ਦਿੱਲੀ ਵਿਚ ਕੇਜਰੀਵਾਲ ਦੀ ਬੱਲੇ ਬੱਲੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਦਿੱਲੀ 'ਮਾਡਲ' ਹੁਣ ਦੂਜੇ ਰਾਜਾਂ ਵਿਚ ਵੀ ਅਜ਼ਮਾਇਆ ਜਾਵੇਗਾ

Photo

ਦਿੱਲੀ 'ਚ ਵੋਟਾਂ ਪੈਣ ਮਗਰੋਂ ਚੋਣ ਕਮਿਸ਼ਨ ਨੇ 24 ਘੰਟੇ ਲਾ ਕੇ ਜਦੋਂ ਪਈਆਂ ਵੋਟਾਂ ਦੀ ਪ੍ਰਤੀਸ਼ਤ 62.59 ਫ਼ੀ ਸਦੀ ਤਕ ਵਧਾ ਦਿਤੀ ਤਾਂ 'ਆਪ' ਤਾਂ ਘਬਰਾ ਹੀ ਗਈ ਪਰ ਲੋਕਤੰਤਰ ਨੂੰ ਦੇਸ਼ ਵਿਚ ਬਚਾਈ ਰਖਣਾ ਚਾਹੁਣ ਵਾਲੇ ਵੀ ਟੀ.ਐਨ. ਸੇਸ਼ਨ ਦੇ ਚੋਣ ਕਮਿਸ਼ਨਰ ਹੋਣ ਵੇਲੇ ਦੇ ਸਮੇਂ ਨੂੰ ਯਾਦ ਕਰ ਰਹੇ ਸਨ।

ਹੁਣ ਤਾਂ ਚੋਣ ਕਮਿਸ਼ਨ ਦਾ ਵਿਸ਼ਵਾਸ ਲੋਕਾਂ ਵਿਚ ਇਸ ਕਦਰ ਕਮਜ਼ੋਰ ਪੈ ਚੁੱਕਾ ਹੈ ਕਿ ਨਤੀਜਿਆਂ ਤੋਂ ਪਹਿਲਾਂ ਹੀ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਕੁੱਝ ਗੜਬੜ ਤਾਂ ਸ਼ਾਇਦ ਕਰ ਦਿਤੀ ਗਈ ਹੈ। ਭਾਵੇਂ ਚੋਣ ਕਮਿਸ਼ਨ ਵਲੋਂ ਵੋਟਾਂ ਦਾ ਪ੍ਰਤੀਸ਼ਤ ਦੱਸਣ ਵਿਚ ਦੇਰੀ ਕੀਤੀ ਗਈ ਪਰ ਛੇੜਛਾੜ ਨਹੀਂ ਕੀਤੀ ਗਈ ਅਤੇ ਉਨ੍ਹਾਂ ਟੀ.ਐਨ. ਸੇਸ਼ਨ ਵਲੋਂ ਰੱਖੀ ਤਾਕਤਵਰ ਚੋਣ ਕਮਿਸ਼ਨ ਦੀ ਨੀਂਹ ਨੂੰ ਬਰਕਰਾਰ ਰਖਿਆ।

ਨਤੀਜੇ ਉਸੇ ਤਰ੍ਹਾਂ ਦੇ ਆਏ ਜਿਸ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਸਨ। ਕਾਂਗਰਸ ਉਤੇ ਦਿੱਲੀ ਨੇ ਮੁੜ ਤੋਂ ਪੂਰੀ ਤਰ੍ਹਾਂ ਝਾੜੂ ਫੇਰ ਦਿਤਾ। ਕਾਂਗਰਸ ਪਾਰਟੀ ਨੂੰ ਇਕ ਸੀਟ ਵੀ ਨਾ ਮਿਲੀ, ਸਗੋਂ ਉਨ੍ਹਾਂ ਦਾ ਵੋਟ ਪ੍ਰਤੀਸ਼ਤ 4% ਤੋਂ ਵੀ ਘੱਟ ਰਹਿ ਗਿਆ। ਇਸ ਦਾ ਕਾਰਨ ਕੀ ਹੈ, ਇਸ ਬਾਰੇ ਜਾਣਦੇ ਤਾਂ ਸਾਰੇ ਹਨ ਪਰ ਕੀ ਕਾਂਗਰਸ ਵੀ ਹੁਣ ਕੁੱਝ ਕਰੇਗੀ ਜਾਂ ਰਾਹੁਲ ਗਾਂਧੀ ਦਾ ਮਨ ਬਣਨ ਦੀ ਉਡੀਕ ਹੀ ਕਰਦੀ ਰਹੇਗੀ?

ਖ਼ੈਰ, ਜੇ ਗੱਲ ਕਰੀਏ 'ਆਪ' ਦੀ ਜਿੱਤ ਦੀ ਤਾਂ ਇਹ ਜਿੱਤ ਧਰਮ ਮੁਕਤ ਸਿਆਸਤ ਦੀ ਸੀ ਜਿਥੇ 'ਆਪ' ਨੇ ਭਾਜਪਾ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅਪਣੇ ਬੋਲਾਂ ਵਿਚ ਨਫ਼ਰਤ ਨਾ ਆਉਣ ਦਿਤੀ। ਦਿੱਲੀ ਦੇ ਵਿਧਾਇਕ ਅਪਣਾ ਰੀਪੋਰਟ ਕਾਰਡ ਲੈ ਕੇ ਲੋਕਾਂ ਤੋਂ ਵੋਟ ਮੰਗਦੇ ਰਹੇ। ਉਨ੍ਹਾਂ ਨੂੰ ਲੋਕਾਂ ਨੇ ਜਵਾਬ ਵਿਚ ਅਪਣਾ ਫ਼ੈਸਲਾ ਸੁਣਾ ਦਿਤਾ।

'ਆਪ' ਨੇ ਅਪਣੇ ਨਾਲ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੂੰ ਲਾ ਕੇ ਅਪਣੀ ਨੀਤੀ ਘੜੀ ਅਤੇ ਇਹ ਜੋੜੀ ਰਲ ਕੇ ਕੇਂਦਰ ਸਰਕਾਰ ਦੇ ਹਰ ਵਾਰ ਦੀ ਢਾਲ ਤਿਆਰ ਕਰ ਸਕੀ।
ਭਾਜਪਾ ਨੇ ਅਪਣੇ ਸਾਰੇ ਹਥਿਆਰਾਂ ਦਾ ਪੂਰੀ ਨਫ਼ਰਤ ਨਾਲ ਇਸਤੇਮਾਲ ਕੀਤਾ। ਪ੍ਰਧਾਨ ਮੰਤਰੀ ਨੇ ਸ਼ਾਹੀਨ ਬਾਗ਼ ਨੂੰ ਸਾਜ਼ਸ਼ ਆਖਿਆ। ਗ੍ਰਹਿ ਮੰਤਰੀ ਨੇ ਆਖਿਆ ਕਿ ਵੋਟਿੰਗ ਵਾਲੇ ਬਟਨ ਨੂੰ ਇਸ ਕਦਰ ਜ਼ੋਰ ਨਾਲ ਦਬਾਉ ਕਿ ਕਰੰਟ ਸ਼ਾਹੀਨ ਬਾਗ਼ ਵਿਚ ਲੱਗੇ।

ਅਨੁਰਾਗ ਠਾਕੁਰ ਨੇ ਆਖਿਆ ਕਿ ਗੋਲੀ ਮਾਰੋ, ਅਰਵਿੰਦ ਕੇਜਰੀਵਾਲ ਨੂੰ ਅਤਿਵਾਦੀ ਆਖਿਆ, ਪਾਕਿਸਤਾਨ ਨੂੰ ਚੋਣਾਂ ਵਿਚ ਸ਼ਾਮਲ ਦਸਿਆ, ਜਾਮੀਆ, ਜਵਾਹਰ ਲਾਲ 'ਵਰਸਟੀ ਨੂੰ ਨਿਸ਼ਾਨਾ ਬਣਾਇਆ ਪਰ ਫਿਰ ਵੀ ਜਿੱਤ ਪ੍ਰਾਪਤ ਨਾ ਕਰ ਸਕੇ। ਭਾਜਪਾ ਦੀ ਵੋਟ ਪ੍ਰਤੀਸ਼ਤ ਵਿਚ ਮਾਮੂਲੀ ਜਿਹਾ ਵਾਧਾ ਜ਼ਰੂਰ ਹੋਇਆ ਹੈ ਪਰ ਉਸ ਬਾਰੇ ਵੀ ਇਹ ਸਮਝਣ ਦੀ ਜ਼ਰੂਰਤ ਹੈ ਕਿ ਨੌਜੁਆਨ ਭਾਜਪਾ ਵਲ ਨਹੀਂ ਗਿਆ।

ਇਹ ਬਜ਼ੁਰਗ ਹਨ ਜਿਨ੍ਹਾਂ ਨੂੰ ਸਿਆਸਤ ਅਤੇ ਧਰਮ ਦੀ ਖਿਚੜੀ ਦੀ ਆਦਤ ਪਈ ਹੋਈ ਹੈ ਤੇ ਜੋ ਇਨ੍ਹਾਂ ਗੱਲਾਂ ਵਿਚ ਆ ਜਾਂਦੇ ਹਨ। ਭਾਜਪਾ ਅਤੇ 'ਆਪ' ਦੋਹਾਂ ਨੂੰ ਕਾਂਗਰਸ ਦੀ ਵੋਟ ਦਾ ਫ਼ਾਇਦਾ ਹੋਇਆ ਜਾਪਦਾ ਹੈ। ਪਰ ਇਸ ਕਾਂਗਰਸ ਮੁਕਤ ਦਿੱਲੀ ਨੂੰ ਵੇਖ ਕੇ ਅੱਜ ਭਾਜਪਾ ਨੂੰ ਕਾਂਗਰਸ ਦੀ ਯਾਦ ਆ ਰਹੀ ਹੋਵੇਗੀ ਅਤੇ ਕਈ ਭਾਜਪਾ ਆਗੂਆਂ ਦੇ ਮੂੰਹੋਂ ਹੁਣ ਸ਼ੀਲਾ ਦੀਕਸ਼ਿਤ ਦੀ ਸਿਫ਼ਤ ਵਿਚ ਵੀ ਸ਼ਬਦ ਨਿਕਲ ਜਾਂਦੇ ਹਨ।

ਇਸ ਚੋਣ ਨੇ ਇਹ ਵੀ ਸਿੱਧ ਕਰ ਦਿਤਾ ਹੈ ਕਿ ਜੇ ਇਕ ਸਰਕਾਰ ਚੰਗਾ ਕੰਮ ਕਰੇ ਤਾਂ ਉਹ ਬਗ਼ੈਰ ਵੋਟ ਖ਼ਰੀਦੇ ਅਤੇ ਧਰਮ ਦਾ ਇਸਤੇਮਲ ਕਰੇ ਬਗ਼ੈਰ ਵੀ, ਜਿੱਤ ਸਕਦੀ ਹੈ। ਭਾਰਤ ਵਿਚ ਅੱਜ ਤਕ ਇਸ ਤਰ੍ਹਾਂ ਦੀ ਸਿਆਸਤ ਨਹੀਂ ਵਿਖਾਈ ਗਈ, ਤਾਂ ਫਿਰ ਹੁਣ ਰਵਾਇਤੀ ਸਿਆਸਤ ਕੀ ਕਰੇਗੀ? ਅੱਜ ਦੀ ਭਾਜਪਾ ਸਰਕਾਰ, ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ ਉਤੇ ਚੱਲਣ ਵਾਲੀ ਸਰਕਾਰ ਹੈ।

ਉਨ੍ਹਾਂ ਨੂੰ 'ਆਪ' ਵਰਗੀ ਸਿਆਸੀ ਪਾਰਟੀ ਨਾਲ ਜੂਝਣ ਲਈ ਅਪਣੀ ਚਾਲ ਬਦਲਣੀ ਪਵੇਗੀ। ਸਵਾਲ ਇਹ ਹੈ ਕਿ ਕੀ ਬੁੱਢੇ ਸਿਆਸੀ ਘੋੜੇ ਨਵੀਂ ਚਾਲ ਸਿਖ ਸਕਦੇ ਹਨ? ਭਾਰਤ ਦੇ ਸਿਆਸਤਦਾਨਾਂ ਨੂੰ ਚੁਣੇ ਜਾਣ ਤੋਂ ਬਾਅਦ ਅਪਣੀਆਂ ਤਿਜੋਰੀਆਂ ਭਰਨੀਆਂ ਆਉਂਦੀਆਂ ਹਨ ਅਤੇ ਫਿਰ ਅਪਣੇ ਪ੍ਰਵਾਰ ਲਈ ਸੀਟ ਪੱਕੀ ਕਰਨੀ ਆਉਂਦੀ ਹੈ। ਉਨ੍ਹਾਂ ਵਿਚੋਂ ਕਿਸੇ ਵਿਰਲੇ ਵਿਚ ਹੀ ਹਿੰਮਤ ਹੋਵੇਗੀ ਕਿ ਉਹ ਅਪਣਾ ਰੀਪੋਰਟ ਕਾਰਡ ਲੋਕਾਂ ਕੋਲੋਂ ਭਰਵਾਉਣ ਜਾਵੇ।

ਅੱਜ ਦਾ ਸੱਭ ਤੋਂ ਵੱਡਾ ਜਸ਼ਨ ਦਿੱਲੀ ਦੇ ਆਮ ਬੱਚਿਆਂ ਦਾ ਹੈ ਜਿਨ੍ਹਾਂ ਦੇ ਸਕੂਲਾਂ ਨੂੰ ਸੁਧਾਰ ਕੇ 'ਆਪ' ਨੇ ਆਉਣ ਵਾਲੀ ਪੀੜ੍ਹੀ ਦੀ ਬੁਨਿਆਦ ਮਜ਼ਬੂਤ ਕੀਤੀ। ਇਹ ਜਿੱਤ ਉਨ੍ਹਾਂ ਔਰਤਾਂ ਦੀ ਹੈ ਜਿਨ੍ਹਾਂ ਨਾਲ ਸਾਥੀ ਬਣ ਕੇ ਸਰਕਾਰ ਉਨ੍ਹਾਂ ਦੇ ਸਫ਼ਰ ਵਿਚ ਨਾਲ ਚੱਲੀ। -ਨਿਮਰਤ ਕੌਰ