ਪੰਜਾਬ ਕਾਂਗਰਸ ਇਕਜੁਟ ਹੋਵੇਗੀ ਜਾਂ ਪੂਰੀ ਤਰ੍ਹਾਂ ਬਿਖਰ ਜਾਵੇਗੀ? 

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਾਂਗਰਸ ਪਾਰਟੀ ਨੇ ਆਖ਼ਰਕਾਰ ਅਪਣਾ ਪੰਜਾਬ ਪ੍ਰਧਾਨ ਤੇ ਵਿਧਾਨ ਸਭਾ ਦਾ ਲੀਡਰ ਚੁਣ ਲਿਆ ਹੈ।

Indian National Congress

ਨਵਜੋਤ ਸਿਧੂ ਤੋਂ ਬਾਅਦ, ਦੂਜੀ ਚੁਨੌਤੀ ਕਾਂਗਰਸ ਦੇ ਐਮ.ਪੀ. ਧੜੇ ਵਲੋਂ ਆਵੇਗੀ ਜੋ ਅਪਣੀ ਹਾਈਕਮਾਂਡ ਦੇ ਫ਼ੈਸਲੇ ਨਾਲ ਨਾਰਾਜ਼ ਹਨ ਕਿਉਂਕਿ ਉਨ੍ਹਾਂ ਦੀ ਨਾ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਸੁਣਵਾਈ ਹੋਈ ਤੇ ਨਾ ਚਰਨਜੀਤ ਸਿੰਘ ਚੰਨੀ ਦੇ ਸਮੇਂ। ਉਨ੍ਹਾਂ ਨੂੰ ਸਿਰਫ਼ ਦੋਹਾਂ ਮੁੱਖ ਮੰਤਰੀਆਂ ਦੇ ਅੰਤਮ ਦਿਨਾਂ ਵਿਚ ਇਸਤੇਮਾਲ ਕੀਤਾ ਗਿਆ ਪਰ ਜਦ ਉਨ੍ਹਾਂ ਕੋਲ ਅੱਜ ਕੋਈ ਤਾਕਤ ਹੀ ਨਹੀਂ ਛੱਡੀ ਗਈ ਤਾਂ ਉਹ ਅਗਲੀਆਂ ਚੋਣਾਂ ਵਿਚ ਕੀ ਕਹਿ ਕੇ ਵੋਟਾਂ ਮੰਗਣਗੇ? ਕੀ ਉਨ੍ਹਾਂ ਨੂੰ ਲਗਦਾ ਹੈ ਕਿ ਰਾਹੁਲ ਗਾਂਧੀ ਦੇ ਨਾਮ ਤੇ ਉਨ੍ਹਾਂ ਨੂੰ ਦੁਬਾਰਾ ਐਮ.ਪੀ. ਬਣਨ ਦਾ ਮੌਕਾ ਮਿਲ ਜਾਵੇਗਾ? 

ਆਉਣ ਵਾਲਾ ਸਮਾਂ ਹੀ ਦਸੇਗਾ ਕਿ ਰਾਜਾ ਵੜਿੰਗ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਪੰਜਾਬ ਕਾਂਗਰਸ ਇਕਜੁਟ ਹੋਵੇਗੀ ਜਾਂ ਬਿਲਕੁਲ ਹੀ ਬਿਖਰ ਜਾਵੇਗੀ। ਪਰ ਜਿਵੇਂ ਹਾਲਾਤ ਸਾਰੇ ਦੇਸ਼ ਵਿਚ ਬਣਦੇ ਜਾ ਰਹੇ ਹਨ, ਜਾਪਦਾ ਹੈ ਕਿ ਰਾਹੁਲ ਨੇ ਜੇ ਅਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾ ਸੰਭਾਲੀ ਤਾਂ ਦੇਸ਼, ਵਿਰੋਧੀ-ਧਿਰ ਰਹਿਤ ਲੋਕਤੰਤਰ ਬਣ ਕੇ ਹੀ ਰਹੇਗਾ। 

ਕਾਂਗਰਸ ਪਾਰਟੀ ਨੇ ਆਖ਼ਰਕਾਰ ਅਪਣਾ ਪੰਜਾਬ ਪ੍ਰਧਾਨ ਤੇ ਵਿਧਾਨ ਸਭਾ ਦਾ ਲੀਡਰ ਚੁਣ ਲਿਆ ਹੈ। ਬੜੇ ਨਾਮ ਚਰਚਾ ਵਿਚ ਆਏ ਸਨ ਪਰ ਆਖ਼ਰਕਾਰ ਰਾਹੁਲ ਗਾਂਧੀ ਦੇ ਭਰੋਸੇਮੰਦ ਹੀ ਗਲਾਂ ਵਿਚ ਹਾਰ ਪੁਆ ਸਕੇ। ਰਾਹੁਲ ਗਾਂਧੀ ਹਾਲ ਵਿਚ ਇਹ ਕਹਿੰਦੇ ਸੁਣਾਈ ਦਿਤੇ ਕਿ ਉਹ ਸਿਆਸਤ ਵਿਚ ਨਹੀਂ ਰਹਿਣਾ ਚਾਹੁੰਦੇ ਪਰ ਹਰ ਕੋਈ ਜਾਣਦਾ ਹੈ ਕਿ ਉਨ੍ਹਾਂ ਦਾ ਜਨਮ ਹੀ ਸਿਆਸਤ ਵਿਚ ਹੋਇਆ ਸੀ।

ਸੋ ਉਹ ਚਾਹੁਣ ਨਾ ਚਾਹੁਣ, ਉਨ੍ਹਾਂ ਕੋਲ ਹੋਰ ਰਸਤਾ ਹੀ ਕੋਈ ਨਹੀਂ। ਰਸਤੇ ਤਾਂ ਹਰ ਬੰਦੇ ਕੋਲ ਕਈ ਕਈ ਹੁੰਦੇ ਹਨ ਪਰ ਹੁਣ ਇਹ ਵੀ ਸਾਫ਼ ਹੈ ਕਿ ਰਾਹੁਲ ਗਾਂਧੀ ਨੇ ਸਿਆਸਤ ਵਿਚ ਰਹਿਣਾ ਹੈ ਪਰ ਉਨ੍ਹਾਂ ਵਲੋਂ ਲਗਾਤਾਰ ਕੀਤੀ ਜਾ ਰਹੀ ਨਾਂਹ ਨਾਂਹ ਵੀ ਇਕ ਰਾਜਸੀ ਡਰਾਮੇ ਤੋਂ ਵੱਧ ਕੁੱਝ ਨਹੀਂ। ਨਾ ਉਹ ਤੇ ਨਾ ਉਨ੍ਹਾਂ ਦੀ ਮਾਤਾ ਸੋਨੀਆ ਗਾਂਧੀ ਹੀ ਕਮਾਨ ਛੱਡ ਸਕਦੇ ਹਨ ਤੇ ਨਾ ਪੂਰੀ ਤਰ੍ਹਾਂ ਸਰਗਰਮ ਹੋ ਕੇ ਕੰਮ ਹੀ ਕਰਨਾ ਚਾਹੁੰਦੇ ਹਨ। ਸੋਚ ਵਿਚਾਰ ਕਰ ਕੇ ਹੁਣ ਜਿਹੜੇ ਨਵੇਂ ਚਿਹਰੇ ਪੰਜਾਬ ਵਿਚ ਲਗਾਏ ਗਏ ਹਨ, ਉਹ ਅਪਣੇ ਆਪ ਵਿਚ ਬਿਹਤਰ ਚਿਹਰੇ ਹਨ। ਪਰ ਕੀ ਉਨ੍ਹਾਂ ਦਾ ਲਗਾਇਆ ਜਾਣਾ ਰਾਹੁਲ ਗਾਂਧੀ ਪ੍ਰਤੀ ਵਫ਼ਾਦਾਰੀ ਦਾ ਇਨਾਮ ਹੀ ਹੈ ਜਾਂ ਉਹ ਪੰਜਾਬ ਕਾਂਗਰਸ ਨੂੰ ਇਕਜੁਟ ਕਰਨ ਦੀ ਸਮਰੱਥਾ ਵੀ ਰਖਦੇ ਹਨ? 

ਪੰਜਾਬ ਕਾਂਗਰਸ ਦੀ ਸੱਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਹੈ ਕਿ ਉਹ ਅਪਣਿਆਂ ਵਿਰੁਧ ਹੀ ਜੰਗ ਛੇੜੀ ਰਖਦੇ ਹਨ ਤੇ ਇਸ ਤਰ੍ਹਾਂ ਵਾਰ ਕਰਦੇ ਹਨ ਕਿ ਵਿਰੋਧੀਆਂ ਵਾਸਤੇ ਕਾਂਗਰਸ ਨੂੰ ਮਾਰਨ ਲਈ ਕੰਮ ਹੀ ਕੋਈ ਨਹੀਂ ਬਚਦਾ। ਇਹੀ ਵੱਡਾ ਕਾਰਨ ਸੀ ਕਿ ਕਾਂਗਰਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਕੀ ਇਸ ਨਵੀਂ ਲੀਡਰਸ਼ਿਪ ਦੇ ਆ ਜਾਣ ਨਾਲ ਹੁਣ ਸਾਰੇ ਇਕਜੁਟ ਹੋ ਜਾਣਗੇ ਜਾਂ ਕਾਂਗਰਸ ਦੀ ਅੰਦਰੂਨੀ ਡੈਮੋਕਰੇਸੀ ਦਾ ਅਰਥ ਇਹ ਹੈ ਕਿ ਤੁਸੀ ਆਪਸ ਵਿਚ ਬੇਸ਼ੱਕ ਚਿੱਕੜ ਉਛਾਲਦੇ ਰਹੋ ਪਰ ਰਾਹੁਲ ਗਾਂਧੀ ਉਤੇ ਨਹੀਂ?

ਕਾਂਗਰਸ ਹਾਈਕਮਾਨ ਨੇ ਪਹਿਲੀ ਵਾਰ ਜਿਸ ਫੁਰਤੀ ਨਾਲ ਸੁਰਜੀਤ ਸਿੰਘ ਧੀਮਾਨ ਨੂੰ ਕਢਿਆ ਹੈ, ਉਹ ਇਹੀ ਦਰਸਾਉਂਦਾ ਹੈ ਕਿ ਕਾਂਗਰਸ ਵਿਚ ਆਉਣ ਵਾਲੇ ਸਮੇਂ ਵਿਚ ਵੀ ਅਨੁਸ਼ਾਸਨ ਨਹੀਂ ਆਉਣ ਵਾਲਾ। ਸ਼ਰਤ ਇਹ ਹੈ ਕਿ ਉਹ ਰਾਹੁਲ ਗਾਂਧੀ ਬਾਰੇ ਕੁੱਝ ਨਾ ਆਖਣ, ਬਾਕੀ ਸੱਭ ਠੀਕ ਹੈ। ਹੁੁਣ ਜਾਖੜ ਜੀ ਨੂੰ ਵੀ ਅਨੁਸ਼ਾਸਨ ਤੋੜਨ ਦਾ ਨੋਟਿਸ ਦੇ ਦਿਤਾ ਗਿਆ ਹੈ ਪਰ ਵੇਲੇ ਸਿਰ ਕੁੱਝ ਕੀਤਾ ਨਾ ਤੇ ਅੱਜ ਇਹ ਨੋਟਿਸ ਕਿਸੇ ਕੰਮ ਨਹੀਂ ਆਉਣਗੇ, ਸਿਵਾਏ ਵਿਖਾਵਾ ਕਰਨ ਦੇ।

ਆਉਣ ਵਾਲੇ ਸਮੇਂ ਵਿਚ ਪੰਜਾਬ ਕਾਂਗਰਸ ਵਿਚ ਹੋਰ ਬੜੇ ਧਮਾਕੇ ਹੋਣ ਦੇ ਆਸਾਰ ਹਨ ਕਿਉਂਕਿ ਕਈ ਪ੍ਰਮੁੱਖ ਆਗੂਆਂ ਨੂੰ ਇਕ ਨੌਜਵਾਨ ਆਗੂ ਦੀ ਕਮਾਨ ਹੇਠ ਕੰਮ ਕਰਨਾ ਗਵਾਰਾ ਨਹੀਂ ਹੋਵੇਗਾ। ਨਵਜੋਤ ਸਿੰਘ ਸਿੱਧੂ ਨੂੰ ਸ਼ਾਇਦ ਅਪਣੇ ਦੁਬਾਰਾ ਪ੍ਰਧਾਨ ਨਾ ਬਣਾਏ ਜਾਣ ਦਾ ਅੰਦਾਜ਼ਾ ਸੀ ਜਿਸ ਕਾਰਨ ਉਨ੍ਹਾਂ ਨੇ ਅਪਣੇ ਧੜੇ ਵਾਸਤੇ ਕਾਂਗਰਸ ਵਿਚ ਹੀ ਵਲਗਣ ਤਿਆਰ ਕਰਨੀ ਸ਼ੁਰੂ ਕਰ ਦਿਤੀ ਸੀ। ਸ਼ਾਇਦ ਇਕ ਹੋਰ ਇਮਾਨਦਾਰ ਪਾਰਟੀ ਬਣਨ ਜਾ ਰਹੀ ਹੈ ਜੋ ਪੰਜਾਬ ਦੀ ਸੂਬਾ ਪਧਰੀ ਪਾਰਟੀ ਸਾਬਤ ਹੋ ਸਕਦੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਸਿਰਫ਼ ਤੇ ਸਿਰਫ਼ ਪੰਜਾਬ ਵਿਚ ਹੀ ਦਿਲਚਸਪੀ ਹੈ। ਉਹ ਪੰਜਾਬ ਨੂੰ ਬਾਕੀ ਸੂਬੇ ਜਾਂ ਪੀ.ਐਮ.ਓ. ਦੇ ਰਸਤੇ ਵਾਂਗ ਨਹੀਂ ਵੇਖਦੇ।

-ਨਿਮਰਤ ਕੌਰ