Editorial: ਤਹੱਵੁਰ ਰਾਣਾ ਤੇ 26/11 ਵਾਲੀ ਸਾਜ਼ਿਸ਼ ਦਾ ਸੱਚ...
26 ਨਵੰਬਰ 2011 ਨੂੰ 10 ਪਾਕਿਸਤਾਨੀ ਦਹਿਸ਼ਤਗਰਦਾਂ ਨੇ ਮੁੰਬਈ ਵਿਚ ਇਕ ਦਰਜਨ ਦੇ ਕਰੀਬ ਭੀੜ ਭਰੀਆਂ ਥਾਵਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕੋਹਰਾਮ ਮਚਾਈ ਰੱਖਿਆ ਸੀ।
ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਤਹੱਵੁਰ ਰਹਿਮਾਨ ਰਾਣਾ ਦੀ ਅਮਰੀਕਾ ਤੋਂ ਭਾਰਤ ਹਵਾਲਗੀ ਅਤੇ ਫਿਰ ਢੇਰਾਂ ਅਦਾਲਤੀ ਅੜਿੱਕੇ ਪਾਰ ਕਰ ਕੇ ਉਸ ਨੂੰ ਦਿੱਲੀ ਲਿਆਉਣਾ, ਭਾਰਤੀ ਪੁਲੀਸ ਤੇ ਕਾਨੂੰਨੀ ਏਜੰਸੀਆਂ ਦੀ ਵੱਡੀ ਕਾਮਯਾਬੀ ਹੈ। ਕੌਮੀ ਜਾਂਚ ਏਜੰਸੀ (ਐਨ.ਆਈ.ਏ) ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਪਾਸੋਂ ਉਸ ਦਾ 18 ਦਿਨਾਂ ਲਈ ਰਿਮਾਂਡ ਹਾਸਿਲ ਕਰ ਲਿਆ। ਉਮੀਦ ਕੀਤੀ ਜਾਂਦੀ ਹੈ ਕਿ ਉਸ ਪਾਸੋਂ ਕੀਤੀ ਜਾਣ ਵਾਲੀ ਪੁੱਛ-ਗਿੱਛ 26/11 ਦਹਿਸ਼ਤੀ ਹਮਲੇ ਨਾਲ ਜੁੜੇ ਸਾਰੇ ਭੇਤ ਖੋਲ੍ਹਣ ਅਤੇ ਭਾਰਤੀ ਭੂਮੀ ਉੱਤੇ ਹੋਏ ਸਭ ਤੋਂ ਵੱਡੇ ਦਹਿਸ਼ਤੀ ਕਾਰੇ ਵਿਚ ਪਾਕਿਸਤਾਨੀ ਹਕੂਮਤ ਦੀ ਸ਼ਮੂਲੀਅਤ ਜਾਂ ਗ਼ੈਰ-ਸ਼ਮੂਲੀਅਤ ਦੇ ਰਾਜ਼ ਤੋਂ ਪਰਦਾ ਹਟਾਉਣ ਵਿਚ ਮਦਦਗਾਰ ਸਾਬਤ ਹੋਵੇਗੀ।
ਜ਼ਿਕਰਯੋਗ ਹੈ ਕਿ 26 ਨਵੰਬਰ 2011 ਨੂੰ 10 ਪਾਕਿਸਤਾਨੀ ਦਹਿਸ਼ਤਗਰਦਾਂ ਨੇ ਮੁੰਬਈ ਵਿਚ ਇਕ ਦਰਜਨ ਦੇ ਕਰੀਬ ਭੀੜ ਭਰੀਆਂ ਥਾਵਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ 72 ਘੰਟਿਆਂ ਤਕ ਕੋਹਰਾਮ ਮਚਾਈ ਰੱਖਿਆ ਸੀ। ਇਸ ਹਮਲੇ ਵਿਚ 166 ਲੋਕ ਮਾਰੇ ਗਏ ਸਨ ਅਤੇ 268 ਹੋਰ ਜ਼ਖ਼ਮੀ ਹੋ ਗਏ ਸਨ। ਇਹ ਦਹਿਸ਼ਤਗ਼ਰਦ 23 ਨਵੰਬਰ ਨੂੰ ਕਰਾਚੀ ਤੋਂ ਕਿਸ਼ਤੀ ਰਾਹੀਂ ਮੁੰਬਈ ਵਲ ਚੱਲੇ ਸਨ। ਰਸਤੇ ਵਿਚ ਉਨ੍ਹਾਂ ਇਕ ਭਾਰਤੀ ਮੋਟਰਬੋਟ ਅਗਵਾ ਕਰ ਕੇ ਉਸ ’ਤੇ ਸਵਾਰ ਚਾਰ ਮਛੇਰਿਆਂ ਨੂੰ ਮਾਰ ਦਿਤਾ ਸੀ ਅਤੇ ਫਿਰ ਇਸੇ ਕਿਸ਼ਤੀ ਰਾਹੀਂ ਮੁੰਬਈ ਪੁੱਜੇ ਸਨ।
ਮੁੰਬਈ ਪੁਲੀਸ ਤੇ ਐਨ.ਐਸ.ਜੀ. ਕਮਾਂਡੋਜ਼ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ 10 ਵਿਚੋਂ 9 ਹਮਲਾਵਰ ਮਾਰੇ ਗਏ ਸਨ। ਦਸਵੇਂ ਅਜਮਲ ਕੱਸਾਬ ਨੂੰ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਹਮਲੇ ਨੂੰ ਅਮਲ ਵਿਚ ਲਿਆਉਣ ਵਾਲੇ ਦਹਿਸ਼ਤੀ ਸੰਗਠਨ - ‘ਲਸ਼ਕਰ-ਇ-ਤਾਇਬਾ ਅਤੇ ਇਸ ਦੇ ਮੁੱਖ ਸਰਗਨਿਆਂ ਦੀ ਸ਼ਨਾਖ਼ਤ ਹੋਈ ਸੀ। ਇਹ ਵੀ ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਇਸ ਹਮਲੇ ਵਿਚ ਅਪਣਾ ਹੱਥ ਹੋਣ ਤੋਂ ਹੁਣ ਤਕ ਇਨਕਾਰੀ ਹੈ ਅਤੇ ਇਸ ਨੂੰ ਗ਼ੈਰ-ਸਰਕਾਰੀ ਅਨਸਰਾਂ ਦੀ ਕਾਰਵਾਈ ਦੱਸਦੀ ਆਈ ਹੈ।
ਤਹੱਵੁਰ ਰਾਣਾ ਅਤੇ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਡੇਵਿਡ ਹੈਡਲੀ ਦੀ 26/11 ਕਾਂਡ ਦੀ ਸਾਜ਼ਿਸ਼ ਵਿਚ ਸਰਗਰਮ ਸ਼ਮੂਲੀਅਤ ਦਾ ਰਾਜ਼, 18 ਅਕਤੂਬਰ ਨੂੰ ਸ਼ਿਕਾਗੋ (ਅਮਰੀਕਾ) ਵਿਚ ਹੈਡਲੀ ਦੀ ਗ੍ਰਿਫ਼ਤਾਰੀ ਰਾਹੀਂ ਬੇਪਰਦ ਹੋਇਆ ਸੀ। ਦੋਵਾਂ ਦੀ ਗ੍ਰਿਫ਼ਤਾਰੀ ਮੁੰਬਈ ਕਾਂਡ ਦੇ ਸਬੰਧ ਵਿਚ ਨਹੀਂ, ਡੈਨਮਾਰਕ ਦੇ ਇਕ ਅਖ਼ਬਾਰ ਉਪਰ ਹਮਲੇ ਦੀ ਸਾਜ਼ਿਸ਼ ਵਿਚ ਸ਼ਿਰਕਤ ਦੇ ਦੋਸ਼ਾਂ ਅਧੀਨ ਹੋਈ ਸੀ। ਤਫ਼ਤੀਸ਼ ਦੌਰਾਨ ਦੋਵਾਂ ਦੇ ਲਸ਼ਕਰ-ਇ-ਤਾਇਬਾ ਨਾਲ ਸਬੰਧ ਹੋਣ ਅਤੇ 26/11 ਦੇ ਦਹਿਸ਼ਤੀ ਹਮਲਿਆਂ ਲਈ ਭੀੜ-ਭਰੀਆਂ ਥਾਵਾਂ ਦੀ ਪੇਸ਼ਗੀ ਸ਼ਨਾਖ਼ਤ ਕਰਨ ਵਿਚ ਦੋਵਾਂ ਦੀ ਭੂਮਿਕਾ ਹੋਣ ਦਾ ਇੰਕਸ਼ਾਫ਼ ਹੋਇਆ ਸੀ। ਅਮਰੀਕੀ ਨਾਗਰਿਕ ਹੋਣ ਤੋਂ ਇਲਾਵਾ ਹੈਡਲੀ ਅਮਰੀਕੀ ਖ਼ੁਫ਼ੀਆ ਏਜੰਸੀ ‘ਸੀ.ਆਈ.ਏ.’ ਦਾ ਡਬਲ ਏਜੰਟ ਵੀ ਸੀ।
ਲਿਹਾਜ਼ਾ, ਅਮਰੀਕਾ ਸਰਕਾਰ ਪਹਿਲਾਂ ਤਾਂ ਭਾਰਤੀ ਏਜੰਸੀਆਂ ਦੀ ਉਸ ਤਕ ਰਸਾਈ ਸੰਭਵ ਬਣਾਉਣ ਤੋਂ ਇਨਕਾਰੀ ਰਹੀ। ਫਿਰ ਭਾਰਤ ਸਰਕਾਰ ਵਲੋਂ ਦਬਾਅ ਵਧਾਏ ਜਾਣ ਉੱਤੇ ਉਹ ਐਨ.ਆਈ.ਏ. ਨੂੰ ਹੈਡਲੀ ਪਾਸੋਂ ਜੇਲ੍ਹ ਵਿਚ ਪੁੱਛ-ਗਿੱਛ ਦੀ ਖੁਲ੍ਹ ਦੇਣ ਵਾਸਤੇ ਰਾਜ਼ੀ ਹੋ ਗਈ। ਰਾਣਾ ਕੋਲ ਅਜਿਹਾ ਕੋਈ ਹਿਫ਼ਾਜ਼ਤੀ ਕਵਚ ਨਹੀਂ ਸੀ। ਐਨ.ਆਈ.ਏ. ਉਸ ਖ਼ਿਲਾਫ਼ ਸਾਰੀਆਂ ਕਾਨੂੰਨੀ ਚੋਰ-ਮੋਰੀਆਂ ਬੰਦ ਕਰਨ ਵਾਲਾ ਕੇਸ ਤਿਆਰ ਕਰਨ ਵਿਚ ਕਾਮਯਾਬ ਰਹੀ। ਇਸ ਦੇ ਬਾਵਜੂਦ ਐਨ.ਆਈ.ਏ. ਨੂੰ ਉਸ ਦੀ ਹਵਾਲਗੀ ਸੰਭਵ ਬਣਾਉਣ ਵਾਸਤੇ ਅਮਰੀਕੀ ਅਦਾਲਤਾਂ ਵਿਚ 13 ਵਰਿ੍ਹਆਂ ਤੋਂ ਵੱਧ ਸਮੇਂ ਲਈ ਕਾਨੂੰਨੀ ਜੱਦੋਜਹਿਦ ਕਰਨੀ ਪਈ। ਮਾਮਲਾ ਅਮਰੀਕੀ ਸੁਪਰੀਮ ਕੋਰਟ ਤਕ ਪਹੁੰਚਿਆ। ਸੁਪਰੀਮ ਕੋਰਟ ਨੇ ਦੋ ਵਾਰ ਰਾਣਾ ਦੀਆਂ ਪਟੀਸ਼ਨਾਂ ਉੱਤੇ ਸੁਣਵਾਈ ਕੀਤੀ, ਪਰ ਦੋਵੇਂ ਵਾਰ ਉਸ ਨੂੰ ਭਾਰਤ ਹਵਾਲੇ ਕਰਨ ਦੇ ਹੁਕਮਾਂ ਨੂੰ ਸਹੀ ਕਰਾਰ ਦਿਤਾ।
ਕੈਨੇਡਾ ਜਾਣ ਤੋਂ ਪਹਿਲਾਂ ਤਹੱਵੁਰ ਰਾਣਾ ਪੰਜ ਵਰ੍ਹੇ ਪਾਕਿਸਤਾਨੀ ਫ਼ੌਜ ਦਾ ਮੈਂਬਰ ਰਿਹਾ। ਉਸ ਦਾ ਰੈਂਕ ਕੈਪਟਨ ਦਾ ਸੀ, ਪਰ ਆਰਮੀ ਮੈਡੀਕਲ ਕੋਰ ਪਾਕਿਸਤਾਨ (ਏ.ਐਮ.ਸੀ.ਪੀ.) ਵਿਚ ਉਹ ਡਾਕਟਰ ਵਜੋਂ ਕੰਮ ਕਰਦਾ ਰਿਹਾ ਸੀ। ਅਮਰੀਕੀ ਸੁਪਰੀਮ ਕੋਰਟ ਵਿਚ ਉਸ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਭਾਰਤ ਵਿਚ ਉਸ ਨੂੰ ‘ਫਾਹਾ’ ਦੇ ਦਿਤਾ ਜਾਵੇਗਾ ਹਾਲਾਂਕਿ ਉਹ ਕਿਸੇ ਵੀ ਗੋਲੀ ਕਾਂਡ ਵਿਚ ਖ਼ੁਦ ਸ਼ਰੀਕ ਨਹੀਂ ਸੀ ਰਿਹਾ। ਇਹ ਵੱਖਰੀ ਗੱਲ ਹੈ ਕਿ ਭਾਰਤ ਸਰਕਾਰ ਵਲੋਂ ਭੇਜੇ ਗਏ ਵਕੀਲਾਂ ਨੇ ਅਜਿਹੀਆਂ ਸਾਰੀਆਂ ਦਲੀਲਾਂ ਬੇਅਸਰ ਬਣਾ ਦਿਤੀਆਂ। ਹੁਣ ਭਾਰਤੀ ਧਰਤੀ ਉੱਤੇ ਉਸ ਦੀ ਮੌਜੂਦਗੀ, ਭਾਰਤੀ ਏਜੰਸੀਆਂ ਲਈ ਪਾਕਿਸਤਾਨੀ ਦਹਿਸ਼ਤੀ ਸਾਜ਼ਿਸ਼ਾਂ ਦੀ ਤਹਿ ਤਕ ਪੁੱਜਣ ਦਾ ਅਹਿਮ ਅਵਸਰ ਹੈ।
26/11 ਕਾਂਡ ਵਾਪਰਨ ਤੋਂ ਫ਼ੌਰਨ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਤਾ ਸੀ, ਪਰ ਚੰਦ ਦਿਨਾਂ ਬਾਅਦ ਉਸ ਨੇ ਅਪਣੇ ਪੈਰ ਪਿਛਾਂਹ ਖਿੱਚ ਲਏ ਸਨ। ਹੁਣ ਹਾਫ਼ਿਜ਼ ਸਈਦ, ਜ਼ਕੀਉਰ ਰਹਿਮਾਨ ਲਖ਼ਵੀ ਅਤੇ ਲਸ਼ਕਰ ਨਾਲ ਜੁੜੇ ਹੋਰਨਾਂ ਬਦਨਾਮ ਦਹਿਸ਼ਤਗ਼ਰਦਾਂ ਨੂੰ ਮਿਲਦੀ ਆਈ ਪਾਕਿਸਤਾਨੀ ਸਰਪ੍ਰਸਤੀ ਦੀ ਅਸਲੀਅਤ ਤਹੱਵੁਰ ਰਾਣਾ ਦੇ ਬਿਆਨਾਂ ਰਾਹੀਂ ਦੁਨੀਆਂ ਸਾਹਮਣੇ ਲਿਆਉਣ ਦਾ ਚੰਗਾ ਮੌਕਾ ਐਨ.ਆਈ.ਏ. ਕੋਲ ਹੈ। ਇਸ ਮੌਕੇ ਦਾ ਭਰਪੂਰ ਲਾਭ ਲਿਆ ਜਾਣਾ ਚਾਹੀਦਾ ਹੈ।