ਬਾਬੇ ਨਾਨਕ ਦੇ ਸਮਾਗਮ ਵਿਚ ਆਏ ਬੱਚੇ ਜਿਨ੍ਹਾਂ ਨੂੰ ਬਾਬੇ ਨਾਨਕ ਬਾਰੇ ਪਤਾ ਹੀ ਕੁੱਝ ਨਹੀਂ! ਕੌਣ ਦੋਸ਼ੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਦੁਨੀਆਂ ਭਰ ਵਿਚ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਭਾਵੇਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਨ ਅਪ੍ਰੈਲ ਵਿਚ ਆਉਣਾ ਹੈ। ਸੋ ਅੱਜ ਚੰਨ...

Children who come to Sultanpur Lodhi, nothing know about Baba Nanak?

ਅੱਜ ਦੁਨੀਆਂ ਭਰ ਵਿਚ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਭਾਵੇਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਨ ਅਪ੍ਰੈਲ ਵਿਚ ਆਉਣਾ ਹੈ। ਸੋ ਅੱਜ ਚੰਨ ਦੀ ਚਾਲ ਨਾਲ ਮਨਾਏ ਜਾ ਰਹੇ ਇਸ ਗੁਰਪੁਰਬ ਮੌਕੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਸਮਾਗਮ ਅੱਜ ਨਾ ਸਿਰਫ਼ ਪੰਜਾਬ ਵਿਚ ਬਲਕਿ ਪੂਰੀ ਦੁਨੀਆਂ ਵਿਚ ਬੜੇ ਸਤਿਕਾਰ ਨਾਲ ਮਨਾਏ ਜਾ ਰਹੇ ਹਨ। ਇਸ ਖ਼ੁਸ਼ੀ ਨੂੰ ਸੰਯੁਕਤ ਰਾਸ਼ਟਰ ਤੋਂ ਲੈ ਕੇ ਵੱਖ ਵੱਖ ਦੇਸ਼ਾਂ ਦੀਆਂ ਸੰਸਥਾਵਾਂ ਵਲੋਂ ਮਨਾਉਣ ਦਾ ਕਾਰਨ ਇਹ ਹੈ ਕਿ ਅੱਜ ਜੋ ਸਿੱਖ ਉੱਚ ਅਹੁਦਿਆਂ 'ਤੇ ਬੈਠੇ ਹਨ, ਉਹ ਬਾਬੇ ਨਾਨਕ ਦੇ ਫ਼ਲਸਫ਼ੇ ਨਾਲ ਜੁੜੇ ਹੋਏ ਹਨ ਤੇ ਬਾਬਾ ਨਾਨਕ ਪ੍ਰਤੀ ਜਾਣਨ ਦੀ ਤੀਬਰਤਾ ਤੇ ਇੱਛਾ, ਦੁਨੀਆਂ ਭਰ ਦੇ ਲੋਕਾਂ ਅੰਦਰ, ਕੁਦਰਤੀ ਤੌਰ ਤੇ ਪੈਦਾ ਕਰ ਰਹੇ ਹਨ।

ਨੇਪਾਲ ਦੇ ਸਿੱਖਾਂ ਦਾ ਰੁਤਬਾ ਅਤੇ ਯੋਗਦਾਨ ਉਸ ਦੇਸ਼ ਵਿਚ ਏਨਾ ਉੱਚਾ ਹੈ ਕਿ ਨੇਪਾਲ ਸਰਕਾਰ ਨੇ ਵੀ ਬਾਬੇ ਨਾਨਕ ਦੇ ਨਾਂ 'ਤੇ ਸਿੱਕੇ ਜਾਰੀ ਕੀਤੇ ਹਨ ਜੋ ਸਿਰਫ਼ ਰਸਮੀ ਸਿੱਕੇ ਨਹੀਂ ਹੋਣਗੇ ਬਲਕਿ ਹਮੇਸ਼ਾ ਲਈ ਚਲਦੇ ਰਹਿਣਗੇ। ਅਮਰੀਕਾ ਦੇ ਇਕ ਸੰਸਦ ਮੈਂਬਰ ਨੇ ਕਿਹਾ ਹੈ ਕਿ ਸਿੱਖਾਂ ਨੇ ਅਮਰੀਕਾ ਦੇ ਅਮੀਰ ਬਣਨ ਵਿਚ ਯੋਗਦਾਨ ਪਾਇਆ ਹੈ। ਇਹੀ ਸੋਚ ਦੁਨੀਆਂ ਅੰਦਰ ਗੂੰਜਦੀ ਹੈ ਜਿਸ ਕਰ ਕੇ ਸਿੱਖ ਜੀਵਨਜਾਚ ਦੇ ਬਾਨੀ, ਬਾਬਾ ਨਾਨਕ ਨੂੰ ਅੱਜ ਇਸ ਕਦਰ ਜਾਣਿਆ ਜਾਣ ਲੱਗ ਪਿਆ ਹੈ।

ਜਿਥੇ ਖ਼ੁਸ਼ੀ ਦਾ ਵਗਦਾ ਦਰਿਆ ਅਤੇ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਸੁਲਤਾਨਪੁਰ ਵਿਖੇ ਵੇਖਣ ਨੂੰ ਮਿਲ ਰਿਹਾ ਹੈ ਅਤੇ ਪ੍ਰਵਾਰ ਅਪਣੇ ਬੱਚਿਆਂ ਨਾਲ ਨਜ਼ਰ ਆ ਰਹੇ ਹਨ, ਉਥੇ ਇਕ ਬੜੀ ਚਿੰਤਾਜਨਕ ਹਕੀਕਤ ਵੀ ਸਾਹਮਣੇ ਆਈ ਜਦੋਂ ਸਾਡੇ ਪੱਤਰਕਾਰਾਂ ਵਲੋਂ ਬੱਚਿਆਂ ਤੋਂ ਬਾਬੇ ਨਾਨਕ ਬਾਰੇ ਪੁਛਿਆ ਗਿਆ। ਉਨ੍ਹਾਂ, ਖ਼ਾਸ ਕਰ ਕੇ ਦਸਤਾਰ ਸਜਾਈ ਬੱਚਿਆਂ ਨੂੰ ਜੋ ਪੁਛਿਆ ਤੇ ਜੋ ਜਵਾਬ ਮਿਲੇ, ਉਨ੍ਹਾਂ ਨੂੰ ਸੁਣ ਕੇ ਇਕ ਸਦਮਾ ਲਗਦਾ ਹੈ ਜਦੋਂ ਤਕਰੀਬਨ 99% ਬੱਚਿਆਂ ਨੂੰ ਬਾਬੇ ਨਾਨਕ ਬਾਰੇ ਕੁੱਝ ਵੀ ਨਹੀਂ ਸੀ ਪਤਾ। ਬੱਚਿਆਂ ਨੂੰ ਸਿਰਫ਼ ਅਤੇ ਸਿਰਫ਼ ਉਨ੍ਹਾਂ ਦੀ ਤਸਵੀਰ ਦੀ ਪਛਾਣ ਸੀ ਪਰ ਇਹ ਨਹੀਂ ਸੀ ਪਤਾ ਕਿ ਬਾਬਾ ਨਾਨਕ ਕੌਣ ਸਨ, ਉਨ੍ਹਾਂ ਕਿਥੇ ਜਨਮ ਧਾਰਿਆ ਸੀ, ਉਨ੍ਹਾਂ ਦੀ ਬਾਣੀ ਕਿਥੇ ਲਿਖੀ ਹੋਈ ਹੈ ਤੇ ਸੰਦੇਸ਼ ਕੀ ਦੇਂਦੀ ਹੈ ਆਦਿ ਆਦਿ।

ਕੀ ਇਹ ਪੀੜ੍ਹੀ ਦੁਨੀਆਂ ਵਿਚ ਬਾਬੇ ਨਾਨਕ ਦੇ 600 ਸਾਲਾ ਪ੍ਰਕਾਸ਼ ਪੁਰਬ ਮੌਕੇ ਵੀ ਇਸ ਤਰ੍ਹਾਂ ਗਿਆਨ-ਵਿਹੂਣੀ ਹੀ ਮਿਲੇਗੀ? ਕੀ ਇਹ ਲੋਕ ਸਿਰਫ਼ ਅਤੇ ਸਿਰਫ਼ ਦਿੱਖ ਵਜੋਂ ਹੀ ਸਿੱਖ ਰਹਿ ਜਾਣਗੇ ਜੋ ਹੋਰ ਹਰ ਉਸ ਗੱਲ ਨੂੰ ਮੰਨਣਗੇ ਜੋ ਕਿ ਬਾਬਾ ਨਾਨਕ ਦੇ ਫ਼ਲਸਫ਼ੇ ਦੇ ਵਿਰੁਧ ਜਾਂਦੀ ਹੋਵੇ? ਇਹ ਉਹ ਪੀੜ੍ਹੀ ਹੈ ਜੋ ਅੱਜ ਦੇ ਗੀਤਾਂ ਅਤੇ ਧੁਨਾਂ ਨੂੰ ਕੁੱਖ ਤੋਂ ਹੀ ਪਛਾਣਨ ਲੱਗ ਪੈਂਦੀ ਹੈ ਪਰ ਬਾਬਾ ਨਾਨਕ ਦੇ ਫ਼ਲਸਫ਼ੇ ਬਾਰੇ ਉੜਾ ਐੜਾ ਵੀ ਨਹੀਂ ਜਾਣਦੀ। ਜਾਤ-ਪਾਤ, ਵਿਖਾਵੇ, ਝੂਠੀ ਸ਼ਾਨ ਵਿਚ ਪਲੀ ਇਹ ਪੀੜ੍ਹੀ ਬਾਬਾ ਨਾਨਕ ਦੀ ਸਾਦਗੀ ਤੋਂ ਵਾਕਫ਼ ਹੀ ਨਹੀਂ। ਇਕ ਬੱਚੇ ਦਾ ਕਹਿਣਾ ਸੀ ਕਿ ਬਾਬੇ ਨਾਨਕ ਬਾਰੇ ਲਿਖਣ ਲਈ ਤਾਂ ਕਦੇ ਪੇਪਰ ਵਿਚ ਸਵਾਲ ਆਇਆ ਹੀ ਨਹੀਂ, ਫਿਰ ਉਨ੍ਹਾਂ ਨੂੰ ਪੜ੍ਹਾਉਂਦਾ ਕੌਣ? ਤਾਂ ਫਿਰ ਕੀ ਗ਼ਲਤੀ ਸਿਖਿਆ ਬੋਰਡ ਦੀ ਹੋਈ? ਸਮਾਗਮਾਂ ਵਿਚ ਸੰਤ ਬੈਠੇ ਹੁੰਦੇ ਹਨ। ਮੱਥੇ ਟਿਕਵਾ ਕੇ ਪੂਰਨਮਾਸ਼ੀ ਅਤੇ ਚੰਦਰਮਾ ਦੀ ਚਾਲ ਦੀਆਂ ਗੱਲਾਂ ਕਰਦੇ ਹਨ ਅਤੇ ਜਦੋਂ ਚੜ੍ਹਾਵਾ ਇਸ ਤਰੀਕੇ ਨਾਲ ਹੀ ਇਕੱਠਾ ਹੋ ਜਾਂਦਾ ਹੈ ਤਾਂ ਫਿਰ ਕਿਉਂ ਦੱਸਣ ਦੀ ਖੇਚਲ ਕਰਨਗੇ ਬਾਬੇ ਨਾਨਕ ਦੇ ਵਿਗਿਆਨਕ ਫ਼ਲਸਫ਼ੇ ਬਾਰੇ? ਫਿਰ ਗ਼ਲਤੀ ਇਨ੍ਹਾਂ ਸੰਤਾਂ ਦੀ ਹੋਈ?

ਗ਼ਲਤੀ ਦੇ ਅਗਲੇ ਪਾਤਰ ਮਾਂ-ਬਾਪ ਹਨ ਜੋ ਆਪ ਹੀ ਭਰਮਾਂ-ਵਹਿਮਾਂ ਵਿਚ ਬਾਬਾ ਨਾਨਕ ਤੋਂ ਦੂਰ ਹੁੰਦੇ ਗਏ। ਜਦੋਂ ਅਪਣੇ ਆਪ ਨੂੰ ਤੁਸੀਂ 'ਜੱਟ ਦਾ ਪੁੱਤ' ਆਖੋਗੇ ਤਾਂ ਬਾਬਾ ਨਾਨਕ ਕਿਸ ਤਰ੍ਹਾਂ ਯਾਦ ਆਵੇਗਾ? ਸਾਨੂੰ ਬਾਬੇ ਨਾਲ ਨੇੜਤਾ ਬਚਪਨ ਵਿਚ ਹੀ ਮਿਲੀ ਸੀ ਜਦੋਂ ਮਾਂ-ਬਾਪ ਨੇ ਚੰਡੀਗੜ੍ਹ ਰਹਿੰਦਿਆਂ ਅਜਿਹੇ ਸਕੂਲ ਵਿਚ ਪਾਇਆ ਜਿਥੇ ਪੰਜਾਬੀ ਵੀ ਪੜ੍ਹੀ ਜਾਵੇ ਅਤੇ ਗੁਰਬਾਣੀ ਵੀ। ਕਿਤਾਬਾਂ ਹਰ ਤਰ੍ਹਾਂ ਦੀਆਂ ਪੜ੍ਹੀਆਂ, ਰੂਸੀ, ਰੋਮਾਂਟਿਕ, ਜੁਰਮ, ਕਲਾਸਿਕ ਪਰ ਨਾਲ ਨਾਲ ਗੁਰੂਆਂ ਦੀ ਜੀਵਨੀ ਵੀ ਪੜ੍ਹਾਈ ਗਈ। ਫਿਰ ਮਾਂ-ਬਾਪ ਦੀ ਜੀਵਨਜਾਚ ਵਿਚ ਬਾਬਾ ਨਾਨਕ ਰੋਜ਼ ਮਿਲਦਾ ਸੀ ਅਤੇ ਬਾਬਾ ਨਾਨਕ ਅਪਣਾ ਸੱਭ ਤੋਂ ਪਿਆਰਾ ਮਿੱਤਰ ਸੀ ਜਿਸ ਨਾਲ ਗੱਲ ਕਰਨ ਵਿਚ ਕਦੇ ਸੰਕੋਚ ਨਹੀਂ ਹੋਇਆ। ਸਾਡੇ ਮਾਂ-ਬਾਪ ਨੇ ਇਹ ਸੋਚ ਅਪਣੇ ਪ੍ਰਵਾਰਾਂ ਅਤੇ ਗੁਰੂਘਰਾਂ ਵਿਚੋਂ ਸਿਖੀ ਸੀ। ਜਦੋਂ ਗੁਰੂ ਘਰ ਵਿਚੋਂ ਸਿਖਿਆ ਮਿਲਣੀ ਬੰਦ ਹੋ ਗਈ ਤਾਂ ਅੱਜ ਦੀ ਪੀੜ੍ਹੀ ਦੇ ਮਾਂ-ਬਾਪ ਪੈਦਾ ਹੋਏ ਜਿਨ੍ਹਾਂ ਦੀ ਬਾਬੇ ਨਾਲ ਪਛਾਣ ਹੀ ਕੋਈ ਨਹੀਂ ਕਰਵਾਈ ਗਈ।

12 ਕਰੋੜ ਦੇ ਆਰਜ਼ੀ ਪੰਡਾਲ ਉਸਾਰਨ 'ਤੇ ਸ਼੍ਰੋਮਣੀ ਕਮੇਟੀ ਉਤੇ ਸਵਾਲ ਚੁੱਕਣ ਕਾਰਨ ਸਪਕਸਮੈਨ ਦੀ, ਉਨ੍ਹਾਂ ਦੇ ਚੇਲੇ ਚਾਂਟਿਆਂ ਵਲੋਂ ਨਿੰਦਾ ਕੀਤੀ ਗਈ ਪਰ ਜੇ ਉਹ ਅੱਜ ਇਨ੍ਹਾਂ ਬੱਚਿਆਂ ਦੀ ਹਾਲਤ ਲਈ ਅਪਣੇ ਆਪ ਨੂੰ ਜ਼ਿੰਮੇਵਾਰ ਸਮਝ ਲੈਣ ਤਾਂ ਉਹ ਇਨ੍ਹਾਂ ਸਿੱਧੇ ਸ਼ਬਦਾਂ ਵਿਚੋਂ ਬਾਬਾ ਨਾਨਕ ਅਤੇ ਸਿੱਖ ਬੱਚਿਆਂ ਪ੍ਰਤੀ ਅਪਣੇ ਫ਼ਰਜ਼ ਨੂੰ ਸਮਝ ਲੈਣਗੇ ਅਤੇ ਫ਼ਰਜ਼ ਯਾਦ ਕਰਵਾਉਣ ਵਾਲਿਆਂ ਨੂੰ ਨਿੰਦਣਾ ਬੰਦ ਕਰ ਕੇ, ਧਨਵਾਦ ਹੀ ਕਰਨਗੇ। ਸਰਕਾਰਾਂ ਦਾ ਕੰਮ ਹੁੰਦਾ ਹੈ ਖ਼ਰਚਾ ਕਰਨਾ, ਸਮਾਗਮ ਕਰ ਕੇ ਅਪਣੀ ਪ੍ਰਜਾ ਨੂੰ ਖ਼ੁਸ਼ ਕਰਨਾ। ਧਾਰਮਕ ਸੰਸਥਾਵਾਂ ਦਾ ਕੰਮ ਹੁੰਦਾ ਹੈ ਅਪਣੇ ਫ਼ਲਸਫ਼ੇ ਮੁਤਾਬਕ ਅਪਣੀ ਕਾਰਗੁਜ਼ਾਰੀ ਨੂੰ ਚਲਾਉਣਾ। ਬਾਬਾ ਨਾਨਕ ਦੀ ਸੋਚ ਨੂੰ ਜੇ ਅੱਜ ਸੁਲਤਾਨਪੁਰ ਆਏ ਸ਼ਰਧਾਲੂ ਪੂਰੀ ਤਰ੍ਹਾਂ ਨਹੀਂ ਵੀ ਪਛਾਣ ਲੈਂਦੇ ਤਾਂ ਕੀ ਸ਼੍ਰੋਮਣੀ ਕਮੇਟੀ ਅਪਣੇ ਕੰਮ ਵਿਚ ਸਫ਼ਲ ਹੋਈ? ਗੱਲ 12 ਕਰੋੜ ਦੀ ਨਹੀਂ, ਗੱਲ ਉਸ ਸੋਚ ਦੀ ਹੈ ਜੋ ਬਾਬਾ ਨਾਨਕ ਨੇ ਚਲਾਈ ਸੀ। ਅੱਜ ਕਿਹੜਾ ਇਕ ਕਦਮ ਲਿਆ ਗਿਆ ਹੈ ਜੋ ਉਨ੍ਹਾਂ ਦੀ ਸੋਚ ਨੂੰ ਦਰਸਾਉਂਦਾ ਹੈ?

ਗਿਆਨੀ ਹਰਪ੍ਰੀਤ ਸਿੰਘ ਇਕ ਦਲੇਰ ਧਾਰਮਕ ਆਗੂ ਵਜੋਂ ਉਭਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਬਾਬਾ ਨਾਨਕ ਨਾਲ ਕਰਮਾਂ ਕਰ ਕੇ ਜੁੜਨ ਤੋਂ ਕੌਣ ਰੋਕਦਾ ਹੈ? ਅੱਜ ਦੇ ਦਿਨ ਬਰਾਬਰੀ, ਵਿਗਿਆਨਕ ਸੋਚ, ਸਾਦਗੀ ਨੂੰ ਪ੍ਰਤੀਬਿੰਬਤ ਕਰਨ ਵਾਲਾ ਇਕ ਹੀ ਅਜਿਹਾ ਕੰਮ ਕਰ ਦਿਉ, ਜਿਸ ਨਾਲ ਡੇਰਿਆਂ ਨੂੰ ਛੱਡ ਕੇ ਪੰਜਾਬ ਦੇ ਲੋਕ ਬਾਬੇ ਨਾਨਕ ਨਾਲ ਜੁੜਨ ਲੱਗ ਜਾਣ। ਫਿਰ ਹੋਵੇਗਾ ਅਸਲ ਸਮਾਗਮ ਜਿਸ ਨੂੰ ਟਾਟਾਂ ਅਤੇ ਨੰਗੇ ਫ਼ਰਸ਼ਾਂ 'ਤੇ ਬਹਿ ਕੇ ਵੀ ਮਾਣਿਆ ਜਾ ਸਕੇਗਾ, 12 ਕਰੋੜ ਦੇ ਟੈਂਟਾਂ ਦੀ ਲੋੜ ਨਹੀਂ ਪਵੇਗੀ, ਅੰਬਰ ਦੀ ਛਾਂ ਹੀ ਚਲ ਜਾਵੇਗੀ। -ਨਿਮਰਤ ਕੌਰ