ਸੰਪਾਦਕੀ: ਕਾਂਗਰਸ ਦੇ ‘ਰਾਹੁਲ ਬਰੀਗੇਡ’ ਦੇ ਯੁਵਾ ਆਗੂ, ਕਾਂਗਰਸ ਤੋਂ ਦੂਰ ਕਿਉਂ ਜਾ ਰਹੇ ਹਨ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਹੁਣ ਰਾਸ਼ਟਰੀ ਸੋਚ ਵਿਰੁਧ ਖੇਤਰੀ ਸੋਚ ਬਲਵਾਨ ਹੋ ਰਹੀ ਹੈ ਤੇ ਇਹੀ ਆਗੂ ਹੁਣ ਕਾਂਗਰਸ ਛੱਡ ਕੇ ਜਾ ਰਹੇ ਹਨ।

Jyotiraditya Scindia and Jitin Prasada

ਸਾਬਕਾ ਕੇਂਦਰੀ ਮੰਤਰੀ ਤੇ ਰਾਹੁਲ ਗਾਂਧੀ (Rahul Gandhi) ਦੇ ਕਰੀਬੀ ਜਤਿਨ ਪ੍ਰਸਾਦ (Jitin Prasada), ਜਦ ਕਾਂਗਰਸ (Congress) ਛੱਡ ਭਾਜਪਾ (BJP) ਵਿਚ ਸ਼ਾਮਲ ਹੋਏ ਤਾਂ ਉਨ੍ਹਾਂ ਆਖਿਆ ਕਿ ਹੁਣ ਦੇਸ਼ ਵਿਚ ਇਕੋ ਹੀ ਰਾਸ਼ਟਰੀ ਪਾਰਟੀ ਰਹਿ ਗਈ ਹੈ। ਜਤਿਨ ਪ੍ਰਸਾਦ ਨੂੰ ਬੰਗਾਲ ਵਿਚ ਕਾਂਗਰਸ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਦਿਤੀ ਗਈ ਸੀ ਤੇ ਬੰਗਾਲ ਦੀਆਂ ਚੋਣਾਂ ਵਿਚ ਕਾਂਗਰਸ ਬੁਰੀ ਤਰ੍ਹਾਂ ਚਿਤ ਹੋ ਗਈ ਸੀ। ਜਤਿਨ ਪ੍ਰਸਾਦ ਉਨ੍ਹਾਂ 23 ‘ਬਾਗ਼ੀ’ ਆਗੂਆਂ ਵਿਚੋਂ ਇਕ ਸਨ ਜਿਨ੍ਹਾਂ ਨੇ ਕਪਿਲ ਸਿੱਬਲ ਤੇ ਗ਼ੁਲਾਮ ਨਬੀ ਆਜ਼ਾਦ ਆਦਿ ਨਾਲ ਮਿਲ ਕੇ ਕਾਂਗਰਸ ਦੇ ਅੰਦਰੋਂ ਬਦਲਾਅ ਤੇ ਲੋਕਤੰਤਰ ਲਿਆਉਣ ਦਾ ਯਤਨ ਕੀਤਾ ਸੀ।

ਉਸ ਨੇ ਕਾਂਗਰਸ ਕਿਉਂ ਛੱਡੀ, ਇਸ ਨੂੰ ਸਮਝਣ ਦੇ ਦੋ ਨਜ਼ਰੀਏ ਹੋ ਸਕਦੇ ਹਨ। ਜਾਂ ਤਾਂ ਉਹ ਜੋਤੀ ਰਾਜੇ ਸਿੰਦੀਆ ਵਾਂਗ ਇਕ ਨੌਜਵਾਨ ਆਗੂ ਹੈ ਜੋ ਅਪਣੀ ਮਾਂ ਪਾਰਟੀ ਨੂੰ ਅਪਣੇ ਸਿਆਸੀ ਫ਼ਾਇਦੇ ਵਾਸਤੇ ਛੱਡ ਗਿਆ ਹੈ ਤੇ ਜਾਂ ਉਹ ਇਕ ਸਿਆਸਤਦਾਨ ਹੈ ਜੋ ਰਾਹੁਲ ਗਾਂਧੀ ਦੇ ਕਰੀਬ ਹੋਣ ਕਾਰਨ ਅਜਿਹਾ ਕੁੱਝ ਜਾਣਦਾ ਹੈ ਜੋ ਉਸ ਨੂੰ ਪਾਰਟੀ ਛੱਡਣ ਵਾਸਤੇ ਮਜਬੂਰ ਕਰਦਾ ਹੈ।

ਕਾਂਗਰਸ ਦੇ ਅੰਦਰ ਰਾਸ਼ਟਰ ਪੱਧਰ ਤੇ ਜੋ ਕੁੱਝ ਅੱਜ ਚਲ ਰਿਹਾ ਹੈ, ਉਹੀ ਕੁੱਝ ਹੁਣ ਪੰਜਾਬ (Punjab) ਵਿਚ ਵੀ ਚਲ ਰਿਹਾ ਹੈ ਜਿਥੇ ਹੁਣ ਕਾਂਗਰਸੀ ਆਗੂ ਨਿਰਾਸ਼ ਹੋ ਰਹੇ ਹਨ। ਜਿਨ੍ਹਾਂ ਕੋਲ ਅਜੇ ਸਿਆਸਤ ਵਿਚ ਰਹਿਣ ਦਾ ਸਮਾਂ ਹੈ, ਉਨ੍ਹਾਂ ਵਿਚੋਂ ਕਈਆਂ ਨੂੰ ਜਾਪਦਾ ਹੈ ਕਿ ਜਿਸ ਤਰ੍ਹਾਂ ਪੰਜਾਬ ਕਾਂਗਰਸ (Punjab Congress) ਚਲ ਰਹੀ ਹੈ, ਉਹ ਪੁਰਾਣੀ ਕਾਂਗਰਸੀ ਸੋਚ ਹੈ ਜੋ ਅਪਣੇ ਵਾਅਦੇ ਪੰਜ ਸਾਲ ਦੇ ਅੰਦਰ ਪੂਰੇ ਕਰਨ ਵਿਚ ਵਿਸ਼ਵਾਸ ਨਹੀਂ ਕਰਦੀ।

ਜੋ ਬਗ਼ਾਵਤ ਕਾਂਗਰਸ ਵਿਚ ਹੋਈ ਹੈ, ਉਹ ਵੀ ਇਸ ਰਵਾਇਤੀ ਪਹੁੰਚ ਵਿਰੁਧ ਬਗ਼ਾਵਤ ਹੈ। ਜਿਸ ਤਰ੍ਹਾਂ ਦਿੱਲੀ ਵਿਚ ਬਾਗ਼ੀਆਂ ਦੀਆਂ ਗੱਲਾਂ ਸੁਣ ਕੇ ਹੱਲ ਕੱਢੇ ਜਾ ਰਹੇ ਹਨ, ਸਾਫ਼ ਹੈ ਕਿ ਅੱਜ ਵੀ ਸੋਨੀਆ ਗਾਂਧੀ (Sonia Gandhi) ਦਾ ਹੀ ਰਾਜ ਚਲ ਰਿਹਾ ਹੈ। ਦੇਸ਼ ਵਿਚ ਤੇ ਪੰਜਾਬ ਵਿਚ ਨੌਜਵਾਨ ਕਾਂਗਰਸੀਆਂ ਦੀ ਨਵੀਂ ਰਾਜਨੀਤੀ, ਪੁਰਾਣੇ ਕਾਂਗਰਸੀਆਂ ਦੇ ਰਵਾਇਤੀ ਸਿਸਟਮ ਸਾਹਮਣੇ ਹਾਰ ਰਹੀ ਹੈ।

ਹੁਣ ਜਿਸ ਤਰ੍ਹਾਂ ਪ੍ਰਗਟ ਸਿੰਘ (Pargat Singh) ਵਲੋਂ ਮੁੱਖ ਮੰਤਰੀ ਵਿਰੁਧ ਬਗ਼ਾਵਤ ਹੋ ਰਹੀ ਹੈ, ਇਹ ਗੱਲ ਸਾਫ਼ ਹੈ ਕਿ ਉਹ ਵੀ ਕਾਂਗਰਸ ਤੋਂ ਨਿਰਾਸ਼ ਹੋ ਕੇ ਤੀਜੇ ਧੜੇ ਵਲ ਜਾ ਰਹੇ ਹਨ। ਕਿਉਂਕਿ ਨਵਜੋਤ ਸਿੰਘ ਸਿੱਧੂ (Navjot Sidhu) ਵਲੋਂ ਬਗ਼ਾਵਤ ਦੇ ਬਾਵਜੂਦ ਕਿਉਂਕਿ ਕਾਂਗਰਸ ਵਿਚ ਰਹਿਣ ਦਾ ਫ਼ੈਸਲਾ ਲੈ ਲਿਆ ਗਿਆ ਹੈ, ਤੀਜੇ ਧੜੇ ਦੇ ਬਚਾਅ ਦਾ ਜ਼ਿੰਮਾ ਹਾਕੀ ਕਪਤਾਨ ਪ੍ਰਗਟ ਸਿੰਘ ਦੇ ਮੋਢਿਆਂ ਤੇ ਪੈ ਸਕਦਾ ਹੈ। ਕਈ ਅੰਦਰੂਨੀ ਸਰਵੇਖਣ ਵੀ ਇਸ ਬਗ਼ਾਵਤ ਨੂੰ ਸਮਰਥਨ ਦੇ ਰਹੇ ਹਨ ਤੇ ਦਸ ਰਹੇ ਹਨ ਕਿ ਦੋਵੇਂ ਰਵਾਇਤੀ ਪਾਰਟੀਆਂ ਜੇ ਅੱਜ ਦੇ ਦਿਨ ਲੋਕਾਂ ਵਿਚ ਜਾਣਗੀਆਂ ਤਾਂ ਦੋਹਾਂ ਨੂੰ ਹੀ ਲੋਕਾਂ ਦੀ ਵਿਰੋਧਤਾ ਦਾ ਸਾਹਮਣਾ ਕਰਨ ਪਵੇਗਾ।

ਕੁਲ ਮਿਲਾ ਕੇ ਪੰਜਾਬ ਅੱਜ 2017 ਵਾਲੇ ਸਮੇਂ ਵਿਚ ਆ ਖੜਾ ਹੋਇਆ ਹੈ ਜਿਥੇ ਮੁੱਦੇ ਤਾਂ ਉਹੀ ਪਹਿਲਾਂ ਵਾਲੇ ਹੀ ਹਨ ਪਰ ਰਵਾਇਤੀ ਪਾਰਟੀਆਂ ਤੋਂ ਇਸ ਵਾਰ ਉਮੀਦ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਭਾਵੇਂ ਇਹ ਕਾਂਗਰਸ ਲਈ ਖ਼ਾਤਮੇ ਦੇ ਸਪੱਸ਼ਟ ਸੰਕੇਤ ਹਨ, ਇਹ ਖੇਤਰੀ ਪੱਧਰ ਤੇ ਕਾਂਗਰਸ ਦਾ ਦੇਸ਼ ਨੂੰ ਇਕ ਨਵਾਂ ਤੋਹਫ਼ਾ ਜਾਪਦਾ ਹੈ। 

ਹੁਣ ਰਾਸ਼ਟਰੀ ਸੋਚ ਵਿਰੁਧ ਖੇਤਰੀ ਸੋਚ ਬਲਵਾਨ ਹੋ ਰਹੀ ਹੈ ਤੇ ਇਹੀ ਆਗੂ ਹੁਣ ਕਾਂਗਰਸ ਛੱਡ ਕੇ ਜਾ ਰਹੇ ਹਨ। ਕਾਂਗਰਸ ਹਾਈ ਕਮਾਂਡ ਯੁਵਾ ਆਗੂਆਂ ਦੀ ਰਾਜਨੀਤੀ ਦੇ ਚੱਕਰ ਨੂੰ ਸਮਝਣ ਵਿਚ ਬਿਲਕੁਲ ਨਾਕਾਮਯਾਬ ਹੋ ਗਿਆ ਹੈ ਤੇ ਇਸ ਦਾ ਅਸਰ ਹੁਣ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਵੀ ਵੇਖਣ ਨੂੰ ਮਿਲ ਸਕਦਾ ਹੈ। ਜੋਤੀਰਾਜ ਸਿੰਧੀਆ, ਜਤਿਨ ਤੇ ਹੋਰਨਾਂ ਵਾਂਗ ਯੂਥ ਬ੍ਰਿਗੇਡ ਤਾਂ ਹੁਣ ਕਾਂਗਰਸ ਛੱਡ ਜਾਵੇਗਾ ਪਰ ਕਾਂਗਰਸ ਵਿਚ ਜੰਮੇ ਪਲੇ ਕਪਿਲ ਸਿੱਬਲ, ਸੁਖਜਿੰਦਰ ਰੰਧਾਵਾ ਵਰਗੇ ਸਿਆਸਤਦਾਨਾਂ ਦਾ ਕੀ ਬਣੇਗਾ? ਪਾਰਟੀ ਨਾਲ ਪੁਰਾਣੀ ਵਫ਼ਾਦਾਰੀ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਲੈ ਕੇ ਇਕ ਵੱਡਾ ਸਵਾਲ ਛੱਡ ਜਾਵੇਗੀ।
-ਨਿਮਰਤ ਕੌਰ