ਸਿਆਸਤ ਦੀਆਂ ਚਾਰ ਪੌੜੀਆਂ ਚੜ੍ਹਦੇ ਸਿੱਖ ਲੀਡਰਾਂ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

19 ਅਪ੍ਰੈਲ 2019 ਦੇ ਰੋਜ਼ਾਨਾ ਸਪੋਕਸਮੈਨ ਵਿਚ ਸ. ਉਜਾਗਰ ਸਿੰਘ ਦਾ ਲਿਖਿਆ ਲੇਖ 'ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਖੇਤ ਦਾ ਕੀ ਬਚੇਗਾ?' ਇਹ ਲੇਖ ਲੇਖਕ...

Pic-1

19 ਅਪ੍ਰੈਲ 2019 ਦੇ ਰੋਜ਼ਾਨਾ ਸਪੋਕਸਮੈਨ ਵਿਚ ਸ. ਉਜਾਗਰ ਸਿੰਘ ਦਾ ਲਿਖਿਆ ਲੇਖ 'ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਖੇਤ ਦਾ ਕੀ ਬਚੇਗਾ?' ਇਹ ਲੇਖ ਲੇਖਕ ਵਲੋਂ ਮੌਜੂਦਾ ਹਾਲਾਤ ਨੂੰ ਵਿਚਾਰਦਿਆਂ ਅਕਾਲੀ ਦਲ ਬਾਰੇ ਹੀ ਲਿਖਿਆ ਗਿਆ ਸੀ। ਇਥੇ ਲੇਖਕ ਨੂੰ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੰਤ ਫਤਿਹ ਸਿੰਘ ਦੀਆਂ ਲਿਖੀਆਂ ਲਾਈਨਾਂ ਯਾਦ ਆਉਂਦੀਆਂ ਹਨ ਜੋ ਇਸ ਤਰ੍ਹਾਂ ਹਨ :
ਪਹਿਲੀ ਪੌੜੀ ਸਿਆਸਤ ਕੀ, ਪੱਕਾ ਹੋਵੇ ਬੇਸ਼ਰਮ,
ਦੂਜੀ ਪੌੜੀ ਸਿਆਸਤ ਕੀ, ਨਾ ਕੋਈ ਨੇਮ ਤੇ ਨਾ ਹੀ ਧਰਮ, 
ਤੀਜੀ ਪੌੜੀ ਸਿਆਸਤ ਕੀ, ਸੱਭ ਕੁੱਝ ਕਰੀ ਜਾਉ ਕੋਈ ਨਹੀਂ ਭਰਮ,
ਚੌਥੀ ਪੌੜੀ ਸਿਆਸਤ ਕੀ, ਅੰਦਰੋਂ ਕੌੜੇ ਤੇ ਬਾਹਰੋਂ ਨਰਮ।

ਇਹ ਉਪਰੋਕਤ ਲਾਈਨਾਂ ਅੱਜ ਦੇ ਬਹੁਗਿਣਤੀ ਸਿਆਸਤਦਾਨਾਂ ਉਤੇ ਢੁਕਦੀਆਂ ਹਨ। ਕਿਹਾ ਜਾਂਦਾ ਹੈ ਕਿ ਸਿਆਸਤ ਵਿਚ ਬਾਪ ਉਤੇ ਵੀ ਇਤਬਾਰ ਨਾ ਕਰੋ। ਮਿਸਾਲ ਵਜੋਂ ਇਕ ਸਿਆਸਤਦਾਨ ਸੀ। ਉਸ ਦਾ ਪੁੱਤਰ ਜਵਾਨ ਹੋਇਆ ਤਾਂ ਪੁੱਤਰ ਦੇ ਮਨ ਵਿਚ ਵੀ ਬਾਪੂ ਨੂੰ ਸਲੂਟ ਵਜਦੇ ਵੇਖ ਲੀਡਰ ਬਣਨ ਦੀ ਲਾਲਸਾ ਪੈਦਾ ਹੋ ਗਈ। ਉਸ ਨੇ ਕਿਹਾ ਕਿ ਪਿਤਾ ਜੀ ਮੈਨੂੰ ਸਿਆਸਤ ਦਾ ਕੋਈ ਦਾਅ ਪੇਚ ਸਿਖਾਉ ਤਾਂ ਪਿਤਾ ਨੇ ਕਿਹਾ ਚਲ ਬੇਟਾ ਕੋਠੇ ਉਤੇ ਚੜ੍ਹ ਜਾ। ਉਹ ਚੜ੍ਹ ਗਿਆ ਤੇ ਉਪਰ ਖੜੇ ਨੇ ਪੁਛਿਆ ਕਿ ਪਿਤਾ ਜੀ ਹੁਣ ਅੱਗੇ ਦੱਸੋ ਤਾਂ ਪਿਤਾ ਨੇ ਕਿਹਾ ਹੇਠ ਛਾਲ ਮਾਰ ਦਿਉ। ਪੁੱਤਰ ਨੇ ਮਾਰ ਦਿਤੀ ਅਤੇ ਉਸ ਦੀ ਲੱਤ ਟੁੱਟ ਗਈ। ਪੁੱਤਰ ਬੜਾ ਨਾਰਾਜ਼ ਹੋਇਆ ਤੇ ਬੋਲਿਆ, ਪਿਤਾ ਜੀ ਇਹ ਕਾਹਦਾ ਦਾਅ ਪੇਚ ਹੈ, ਮੇਰੀ ਲੱਤ ਹੀ ਤੁੜਵਾ ਦਿਤੀ। ਇਸ ਉਤੇ ਪਿਤਾ ਦਾ ਜਵਾਬ ਸੀ ਕਿ ਇਹ ਪਹਿਲੀ ਪੌੜੀ ਹੈ ਸਿਆਸਤ ਦੀ ਕਿ ਕਿਸੇ ਉਤੇ ਵੀ ਵਿਸ਼ਵਾਸ ਨਾ ਕਰੋ, ਭਾਵੇਂ ਉਹ ਸਕਾ ਪਿਉ ਹੀ ਕਿਉਂ ਨਾ ਹੋਵੇ। 

ਬੇਅਦਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 1 ਜੂਨ 2015 ਤੋਂ 19 ਅਕਤੂਬਰ 2015 ਤਕ 122 ਘਟਨਾਵਾਂ ਹੋਈਆਂ ਪਰ ਅਜੇ ਤਕ ਸਮੇਤ ਬਰਗਾੜੀ ਮੋਰਚਾ, ਸਿਰਫ਼ ਤੇ ਸਿਰਫ਼ ਰਾਜਨੀਤੀ ਹੀ ਹੋ ਰਹੀ ਹੈ। ਰੇਤੇ ਦੀ ਬਲੈਕ, ਚਿੱਟਾ ਤੇ ਸਮੈਕ ਪਿੰਡ-ਪਿੰਡ, ਗਲੀ-ਗਲੀ ਪਹੁੰਚਾ ਦਿਤਾ ਗਿਆ। ਇਹ ਸਿਆਸਤ ਦੀ ਤੀਜੀ ਪੌੜੀ ਹੈ ਕਿ ਸੱਭ ਕੁੱਝ ਕਰੀ ਜਾਉ ਸੱਭ ਦੀਆਂ ਅੱਖਾਂ ਸਾਹਮਣੇ ਤੇ ਕੋਈ ਭਰਮ ਨਾ ਕਰੋ। ਚੌਥੀ ਪੌੜੀ ਸਿਆਸਤ ਕੀ ਸਾਰੇ ਹੀ ਸਿਆਸਤਦਾਨਾਂ ਉਤੇ ਪੂਰੀ ਢੁਕਦੀ ਹੈ ਕਿ ਅੰਦਰੋਂ ਕੌੜੇ ਤੇ ਬਾਹਰੋਂ ਨਰਮ। ਅਪਣੇ ਨਾਲ ਦਾ ਕੋਈ ਵੀ ਸਮਕਾਲੀ ਕੱਦਾਵਰ ਆਗੂ ਸਾਰੇ ਹੀ ਨਾਲ-ਨਾਲ ਰੱਖ ਕੇ ਰਗੜ ਦਿਉ। ਸ. ਹਰਚਰਨ ਸਿੰਘ ਬੈਂਸ, ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਲੰਮੇਂ ਸਮੇਂ ਤੋਂ ਚਲੇ ਆ ਰਹੇ ਹਨ।

ਉਨ੍ਹਾਂ ਨੇ ਇਕ ਪੰਜਾਬੀ ਵਿਚ ਛਪਦੇ ਅਖ਼ਬਾਰ ਵਿਚ ਇਕ ਲੇਖ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਮਿਸਾਲ ਦਿਤੀ ਸੀ ਕਿ ਜਿਸ ਨੂੰ ਹੱਥ ਜੋੜ ਕੇ ਮੁਸਕਰਾ ਕੇ ਸਰਦਾਰ ਬਾਦਲ ਆਖ ਦੇਣ ਕਿ ਤੁਸੀ ਤਾਂ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਹੋ ਤਾਂ ਸਮਝੋ ਮਾਂਜਿਆ ਗਿਆ ਨਿਹੰਗਾਂ ਦੇ ਗੜਵੇ ਵਾਂਗ। ਇਹ ਅੰਦਰੋਂ ਕੌੜੇ ਤੇ ਬਾਹਰੋਂ ਨਰਮ ਬਾਦਲ ਬਾਰੇ ਇਕ ਮਿਸਾਲ ਉਸ ਸਮੇਂ ਅਖ਼ਬਾਰਾਂ ਦੀ ਸੁਰਖੀ ਬਣੀ ਸੀ, ਜਦੋਂ 2002 ਤੋਂ 2007 ਦੇ ਸਮੇਂ ਪੰਜਾਬ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ। ਉਸ ਨੇ ਬਾਦਲਾਂ ਦੀ ਜਾਂਚ ਕਰਵਾਈ ਸੀ। ਜਦੋਂ ਰੋਪੜ ਪੁਲਿਸ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਅੰਦਰ ਲੈ ਗਏ ਤਾਂ ਬਾਦਲ ਦੇ ਇਲਾਕੇ ਨਾਲ ਸਬੰਧਤ ਲੰਬੇ ਕੱਦ ਕਾਠ ਵਾਲੇ ਬਜ਼ੁਰਗ ਪੁਲਿਸ ਵਾਲਿਆਂ ਨੂੰ ਪੁੱਛਣ ਲੱਗੇ ਕਿ ਕਿਥੇ ਤੇ ਕਿੰਨਾ ਸਮਾਂ ਅੰਦਰ ਰੱਖੋਗੇ ਸਾਡੇ ਨੇਤਾ ਨੂੰ? ਪੁਲਿਸ ਵਾਲੇ ਦਾ ਜਵਾਬ ਸੀ ਕਿ ਤਿੰਨ ਕੁ ਘੰਟੇ, ਬਸ ਪੁੱਛਗਿੱਛ ਹੀ ਕਰਨੀ ਹੈ।

ਇਸ ਉਤੇ ਇਕ ਜਥੇਦਾਰ ਨੇ ਕਿਹਾ ਤਿੰਨ ਘੰਟਿਆਂ ਵਿਚ ਇਹਦੇ ਕੋਲੋਂ ਕੀ ਕੱਢ ਲਉਗੇ? ਸਾਡੀ ਸਾਰੀ ਉਮਰ ਲੰਘ ਗਈ ਇਸ ਨਾਲ ਫਿਰਦਿਆਂ ਦੀ, ਸਾਨੂੰ ਤਾਂ ਹਾਲੇ ਤਕ ਕੁੱਝ ਨਹੀਂ ਪਤਾ ਲਗਿਆ। ਇਹ ਗੱਲ ਮਸ਼ਹੂਰ ਰਹੀ ਹੈ ਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਕਿਹਾ ਕਰਦੇ ਸਨ ਕਿ ਪ੍ਰਕਾਸ਼ ਸਿੰਘ ਬਾਦਲ ਜਿਸ ਨੂੰ ਰਗੜਨਾ ਚਾਹੁੰਦਾ ਹੋਵੇ, ਰੇਤੇ ਵਾਂਗ ਮਸਲ-ਮਸਲ ਕੇ ਰਗੜਦਾ ਹੈ, ਇਕ ਵਾਰ ਹੀ ਕੰਮ ਨਹੀਂ ਮੁਕਾਉਂਦਾ। ਸੋ ਸਿੱਖ ਲੀਡਰੋ, ਇਹ ਚਾਰ ਪੌੜੀਆਂ ਸਿਆਸਤ ਦੀਆਂ ਜੋ ਉਪਰ ਵਰਨਣ ਕੀਤੀਆਂ ਹਨ, ਇਹ ਅੱਜ ਤੁਹਾਡੇ ਉਤੇ ਢੁਕਦੀਆਂ ਹਨ ਪਰ ਸ਼ਰਮ ਕਰੋ ਹੁਣ ਸ਼ਰਮ। ਜੂਨ '84, ਨਵੰਬਰ '84 ਤੇ ਬੇਅਦਬੀ ਦੀਆਂ ਘਟਨਾਵਾਂ ਤੋਂ ਵੱਡਾ ਜ਼ੁਲਮ ਹੋਰ ਕਿਹੜਾ ਬਾਕੀ ਰਹਿ ਗਿਆ ਹੈ ਜਿਸ ਦੀ ਅਜੇ ਉਡੀਕ ਕਰ ਰਹੇ ਹੋ? ਜ਼ਮੀਰਾਂ ਜਗਾਉ।
- ਤੇਜਵੰਤ ਸਿੰਘ ਭੰਡਾਲ, ਸੰਪਰਕ : 98152-67963