ਇਕ ਗ਼ਰੀਬ ਦੇਸ਼ ਦੇ ਲੀਡਰ ਅਪਣੀ ਸੁਲਤਾਨੀ ਸ਼ਾਨ ਵਿਖਾਉਣ ਲਈ 20 ਹਜ਼ਾਰ ਕਰੋੜ ਰੁਪਏ ਮਿੱਟੀ ਵਿਚ ਮਿਲਾਉਣਗੇ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸੱਭ ਤੋਂ ਜ਼ਿਆਦਾ ਬੁਰੀ ਗੱਲ ਇਹ ਕਿ ਇਸ ਦੇਸ਼ ਦੀ ਸਰਕਾਰ ਦੀ ਸੰਵੇਦਨਸ਼ੀਲਤਾ ਅਰਥਾਤ ਗ਼ਰੀਬ ਪ੍ਰਤੀ ਚਿੰਤਾ ਛੋਟੀ ਅਤੇ ਫਿੱਕੀ ਪੈ ਗਈ ਹ

New Parliament building

ਜਦ ਭਾਰਤ ਵਿਚ ਦੁਨੀਆਂ ਦੀ ਸੱਭ ਤੋਂ ਵੱਡੀ ਇਮਾਰਤ ਵੱਲਭ ਭਾਈ ਪਟੇਲ ਦੀ ਮੂਰਤ ਨੂੰ ਏਕਤਾ ਦੀ ਪ੍ਰਤੀਕ ਕਹਿ ਕੇ ਘੜਿਆ ਗਿਆ ਸੀ ਤਾਂ ਬੜੇ ਸਵਾਲ ਚੁਕੇ ਗਏ ਸਨ। ਦੋ ਹਜ਼ਾਰ 7 ਸੌ ਕਰੋੜ ਦੇ ਖ਼ਰਚੇ ਬਦਲੇ ਕੀ-ਕੀ ਬਣ ਸਕਦਾ ਹੈ, ਇਹ ਸੋਚ ਕੇ ਹੀ ਕਈ ਲੋਕ ਬੜੇ ਹੈਰਾਨ ਪ੍ਰੇਸ਼ਾਨ ਹੋਏ ਸਨ। 2700 ਕਰੋੜ ਵਿਚ ਦਿੱਲੀ ਵਿਚ ਏਮਜ਼ ਵਰਗੇ ਹਸਪਤਾਲ ਬਣ ਸਕਦੇ ਸਨ, ਸਰਕਾਰੀ ਸਕੂਲ, ਕਾਲਜ ਬਣ ਸਕਦੇ ਸਨ। ਪਰ ਸਰਕਾਰ ਕਿਸੇ ਗੁਜਰਾਤੀ ਨੂੰ ਏਕਤਾ ਦਾ ਪ੍ਰਤੀਕ ਬਣਾਉਣ ਲਈ ਬਜ਼ਿੱਦ ਸੀ ਤੇ ਇਹ ਸੰਦੇਸ਼ ਦੇਣ ਲਈ ਵੀ ਕਿ ਗੁਜਰਾਤ ਦਾ ਜਿਹੜਾ ਵੀ ਨੇਤਾ, ਦਿੱਲੀ ਦੀਆਂ ਵਾਗਾਂ ਫੜ ਲੇਂਦਾ ਹੈ, ਉਹ ਮਹਾਨ ਹੀ ਹੁੰਦਾ ਹੈ। ਸਰਕਾਰ ਬਹੁਮਤ ਵਿਚ ਸੀ, ਇਸ ਲਈ ਵਿਰੋਧੀ ਆਵਾਜ਼ ਵਲ ਧਿਆਨ ਦੇਣ ਦੀ ਲੋੜ ਹੀ ਕੀ ਸੀ?

ਅਤੇ ਹੁਣ ਸਰਕਾਰ ਨੇ 20,000 ਕਰੋੜ ਦੀ ਨਵੀਂ ਪਾਰਲੀਮੈਂਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। 20 ਹਜ਼ਾਰ ਕਰੋੜ ਦੀ ਨਵੀਂ ਸੰਸਦ ਦੇ ਪਿੱਛੇ ਦਾ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਪੁਰਾਣੀ ਇਮਾਰਤ ਕਮਜ਼ੋਰ ਹੋ ਰਹੀ ਸੀ ਤੇ ਸਾਂਸਦਾਂ ਨੂੰ ਥਾਂ ਘੱਟ ਪੈ ਰਹੀ ਸੀ। ਜ਼ਾਹਰ ਹੈ ਕਿ ਜਦ ਦੇਸ਼ ਆਜ਼ਾਦ ਹੋਇਆ ਸੀ ਤਾਂ ਆਬਾਦੀ 34 ਕਰੋੜ ਸੀ ਜੋ ਅੱਜ ਸਵਾ ਸੌ ਕਰੋੜ ਤੋਂ ਜ਼ਿਆਦਾ ਹੈ। ਇਸ ਲਈ ਇਥੇ ਹਸਪਤਾਲ ਵੀ ਛੋਟੇ ਪੈ ਗਏ ਹੋਣਗੇ। ਪਰ ਸੱਭ ਤੋਂ ਜ਼ਿਆਦਾ ਬੁਰੀ ਗੱਲ ਇਹ ਕਿ ਇਸ ਦੇਸ਼ ਦੀ ਸਰਕਾਰ ਦੀ ਸੰਵੇਦਨਸ਼ੀਲਤਾ ਅਰਥਾਤ ਗ਼ਰੀਬ ਪ੍ਰਤੀ ਚਿੰਤਾ ਛੋਟੀ ਅਤੇ ਫਿੱਕੀ ਪੈ ਗਈ ਹੈ ਜੋ ਇਸ ਮਹਾਂਮਾਰੀ ਦੇ ਸਮੇਂ ਇਕ ਅਜਿਹਾ ਕੰਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੀ ਸੰਵੇਦਨਹੀਣਤਾ ਸਦਕਾ ਦੇਸ਼ ਦੇ ਦੋ ਤਿੰਨ ਹਜ਼ਾਰ ਲੋਕਾਂ ਨੂੰ ਕੰਮ ਕਰਨ ਲਈ ਖੁਲ੍ਹੀ ਥਾਂ ਮਿਲ ਜਾਏਗੀ ਤੇ ਪ੍ਰਧਾਨ ਮੰਤਰੀ ਨੂੰ ਰਹਿਣ ਵਾਸਤੇ ਇਕ ਆਲੀਸ਼ਾਨ ਬੰਗਲਾ ਮਿਲ ਜਾਵੇਗਾ।

ਇਸ ਨਾਲ ਆਉਣ ਵਾਲੇ ਹਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਏਨਾ ਜ਼ਬਰਦਸਤ ਪ੍ਰਬੰਧ ਹੋ ਜਾਏਗਾ ਕਿ ਉਸ ਦੀ ਜਾਨ ਨੂੰ ਕਦੇ ਖ਼ਤਰਾ ਨਹੀਂ ਹੋ ਸਕੇਗਾ। ਉਸ ਦੇ ਘਰ ਤੇ ਸੰਸਦ ਵਿਚਕਾਰ ਇਕ ਸਿੱਧਾ ਰਸਤਾ ਹੋਵੇਗਾ ਤੇ ਇਸੇ ਤਰ੍ਹਾਂ ਦਾ ਰਸਤਾ ਸਾਰੇ ਸਰਕਾਰੀ ਮਹਿਕਮਿਆਂ ਵਲ ਜਾਵੇਗਾ। ਪਰ ਕੀ ਲੋਕ ਅਪਣੇ ਚੁਣੇ ਨੁਮਾਇੰਦਿਆਂ ਦੀ ਜਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਤੋਂ ਖ਼ੁਸ਼ ਨਹੀਂ ਸਨ ਤੇ ਉਹ ਅਪਣੇ ਨੁਮਾਇੰਦਿਆਂ ਲਈ ਖੁਲ੍ਹੀ ਵੱਡੀ ਇਮਾਰਤ ਤੇ ਵੱਡੀ ਸੁਰੱਖਿਆ ਦੀ ਮੰਗ ਕਰ ਰਹੇ ਸਨ ਤੇ ਚਾਹੁੰਦੇ ਸਨ ਕਿ ਇਸ ਕੰਮ ਲਈ ਬੇਸ਼ੱਕ 20 ਹਜ਼ਾਰ ਕਰੋੜ ਰੁਪਿਆ ਖ਼ਰਚ ਦਿਤਾ ਜਾਵੇ? ਹਿਸਾਬ ਲਾਇਆ ਜਾਵੇ ਤਾਂ ਸਰਕਾਰ ਇਸ ਪੈਸੇ ਨੂੰ ਦੇਸ਼ ਭਰ ਵਿਚ ਏਮਜ਼ ਬਣਾਉਣ ਤੇ ਲਗਾ ਦੇਣ ਦਾ ਫ਼ੈਸਲਾ ਕਰਦੀ ਤਾਂ ਹਰ ਸੂਬੇ ਵਿਚ ਇਕ ਨਹੀਂ, ਦੋ ਨਹੀਂ, ਤਿੰਨ ਨਹੀਂ ਸਗੋਂ ਚਾਰ ਚਾਰ ਪੀ.ਜੀ.ਆਈ. ਵਰਗੇ ਸੰਸਥਾਨ ਬਣਾਏ ਜਾ ਸਕਦੇ ਸਨ। ਜੇ ਚਾਰ ਨਾ ਬਣਾਂਦੇ ਤਾਂ ਤਿੰਨ ਬਣਾ ਦੇਂਦੇ ਤੇ ਬਾਕੀ ਪੈਸਾ ਉਨ੍ਹਾਂ ਨੂੰ ਚਲਾਉਣ ਵਾਸਤੇ ਰਖਿਆ ਜਾ ਸਕਦਾ ਸੀ।

ਅੱਜ ਇਕ ਪੀ.ਜੀ.ਆਈ. ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਦੇ ਮਰੀਜ਼ਾਂ ਦਾ ਭਾਰ ਚੁਕ ਰਹੀ ਹੈ। ਦਿੱਲੀ ਦਾ ਏਮਜ਼ ਦਿੱਲੀ ਦਾ ਭਾਰ ਹੀ ਨਹੀਂ ਚੁਕ ਰਿਹਾ। ਪਰ ਜੇ ਸਾਰੇ ਦੇਸ਼ ਵਿਚ ਹੀ ਏਮਜ਼ ਬਣਾ ਦਿਤੇ ਗਏ ਹੁੰਦੇ ਤਾਂ ਗ਼ਰੀਬ ਵਾਸਤੇ ਇਲਾਜ ਕਰਵਾਉਣਾ ਕਿੰਨਾ ਆਸਾਨ ਹੁੰਦਾ। ਪੰਜਾਬ ਵਿਚ ਇਕ ਛੋਟਾ ਏਮਜ਼ ਬਣਾਉਣ ਲਗਿਆਂ ਸਾਡੇ ਸਿਆਸਤਦਾਨਾਂ ਨੇ ਕਿੰਨਾ ਢੋਲ ਢਮੱਕਾ ਕੀਤਾ ਤੇ ਅੱਜ ਅਪਣੀ ਸੁਲਤਾਨੀ ਸ਼ਾਨ ਦੇ ਵਿਖਾਵੇ ਲਈ 100 ਮਹਾਂ ਹਸਪਤਾਲਾਂ ਦਾ ਪੈਸਾ ਬੇਕਾਰ ਹੀ ਖ਼ਰਚਣ ਜਾ ਰਹੀ ਹੈ। 10 ਲੱਖ ਦੀ ਇਕ ਵਧੀਆ ਐਂਬੂਲੈਂਸ ਆਉਂਦੀ ਹੈ ਤੇ 20 ਹਜ਼ਾਰ ਕਰੋੜ ਵਿਚ ਨਵੀਂ ਪਾਰਲੀਮੈਂਟ। ਜੇ ਸਰਕਾਰ ਦਾ ਦਿਲ ਗ਼ਰੀਬ ਭਾਰਤੀਆਂ ਦੀਆਂ ਲਾਸ਼ਾਂ ਨੂੰ ਸ਼ਮਸ਼ਾਨਾਂ ਵਿਚ ਲਿਜਾਂਦਿਆਂ ਵੇਖ ਕੇ ਕਦੇ ਪਸੀਜਿਆ ਹੁੰਦਾ ਤਾਂ ਉਹ ਕਦੇ ਇਸ ਤਰ੍ਹਾਂ ਦਾ ਖ਼ਰਚਾ, ਖ਼ਾਸ ਕਰ ਕੇ ਇਸ ਮਹਾਂਮਾਰੀ ਵਿਚ, ਕਰਨ ਦੀ ਕਦੇ ਨਾ ਸੋਚਦੀ। ਆਮ ਤੌਰ ਤੇ ਸਰਕਾਰਾਂ ਅਪਣੇ ਪੈਸੇ ਨੂੰ ਹਰ ਥਾਂ ਵੰਡ ਕੇ ਖ਼ਰਚਦੀਆਂ ਹਨ ਪਰ ਪਿਛਲੇ ਸਾਲ ਨੇ ਸਾਡੀਆਂ ਸਿਹਤ ਸਹੂਲਤਾਂ ਤੇ ਆਰਥਕ ਕਮਜ਼ੋਰੀ ਨੂੰ ਨੰਗਾ ਕਰ ਦਿਤਾ ਸੀ।

ਨਾ ਕਰੋਨਾ ਨੂੰ ਪਛਾੜਨ ਵਾਸਤੇ ਹਸਪਤਾਲ ਹੀ ਸਨ ਤੇ ਨਾ ਗ਼ਰੀਬਾਂ ਦੀ ਮਦਦ ਵਾਸਤੇ ਕੁੱਝ ਪੈਸੇ ਹੀ। ਇੰਜ ਜਾਪਦਾ ਸੀ ਕਿ ਸਰਕਾਰ ਬਹੁਤ ਮਜਬੂਰ ਹੋਵੇਗੀ ਜਿਸ ਕਾਰਨ ਉਹ ਸੂਬਿਆਂ ਦੀ ਜੀ.ਐਸ.ਟੀ. ਦੀ ਕਮਾਈ ਵੀ ਨਾ ਦੇ ਸਕੀ ਤੇ ਸੱਭ ਨੂੰ ਬੈਂਕਾਂ ਦੇ ਕਰਜ਼ੇ ਹੀ ਵੰਡਦੀ ਆ ਰਹੀ ਸੀ, ਅਪਣੇ ਗਲੋਂ ਲਾਹੁਣ ਲਈ। ਪਰ ਜਦ ਉਨ੍ਹਾਂ ਕੋਲ ਅਪਣੇ ਆਲੀਸ਼ਾਨ ਘਰ ਤੇ ਦਫ਼ਤਰ ਬਣਾਉਣ ਵਾਸਤੇ 20 ਹਜ਼ਾਰ ਕਰੋੜ ਹਨ ਤਾਂ ਹੈਰਾਨੀ ਹੁੰਦੀ ਹੈ ਕਿ ਇਹ ਕਿਸ ਤਰ੍ਹਾਂ ਦੀ ਸਰਕਾਰ ਹੈ? ਅੱਜ ਅਸੀ ਅਪਣੇ ਆਪ ਨੂੰ ਇਹ ਨਵੀਂ ਪਾਰਲੀਮੈਂਟ ਕਿਉਂ ਦੇ ਰਹੇ ਹਾਂ? ਕਿਉਂਕਿ ਅਸੀ ਅਪਣੇ ਆਪ ਨੂੰ ਇਕ ਵੱਡੀ ਤਾਕਤ ਵਜੋਂ ਪੇਸ਼ ਕਰਨਾ ਚਾਹੁੰਦੇ ਹਾਂ। ਕੀ ਦੁਨੀਆਂ ਦਾ ਸੱਭ ਤੋਂ ਵੱਡਾ ਏਕਤਾ ਦਾ ਬੁੱਤ ਬਣਾ ਕੇ ਇਸ ਦੇਸ਼ ਵਿਚ ਸਾਂਝ ਵਧੀ ਹੈ? ਕੀ ਅਸੀ ਅਜੇ ਵੀ ਵੰਡੇ ਹੋਏ ਨਹੀਂ?

ਅਸੀ ਵਡੱਪਣ ਦੇ ਇਸ ਵਿਖਾਵੇ ਨਾਲ ਵੱਡੇ ਨਹੀਂ ਬਣਨ ਵਾਲੇ। ਸਾਡੀ ਅਸਲੀਅਤ ਇਹ ਹੈ ਕਿ ਅੱਜ ਸਾਡੇ ਗੁਆਂਢੀ ਦੇਸ਼ ਸਾਡੇ ਤੇ ਤਰਸ ਖਾ ਕੇ ਸਾਨੂੰ ਦਵਾਈਆਂ ਭੇਜ ਰਹੇ ਹਨ ਜੋ ਦੇਸ਼ ਕਦੇ ਸਾਡੇ ਤੋਂ ਮਦਦ ਦੀ ਉਮੀਦ ਰਖਦੇ ਸਨ। ਅਸੀ ਅਪਣੇ ਹੰਕਾਰ ਕਾਰਨ ਚੀਨ, ਪਾਕਿਸਤਾਨ ਤੇ ਸੰਯੁਕਤ ਰਾਸ਼ਟਰ ਤੋਂ ਸਹਾਇਤਾ ਨਹੀਂ ਲੈ ਰਹੇ ਜਿਸ ਕਾਰਨ ਸਾਡੇ ਦੇਸ਼ ਵਾਸੀ ਸਾਹ ਵਾਸਤੇ ਤੜਫ ਤੜਫ ਕੇ ਮਰ ਰਹੇ ਹਨ। ਸਾਡੀ ਸਚਾਈ ਅੱਜ ਰਾਜਧਾਨੀ ਦੀਆਂ ਸੜਕਾਂ ਉਤੇ ਵੇਖੀ ਜਾ ਸਕਦੀ ਹੈ ਤੇ ਲੁਕਾਈ ਨਹੀਂ ਜਾ ਸਕਦੀ ਜਦਕਿ ਸਾਡੇ ਸਿਆਸਤਦਾਨਾਂ ਦਾ ਦਿਲ ਰਾਜਪਥ ਦੀਆਂ ਸੜਕਾਂ ਤੇ ਅਪਣੀ ਸੁਲਤਾਨੀ ਸ਼ਾਨ ਦੀ ਚੜ੍ਹਤ ਵੇਖਣ ਵਾਸਤੇ ਇਤਿਹਾਸ ਨੂੰ ਉਲਟ ਪਲਟ ਕਰ ਕੇ ਸਾਡੀ ਕਮਾਈ  ਨੂੰ ਬਰਬਾਦ ਕਰ ਰਿਹਾ ਹੈ।                                                         -ਨਿਮਰਤ ਕੌਰ