ਜੁਮਲੇ ਸੁਣਾ ਕੇ ਹੀ ਬੁੱਧੂ ਬਣਾ ਲੈਂਦੇ ਹਨ ਪਰ ਇਸ ਵਾਰ ਉਨ੍ਹਾਂ ਦੀ ਸਿਆਸਤ ਹੀ ਸਿਆਸਤਦਾਨਾਂ ਨੂੰ ਬੇਨਕਾਬ ਕਰ ਸਕਦੀ ਹੈ।
- ਨਿਮਰਤ ਕੌਰ