Editorial : ਸ਼ਾਹਰੁਖ਼ ਦੀ ਨਵੀਂ ਫ਼ਿਲਮ ‘ਜਵਾਨ’ ਵੇਖ ਕੇ ਜਦ ਰੋ ਰੋ ਕੇ ਮੇਰੀਆਂ ਅੱਖਾਂ ਲਾਲ ਹੋ ਗਈਆਂ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਿਸ ਖ਼ੂਬਸੂਰਤੀ ਨਾਲ ਸ਼ਾਹਰੁਖ਼ ਖ਼ਾਨ ਨੇ ਸਿਸਟਮ ਨੂੰ ਬੇਨਕਾਬ ਕੀਤਾ, ਮੰਨਣਾ ਪਵੇਗਾ ਕਿ ਖ਼ਾਨ ਬੌਲੀਵੁਡ ਦਾ ‘ਕਿੰਗ ਖ਼ਾਨ’ ਕਿਉਂ ਅਖਵਾਉਂਦਾ ਹੈ।

Jawan

Editorial: ਜਦ ਸ਼ਾਹਰੁਖ਼ ਖ਼ਾਨ ਦੇ ਪੁੱਤਰ ਨੂੰ ਇਕ ਝੂਠੇ ਨਸ਼ੇ ਦੇ ਕੇਸ ਵਿਚ ਫਸਾਉਣ ਦਾ ਯਤਨ ਕੀਤਾ ਗਿਆ ਤਾਂ ਉਸ ਨੇ ਇਕ ਵਾਰ ਵੀ ਉਫ਼ ਤਕ ਨਾ ਕੀਤੀ ਤੇ ਕਿਹਾ ਕਿ ਮੇਰਾ ਜਵਾਬ ਫ਼ਿਲਮ ਰਾਹੀਂ ਹੀ ਆਵੇਗਾ। ‘ਜਵਾਨ’ ਫ਼ਿਲਮ ਬਾਰੇ ਬੜਾ ਸੁਣਿਆ ਸੀ ਪਰ ਵੇਖਣ ਦਾ ਸਮਾਂ ਹੀ ਨਾ ਮਿਲਿਆ। ਹੁਣ ਜਦ ਨੈੱਟਫ਼ਲਿਕਸ ਤੇ ਤਿੰਨ-ਚਾਰ ਮਹੀਨਿਆਂ ਮਗਰੋਂ ਫ਼ਿਲਮ ਆਈ ਤਾਂ ਵੇਖ ਕੇ ਅੱਖਾਂ ਰੋ-ਰੋ ਕੇ ਲਾਲ ਹੋ ਗਈਆਂ। ਹਾਂ ਫ਼ਿਲਮ ਵਿਚ ਅਣਗਿਣਤ ਗਾਣੇ, ਲੜਾਈ ਤੇ ਹੰਗਾਮਾ ਸੀ ਪਰ ਜਿਸ ਖ਼ੂਬਸੂਰਤੀ ਨਾਲ ਸ਼ਾਹਰੁਖ਼ ਖ਼ਾਨ ਨੇ ਸਿਸਟਮ ਨੂੰ ਬੇਨਕਾਬ ਕੀਤਾ, ਮੰਨਣਾ ਪਵੇਗਾ ਕਿ ਖ਼ਾਨ ਬੌਲੀਵੁਡ ਦਾ ‘ਕਿੰਗ ਖ਼ਾਨ’ ਕਿਉਂ ਅਖਵਾਉਂਦਾ ਹੈ।

ਉਸ ਨੇ ਨਸ਼ਾ ਤਸਕਰੀ ਜਾਂ ਕਿਸੇ ਅਡਾਨੀ-ਅਦਾਨੀ ਦੀ ਪੋਰਟ ਬਾਰੇ ਗਲ ਹੀ ਨਹੀਂ ਕੀਤੀ ਤਾਕਿ ਇਹ ਮੁੱਦਾ ਉਸ ਦੀ ਅਪਣੀ ਲੜਾਈ ਨਾ ਬਣ ਕੇ ਰਹਿ ਜਾਵੇ। ਪਰ ਇਸ ਫ਼ਿਲਮ ਵਿਚ ਇਕ ਆਮ ਭਾਰਤੀ ਦੀ ਬੇਬਸੀ, ਲਾਚਾਰੀ, ਸਿਸਟਮ ਸਾਹਮਣੇ ਹੁੰਦੀ ਹਾਰ ਇਸ ਖ਼ੂਬਸੂਰਤੀ ਨਾਲ ਪੇਸ਼ ਕੀਤੀ ਗਈ ਹੈ ਕਿ ਵੇਖਣ ਵਾਲੇ ਦੇ ਦਿਲ ਵਿਚ ਇਕ ਨਾ ਖ਼ਤਮ ਹੋਣ ਵਾਲੀ ਹਲਚਲ ਸ਼ੁਰੂ ਹੋ ਜਾਂਦੀ ਹੈ।

ਕਿਸਾਨਾਂ ਦੀ ਤਰਾਸਦੀ ਜਿਸ ਤਰ੍ਹਾਂ ਪੇਸ਼ ਕੀਤੀ ਗਈ ਹੈ, ਤੁਸੀ ਡੁਸਕ-ਡੁਸਕ ਕੇ ਰੋਣ ਲਗਦੇ ਹੋ ਤੇ ਸੋਚਦੇ ਹੋ ਕਿ ਅਸੀ ਆਪ ਕਿੰਨੇ ਨਿਰਦਈ ਹੋ ਗਏ ਹਾਂ ਕਿ ਸੋਚਦੇ ਹੀ ਨਹੀਂ ਕਿ ਸਾਡੀ ਥਾਲੀ ਵਿਚ ਖਾਣਾ ਸਜਾਉਣ ਵਾਲਾ ਆਪ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਿਉਂ ਹੋ ਰਿਹਾ ਹੈ? ਸਾਡੇ ਸਾਰੇ ਅਮੀਰ, ਗ਼ਰੀਬ, ਉੱਚ ਜਾਂ ਪਛੜੀ ਜਾਤੀ ਜਾਂ ਫਿਰ ਆਮ ਕਿਸਾਨੀ ਖੇਤਰ ਤੋਂ ਆਏ ਸਾਂਸਦਾਂ ਨੇ ਕਦੇ ਸਦਨ ਵਿਚ ਖੜੇ ਹੋ ਕੇ ਪੁਛਿਆ ਹੀ ਨਹੀਂ ਕਿ ਕਿਉਂ ਟ੍ਰੈਕਟਰ ਉਤੇ ਕਰਜ਼ਾ ਆਮ ਕਾਰ ਨਾਲੋਂ ਜ਼ਿਆਦਾ ਦੇਣਾ ਪੈਂਦਾ ਹੈ?

ਸ਼ਾਹਰੁਖ਼ ਖ਼ਾਨ ਦੀ ਇਹ ਫ਼ਿਲਮ ਨਾ ਸਿਰਫ਼ ਕਿਸਾਨ, ਡਾਕਟਰ, ਸਰਕਾਰੀ ਹਸਪਤਾਲ ਜਾਂ ਕਿਸੇ ਇਕ ਸਿਆਸੀ ਪਾਰਟੀ ਬਾਰੇ ਗਲ ਕਰਦੀ ਹੈ ਬਲਕਿ ਹਾਲ ਹੀ ਵਿਚ ਬੀਤੀਆਂ ਘਟਨਾਵਾਂ ਦੀ ਪੇਸ਼ਕਸ਼ ਨਾਲ ਇਹ ਦਰਸਾਉਂਦੀ ਹੈ ਕਿ ਸਾਡੇ ਸਿਸਟਮ ਵਿਚ ਜੋ ਦੀਮਕ ਲੱਗੀ ਹੈ ਉਸ ਦਾ ਫੈਲਾਅ ਹੁਣ ਸਾਡੇ ਦਿਲਾਂ ਵਿਚ ਵੀ ਹੋ ਚੁੱਕਾ ਹੈ।

ਕੀ ਇਕ ਫ਼ਿਲਮ ਸਾਨੂੰ ਇਸ ਸਿਉਂਕ ਤੋਂ ਮੁਕਤ ਕਰਵਾ ਸਕਦੀ ਹੈ? ਕਈ ਸਾਲ ਪਹਿਲਾਂ ਵੀ ਆਮਿਰ ਖ਼ਾਨ ਦੀ ਫ਼ਿਲਮ ‘ਰੰਗ ਦੇ ਬਸੰਤੀ’ ਨੇ ਦੇਸ਼ ਨੂੰ ਹਿਲਾ ਦਿਤਾ ਸੀ ਤੇ ‘ਜੈਸਿਕਾ ਲਾਲ’ ਕਤਲ ਕਾਂਡ ਦਾ ਇਨਸਾਫ਼ ਦਿਵਾ ਦਿਤਾ ਸੀ। ਅੰਨਾ ਹਜ਼ਾਰੇ ਲਹਿਰ ਵੀ ਇਸੇ ਫ਼ਿਲਮ ਤੋਂ ਹੱਲਾਸ਼ੇਰੀ ਲੈ ਕੇ ਆਈ ਸੀ ਪਰ ਜਿਥੇ ਅਸੀ ਅੱਜ ਪਹੁੰਚ ਚੁੱਕੇ ਹਾਂ, ਉਥੇ ਇਕ ਫ਼ਿਲਮ ਕਿੰਨਾ ਕੁ ਅਸਰ ਕਰ ਸਕਦੀ ਹੈ? ਪਰ ਅਜਿਹੇ ਯਤਨਾਂ ਦੀ ਲੋੜ ਜ਼ਰੂਰ ਹੈ। ਜਿੰਨੇ ਦੀਵੇ ਅਜੋਕੇ ਸਮੇਂ ਵਿਚ ਸਾਰੇ ਭਾਰਤ ਵਿਚ ਬਾਲੇ ਜਾਣਗੇ, ਉਸ ਤੋਂ ਦੁਗਣਾ ਹਨੇਰਾ ਸਾਡੇ ਦਿਲਾਂ ਵਿਚ ਵਸ ਚੁੱਕਾ ਹੈ। ਅਸੀ ਇਸ ਹਨੇਰੇ ਵਿਚ ਅਪਣੇ ਆਪ ਨੂੰ ਪਹਿਚਾਣ ਨਹੀਂ ਪਾ ਰਹੇ ਤੇ ਭਟਕ ਚੁੱਕੇ ਹਾਂ। ਅਸੀ ਇਸ ਹਨੇਰੇ ਵਿਚ ਇਕ-ਦੂਜੇ ਦਾ ਦਰਦ ਵੀ ਮਹਿਸੂਸ ਨਹੀਂ ਕਰ ਪਾ ਰਹੇ।

ਸ਼ਾਇਦ ਇਸ ਆਜ਼ਾਦੀ ਵਿਚ ਹੁਣ ਸਾਡੀਆਂ ਰੂਹਾਂ ਸਿਸਟਮ ਦੇ ਸਾਹਮਣੇ ਹਾਰ ਚੁਕੀਆਂ ਹਨ। ਸਿਸਟਮ ਇਨਸਾਨ ਤੋਂ ਵੱਡਾ ਬਣ ਚੁੱਕਾ ਹੈ। ਇਹ ਉਹੀ ਸਿਸਟਮ ਹੈ ਜਿਸ ਵਿਚ ਭ੍ਰਿਸ਼ਟਾਚਾਰ ਨਾਲ ਕਠੋਰਤਾ ਇਸ ਤਰ੍ਹਾਂ ਮਿਲ ਚੁੱਕੀ ਹੈ ਕਿ ਇਨਸਾਨ ਦਾ ਬਣਾਇਆ ਸਿਸਟਮ ਇਕ ਹੈਵਾਨ ਵਾਂਗ ਕੰਮ ਕਰਦਾ ਪ੍ਰਤੀਤ ਹੁੰਦਾ ਹੈ। ਗ਼ਰੀਬ ਕਮਜ਼ੋਰ, ਬੇਬਸ, ਆਮ ਲੋਕਾਂ ਦੀ ਪੁਕਾਰ, ਸਾਡਾ ਸਿਸਟਮ ਤਾਂ ਸੁਣਦਾ ਨਹੀਂ ਪਰ ਨਾਲ ਹੀ ਅਸੀ ਆਪ ਵੀ ਨਹੀਂ ਸੁਣਦੇ। ‘ਜਵਾਨ’ ਫ਼ਿਲਮ ਦੇ ਅੰਤ ਵਿਚ ਜੋ ਬੋਲ ਬੋਲੇ ਗਏ ਹਨ, ਜੇ 25 ਫ਼ੀ ਸਦੀ ਭਾਰਤ ਵੀ ਸਮਝ ਲਵੇ ਤਾਂ ਇਹ ਸਿਸਟਮ ਬਦਲ ਸਕਦਾ ਹੈ। ਕੋਈ ਵੀ ਸਮੂਹ ਤੋਂ ਵੱਡਾ ਨਹੀਂ ਹੋ ਸਕਦਾ ਜਦ ਤਕ ਉਸ ਸਮੂਹ ਦਾ ਹਰ ਇਨਸਾਨ ਅਪਣੀ ਤਾਕਤ ਨੂੰ ਭੁੱਲਣ ਦੀ ਗ਼ਲਤੀ ਨਾ ਕਰੇ। ਜੇ ਭਾਰਤ ਦੇ ਲੋਕ ਸਿਸਟਮ ਨੂੰ ਚਲਾਉਣ ਵਾਲੇ ਨੂੰ ਕੁੱਝ ਸਵਾਲ ਪੁੱਛ ਲੈਣ ਤਾਂ ਉਸ ਨੂੰ ਬਦਲਿਆ ਜਾ ਸਕਦਾ ਹੈ। ਆਸ ਕਰਦੀ ਹਾਂ ਕਿ ਇਹ ਦੀਵਾਲੀ ਤੁਹਾਡੇ ਦਿਲਾਂ ਵਿਚ ਸਵਾਲ ਕਰਨ ਦਾ, ਹਮਦਰਦੀ ਦਾ, ਜਾਗਰੂਕ ਹੋਣ ਦਾ ਦੀਵਾ ਬਲੇ ਤੇ ਉਸ ਦੀ ਰੌਸ਼ਨੀ ਸਾਡੇ ਦੇਸ਼ ਵਿਚ ਚਾਨਣਾ ਕਰ ਦੇਵੇ।                        -ਨਿਮਰਤ ਕੌਰ