ਅੰਮ੍ਰਿਤਸਰ ਵਿਚ ਤੀਜੇ ਧਮਾਕੇ ਪਿੱਛੇ ਕਿਸ ਦੀ ਸਾਜ਼ਿਸ਼ ਕੰਮ ਕਰ ਰਹੀ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਨੌਜੁਆਨ ਕਿਉਂ ਇਸ ਕਦਰ ਨਾਰਾਜ਼ਗੀ ਪ੍ਰਗਟ ਕਰ ਰਹੇ ਹਨ? ਕੀ ਨਸ਼ੇ ਲੈਣ ਵਾਲੀ ਨੌਜੁਆਨੀ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਇਨ੍ਹਾਂ ਵਾਰਦਾਤਾਂ ਵਾਸਤੇ ਉਕਸਾਇਆ ਜਾ ਰਿਹਾ ਹੈ?

Whose conspiracy is working behind the third blast in Amritsar?

 

ਦਰਬਾਰ ਸਾਹਿਬ ਦੇ ਬਾਹਰ, ਤੀਜਾ ਬੰਬ ਧਮਾਕਾ ਹੋਣ ਤੋਂ ਬਾਅਦ ਪੰਜ ਸਿੱਖ ਨੌਜੁਆਨਾਂ ਦੀ ਗ੍ਰਿਫ਼ਤਾਰੀ ਹੋਈ ਹੈ। ਪੰਜਾਬ ਪੁਲਿਸ ਮੁਤਾਬਕ ਇਨ੍ਹਾਂ ਦਾ ਮੰਤਵ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਸੀ। ਇਨ੍ਹਾਂ ਵਿਚੋਂ ਇਕ ਕੋਲ ਪਟਾਕੇ ਬਣਾਉਣ ਦਾ ਲਾਇਸੈਂਸ, ਜਾਣਕਾਰੀ ਅਤੇ ਸਮਾਨ ਸੀ ਅਤੇ ਇਨ੍ਹਾਂ ਨੇ ਤਿੰਨ ਧਮਾਕੇ ਇਸ ਕਰ ਕੇ ਕੀਤੇ ਕਿਉਂਕਿ ਇਨ੍ਹਾਂ ਵਲੋਂ ਕੀਤੇ ਗਏ ਬੰਬ ਧਮਾਕੇ ਕੋਈ ਜਾਨ ਮਾਲ ਦਾ ਨੁਕਸਾਨ ਕਰਨ ਵਾਲੇ ਨਹੀਂ ਸਨ। ਇਨ੍ਹਾਂ ਵਿਚੋਂ ਇਕ ਅਜੇਵੀਰ ਸਿੰਘ ਹੈ ਜਿਸ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਨੂੰ ਤਾਂ ਇਹੀ ਪਤਾ ਸੀ ਕਿ ਉਨ੍ਹਾਂ ਦਾ ਮੁੰਡਾ ਗੁਜਰਾਤ ਵਿਚ ਕੰਮ ਕਰ ਰਿਹਾ ਹੈ। ਇਹ ਵੀ ਆਖਿਆ ਗਿਆ ਹੈ ਕਿ ਉਹ ਨਸ਼ੇ ਦਾ ਆਦੀ ਤਿੰਨ-ਚਾਰ ਸਾਲ ਤੋਂ ਹੋ ਗਿਆ ਸੀ ਤੇ ਪ੍ਰਵਾਰ ਤੋਂ ਦੂਰ ਹੋ ਗਿਆ ਸੀ।

 

ਭਾਵੇਂ ਇਹ ਬੰਬ ਧਮਾਕੇ ਪੰਜਾਬ ਵਿਚ ਜਾਨ-ਮਾਲ ਦਾ ਨੁਕਸਾਨ ਨਹੀਂ ਕਰ ਸਕੇ ਪਰ ਇਹ ਪੰਜਾਬ ਦਾ ਮਾਨਸਕ ਨੁਕਸਾਨ ਕਰਨ ਵਿਚ ਜ਼ਰੂਰ ਕਾਮਯਾਬ ਹੋਏ ਹਨ। ਜਦ ਪੰਜ ਸਿੱਖ ਨੌਜੁਆਨਾਂ ਨੂੰ ਅਜਿਹੇ ਗੁਨਾਹ ਲਈ ਫੜਿਆ ਜਾਂਦਾ ਹੈ ਤਾਂ ਮੁੜ ਤੋਂ ਸਵਾਲ ਉਠਦਾ ਹੈ ਕਿ ਕਿਉਂ ਸਿੱਖ ਨੌਜੁਆਨ ਅਜਿਹੇ ਰਾਹ ’ਤੇ ਪੈ ਗਏ ਹਨ? ਕਦੇ ਸਾਨੂੰ ਗੁਰਸਿੱਖ ਨਜ਼ਰ ਆਉਂਦੇ ਨੌਜੁਆਨਾਂ ਨੂੰ ਆਪ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਿਆਂ ਦੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ ਤੇ ਹੁਣ ਦਰਬਾਰ ਸਾਹਿਬ ਦੇ ਬਾਹਰ ਬੰਬ ਧਮਾਕੇ ਵੀ ਸਿੱਖ ਨੌਜੁਆਨਾਂ ਦੇ ਖਾਤੇ ਵਿਚ ਪੈ ਗਏ ਹਨ।

 

ਅੱਠ ਨੌਜੁਆਨਾਂ ਉਤੇ ਐਨ.ਐਸ.ਏ. ਲਗਾਈ ਗਈ ਹੈ ਤੇ ਉਹ ਡਿਬਰੂਗੜ੍ਹ (ਆਸਾਮ) ਜੇਲ੍ਹ ਵਿਚ ਬੈਠੇ ਹਨ। ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਾਬ ਵਿਚ ਨੌਜੁਆਨਾਂ ਨੂੰ ਹਥਿਆਰਬੰਦ ਕਰਨ ਲਈ ਵਿਦੇਸ਼ਾਂ ’ਚੋਂ ਪੈਸੇ ਲਏ ਪਰ ਅਜੇ ਤਕ ਜਾਂਚ ਦਾ ਕੰਮ ਪੂਰਾ ਨਹੀਂ ਹੋਇਆ। ਸਰਕਾਰ ਤੇ ਪੁਲਿਸ ਇਨ੍ਹਾਂ ਸਾਰਿਆਂ ਵਿਰੁਧ ਕਾਨੂੰਨੀ ਕਾਰਵਾਈ ਕਰੇਗੀ ਪਰ ਜਿਸ ਤਰ੍ਹਾਂ ਇੰਜ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ ਤੇ ਕਾਰਨਾਮੇ ਕਰਵਾਉਣ ਲਈ ਆਮ ਨੌਜੁਆਨਾਂ ਨੂੰ ਅੱਗੇ ਕੀਤਾ ਜਾ ਰਿਹਾ ਹੈ, ਸਿੱਖ ਬੁੱਧੀਜੀਵੀਆਂ ਨੂੰ ਇਕ ਵਖਰੀ ਤਰ੍ਹਾਂ ਦੀ ਜਾਂਚ ਆਪ ਵੀ ਕਰਨੀ ਚਾਹੀਦੀ ਹੈ।

 

ਸੰਦੀਪ ਸਿੰਘ ਜਿਸ ਨੇ ਸੁਧੀਰ ਸੂਰੀ ਦਾ ਕਤਲ ਕੀਤਾ, ਇਕ ਸਾਧਾਰਣ ਪ੍ਰਵਾਰ ਦਾ ਜੀਅ ਸੀ ਜਿਸ ਦੇ ਘਰ ਵਿਚ ਇਕ ਛੋਟਾ ਬੱਚਾ ਹੈ ਜੋ ਹੁਣ ਅਪਣੇ ਪਿਤਾ ਤੋਂ ਬਿਨਾਂ ਹੀ ਪਲੇਗਾ। ਇਸ ਤਰ੍ਹਾਂ ਦੇ ਕਈ ਕਿੱਸੇ ਹਨ ਜਿਨ੍ਹਾਂ ਨੂੰ ਸੁਣ ਕੇ ਸਮਝ ਨਹੀਂ ਆਉਂਦੀ ਕਿ ਆਖ਼ਰਕਾਰ ਕੌਣ ਐਸੀ ਸਾਜ਼ਿਸ਼ ਕਰ ਰਿਹਾ ਹੈ ਜਿਸ ਦਾ ਭਾਰ ਪੰਜਾਬ ਦੇ ਨੌਜੁਆਨਾਂ ’ਤੇ ਪੈ ਰਿਹਾ ਹੈ? ਪੰਜਾਬ ਦਾ ਮਾਹੌਲ ਵਿਗਾੜਨ ਦੀਆਂ ਜਿਹੜੀਆਂ ਹਿੰਸਕ ਵਾਰਦਾਤਾਂ ਹੋਈਆਂ ਹਨ, ਜਿਵੇਂ ਪੁਲਿਸ ਹੈੱਡ ਕੁਆਰਟਰ ਤੇ ਆਰ.ਪੀ.ਜੀ. ਅਟੈਕ ਆਦਿ, ਕੀ ਇਹ ਅਪਣੇ ਆਪ ਵਿਚ ਵਖਰੀਆਂ ਵਾਰਦਾਤਾਂ ਹਨ ਜਾਂ ਇਨ੍ਹਾਂ ਸਾਰਿਆਂ ਦੀ ਕੜੀ ਜੁੜਦੀ ਹੈ?

 

ਨੌਜੁਆਨ ਕਿਉਂ ਇਸ ਕਦਰ ਨਾਰਾਜ਼ਗੀ ਪ੍ਰਗਟ ਕਰ ਰਹੇ ਹਨ? ਕੀ ਨਸ਼ੇ ਲੈਣ ਵਾਲੀ ਨੌਜੁਆਨੀ ਨੂੰ ਨਿਸ਼ਾਨਾ  ਬਣਾ ਕੇ ਉਨ੍ਹਾਂ ਨੂੰ ਇਨ੍ਹਾਂ ਵਾਰਦਾਤਾਂ ਵਾਸਤੇ ਉਕਸਾਇਆ ਜਾ ਰਿਹਾ ਹੈ? ਮੰਤਵ ਵੀ ਬੜਾ ਮਹੱਤਵਪੂਰਨ ਹੈ ਕਿਉਂਕਿ ਕਈ ਵਾਰ ਵੇਖਿਆ ਗਿਆ ਹੈ ਕਿ ਜੋ ਨਸ਼ੇ ਲੈਂਦੇ ਫੜੇ ਜਾਂਦੇ ਹਨ, ਉਹ ਅਕਸਰ ਤਸਕਰੀ ਦਾ ਹਿੱਸਾ ਵੀ ਬਣ ਜਾਂਦੇ ਹਨ।

 

ਪੰਜਾਬ ਨਾ ਸਿਰਫ਼ ਇਕ ਸਰਹੱਦੀ ਸੂਬਾ ਹੈ ਬਲਕਿ ਇਹ ਸਿੱਖ ਧਰਮ ਦਾ ਘਰ ਹੈ ਤੇ ਜਦ ਦੇਸ਼ ਪ੍ਰਦੇਸ਼ ਬੈਠਾ ਪੰਜਾਬੀ ਅਪਣੇ ਘਰ ਵਿਚ ਇਹ ਸੱਭ ਕੁੱਝ ਵਾਪਰਦਾ ਵੇਖਦਾ ਹੈ ਤਾਂ ਉਸ ਨੂੰ ਇਸ ਪਿੱਛੇ ਸਰਕਾਰੀ ਸਾਜ਼ਿਸ਼ ਦੀ ਬੂ ਆਉਣ ਲਗਦੀ ਹੈ। ਇਨ੍ਹਾਂ ਵਾਰਦਾਤਾਂ ਨੂੰ ਬੜੀ ਸਮਝ ਨਾਲ ਡੂੰਘਾਈ ਤਕ ਜਾ ਕੇ ਸਮਝਣ ਦੀ ਲੋੜ ਹੈ। ਸ਼ਾਇਦ ਇਹ ਵੱਖ-ਵੱਖ ਹਾਦਸੇ ਹਨ ਤੇ ਸ਼ਾਇਦ ਇਹ ਇਕ ਵੱਡੀ ਸਾਜ਼ਿਸ਼ ਦੀਆਂ ਕੜੀਆਂ ਹਨ। ਤਸਵੀਰ ਸਾਫ਼ ਹੋਣੀ ਚਾਹੀਦੀ ਹੈ ਤਾਕਿ ਕਿਸੇ ਦੇ ਮਨ ਵਿਚ ਗ਼ਲਤ-ਫਹਿਮੀ ਦੀ ਗੁੰਜਾਇਸ਼ ਨਾ ਰਹਿ ਜਾਵੇ।
- ਨਿਮਰਤ ਕੌਰ