Editorial : ਸੰਗੀਨ ਹੁੰਦਾ ਜਾ ਰਿਹਾ ਹੈ ‘ਮਨ ਬਿਮਾਰ, ਤਨ ਬਿਮਾਰ' ਵਾਲਾ ਦੌਰ
ਹਰ 43 ਸਕਿੰਟਾਂ ਦੇ ਅੰਦਰ ਦੁਨੀਆਂ ਦੇ ਕਿਸੇ ਨਾ ਕਿਸੇ ਕੋਨੇ ਵਿਚ ਔਸਤਨ ਇਕ ਵਿਅਕਤੀ ਅਪਣੀ ਜਾਨ ਖ਼ੁਦ ਲੈ ਰਿਹਾ ਹੈ
The era of 'sick mind, sick body' is becoming increasingly serious Editorial : ਸ਼ੁੱਕਰਵਾਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਦੁਨੀਆਂ ਭਰ ਵਿਚ ਮਨਾਇਆ ਗਿਆ। 10 ਅਕਤੂਬਰ ਨੂੰ ਇਹ ਦਿਹਾੜਾ ਮਨਾਉਣਾ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਵਲੋਂ ਤੈਅ ਕੀਤਾ ਗਿਆ ਹੈ। ਇਸ ਨੂੰ ਮਨਾਉਣ ਦਾ ਮਕਸਦ ਹੈ ਮਾਨਸਿਕ ਸਿਹਤ ਦੀ ਸੰਭਾਲ ਪ੍ਰਤੀ ਦੁਨੀਆਂ ਨੂੰ ਜਾਗ੍ਰਿਤ ਕਰਨਾ। ਜਾਗ੍ਰਿਤ ਕਰਨ ਦੀ ਲੋੜ ਹੈ ਵੀ ਬਹੁਤ। ਹਰ 43 ਸਕਿੰਟਾਂ ਦੇ ਅੰਦਰ ਦੁਨੀਆਂ ਦੇ ਕਿਸੇ ਨਾ ਕਿਸੇ ਕੋਨੇ ਵਿਚ ਔਸਤਨ ਇਕ ਵਿਅਕਤੀ ਅਪਣੀ ਜਾਨ ਖ਼ੁਦ ਲੈ ਰਿਹਾ ਹੈ। ਇਹ ਔਸਤ, ਸੱਚਮੁੱਚ, ਖ਼ੌਫ਼ਨਾਕ ਹੈ। ਸਿਹਤ ਸੰਭਾਲ ਹੁਣ ਮਹਿਜ਼ ਜਿਸਮਾਨੀ ਬਿਮਾਰੀਆਂ ਤਕ ਸੀਮਤ ਨਹੀਂ ਰਹੀ, ਇਸ ਵਿਚ ਜ਼ਿਹਨੀ (ਮਾਨਸਿਕ) ਬਿਮਾਰੀਆਂ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਸਖ਼ਤ ਲੋੜ ਹੈ। ਡਾਕਟਰਾਂ ਕੋਲ ਤਾਂ ਅਸੀਂ ਛੋਟੀ ਜਹੀ ਸਰੀਰਕ ਸਮੱਸਿਆ ਹੋਣ ’ਤੇ ਤੁਰੰਤ ਚਲੇ ਜਾਂਦੇ ਹਾਂ।
ਮਾਨਸਿਕ ਸਮੱਸਿਆ ਹੋਣ ਦੀ ਸੂਰਤ ਵਿਚ ਸਾਡੇ ਵਿਚੋਂ ਕਿੰਨੇ ਕੁ ਮਨੋਚਿਕਤਸਕਾਂ ਜਾਂ ਮਨੋਰੋਗਾਂ ਮਾਹਿਰਾਂ ਕੋਲ ਜਾਂਦੇ ਹਨ? ਅਸਲ ਮਸਲਾ ਇਹ ਹੈ ਕਿ ਮਨੋਰੋਗਾਂ ਨੂੰ ਅਸੀਂ ਰੋਗ ਸਮਝਦੇ ਹੀ ਨਹੀਂ। ਅਤੇ ਜਦੋਂ ਸਮਝਣਾ ਸ਼ੁਰੂ ਕਰਦੇ ਹਾਂ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਮਾਨ ਤੇ ਅਧਿਐਨ ਦੱਸਦੇ ਹਨ ਕਿ ਇਸ ਸਮੇਂ ਦੁਨੀਆਂ ਭਰ ਵਿਚ ਇਕ ਅਰਬ ਦੇ ਕਰੀਬ ਲੋਕ ਕਿਸੇ ਨਾ ਕਿਸੇ ਮਾਨਸਿਕ ਮਰਜ਼ ਨਾਲ ਜੂਝ ਰਹੇ ਹਨ। ਖ਼ੁਦਕੁਸ਼ੀ, ਜਿਸ ਨੂੰ ਮਨੋਰੋਗੀ ਹੋਣ ਦਾ ਸਭ ਤੋਂ ਸਪਸ਼ਟ ਸੂਚਕ ਮੰਨਿਆ ਜਾਂਦਾ ਹੈ, ਹਰ ਸਾਲ ਸੱਤ ਲੱਖ ਤੋਂ ਵੱਧ ਜਾਨਾਂ ਅਜਾਈਂ ਜਾਣ ਦੀ ਵਜ੍ਹਾ ਬਣ ਰਹੀ ਹੈ। ਬੰਦਾ ਮਾਨਸਿਕ ਤੌਰ ’ਤੇ ਸਿਹਤਮੰਦ ਹੋਵੇ ਤਾਂ ਹਰ ਮੁਸੀਬਤ, ਹਰ ਸਦਮੇ ਨਾਲ ਲੜਨ ਦਾ ਜਜ਼ਬਾ ਦਿਖਾਉਂਦਾ ਹੈ। ਮਾਨਸਿਕ ਰੋਗੀ, ਲੋਕਾਂ ਵਲੋਂ ਪਾਗਲ ਕਰਾਰ ਦਿਤੇ ਜਾਣ ਦੇ ਡਰੋਂ ਅਪਣਾ ਰੋਗ ਛੁਪਾਈ ਚਲਿਆ ਜਾਂਦਾ ਹੈ; ਇਲਾਜ ਵੀ ਨਹੀਂ ਕਰਵਾਉਂਦਾ। ਉਂਜ ਵੀ, ਅੱਜ ਦੇ ਯੁੱਗ ਵਿਚ ਤਾਂ ਜ਼ਿੰਦਗੀ ਏਨੀ ਪੇਚੀਦਾ ਹੋ ਗਈ ਹੈ ਕਿ ਲੋੜੋਂ ਵੱਧ ਫ਼ਿਕਰਮੰਦੀ, ਕੰਮ ਦੇ ਦਬਾਅ ਕਾਰਨ ਲਗਾਤਾਰ ਮਾਨਸਿਕ ਥਕੇਵਾਂ, ਲੜਕਪਣ ਵਾਲੀ ਉਮਰ ’ਚ ਹੀ ਡਿਪ੍ਰੈਸ਼ਨ ਅਤੇ ਨਿੱਕੇ ਨਿੱਕੇ ਮਸਲਿਆਂ ਨਾਲ ਲੜਨ ਦੀ ਥਾਂ ਉਨ੍ਹਾਂ ਨੂੰ ਭੁਲਾਉਣ ਲਈ ਨਸ਼ਿਆਂ ਦਾ ਸਹਾਰਾ ਲੈਣ ਵਰਗੀਆਂ ਮਰਜ਼ਾਂ ਏਨੀ ਤੇਜ਼ੀ ਨਾਲ ਫੈਲ ਰਹੀਆਂ ਹਨ ਕਿ ਸਰਕਾਰਾਂ ਕੋਲ ਉਨ੍ਹਾਂ ਨਾਲ ਲੜਨ ਦੇ ਨਾ ਸਾਧਨ ਹਨ ਅਤੇ ਨਾ ਹੀ ਇੱਛਾ-ਸ਼ਕਤੀ। ਕਿੰਨੇ ਕੁ ਸਰਕਾਰੀ ਹਸਪਤਾਲਾਂ ਵਿਚ ਮਨੋਚਕਿਤਸਕ ਹਨ? ਕਿੰਨੇ ਕੁ ਸਕੂਲਾਂ-ਕਾਲਜਾਂ ਵਿਚ ਕਾਉਂਸਲਰ ਹਨ?
ਹਕੀਕਤ ਇਹ ਹੈ ਕਿ ਗ਼ਰੀਬ ਦੇਸ਼ਾਂ ਦੀ ਬਜਾਇ ਧਨਾਢ ਮੰਨੇ ਜਾਂਦੇ ਮੁਲਕਾਂ ਵਿਚ ਮਨੋਰੋਗ ਵੱਧ ਤੇਜ਼ੀ ਨਾਲ ਫ਼ੈਲ ਰਹੇ ਹਨ। ਪੂਰਬੀ ਏਸ਼ੀਆ ਨੂੰ ਦੁਨੀਆਂ ਵਿਚ ਮਨੋਰੋਗੀਆਂ ਦੀ ਬਹੁਲਤਾ ਵਾਲਾ ਖ਼ਿੱਤਾ ਮੰਨਿਆ ਜਾਂਦਾ ਹੈ। ਇਸ ਖਿੱਤੇ ਵਿਚ ਦੱਖਣੀ ਕੋਰੀਆ, ਪ੍ਰਤੀ ਵਿਅਕਤੀ ਆਮਦਨ ਪੱਖੋਂ ਸਭ ਤੋਂ ਧਨਵਾਨ ਦੇਸ਼ ਹੈ। ਪਰ ਉੱਥੇ ਖ਼ੁਦਕੁਸ਼ੀਆਂ ਦੀ ਦਰ ਸਭ ਤੋਂ ਵੱਧ (ਇਕ ਲੱਖ ਲੋਕਾਂ ਪ੍ਰਤੀ 26) ਹੈ। ਅਕਾਦਮਿਕ ਕਾਰਗੁਜ਼ਾਰੀ ਸੁਧਾਰਨ ਦੀ ਹੋੜ, ਕੰਮ ਵਾਲੀਆਂ ਥਾਵਾਂ ’ਤੇ ਨਾਖ਼ੁਸ਼ੀ, ਕਾਰਪੋਰੇਟ ਜਗਤ ਦੀ ਤਨਖ਼ਾਹ ਦੇ ਮੁਕਾਬਲੇ ਵੱਧ ਕੰਮ ਕਢਾਉਣ ਦੀ ਪ੍ਰਵਿਰਤੀ ਅਤੇ ਮਾਨਸਿਕ ਸਕੂਨ ਲਈ ਸਮੇਂ ਤੇ ਸਾਧਨਾਂ ਦੀ ਅਣਹੋਂਦ ਪੰਜਾਹਾਂ ਤੋਂ ਵੀ ਘੱਟ ਉਮਰ ਵਾਲਿਆਂ ਨੂੰ ਬਦੋਬਦੀ ਖ਼ੁਦਕੁਸ਼ੀਆਂ ਜਾਂ ਗੰਭੀਰ ਮਨੋਰੋਗਾਂ ਵਲ ਧੱਕ ਰਹੀ ਹੈ। ਚੀਨ ਦੇ ਲੋਕਾਂ ਨੇ ਇਸ ਵਬਾਅ ਨੂੰ ਪਛਾਣਦਿਆਂ ਹਫ਼ਤੇ ਵਿਚ 6 ਦਿਨ 9 ਤੋਂ 9 ਤਕ ਕੰਮ ਲਏ ਜਾਣ (ਫ਼ਾਰਮੂਲਾ 996) ਖ਼ਿਲਾਫ਼ ਪ੍ਰਚਾਰ ਵਿੱਢ ਦਿਤਾ ਹੈ ਜਿਸ ਦਾ ਅਸਰ ਸਰਕਾਰੀ ਨੀਤੀਆਂ ਉੱਤੇ ਵੀ ਪੈਣ ਲੱਗਾ ਹੈ। ਉਹ ਕੰਮ ਦੇ ਘੰਟੇ ਘਟਾਉਣ ਦੀਆਂ ਬਾਤਾਂ ਪਾਉਣ ਲੱਗੀਆਂ ਹਨ।
ਭਾਰਤ ਦੀ ਸਥਿਤੀ ਹੋਰਨਾਂ ਏਸ਼ਿਆਈ ਦੇਸ਼ਾਂ ਤੋਂ ਵੱਖਰੀ ਨਹੀਂ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਦੇ 10.6 ਫ਼ੀ ਸਦੀ ਬਾਲਗ਼ ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਹਨ। 15 ਕਰੋੜ ਵਸੋਂ ਅਜਿਹੀ ਹੈ ਜਿਸ ਨੂੰ ਮਨੋ-ਚਕਿਤਸਾ ਤੇ ਇਲਾਜ ਦੀ ਲੋੜ ਹੈ। ਸਾਡੇ ਸਾਰੇ ਧਰਮ ਸੁੱਖ-ਸਹਿਜ ਤੇ ਸਬਰ-ਸੰਤੋਖ ਵਾਲਾ ਜੀਵਨ ਜਿਉਣ ਦਾ ਸੁਨੇਹਾ ਦਿੰਦੇ ਹਨ, ਪਰ ਮਨੋਰੋਗੀਆਂ ਦੀ ਕਰੋੜਾਂ ਵਾਲੀ ਤਾਦਾਦ ਇਹੋ ਦਰਸਾਉਂਦੀ ਹੈ ਕਿ ਧਾਰਮਿਕ ਹੋ ਕੇ ਵੀ ਅਸੀਂ ਉਪਰੋਕਤ ਸੁਨੇਹਾ ਅਪਣੀ ਸੋਚ-ਸੁਹਜ ਦਾ ਹਿੱਸਾ ਨਹੀਂ ਬਣਾ ਸਕੇ। ‘ਚੜ੍ਹਦੀਆਂ ਕਲਾਂ’ ਦੇ ਨਾਅਰੇ ਨੂੰ ਸਦੀਆਂ ਤੋਂ ਸਾਕਾਰ ਕਰਦਾ ਆਇਆ ਪੰਜਾਬ ਵੀ ਹੁਣ ਇਸ ਪੰਧ ਨੂੰ ਤਿਆਗਦਾ ਜਾਪਦਾ ਹੈ। ਰਾਜ ਦੀ 13.42 ਫ਼ੀ ਸਦੀ ਵਸੋਂ ਮਨੋ-ਵਿਗਾੜਾਂ ਨਾਲ ਗ੍ਰਸਤ ਹੈ।
ਅਫ਼ਸੋਸਨਾਕ ਪੱਖ ਇਹ ਹੈ ਕਿ 79 ਫ਼ੀ ਸਦੀ ਮਨੋਰੋਗੀਆਂ ਦਾ ਇਲਾਜ ਨਹੀਂ ਹੋ ਰਿਹਾ। ਇਨ੍ਹਾਂ ਵਿਚੋਂ ਬਹੁਤੇ 60 ਵਰਿ੍ਹਆਂ ਤੋਂ ਵੱਧ ਉਮਰ ਦੇ ਹਨ। ਅਜਿਹੇ ਅੰਕੜੇ ਜਿਸਮਾਨੀ ਸਿਹਤ ਸੰਭਾਲ ਦੇ ਨਾਲੋ-ਨਾਲ ਮਾਨਸਿਕ ਸਿਹਤ ਸੰਭਾਲ ਦੇ ਖੇਤਰ ਵਿਚ ਵੀ ਤਕੜੇ ਹੰਭਲੇ ਦੀ ਮੰਗ ਕਰਦੇ ਹਨ। ਵਿਕਾਸ ਦੇ ਦਾਅਵੇ ਕਰਨ ਵਾਲੇ ਸਾਡੇ ਰਾਜਨੇਤਾ ਕੀ ਇਸ ਪੱਖ ਵਲ ਵੀ ਕੁਝ ਧਿਆਨ ਦੇਣਗੇ?