ਪ੍ਰਸਿੱਧ ਵਿਅਕਤੀਆਂ ਕੋਲੋਂ ਪੈਸਾ ਖੋਹਣ ਲਈ ਉਨ੍ਹਾਂ ਦੀ ਨਿਜੀ ਜ਼ਿੰਦਗੀ ਵਿਚ ਝਾਕਣਾ ਵੀ ਵਪਾਰ ਬਣ ਗਿਆ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਦੁਨੀਆਂ ਦੇ ਸੱਭ ਤੋਂ ਅਮੀਰ ਆਦਮੀ, ਜੈਫ਼ ਬੇਜੋਸ ਨੇ ਦੁਨੀਆਂ ਦੇ ਇਕ ਕੌੜੇ ਸੱਚ ਨੂੰ ਚੁਨੌਤੀ ਦਿਤੀ ਹੈ.....

Amazon CEO Jeff Bezos

ਦੁਨੀਆਂ ਦੇ ਸੱਭ ਤੋਂ ਅਮੀਰ ਆਦਮੀ, ਜੈਫ਼ ਬੇਜੋਸ ਨੇ ਦੁਨੀਆਂ ਦੇ ਇਕ ਕੌੜੇ ਸੱਚ ਨੂੰ ਚੁਨੌਤੀ ਦਿਤੀ ਹੈ। ਜੈਫ਼ ਬੇਜੋਸ ਭਾਵੇਂ ਅਮਰੀਕਾ ਦੇ ਰਹਿਣ ਵਾਲੇ ਹਨ, ਉਨ੍ਹਾਂ ਦਾ ਕਾਰੋਬਾਰ ਅੱਜ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਚਲਦਾ ਹੈ। ਅੱਜ ਉਹ ਭਾਰਤ ਦੇ ਸੱਭ ਤੋਂ ਚਹੇਤੇ ਡਾਕੀਏ ਵੀ ਹਨ ਜਿਸ ਦੀ ਉਡੀਕ ਅੱਜ ਦੀ ਪਦਾਰਥਵਾਦੀ ਦੁਨੀਆਂ 'ਚ ਉਸੇ ਤਰ੍ਹਾਂ ਹੁੰਦੀ ਹੈ ਜਿਵੇਂ ਪੁਰਾਣੇ ਸਮੇਂ ਵਿਚ ਚਿੱਠੀਆਂ ਲਿਆਉਣ ਵਾਲੇ ਡਾਕੀਏ ਦੀ ਹੁੰਦੀ ਸੀ। ਜੈਫ਼ ਬੇਜੋਸ ਐਮਾਜ਼ੋਨ ਕੰਪਨੀ ਦੇ ਸੰਸਥਾਪਕ ਹਨ। ਇਸ ਆਧੁਨਿਕ ਡਾਕੀਏ ਨੇ ਨਾ ਸਿਰਫ਼ ਦੁਨੀਆਂ ਦਾ ਸੱਭ ਤੋਂ ਵੱਡਾ ਆਨਲਾਈਨ ਬਾਜ਼ਾਰ ਸਿਰਜਿਆ ਹੈ

ਬਲਕਿ ਅਪਣੀ ਕਮਾਈ ਨਾਲ ਅਮਰੀਕਾ ਦੇ ਮੀਡੀਆ ਵਿਚ ਵੀ ਕਦਮ ਰਖਿਆ। ਹਾਲ ਹੀ ਵਿਚ ਉਨ੍ਹਾਂ ਦਾ ਵਿਆਹ ਟੁੱਟ ਗਿਆ ਅਤੇ ਕਾਰਨ ਇਹ ਬਣਿਆ ਕਿ ਉਨ੍ਹਾਂ ਦਾ ਇਕ ਹੋਰ ਵਿਆਹੁਤਾ ਔਰਤ ਨਾਲ ਵੀ ਰਿਸ਼ਤਾ ਸੀ। ਇਹ ਰਿਸ਼ਤਾ ਉਨ੍ਹਾਂ ਦਾ ਵਿਆਹ ਤਾਂ ਤੋੜ ਗਿਆ, ਪਰ ਫਿਰ ਅੱਜ ਦੇ ਸਨਸਨੀ ਫੈਲਾ ਕੇ ਤੇ ਪ੍ਰਸਿੱਧ ਵਿਅਕਤੀਆਂ ਦੇ ਨਿਜੀ ਜੀਵਨ ਦੀਆਂ ਝਾਕੀਆਂ ਨਸ਼ਰ ਕਰ ਕੇ ਪੈਸਾ ਕਮਾਉਣ ਵਾਲੇ ਮੀਡੀਆ ਨੇ ਉਨ੍ਹਾਂ ਦੀ ਨਿਜੀ ਜ਼ਿੰਦਗੀ ਦੇ ਰਿਸ਼ਤੇ ਦੀਆਂ ਤਸਵੀਰਾਂ ਤੇ ਪ੍ਰਾਈਵੇਟ ਚਿੱਠੀ ਪਤਰੀ ਨੂੰ ਜੱਗ-ਜ਼ਾਹਰ ਕਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿਤੀ।

ਬੇਜੋਸ ਵਾਸ਼ਿੰਗਟਨ ਪੋਸਟ ਦੇ ਵੀ ਮਾਲਕ ਹਨ ਅਤੇ ਉਨ੍ਹਾਂ ਨੂੰ ਇਕ ਹੋਰ ਅਖ਼ਬਾਰ ਇਨਕੁਆਇਰ ਵਲੋਂ ਬਲੈਕਮੇਲ ਕੀਤਾ ਜਾ ਰਿਹਾ ਸੀ। ਪੈਸਾ ਨਹੀਂ ਸੀ ਮੰਗਿਆ ਜਾ ਰਿਹਾ ਪਰ ਬੇਜੋਸ ਨੂੰ ਇਨਕੁਆਇਅਰ ਅਤੇ ਰਾਸ਼ਟਰਪਤੀ ਟਰੰਪ ਵਿਚਕਾਰ ਰਿਸ਼ਤੇ ਦੀ ਜਾਂਚ ਵਿਚੋਂ ਪਿੱਛੇ ਹੱਟ ਜਾਣ ਵਾਸਤੇ ਕਿਹਾ ਜਾ ਰਿਹਾ ਸੀ।  ਬੇਜੋਸ ਨੇ ਧਮਕੀ ਨਾ ਕਬੂਲੀ ਸਗੋਂ ਇਨਕੁਆਇਅਰ ਵਿਰੁਧ ਮਾਮਲਾ ਦਰਜ ਕਰਵਾ ਦਿਤਾ। ਉਨ੍ਹਾਂ ਆਖਿਆ ਜੇ ਮੈਂ ਇਸ ਅਹੁਦੇ ਉਤੇ ਬੈਠ ਕੇ ਵੀ ਇਸ ਤਰ੍ਹਾਂ ਦੀ ਬਲੈਕਮੇਲ ਵਿਰੁਧ ਨਹੀਂ ਖੜਾ ਹੋ ਸਕਦਾ ਤਾਂ ਫਿਰ ਕਿੰਨੇ ਲੋਕ ਹੋ ਸਕਦੇ ਹਨ? ਬੇਜੋਸ ਦੇ ਨਿਜੀ ਰਿਸ਼ਤੇ ਵਿਚ ਗ਼ਲਤੀਆਂ ਦੀ ਕੀਮਤ ਉਹ ਅਪਣੇ ਵਿਆਹ ਦੇ ਟੁੱਟ

ਜਾਣ ਦੇ ਰੂਪ ਵਿਚ ਭੁਗਤ ਰਹੇ ਹਨ ਤਾਂ ਫਿਰ ਇਕ ਅਖ਼ਬਾਰ ਉਨ੍ਹਾਂ ਦੇ ਨਿਜੀ ਰਿਸ਼ਤੇ ਨੂੰ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੀ ਹੈ? ਪਰ ਅੱਜ ਦਾ ਮੀਡੀਆ ਲਗਾਤਾਰ ਗਿਰਾਵਟ ਵਲ ਜਾ ਰਿਹਾ ਹੈ। ਇਹ ਆਮ ਗੱਲ ਹੋ ਗਈ ਹੈ ਕਿ ਟੀ.ਵੀ. ਚੈਨਲ, ਸੋਸ਼ਲ ਮੀਡੀਆ ਪਲੇਟਫ਼ਾਰਮ, ਅਖ਼ਬਾਰਾਂ ਇਕ ਇਨਸਾਨ ਦੇ ਬੈੱਡਰੂਮ ਤਕ ਪਹੁੰਚ ਕੇ ਉਸ ਨੂੰ ਟੰਗਣਾ ਚਾਹੁੰਦੇ ਹਨ ਤੇ ਜਿਵੇਂ ਬੇਜੋਸ ਦੇ ਮਾਮਲੇ ਵਿਚ ਇਸ ਬਲੈਕਮੇਲ ਪਿੱਛੇ ਸਿਆਸਤਦਾਨਾਂ ਦਾ ਹੱਥ ਜਾਪਦਾ ਹੈ, ਇਸੇ ਤਰ੍ਹਾਂ ਸਾਡੇ ਦੇਸ਼ ਵਿਚ ਵੀ ਸਿਆਸਤਦਾਨਾਂ ਨੇ ਮੀਡੀਆ ਨੂੰ ਅਪਣਾ ਪਾਲਤੂ ਬਣਾ ਲਿਆ ਹੈ। ਇਹ ਅਪਣੇ ਮਾਲਕ ਦੇ ਆਖਣ ਤੇ ਕੁੱਝ ਵੀ ਕਰ ਸਕਦੇ ਹਨ।

ਕਿਸੇ ਦੇ ਬੈੱਡਰੂਮ ਵਿਚ ਝਾਕਣਾ, ਅੱਜ ਦੇ ਮੀਡੀਆ ਵਾਸਤੇ ਸ਼ਰਮ ਦੀ ਗੱਲ ਨਹੀਂ। ਤਾਕਤਵਰ ਤੋਂ ਸ਼ੁਰੂ ਹੋਈ ਇਹ ਪ੍ਰਥਾ ਹੁਣ ਆਮ ਇਨਸਾਨ ਨੂੰ ਸ਼ਿਕਾਰ ਬਣਾ ਰਹੀ ਹੈ। ਅਕਸਰ ਸੋਸ਼ਲ ਮੀਡੀਆ ਉਤੇ ਲੋਕਾਂ ਦੀਆਂ ਨਿਜੀ ਝਲਕੀਆਂ, ਸੱਭ ਦੇ ਸਾਹਮਣੇ ਨੰਗੀਆਂ ਹੁੰਦੀਆਂ ਹਨ। ਇਹ ਪੱਤਰਕਾਰੀ ਨਹੀਂ, ਇਹ ਖ਼ਬਰ ਨਹੀਂ ਪਰ ਇਹ ਅੱਜ ਦਾ ਸੱਚ ਜ਼ਰੂਰ ਬਣ ਗਿਆ ਹੈ। ਕੁੱਝ ਤਾਂ ਰਾਖੀ ਸਾਵੰਤ ਵਰਗੇ ਹੁੰਦੇ ਹਨ ਜੋ ਖ਼ੁਦ ਕੈਮਰੇ ਨੂੰ ਅਪਣੇ ਬੈੱਡਰੂਮ ਵਿਚ ਸੱਦਦੇ ਹਨ ਤਾਕਿ ਉਹ ਉਸ ਤੋਂ ਮੁਨਾਫ਼ਾ ਕਮਾ ਸਕਣ ਪਰ ਬਾਕੀ ਸਾਰੇ ਤਾਂ ਇਨਸਾਨ ਹੀ ਹੁੰਦੇ ਹਨ ਜੋ ਗ਼ਲਤੀਆਂ ਕਰਦੇ ਹਨ ਅਤੇ ਫਿਰ ਭੁੱਖੇ ਭੇੜੀਆਂ ਦਾ ਸ਼ਿਕਾਰ ਬਣ ਜਾਂਦੇ ਹਨ। 

ਸਮਾਜ ਵਿਚ ਜੋ ਨਫ਼ਰਤ ਪਸਰੀ ਹੋਈ ਮਿਲਦੀ ਹੈ, ਉਹ ਕਿਸੇ ਹੋਰ ਦੀ ਕਮਜ਼ੋਰੀ ਦਾ ਆਨੰਦ ਮਾਣਦੀ ਹੈ ਪਰ ਸੱਚ ਉਹ ਵੀ ਜਾਣਦੇ ਹਨ। ਗ਼ਲਤੀਆਂ ਕਰਨਾ ਇਨਸਾਨ ਲਈ ਸੁਭਾਵਕ ਹੈ। ਗ਼ਲਤੀਆਂ ਤੋਂ ਸਿਖਣਾ ਇਨਸਾਨ ਦੀ ਜ਼ਿੰਦਗੀ ਦਾ ਮਕਸਦ ਹੈ ਪਰ ਫਿਰ ਗ਼ਲਤੀ ਕਰਨਾ ਸ਼ਰਮਸਾਰ ਕਿਉਂ ਕਰਦਾ ਹੈ? ਜਦੋਂ ਤਕ ਫੜਿਆ ਨਾ ਜਾਵੇ, ਉਦੋਂ ਤਕ ਸਾਧ ਅਤੇ ਫੜੇ ਜਾਣ ਤੇ ਚੋਰ। ਇਸ ਸੋਚ ਅਧੀਨ ਅੱਜ ਦਾ ਕਾਲਾ ਮੀਡੀਆ ਗੰਦਾ ਹੋ ਰਿਹਾ ਹੈ। ਇਸ ਗੰਦਗੀ ਨੂੰ ਰੋਕਣ ਵਾਸਤੇ ਬੇਜੋਸ ਨੇ ਬੜਾ ਵੱਡਾ ਕਦਮ ਚੁਕਿਆ ਹੈ ਪਰ ਇਹ ਉਹੀ ਹਨ ਜੋ ਅਮਰੀਕਾ ਦੇ ਖੁਲ੍ਹਾਂ ਵਾਲੇ ਸਮਾਜ ਵਿਚ ਇਹ ਕਰਨ ਦੀ ਹਿੰਮਤ ਕਰ ਸਕਦੇ ਹਨ।

ਭਾਰਤ ਵਿਚ ਤਾਂ ਅੱਜ ਦੇ ਸਮਾਜ ਦਾ ਨੈਤਿਕ ਪਹਿਰਾ ਹੋਰ ਵੀ ਪੁਰਾਤਨ ਹੁੰਦਾ ਜਾ ਰਿਹਾ ਹੈ ਅਤੇ ਮੀਡੀਆ, ਖ਼ਾਸ ਕਰ ਕੇ ਸੋਸ਼ਲ ਮੀਡੀਆ, ਇਸ ਦਾ ਫ਼ਾਇਦਾ ਉਠਾਈ ਜਾ ਰਿਹਾ ਹੈ। ਸ਼ਾਇਦ ਭਾਰਤ ਦੇ ਜਾਗਰੂਕ ਸ਼ਹਿਰੀ ਇਸ ਮੀਡੀਆ ਨੂੰ ਰੋਕ ਸਕਦੇ ਹਨ। ਜੇ ਪਾਠਕ, ਦਰਸ਼ਕ ਇਸ ਤਰ੍ਹਾਂ ਦੇ ਨਿਜੀ ਬਲੈਕਮੇਲ ਨੂੰ ਪੜ੍ਹਨਾ ਸੁਣਨਾ ਹੀ ਬੰਦ ਕਰ ਦੇਣ ਤਾਂ ਮੀਡੀਆ ਨੂੰ ਗ਼ਲਤ ਰਾਹ ਤੇ ਚਲਣੋਂ ਰੋਕਿਆ ਜਾ ਸਕਦਾ ਹੈ।  -ਨਿਮਰਤ ਕੌਰ