ਨਵਾਂ ਅਕਾਲੀ ਗਠਜੋੜ, 1920 ਵਾਲਾ ਅਕਾਲੀ ਦਲ ਹੋਵੇਗਾ ਜਾਂ ਨਿਰਾ ਪੁਰਾ ਬਾਦਲ-ਵਿਰੋਧੀ ਗਠਜੋੜ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬ ਵਿਚ ਮੁੜ ਤੋਂ ਇਕ ਤੀਜਾ ਧੜਾ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਇਹ ਧੜਾ ਪੰਜਾਬ ਦਾ ਵਿਸ਼ਵਾਸ ਜਿੱਤ ਵੀ ਸਕੇਗਾ ਜਾਂ ਨਹੀਂ।

Akali Dal

ਪੰਜਾਬ ਵਿਚ ਮੁੜ ਤੋਂ ਇਕ ਤੀਜਾ ਧੜਾ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਇਹ ਧੜਾ ਪੰਜਾਬ ਦਾ ਵਿਸ਼ਵਾਸ ਜਿੱਤ ਵੀ ਸਕੇਗਾ ਜਾਂ ਨਹੀਂ। ਪੰਜਾਬ, ਕਾਂਗਰਸ ਅਤੇ ਬਾਦਲ ਅਕਾਲੀ ਦਲ ਵਿਚਕਾਰ ਦੀ ਸਿਆਸੀ ਖੇਡ 'ਚੋਂ ਬਾਹਰ ਨਿਕਲਣਾ ਚਾਹੁੰਦਾ ਹੈ। ਇਸੇ ਕਰ ਕੇ ਪੰਜਾਬ ਨੇ ਮੋਦੀ ਲਹਿਰ ਨੂੰ ਅਪ੍ਰਵਾਨ ਕਰਦਿਆਂ 'ਆਪ' ਪਾਰਟੀ ਨੂੰ ਸੰਸਦ ਵਿਚ ਭੇਜਿਆ ਸੀ ਪਰ 'ਆਪ' ਨੇ ਵੀ ਉਸ ਭਰੋਸੇ ਦੀ ਕਦਰ ਨਾ ਕੀਤੀ।

ਪੰਜਾਬ ਵਿਧਾਨ ਸਭਾ ਵਿਚ 'ਆਪ' ਨੂੰ ਵਿਰੋਧੀ ਧਿਰ ਬਣਾ ਕੇ ਅਕਾਲੀ ਦਲ ਨੂੰ ਪੰਜਾਬ ਦੀ ਤੀਜੀ ਪਾਰਟੀ ਬਣਾ ਸੁਟਿਆ ਸੀ ਪਰ 'ਆਪ' ਨੇ ਉਸ ਸਤਿਕਾਰ ਦੀ ਵੀ ਕਦਰ ਨਾ ਕੀਤੀ। ਤੂੰ-ਤੂੰ ਮੈਂ-ਮੈਂ ਅਤੇ ਕੁਰਸੀ-ਕਬਜ਼ੇ ਦੇ ਚੱਕਰਾਂ ਵਿਚ 'ਆਪ' ਨੇ ਵਿਰੋਧੀ ਧਿਰ ਦਾ ਫ਼ਰਜ਼ ਨਾ ਨਿਭਾਇਆ। ਪੰਜਾਬ ਵਿਚ ਵਿਰੋਧੀ ਧਿਰ ਉਤੇ ਈ.ਡੀ. ਜਾਂ ਸੀ.ਬੀ.ਆਈ. ਦੇ ਪਰਚੇ ਨਹੀਂ ਹੁੰਦੇ, ਫਿਰ ਵੀ ਮੌਕਾਪ੍ਰਸਤ 'ਆਪ' ਆਗੂਆਂ ਨੇ ਜ਼ਿਮਨੀ ਚੋਣਾਂ ਵਿਚ ਦਲ ਬਦਲਣ ਦਾ ਕੰਮ ਜਾਰੀ ਰਖਿਆ।

ਇਨ੍ਹਾਂ ਹਾਲਾਤ ਵਿਚ ਭਗਵੰਤ ਮਾਨ ਵਾਸਤੇ 'ਆਪ' ਨੂੰ ਪੰਜਾਬ ਦੀ ਸੱਤਾ ਦੀ ਕੁਰਸੀ ਤੇ ਬਿਠਾਣਾ ਮੁਮਕਿਨ ਨਹੀਂ ਜਾਪਦਾ। ਸੋ ਅਕਾਲੀ ਦਲ ਟਕਸਾਲੀ, ਲੋਕ ਆਵਾਜ਼ ਪਾਰਟੀ, ਸੁਖਦੇਵ ਸਿੰਘ ਢੀਂਡਸਾ ਦੇ ਪਿੱਛੇ ਲੱਗ ਕੇ ਹੁਣ ਪੰਥ ਦੀ ਅਮਾਨਤ ਅਕਾਲੀ ਦਲ ਨੂੰ ਪੰਥ ਦੇ ਹੱਥ ਵਾਪਸ ਸੌਂਪਣ ਦੀ ਮੁਹਿੰਮ ਸ਼ੁਰੂ ਕਰ ਰਹੇ ਹਨ ਅਤੇ ਇਹ ਹੁਣ ਪੰਜਾਬ ਦਾ ਤੀਜਾ ਧੜਾ ਬਣਨ ਦੀ ਕੋਸ਼ਿਸ਼ ਵਿਚ ਹਨ।

ਹੁਣ ਇਸ ਵਿਚ ਉਹ ਆਗੂ ਵੀ ਹਨ ਜੋ ਸਾਰੀਆਂ ਪਾਰਟੀਆਂ ਵਿਰੁਧ ਬਗ਼ਾਵਤ ਕਰ ਚੁੱਕੇ ਹਨ ਪਰ ਉਸ ਦਾ ਕਾਰਨ ਇਹ ਨਹੀਂ ਕਿ ਉਹ ਪਾਰਟੀ ਨਾਲ ਪੰਜਾਬ ਦੇ ਹਿਤ ਵਿਚਾਰ ਕੇ ਨਾਰਾਜ਼ ਹੋ ਗਏ ਸਨ। ਨਹੀਂ, ਕਾਰਨ ਇਹ ਸੀ ਕਿ ਉਹ ਅਪਣੀਆਂ ਨਿਜੀ ਲਾਲਸਾਵਾਂ ਦੇ ਪੂਰਾ ਨਾ ਹੋਣ ਕਰ ਕੇ ਪਾਰਟੀ ਛੱਡਣ ਲਈ ਮਜਬੂਰ ਸਨ। ਇਨ੍ਹਾਂ 'ਚ ਉਹ ਸਿਆਸਤਦਾਨ ਵੀ ਹਨ ਜੋ ਅਕਾਲੀ ਦਲ ਦੇ ਸੱਤਾ ਵਿਚ ਹੁੰਦਿਆਂ ਚੁਪ ਸਨ ਪਰ ਅਕਾਲੀਆਂ ਦੀ ਹਾਰ ਤੋਂ ਬਾਅਦ ਪਾਰਟੀ ਵਿਚ 'ਗ਼ਲਤੀਆਂ' ਦੀ ਕਹਾਣੀ ਲੈ ਬੈਠੇ ਹਨ।

ਸੋ ਕੀ ਇਹ ਲੋਕਾਂ ਦਾ ਵਿਸ਼ਵਾਸ ਜਿੱਤ ਸਕਣਗੇ? ਦੂਜੀ ਗੱਲ ਕੀ ਇਹ ਗਠਜੋੜ ਸਿੱਖਾਂ ਦੀ ਪੰਥਕ ਪਾਰਟੀ ਦਾ ਹੈ ਜਿਸ ਦਾ ਮਕਸਦ ਪੰਥ ਦੀ ਚੜ੍ਹਦੀ ਕਲਾ ਲਈ ਜੂਝਦੇ ਰਹਿਣਾ ਸੀ ਜਾਂ ਇਹ ਕੇਵਲ ਬਾਦਲ ਪ੍ਰਵਾਰ ਵਿਰੁਧ ਮੋਰਚਾ ਬਣਾਇਆ ਜਾ ਰਿਹਾ ਹੈ ਜੋ ਅਖ਼ੀਰ ਭਾਜਪਾ ਨਾਲ ਗਠਜੋੜ ਬਣਾ ਕੇ 'ਇਕ ਸੀ ਰਾਜਾ ਇਕ ਸੀ ਰਾਣੀ, ਦੋਵੇਂ ਮਰ ਗਏ ਖ਼ਤਮ ਕਹਾਣੀ' ਨੂੰ ਹੀ ਦੁਹਰਾਏਗਾ?

ਸੁਖਦੇਵ ਸਿੰਘ ਢੀਂਡਸਾ, ਭਾਜਪਾ ਦੇ ਕਰੀਬੀ ਹਨ ਅਤੇ ਜਦੋਂ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ, ਉਦੋਂ ਦੀ ਹੀ ਗੱਲ ਚਲ ਰਹੀ ਹੈ ਕਿ ਬਾਦਲ ਪ੍ਰਵਾਰ ਨੂੰ ਕਮਜ਼ੋਰ ਕਰਨ ਵਾਸਤੇ ਤਿਆਰੀ ਸ਼ੁਰੂ ਹੈ। ਫੂਲਕਾ ਦੇ ਪੁਰਸਕਾਰ ਤੇ ਵੀ ਸਵਾਲ ਇਸੇ ਕਰ ਕੇ ਉਠੇ ਸਨ ਕਿ ਜਿਹੜੀ ਲੜਾਈ ਸਿਰਫ਼ ਉਨ੍ਹਾਂ ਦੀ ਨਹੀਂ ਅਤੇ ਜਿਹੜੀ ਅਜੇ ਮੁਕੰਮਲ ਹੀ ਨਹੀਂ ਹੋਈ ਉਸ ਬਦਲੇ ਇਕ ਵਿਰੋਧੀ ਸਿਆਸਤਦਾਨ ਨੂੰ ਵੱਡਾ ਸਨਮਾਨ ਦੇਣ ਦਾ ਕਾਰਨ, ਹਰ ਕਿਸੇ ਲਈ ਸਮਝਣਾ ਔਖਾ ਹੋ ਗਿਆ ਸੀ।

ਤੀਜਾ ਧੜਾ ਜੇ ਪੰਜਾਬ ਦੇ ਹਿਤ ਦੀ ਗੱਲ ਕਰਦਾ ਹੈ ਤਾਂ ਉਸ ਦਾ ਜਨਤਾ ਸਵਾਗਤ ਕਰੇਗੀ। ਜੇ ਇਹ ਪੰਥਕ ਪਾਰਟੀ ਦੀ ਜ਼ਿੰਮੇਵਾਰੀ ਸੰਭਾਲਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਇਹ ਸਪੱਸ਼ਟ ਕਰਨਾ ਪਵੇਗਾ ਕਿ ਉਨ੍ਹਾਂ ਦਾ ਆਰ.ਐਸ.ਐਸ. ਦੀ ਸੋਚ ਦੀ ਸਿੱਖ ਵਿਚਾਰਧਾਰਾ ਵਿਚ ਦਾਖ਼ਲੇ ਬਾਰੇ ਕੀ ਪੱਖ ਹੈ? ਲੋਕ ਲਹਿਰਾਂ ਵਾਰ ਵਾਰ ਨਹੀਂ ਉਠਦੀਆਂ ਅਤੇ ਨਵੀਂ 'ਅਕਾਲੀ ਲਹਿਰ' ਨੂੰ ਲੋਕਾਂ ਦਾ ਵਿਸ਼ਵਾਸ ਜਿੱਤਣ ਵਾਸਤੇ ਅਪਣਾ ਪੱਖ ਵੀ ਸਾਫ਼ ਕਰਨਾ ਪਵੇਗਾ। ਪ੍ਰਵਾਰ ਨਹੀਂ ਬਲਕਿ ਮੁੱਦੇ ਮਹੱਤਵਪੂਰਨ ਹੁੰਦੇ ਹਨ ਅਤੇ ਲੋਕਾਂ ਨੂੰ ਵੀ ਹੁਣ ਮੁੱਦਿਆਂ ਤੇ ਉਨ੍ਹਾਂ ਦੇ ਹੱਲ ਬਾਰੇ ਸਪੱਸ਼ਟੀਕਰਨ ਮੰਗਣਾ ਚਾਹੀਦਾ ਹੈ।  -ਨਿਮਰਤ ਕੌਰ