ਮੱਧ ਪ੍ਰਦੇਸ਼ ਦੇ ਵੱਡੇ ਸਦਮੇ ਮਗਰੋਂ ਵੀ ਕਾਂਗਰਸ ਨਾ ਸੰਭਲੀ ਤਾਂ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਚੋਣਾਂ 'ਚ ਜੇਤੂ ਕੋਈ ਹੋਰ ਪਾਰਟੀ ਰਹਿੰਦੀ ਹੈ, ਮੈਂਬਰ ਪਾਲਾ ਬਦਲ ਲੈਂਦੇ ਹਨ ਤੇ ਸਰਕਾਰ ਹਾਰੀ ਹੋਈ ਪਾਰਟੀ ਦੀ ਬਣ ਜਾਂਦੀ ਹੈ।

Photo

ਚੋਣਾਂ 'ਚ ਜੇਤੂ ਕੋਈ ਹੋਰ ਪਾਰਟੀ ਰਹਿੰਦੀ ਹੈ, ਮੈਂਬਰ ਪਾਲਾ ਬਦਲ ਲੈਂਦੇ ਹਨ ਤੇ ਸਰਕਾਰ ਹਾਰੀ ਹੋਈ ਪਾਰਟੀ ਦੀ ਬਣ ਜਾਂਦੀ ਹੈ। ਇਹ ਸੱਭ ਪਿਛਲੇ ਕੁੱਝ ਸਾਲਾਂ ਵਿਚ ਏਨੀ ਵਾਰੀ ਹੋਇਆ ਹੈ ਕਿ ਅਜਿਹੀ ਕਿਸੇ ਖ਼ਬਰ ਵਿਚ ਅਚੰਭੇ ਜਾਂ ਹੈਰਾਨੀ ਵਾਲੀ ਗੱਲ ਹੀ ਕੋਈ ਨਹੀਂ ਰਹਿ ਗਈ। ਸਰਕਾਰ ਕੌਣ ਬਣਾਉਂਦਾ ਹੈ, ਕਿੰਨੇ ਚਿਰ ਬਾਅਦ ਫਿਰ ਬਦਲ ਜਾਂਦੀ ਹੈ, ਇਹ ਸੱਭ ਵੇਖਣ ਦੀ ਹੁਣ ਆਦਤ ਪੈ ਚੁੱਕੀ ਹੈ।

ਪਰ ਫਿਰ ਵੀ ਮੱਧ ਪ੍ਰਦੇਸ਼ ਵਿਚ ਜੋਤੀਰਾਦਿਤਿਆ ਸਿੰਧੀਆ ਵਲੋਂ ਕਾਂਗਰਸ ਛੱਡ ਕੇ ਬਸੰਤੀ ਚੋਲਾ ਪਾ ਲੈਣਾ ਕੋਈ ਛੋਟੀ ਗੱਲ ਵੀ ਨਹੀਂ ਅਤੇ ਇਸ ਸਾਰੇ ਰਾਮ ਰੌਲੇ 'ਚੋਂ ਕੋਈ ਵੀ ਪਾਰਟੀ ਸਾਫ਼ ਸੁਥਰੀ ਨਿਕਲ ਕੇ ਨਹੀਂ ਆਉਂਦੀ। ਕਾਂਗਰਸ ਉਤੇ ਤਾਂ ਮੁਸ਼ਕਲਾਂ ਦਾ ਪਹਾੜ ਡਿਗ ਪਿਆ ਹੈ ਪਰ ਸੱਤਾਧਾਰੀ ਭਾਜਪਾ ਵੀ ਜੇਤੂ ਜਾਂ ਬੇਦਾਗ਼ ਹੋ ਕੇ ਨਹੀਂ ਨਿਕਲ ਰਹੀ ਸਗੋਂ ਜਿੱਤ ਨੇ ਉਸ ਨੂੰ ਹਾਰ ਨਾਲੋਂ ਜ਼ਿਆਦਾ ਬਦਨਾਮੀ ਖੱਟ ਕੇ ਦਿਤੀ ਹੈ।

ਜੋਤੀਰਾਦਿਤਿਆ ਸਿੰਧੀਆ, ਬਿਹਾਰ ਦੇ ਨਿਤੀਸ਼ ਕੁਮਾਰ ਵਾਂਗ ਨਹੀਂ ਜਿਨ੍ਹਾਂ ਦੀ ਘਰ ਵਾਪਸੀ ਸੌਖਿਆਂ ਹੀ ਹੋ ਗਈ ਸੀ। ਜੋਤੀਰਾਦਿਤਿਆ ਸਿੰਧੀਆ ਦੇ ਪਿਤਾ ਭਾਵੇਂ ਕਾਂਗਰਸ ਵਿਚ 1972 ਵਿਚ ਆਏ ਹੋਣ, ਜੋਤੀਰਾਦਿਤਿਆ ਦਾ ਜਨਮ ਹੀ ਕਾਂਗਰਸੀ ਵਿਚਾਰਧਾਰਾ ਵਿਚ ਹੋਇਆ ਸੀ। ਜੋਤੀਰਾਦਿਤਿਆ ਦਾ ਕਾਂਗਰਸ ਪਾਰਟੀ ਨੂੰ ਛਡਣਾ ਰਾਹੁਲ ਗਾਂਧੀ ਵਲੋਂ ਪਾਰਟੀ ਛੱਡਣ ਬਰਾਬਰ ਹੈ।

ਰਾਹੁਲ ਗਾਂਧੀ ਦੇ ਗੂੜ੍ਹੇ ਮਿੱਤਰ, ਸਿਆਸੀ ਸਲਾਹਕਾਰ, ਪਲ-ਪਲ ਨਾਲ ਰਹਿਣ ਵਾਲੇ ਜੋਤੀਰਾਦਿਤਿਆ ਸਿੰਧੀਆ ਨੂੰ ਇਸ ਦੋਸਤੀ ਦਾ ਫ਼ਾਇਦਾ ਵੀ ਬਹੁਤ ਹੋਇਆ ਹੈ। ਕਾਂਗਰਸ ਪਾਰਟੀ ਦੇ 10 ਸਾਲਾਂ ਦੇ ਰਾਜ ਵਿਚ ਭਾਵੇਂ ਰਾਹੁਲ ਗਾਂਧੀ ਮੰਤਰੀ ਨਹੀਂ ਬਣੇ, ਜੋਤੀਰਾਦਿਤਿਆ ਤਿੰਨ ਵਾਰ ਕੇਂਦਰੀ ਮੰਤਰੀ ਬਣੇ ਸਨ। 35 ਸਾਲ ਦੇ ਸਨ ਜਦੋਂ ਇਨ੍ਹਾਂ ਨੂੰ ਪਹਿਲੀ ਵਾਰੀ ਮੰਤਰੀ ਬਣਾਇਆ ਗਿਆ ਸੀ।

ਜੇ 2019 ਵਿਚ ਰਾਹੁਲ ਗਾਂਧੀ ਜਿੱਤ ਜਾਂਦੇ ਤਾਂ ਇਨ੍ਹਾਂ ਨੂੰ ਇਕ ਅਹਿਮ ਕੇਂਦਰੀ ਮੰਤਰਾਲਾ ਮਿਲ ਜਾਂਦਾ। ਹਰ ਪਲ ਇਨ੍ਹਾਂ ਦੇ ਨਾਲ ਰਹਿੰਦੇ ਸਨ। ਇਕ ਪਾਸੇ ਨਵਜੋਤ ਸਿੰਘ ਸਿੱਧੂ ਅਤੇ ਦੂਜੇ ਪਾਸੇ ਜੋਤੀਰਾਦਿਤਿਆ ਸਿੰਧੀਆ ਨੇ ਰਾਹੁਲ ਦਾ ਸਾਥ ਦਿਤਾ, ਜਦੋਂ ਕਿ ਬਾਕੀ ਪਾਰਟੀ ਲੀਡਰਾਂ ਕੋਲੋਂ ਰਾਹੁਲ ਨੂੰ ਉਹ ਸਾਥ ਨਾ ਮਿਲ ਸਕਿਆ।

ਪਰ ਕਿਉਂਕਿ ਰਾਹੁਲ ਹਾਰ ਗਏ, ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਬਜ਼ੁਰਗਾਂ ਸਾਹਮਣੇ ਗੋਡੇ ਟੇਕਣੇ ਪਏ। ਉਹ ਆਪ ਪਿੱਛੇ ਹਟ ਗਏ ਕਿਉਂਕਿ ਰਾਹੁਲ ਗਾਂਧੀ ਨੂੰ ਕਿਸੇ ਅਹੁਦੇ ਦੀ ਜ਼ਰੂਰਤ ਨਹੀਂ ਸੀ, ਗਾਂਧੀ ਪ੍ਰਵਾਰ ਅਪਣੇ ਆਪ ਵਿਚ ਇਕ ਸਿਆਸੀ ਤਾਜ ਹੈ, ਪਰ ਉਨ੍ਹਾਂ ਦੇ ਜਵਾਨ ਸਾਥੀ ਹੁਣ ਘਬਰਾਏ ਹੋਏ ਹਨ। ਜੋਤੀਰਾਦਿਤਿਆ ਸਿੰਧੀਆ ਨਾਲ ਮਿਲੰਦ ਦਿਉਰਾ, ਸਚਿਨ ਪਾਇਲਟ, ਨਵਜੋਤ ਸਿੰਘ ਸਿੱਧੂ ਵਰਗੇ ਹਨ ਜਿਨ੍ਹਾਂ ਨੂੰ ਰਾਹੁਲ ਦੀ ਹਾਰ ਦੀ ਸਜ਼ਾ ਭੁਗਤਣੀ ਪੈ ਰਹੀ ਹੈ।

ਪਰ ਜੋਤੀਰਾਦਿਤਿਆ ਸਿੰਧੀਆ ਨੇ ਜੋ ਕੀਤਾ, ਉਸ ਨਾਲ ਦਲ-ਬਦਲੂ ਠੱਪਾ ਉਨ੍ਹਾਂ ਦੇ ਸਾਰੇ ਜੀਵਨ ਉਤੇ ਭਾਰੀ ਪੈ ਜਾਵੇਗਾ। ਸ਼ਿਵ ਸੈਨਾ ਵਾਂਗ ਇਹ ਨਿਰੀ ਭਾਈਵਾਲੀ ਨਹੀਂ, ਇਹ ਇਕ ਵਖਰੀ ਸੋਚ ਦਾ ਪੱਲਾ ਫੜਨਾ ਹੈ। ਭਾਵੇਂ ਹੁਣ ਉਨ੍ਹਾਂ ਨੂੰ ਰਾਜ ਸਭਾ ਦੇ ਰਸਤੇ ਮੁੜ ਤੋਂ ਕੇਂਦਰੀ ਮੰਤਰੀ ਬਣਾ ਦਿਤਾ ਜਾਵੇਗਾ, ਉਨ੍ਹਾਂ ਦਾ ਨਾਂ ਸਿਆਸਤ ਦੇ ਛਲਾਂਗਾਂ ਮਾਰਦੇ ਲੰਗੂਰਾਂ ਵਿਚ ਬਹੁਤ ਉਪਰ ਕਰ ਕੇ ਆਵੇਗਾ।

ਕਾਂਗਰਸ ਲਈ ਇਹ ਇਕ ਜ਼ੋਰਦਾਰ ਸੁਨੇਹਾ ਹੈ ਕਿ ਹੁਣ ਬਜ਼ੁਰਗ ਪੀੜ੍ਹੀ ਅਤੇ ਜਵਾਨ ਵਰਗ ਵਿਚ ਤਾਕਤ ਦੀ ਵੰਡ ਜ਼ਰੂਰੀ ਹੋ ਗਈ ਹੈ। ਜੋ ਵੀ ਤਾਕਤ ਬਚ ਸਕੀ ਹੈ, ਉਸ ਨੂੰ ਸਹੀ ਤਰ੍ਹਾਂ ਨਾਲ ਵੰਡ ਲੈਣਾ ਜ਼ਰੂਰੀ ਹੈ ਨਹੀਂ ਤਾਂ ਅੱਜ ਮੱਧ ਪ੍ਰਦੇਸ਼ ਵਾਂਗ ਅਪਣਿਆਂ ਦੀ ਗਿਣਤੀ ਕਰਦੇ ਥੱਕ ਜਾਵੋਗੇ ਪਰ ਪੂਰੇ ਨਹੀਂ ਕਰ ਸਕੋਗੇ। ਪੰਜਾਬ ਵਿਚ ਵੀ ਇਕ ਧੜਾ ਟੁੱਟ ਸਕਦਾ ਹੈ, ਭਾਵੇਂ ਇਥੇ ਸਰਕਾਰ ਡੇਗੀ ਨਹੀਂ ਜਾ ਸਕਦੀ।

ਇਥੇ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਕਾਂਗਰਸ ਅਪਣਿਆਂ ਵਿਚ ਹੀ ਵੰਡੀ ਜਾ ਸਕਦੀ ਹੈ। ਰਾਜਸਥਾਨ ਵਿਚ ਕਾਂਗਰਸ ਕੋਲ 23 ਸੀਟਾਂ ਭਾਜਪਾ ਨਾਲੋਂ ਵਾਧੂ ਹਨ ਪਰ ਸਚਿਨ ਪਾਇਲਟ ਵੀ ਜੋਤੀਰਾਦਿਤਿਆ ਸਿੰਧੀਆ ਵਾਂਗ ਅਪਣੇ ਨਾਲ ਵਿਧਾਇਕ ਤੋੜ ਕੇ ਲਿਜਾ ਸਕਦੇ ਹਨ। ਬਗ਼ੈਰ ਪ੍ਰਧਾਨ ਤੋਂ ਕਾਂਗਰਸ ਪਾਰਟੀ ਕਦੋਂ ਤਕ ਗਾਂਧੀ ਪ੍ਰਵਾਰ ਦੀ ਆਸ ਵਿਚ ਬੈਠੀ ਰਹੇਗੀ?

ਦੇਸ਼ ਨੂੰ ਚਲਾਉਣ ਵਾਲੇ ਜੋ ਲੋਕ ਦੇਸ਼ ਨੂੰ ਚਲਾ ਚੁੱਕੇ ਹਨ ਅੱਜ ਅਪਣੇ ਆਪ ਉਤੇ ਵਿਸ਼ਵਾਸ ਨਹੀਂ ਕਰਦੇ ਕਿ ਉਹ ਅਪਣੀ ਪਾਰਟੀ ਨੂੰ ਵੀ ਚਲਾ ਸਕਦੇ ਹਨ। ਜੇ ਉਹ ਅਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਪੂਰੀ ਕਰਨ ਵਿਚ ਇਸ ਸਮੇਂ ਚੂਕ ਗਏ ਤਾਂ ਦੇਸ਼ ਉਨ੍ਹਾਂ ਉਤੇ ਵਿਸ਼ਵਾਸ ਕਿਉਂ ਕਰੇਗਾ? ਹੁਣ ਕਾਂਗਰਸ ਪਾਰਟੀ ਨੂੰ ਗਾਂਧੀ ਪ੍ਰਵਾਰ ਤੋਂ ਆਸ ਛੱਡ ਕੇ ਅਪਣੇ ਆਪ ਉਤੇ ਵਿਸ਼ਵਾਸ ਕਰਨ ਦਾ ਫ਼ੈਸਲਾ ਲੈਣਾ ਪਵੇਗਾ।

ਭਾਜਪਾ ਚੋਣਾਂ ਜਿੱਤਣ ਵਾਸਤੇ ਕੁੱਝ ਵੀ ਕਰ ਸਕਦੀ ਹੈ ਤੇ ਸਰਕਾਰਾਂ ਡੇਗਣ ਲਈ ਵੀ ਕੁੱਝ ਵੀ ਕਰ ਸਕਦੀ ਹੈ। ਇਹ ਗੱਲ ਉਨ੍ਹਾਂ ਵਾਰ ਵਾਰ ਸਾਬਤ ਕੀਤੀ ਹੈ ਪਰ ਹੁਣ ਉਹ ਨਾ ਸਿਰਫ਼ ਚੋਰਾਂ, ਗੁੰਡਿਆਂ ਨੂੰ ਪਾਰਟੀ ਵਿਚ ਲੈ ਰਹੀ ਹੈ ਬਲਕਿ ਇਕ 'ਸ਼ਹਿਜ਼ਾਦੇ' ਨੂੰ ਵੀ ਅਪਣੀ ਪਾਰਟੀ ਵਿਚ ਲਿਆ ਰਹੀ ਹੈ। ਸਿੰਧੀਆ ਗਵਾਲੀਅਰ ਦੇ ਨਵਾਬ ਪ੍ਰਵਾਰ ਦੇ ਰਾਹੁਲ ਵਰਗੇ ਇਕ ਸ਼ਹਿਜ਼ਾਦੇ ਹਨ।

ਉਹ ਭਾਜਪਾ ਦੀ ਧਰਮ-ਅਧਾਰਤ ਸਿਆਸਤ ਦੇ ਵਿਰੁਧ ਹਨ। ਹੁਣ ਸੱਤਾ ਪਿੱਛੇ ਕੀ ਭਾਜਪਾ ਅਪਣੀ ਵਿਚਾਰਧਾਰਾ ਵਿਚ ਮਿਲਾਵਟ ਵੀ ਬਰਦਾਸ਼ਤ ਕਰਨ ਲਈ ਤਿਆਰ ਹੈ? ਕਾਂਗਰਸ ਅਤੇ ਸ਼ਿਵ ਸੈਨਾ ਦੀ ਭਾਈਵਾਲੀ ਹਾਰੇ ਹੋਇਆਂ ਦੀ ਸਾਂਝ ਹੈ, ਤਾਕਤ ਵਿਚ ਬੈਠੀ ਭਾਜਪਾ ਨੂੰ ਇਹ ਸ਼ੋਭਾ ਨਹੀਂ ਦਿੰਦਾ। ਰਾਜ ਸਭਾ ਦੀ ਇਕ ਸੀਟ ਅਤੇ ਇਕ ਰਾਜ ਖ਼ਾਤਰ ਭਾਰਤ ਦੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਦੀ ਇਸ ਤਰ੍ਹਾਂ ਦੀ ਸੌਦੇਬਾਜ਼ੀ ਵਿਚ ਸ਼ਮੂਲੀਅਤ ਨੂੰ ਜਾਇਜ਼ ਨਹੀਂ ਠਹਿਰਾਂਦਾ।

ਆਖ਼ਰ ਸਵਾਲ ਤਾਂ ਉਠੇਗਾ ਹੀ ਕਿ ਜਦੋਂ ਦੇਸ਼ ਮੰਦੀ ਵਿਚ ਹੈ, ਇਸ ਸੌਦੇਬਾਜ਼ੀ ਵਿਚ ਕਿੰਨੇ ਕਰੋੜ ਗਏ ਅਤੇ ਉਹ ਆਏ ਕਿੱਥੋਂ? ਇਨ੍ਹਾਂ ਵਿਕਾਊ ਸਿਆਸਤਦਾਨਾਂ ਦੇ ਚੋਣਾਂ ਲੜਨ ਤੇ 10 ਸਾਲ ਵਾਸਤੇ ਪਾਬੰਦੀ ਲਾਉਣਾ ਹੁਣ ਸ਼ਾਇਦ ਇਕੋ ਇਕ ਰਸਤਾ ਬਚਿਆ ਹੈ, ਪਰ ਗੰਦੀ ਸਿਆਸਤ ਨੂੰ ਸਾਫ਼ ਕਰਨਾ ਚਾਹੁੰਦਾ ਕੌਣ ਹੈ?  -ਨਿਮਰਤ ਕੌਰ