ਅਮੀਰ ਲੋਕ ਖ਼ੁਦਕੁਸ਼ੀਆਂ ਕਿਉਂ ਕਰਦੇ ਹਨ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸੱਭ ਕੁੱਝ ਹੋਣ ਦੇ ਬਾਵਜੂਦ, ਅੰਦਰ ਦਾ ਖ਼ਾਲੀਪਨ ਉਨ੍ਹਾਂ ਨੂੰ ਖਾ ਰਿਹਾ ਹੈ

Kate and Anthony

ਅਮਰੀਕਾ ਵਿਚ 1999 ਤੋਂ ਲੈ ਕੇ 2017 ਤਕ ਦੇ ਖ਼ੁਦਕੁਸ਼ੀ ਦੇ ਅੰਕੜਿਆਂ ਵਿਚ 30% ਵਾਧਾ ਹੋਇਆ ਹੈ। ਸੱਭ ਤੋਂ ਵੱਧ ਖ਼ੁਦਕੁਸ਼ੀਆਂ ਅਧਖੜ ਉਮਰ ਦੇ ਲੋਕਾਂ ਵਲੋਂ ਹੋ ਰਹੀਆਂ ਹਨ। ਇਨ੍ਹਾਂ ਵਿਚੋਂ ਸੱਭ ਤੋਂ ਵੱਧ ਕੋਸ਼ਿਸ਼ਾਂ ਔਰਤਾਂ ਵਲੋਂ ਹੋ ਰਹੀਆਂ ਹਨ ਪਰ ਖ਼ੁਦਕੁਸ਼ੀ ਕਰਨ ਵਿਚ ਸਫ਼ਲਤਾ ਮਰਦਾਂ ਨੂੰ ਮਿਲ ਰਹੀ ਹੈ। ਅਮਰੀਕਾ ਵਿਚ ਖ਼ੁਦਕੁਸ਼ੀ, ਮੌਤ ਦੇ 10 ਸੱਭ ਤੋਂ ਵੱਧ ਜਾਣੇ ਜਾਂਦੇ ਕਾਰਨਾਂ ਵਿਚੋਂ ਇਕ ਬਣ ਗਈ ਹੈ। ਭਾਰਤ ਵਿਚ ਅਜੇ ਇਹ 13 ਸੱਭ ਤੋਂ ਖ਼ਤਰਨਾਕ ਬਿਮਾਰੀਆਂ ਵਿਚੋਂ ਇਕ ਹੈ ਜੋ ਕਿ ਨੌਜਵਾਨ ਯਾਨੀ ਕਿ 15-30 ਸਾਲ ਦੇ ਲੋਕਾਂ ਨੂੰ ਸ਼ਿਕਾਰ ਬਣਾ ਰਹੀ ਹੈ।

ਭਾਰਤੀ ਸਮਾਜ ਵੀ ਅਮਰੀਕਾ ਦੇ ਨਕਸ਼ੇ ਕਦਮ ਤੇ ਚਲ ਰਿਹਾ ਹੈ ਅਤੇ ਸ਼ਾਇਦ ਅੱਜ ਦੀ ਨੌਜਵਾਨ ਪੀੜ੍ਹੀ ਕਲ ਦੀ ਕਮਜ਼ੋਰ ਪੀੜ੍ਹੀ ਬਣ ਜਾਵੇਗੀ।ਅਮਰੀਕਾ ਨੂੰ ਪਿਛਲੇ ਹਫ਼ਤੇ ਦੋ ਸ਼ਖ਼ਸੀਅਤਾਂ ਨੇ ਖ਼ੁਦਕੁਸ਼ੀ ਕਰ ਕੇ ਸਦਮੇ ਵਿਚ ਲਿਆ ਸੁਟਿਆ। ਇਕ ਸੀ ਕੇਟ ਸਪੇਡ, ਜੋ ਕਿ ਇਕ ਬਹੁਤ ਮਸ਼ਹੂਰ ਫ਼ੈਸ਼ਨ ਕੰਪਨੀ ਦੀ ਬਾਨੀ ਸੀ। ਪੈਸਾ, ਸ਼ੋਹਰਤ, ਨਾਮ, ਇੱਜ਼ਤ, ਘਰ ਪ੍ਰਵਾਰ, ਖ਼ੂਬਸੂਰਤੀ ਤੇ ਸਿਹਤ, ਸੱਭ ਕੁੱਝ ਸੀ ਇਸ 56 ਸਾਲ ਦੀ ਔਰਤ ਕੋਲ। ਇਕ ਬੇਟੀ ਦਾ ਪਿਆਰ ਵੀ ਉਸ ਨੂੰ ਪ੍ਰਾਪਤ ਸੀ, 30 ਸਾਲਾ ਤੋਂ ਅਪਣੇ ਹੀ ਪਿਆਰ ਨਾਲ ਵਿਆਹ ਦੇ ਬੰਧਨ ਵਿਚ ਵੀ ਬੱਝੀ ਚਲੀ ਆ ਰਹੀ ਸੀ।

ਦੂਜੀ ਆਤਮਹਤਿਆ ਇਕ ਕੌਮਾਂਤਰੀ ਪੱਧਰ ਦੇ ਮਸ਼ਹੂਰ ਖ਼ਾਨਸਾਮੇ, ਲੇਖਕ, ਛੋਟੇ ਪਰਦੇ ਤੇ ਮਸ਼ਹੂਰ ਸ਼ੋਅ ਦੇ ਮਾਲਕ, ਐਨਥਨੀ ਬੋਰਡਨ ਨੇ ਕੀਤੀ। 62 ਸਾਲ ਦੇ ਐਨਥਨੀ ਦਾ ਵਿਆਹ ਦੋ ਸਾਲ ਪਹਿਲਾਂ ਟੁੱਟਾ ਸੀ ਪਰ ਉਹ ਇਕੱਲੇ ਨਹੀਂ ਸਨ। ਉਨ੍ਹਾਂ ਕੋਲ ਵੀ ਸ਼ੋਹਰਤ, ਪੈਸਾ, ਦੋਸਤਾਂ ਦੀ ਕਮੀ ਨਹੀਂ ਸੀ। ਦੋਵੇਂ ਅਜਿਹੇ ਲੋਕ ਸਨ ਜਿਨ੍ਹਾਂ ਦੇ ਦਿਲ ਬੜੇ ਹਮਦਰਦੀ ਭਰੇ ਅਤੇ ਸਾਫ਼ ਸਨ। ਇਹ ਉਹ ਲੋਕ ਸਨ ਜਿਨ੍ਹਾਂ ਵਰਗੇ ਬਣਨ ਦਾ ਸੁਪਨਾ ਹਰ ਕੋਈ ਵੇਖਦਾ ਹੈ। ਅਪਣੀ ਮਿਹਨਤ ਸਦਕਾ ਉਚਾਈਆਂ ਨੂੰ ਛੂਹਣ ਵਾਲੇ ਦੋਵੇਂ ਕੇਟ ਅਤੇ ਐਨਥਨੀ, ਸਫ਼ਲਤਾ ਦੇ ਪ੍ਰਤੀਕ ਸਨ।

ਜੇ ਅੱਜ ਕਿਸੇ ਔਰਤ ਨੂੰ ਇਹੋ ਜਿਹਾ ਕੋਈ ਜੀਵਨਸਾਥੀ ਮਿਲ ਜਾਵੇ, ਜੋ ਉਸ ਦੇ ਸੁਪਨੇ ਪੂਰੇ ਕਰਨ ਵਿਚ ਉਸ ਦਾ ਸਾਥ ਦੇਵੇ, ਤਾਂ ਹੋਰ ਕੀ ਚਾਹੀਦਾ ਹੈ?
ਪਰ ਇਨ੍ਹਾਂ ਦੋਹਾਂ ਦੀ ਮੌਤ ਨੇ ਅੱਜ ਦੇ ਸਮਾਜ ਵਿਚ ਪਨਪਦੀ ਮਾਨਸਿਕ ਉਦਾਸੀ ਵਲ ਧਿਆਨ ਦੇਣ ਲਈ ਮਜਬੂਰ ਕਰ ਦਿਤਾ ਹੈ। ਅਪਣੀ ਜਾਨ ਆਪ ਲੈ ਲੈਣੀ ਕੋਈ ਸੌਖਾ ਕੰਮ ਨਹੀਂ ਹੁੰਦਾ। ਅਪਣੇ ਆਪ ਨੂੰ ਦਰਦ ਪਹੁੰਚਾਉਣਾ ਵੀ ਇਕ ਹੋਰ ਤਰ੍ਹਾਂ ਦੀ ਹਿੰਮਤ ਮੰਗਦਾ ਹੈ। ਆਮ ਤਾਂ ਅਸੀ ਇਹੀ ਵੇਖਦੇ ਹਾਂ ਕਿ ਜ਼ਿੰਦਗੀ ਦੀ ਰਾਹ ਦਿਸਣੀ ਬੰਦ ਹੋ ਜਾਣ ਤੇ ਇਨਸਾਨ ਇਹ ਅਤਿ ਦਾ ਕਦਮ ਚੁੱਕਣ ਲਈ ਮਜਬੂਰ ਹੋ ਜਾਂਦਾ ਹੈ।

ਭਾਰਤ ਵਿਚ ਅੱਜ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਚਰਚਾ ਹੋ ਰਹੀ ਹੈ ਅਤੇ ਉਸ ਪਿੱਛੇ ਦੀ ਕਿਸਾਨਾਂ ਦੀ ਆਰਥਕ ਬੇਬਸੀ ਵੀ ਸਮਝ ਆਉਂਦੀ ਹੈ। 10ਵੀਂ,12ਵੀਂ ਦੇ ਇਮਤਿਹਾਨਾਂ ਵਿਚ ਫ਼ੇਲ੍ਹ ਹੋ ਜਾਣ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ ਅਤੇ ਉਹ ਵੀ ਸਮਝ ਵਿਚ ਆਉਂਦੀਆਂ ਹਨ।ਪਰ ਜੇ ਸਫ਼ਲ ਲੋਕ ਖ਼ੁਦਕੁਸ਼ੀ ਦਾ ਰਾਹ ਅਪਣਾਉਣ ਲੱਗ ਜਾਣ ਤਾਂ ਇਸ ਦਾ ਮਤਲਬ ਕੀ ਹੈ? ਅਮਰੀਕਾ ਵਿਚ 1999 ਤੋਂ ਲੈ ਕੇ 2017 ਤਕ ਦੇ ਖ਼ੁਦਕੁਸ਼ੀ ਦੇ ਅੰਕੜਿਆਂ ਵਿਚ 30% ਵਾਧਾ ਹੋਇਆ ਹੈ। ਸੱਭ ਤੋਂ ਵੱਧ ਖ਼ੁਦਕੁਸ਼ੀਆਂ ਅਧਖੜ ਉਮਰ ਦੇ ਲੋਕਾਂ ਵਲੋਂ ਹੋ ਰਹੀਆਂ ਹਨ।

ਇਨ੍ਹਾਂ ਵਿਚੋਂ ਸੱਭ ਤੋਂ ਵੱਧ ਕੋਸ਼ਿਸ਼ਾਂ ਔਰਤਾਂ ਵਲੋਂ ਹੋ ਰਹੀਆਂ ਹਨ ਪਰ ਖ਼ੁਦਕੁਸ਼ੀ ਕਰਨ ਵਿਚ ਸਫ਼ਲਤਾ ਮਰਦਾਂ ਨੂੰ ਮਿਲ ਰਹੀ ਹੈ। ਅਮਰੀਕਾ ਵਿਚ ਖ਼ੁਦਕੁਸ਼ੀ, ਮੌਤ ਦੇ 10 ਸੱਭ ਤੋਂ ਵੱਧ ਜਾਣੇ ਜਾਂਦੇ ਕਾਰਨਾਂ ਵਿਚੋਂ ਇਕ ਬਣ ਗਈ ਹੈ। ਭਾਰਤ ਵਿਚ ਅਜੇ ਇਹ 13 ਸੱਭ ਤੋਂ ਖ਼ਤਰਨਾਕ ਬਿਮਾਰੀਆਂ ਵਿਚੋਂ ਇਕ ਹੈ ਜੋ ਕਿ ਨੌਜਵਾਨ ਯਾਨੀ ਕਿ 15-30 ਸਾਲ ਦੇ ਲੋਕਾਂ ਨੂੰ ਸ਼ਿਕਾਰ ਬਣਾ ਰਹੀ ਹੈ। ਭਾਰਤੀ ਸਮਾਜ ਵੀ ਅਮਰੀਕਾ ਦੇ ਨਕਸ਼ੇ ਕਦਮ ਤੇ ਚਲ ਰਿਹਾ ਹੈ ਅਤੇ ਸ਼ਾਇਦ ਅੱਜ ਦੀ ਨੌਜਵਾਨ ਪੀੜ੍ਹੀ ਕਲ ਦੀ ਕਮਜ਼ੋਰ ਪੀੜ੍ਹੀ ਬਣ ਜਾਵੇਗੀ।

ਭਾਰਤ ਦੀ ਸੱਭ ਤੋਂ ਹਸੀਨ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਵੀ ਅਪਣੀ ਮਾਨਸਿਕ ਬਿਮਾਰੀ ਨਾਲ ਚਲ ਰਹੀ ਜੰਗ ਦੀ ਵਿਥਿਆ ਦੁਨੀਆਂ ਨਾਲ ਸਾਂਝੀ ਕੀਤੀ ਹੈ। ਉਹ ਵੀ ਇਸ ਸਫ਼ਲ, ਕਾਬਲ, ਅਮੀਰ ਵਰਗ ਵਿਚ ਹੈ ਜਿਸ ਕੋਲ ਸੱਭ ਕੁੱਝ ਹੁੰਦੇ ਹੋਏ ਵੀ ਲਗਦਾ ਹੈ ਕਿ ਉਸ ਕੋਲ ਕੁੱਝ ਵੀ ਨਹੀਂ। ਪੁਰਾਣਾ ਗੀਤ ਹੈ 'ਇਤਨਾ ਕਿਉਂ ਮੁਸਕੁਰਾ ਰਹੇ ਹੋ, ਕਿਆ ਗ਼ਮ ਹੈ ਜਿਸ ਕੋ ਛੁਪਾ ਰਹੇ ਹੋ।' ਇਸ ਪੀੜ੍ਹੀ ਤੇ ਇਹ ਗੀਤ ਬਹੁਤ ਢੁਕਵਾਂ ਬੈਠਦਾ ਹੈ। ਵੇਖਣ ਨੂੰ ਬਿਲਕੁਲ ਸੰਪੂਰਨ ਪਰ ਅੰਦਰੋਂ ਖੋਖਲੀ। ਇਹ ਚੰਗੇ ਕਰਮ ਵੀ ਕਰਦੇ ਹਨ ਪਰ ਫਿਰ ਵੀ ਅਸੰਤੁਸ਼ਟੀ ਇਨ੍ਹਾਂ ਦਾ ਪਿੱਛਾ ਨਹੀਂ ਛਡਦੀ।

ਕਹਿਣ ਨੂੰ ਤਾਂ ਇਹ ਮਾਨਸਿਕ ਉਦਾਸੀ ਹੈ, ਪਰ ਇਸ ਤੋਂ ਵੀ ਹੋਰ ਡੂੰਘੀ ਖੋਜ ਮੰਗਦੀ ਹੈ।ਅਸੀ ਅੱਜ ਦੀ ਪਨੀਰੀ ਤੋਂ ਕਿਸ ਤਰ੍ਹਾਂ ਦੀ ਸੰਪੂਰਨਤਾ ਦੀ ਆਸ ਰੱਖ ਰਹੇ ਹਾਂ ਜਦਕਿ ਉਹ ਸੱਭ ਕੁੱਝ ਹਾਸਲ ਕਰਨ ਤੋਂ ਬਾਅਦ ਵੀ ਦੁਨੀਆਂ ਵਿਚ ਖ਼ੁਸ਼ੀ ਨਹੀਂ ਹਾਸਲ ਕਰ ਸਕਦੀ। ਵੇਖਣ ਨੂੰ ਵਧੀਆ ਪਰ ਰੂਹ ਵਿਚ ਕਿੰਨਾ ਹਨੇਰਾ ਹੈ। ਅੱਜ ਦੀ ਪਨੀਰੀ ਅਪਣੇ ਅੰਦਰ ਦੇ ਭੰਬਲਭੂਸਿਆਂ ਨਾਲ ਜੂਝਣ ਦੀ ਹਿੰਮਤ ਨਹੀਂ ਜੁਟਾ ਸਕ ਰਹੀ।

ਵਿਖਾਵੇ ਦੀਆਂ ਚੀਜ਼ਾਂ ਦੀ ਅਹਿਮੀਅਤ ਪਤਾ ਹੈ ਪਰ ਅਪਣੇ ਆਪ ਦੀ ਨਹੀਂ। ਕੀ ਫ਼ਾਇਦਾ ਅਜਿਹੀ ਸੰਪੂਰਨਤਾ ਦਾ ਜਿਸ ਨੇ ਤੁਹਾਡੀ ਜਾਨ ਲੈ ਲੈਣੀ ਹੈ। ਸ਼ਾਇਦ ਖ਼ਾਮੀਆਂ ਨੂੰ ਗਲੇ ਲਗਾ ਲੈਣ ਦੀ ਹਿੰਮਤ, ਅਧੂਰੇਪਨ ਵਿਚੋਂ ਸੰਤੁਸ਼ਟੀ ਪ੍ਰਾਪਤ ਕਰਨ ਦੀ ਕਲਾ, ਸੰਪੂਰਨਤਾ ਤੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਨਸਾਨ ਜੇ ਗ਼ਲਤੀਆਂ ਦਾ ਪੁਤਲਾ ਨਹੀਂ ਤਾਂ ਹੋਰ ਕੀ ਹੈ? -ਨਿਮਰਤ ਕੌਰ