Editorial: ਕੰਗਣਾ ਰਣੌਤ ਦੇ ਰੋਲ ਘਚੋਲੇ ਮਗਰੋਂ ਹੁਣ ਰਵਨੀਤ ਸਿੰਘ ਬਿੱਟੂ ਕਿਸਾਨਾਂ ਦਾ ਹੱਥ ਫੜਨਗੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਸ ਸਥਿਤੀ ’ਚ ਰਵਨੀਤ ਬਿੱਟੂ ਦੇ ਕਿਰਦਾਰ ਦਾ ਇਮਤਿਹਾਨ ਹੋਵੇਗਾ ਕਿਉਂਕਿ ਉਹ ਪਹਿਲਾਂ ਤਾਂ ਕਿਸਾਨਾਂ ਦੇ ਹੱਕ ਵਿਚ ਜੰਤਰ ਮੰਤਰ ਦੇ ਫੁਟਪਾਥ ਤੇ ਬੈਠੇ ਸਨ ਤੇ ਹੁਣ...

File Photos

Editorial: ਇਸ ਗੱਲ ਦਾ ਬੜੇ ਫ਼ਖ਼ਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਹਿਲਾ ਕੰਮ ਨਵੀਂ ਸਰਕਾਰ ਨੇ ਇਹ ਕੀਤਾ ਹੈ ਕਿ ਕਿਸਾਨਾਂ ਵਾਸਤੇ 20 ਹਜ਼ਾਰ ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ। ਸੱਭ ਜਗ੍ਹਾ ਇਸ ਕਦਮ ਨੂੰ ਭਾਜਪਾ ਵਲੋਂ ਕਿਸਾਨਾਂ ਦੇ ਵਿਕਾਸ ਪ੍ਰਤੀ ਸੰਜੀਦਗੀ ਆਖੀ ਜਾ ਰਹੀ ਹੈ। ਜੇ ਸੰਜੀਦਗੀ ਹੁੰਦੀ ਤਾਂ ਸਰਕਾਰਾਂ ਨੂੰ ਕਿਸਾਨ ਦੀ ਧੀ ਦੇ ਥੱਪੜ ਦੀ ਗੂੰਜ ਸੁਣਾਈ ਦੇਂਦੀ ਤੇ ਉਸ ਗੂੰਜ ਵਿਚੋਂ ਕਿਸਾਨਾਂ ਦਾ ਰੋਸ ਸੁਣਾਈ ਦੇਂਦਾ।

ਜੇ ਕਿਸਾਨਾਂ ਦੀ ਪੀੜ ਮਹਿਸੂਸ ਕੀਤੀ ਹੁੰਦੀ ਤੇ ਕਿਸਾਨਾਂ ਨੂੰ ਦਸਣਾ ਚਾਹੁੰਦੇ ਕਿ ਉਹ ਕਿਸਾਨਾਂ ਦੀ ਗੱਲ ਸੁਣਦੇ, ਸਮਝਦੇ ਹਨ ਤੇ ਉਸ ’ਤੇ ਅਮਲ ਕਰਨ ਲਈ ਤਿਆਰ ਹਨ ਤਾਂ ਫਿਰ ਉਨ੍ਹਾਂ ਵਲੋਂ ਥੱਪੜ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਹਿਰਾਸਤ ਵਿਚ ਨਾ ਲਿਆ ਜਾਂਦਾ ਤੇ ਕੰਗਣਾ ਨੂੰ ਕੁਲਵਿੰਦਰ ਦੀ ਕਾਰਵਾਈ ਵਿਚੋਂ ਪੰਜਾਬ ਵਿਚ ਅਤਿਵਾਦ ਫੈਲਦਾ ਨਾ ਦਿਸਦਾ ਤੇ ਅਜਿਹਾ ਕਰਨ ਤੇ ਉਸ ਨੂੰ ਫਟਕਾਰਿਆ ਜਾਂਦਾ। ਕੰਗਣਾ ਨੂੰ ਟਿਕਟ ਦੇਣਾ ਹੀ ਕਿਸਾਨਾਂ ਨੂੰ ਭੜਕਾਹਟ ਦੇਣ ਬਰਾਬਰ ਵੇਖਿਆ ਗਿਆ ਸੀ ਤੇ ਉਸ ਦਾ ਜਿਤਣਾ ਹਿਮਾਚਲ ਦੇ ਆਮ ਲੋਕਾਂ ਨੂੰ ਲੱਗੀ ਸੱਟ ਵਾਂਗ ਮਹਿਸੂਸ ਹੋ ਰਿਹਾ ਹੈ।

ਜਿਥੇ ਸਰਕਾਰ ਵੀ ਕਿਸਾਨਾਂ ਦੀ ਗੱਲ ਨਹੀਂ ਸਮਝ ਰਹੀ, ਉਥੇ ਇਹ ਵੀ ਮੰਨਣਾ ਪਵੇਗਾ ਕਿ ਆਮ ਜਨਤਾ ਵੀ ਕਿਸਾਨ ਦੀ ਗੱਲ ਨਹੀਂ ਸਮਝ ਪਾ ਰਹੀ। ਜਦ ਲੋਕ ਕੰਗਣਾ ਰਨੌਤ ਤੇ ਮਨੋਹਰ ਲਾਲ ਖੱਟਰ ਵਰਗਿਆਂ ਨੂੰ ਜਿਤਾ ਦੇਂਦੇ ਹਨ ਤਾਂ ਸਿਆਸਤਦਾਨਾਂ ਨੂੰ ਵੀ ਇਹੀ ਸੰਦੇਸ਼ ਜਾਂਦਾ ਹੈ ਕਿ ਲੋਕਾਂ ਨੂੰ ਕਿਸਾਨਾਂ ਨਾਲ ਦਿਲੋਂ ਹਮਦਰਦੀ ਕੋਈ ਨਹੀਂ। ਜਿਵੇਂ ਕਿਸਾਨਾਂ ਨੂੰ ਅਪਣੀ ਗੱਡੀ ਹੇਠ ਕੁਚਲਣ ਵਾਲੇ ਅਜੇ ਮਿਸ਼ਰਾ ਟੋਨੀ ਨੂੰ ਲੋਕਾਂ ਨੇ ਵੋਟਾਂ ਨਾਲ ਹਰਾ ਕੇ ਸਿਆਸਤਦਾਨ ਨੂੰ ਦੁਰਕਾਰਿਆ ਹੈ, ਉਸੇ ਤਰ੍ਹਾਂ ਦਾ ਸੰਦੇਸ਼ ਸੱਭ ਥਾਵਾਂ ਤੋਂ ਨਹੀਂ ਜਾ ਸਕਿਆ।

ਇਹ ਕਿਸ ਦੀ ਕਮਜ਼ੋਰੀ ਹੈ, ਇਸ ਨੂੰ ਕਿਸਾਨ ਜਥੇਬੰਦੀਆਂ ਨੂੰ ਹੀ ਆਪ ਹੀ ਸਮਝਣਾ ਪਵੇਗਾ ਕਿਉਂਕਿ ਅੱਜ ਦੇ ਦਿਨ ਗ਼ੈਰ ਕਿਸਾਨਾਂ ਵਿਚਕਾਰ ਹੀ ਨਹੀਂ ਬਲਕਿ ਮਜ਼ਦੂਰਾਂ ਅੰਦਰ ਵੀ ਕਿਸਾਨ ਤੋਂ ਦੂਰੀਆਂ ਵੱਧ ਰਹੀਆਂ ਹਨ। ਭਾਵੇਂ ਕਿਸਾਨਾਂ ਵਾਸਤੇ ਸਾਲ ਦੇ 6000 ਰੁਪਏ ਸਮੁੰਦਰ ’ਚ ਇਕ ਬੂੰਦ ਬਰਾਬਰ ਵੀ ਨਾ ਹੋਣ, ਇਕ ਗ਼ੈਰ-ਕਿਸਾਨੀ ਵਰਗ ਦਾ ਗ਼ਰੀਬ ਇਸ ਨੂੰ ਵੱਡੀ ਸਹੂਲਤ ਵਾਂਗ ਵੇਖੇਗਾ। ਕਿਸਾਨਾਂ ਨੂੰ ਅਪਣੀ ਸਥਿਤੀ, ਅਪਣੀ ਦਲੀਲ ਨੂੰ ਤਰਕ ਆਧਾਰਤ ਕਰ ਕੇ ਆਮ ਲੋਕਾਂ ਵਿਚ ਪਹੁੰਚਾਉਣਾ ਪਵੇਗਾ ਤੇ ਜਦ ਕੋਈ ਇਨਸਾਨ ਅਪਣੀ ਥਾਲੀ ਵਿਚੋਂ ਇਕ ਬੁਰਕੀ ਵੀ ਖਾਵੇ ਤਾਂ ਉਸ ਨੂੰ ਪਤਾ ਹੋਵੇ ਕਿ ਉਸ ਦੀ ਕੀਮਤ ਸਿਰਫ਼ ਸਰਕਾਰੀ ਸਬਸਿਡੀ ਨਾਲ ਨਹੀਂ ਬਲਕਿ  ਕਿਸਾਨ ਅਪਣੇ ਖ਼ੂਨ ਪਸੀਨੇ ਨਾਲ ਤਾਰ ਚੁੱਕਾ ਹੈ। ਮੁੱਠੀ ਭਰ ਵੱਡੇ ਅਮੀਰ ਕਿਸਾਨ ਦੇਸ਼ ਦੇ 90% ਛੋਟੇ ਗ਼ਰੀਬ ਕਿਸਾਨ ਦੀ ਪੂਰੀ ਤਸਵੀਰ ਨਹੀਂ ਹਨ।

ਇਸ ਸਥਿਤੀ ’ਚ ਰਵਨੀਤ ਬਿੱਟੂ ਦੇ ਕਿਰਦਾਰ ਦਾ ਇਮਤਿਹਾਨ ਹੋਵੇਗਾ ਕਿਉਂਕਿ ਉਹ ਪਹਿਲਾਂ ਤਾਂ ਕਿਸਾਨਾਂ ਦੇ ਹੱਕ ਵਿਚ ਜੰਤਰ ਮੰਤਰ ਦੇ ਫੁਟਪਾਥ ਤੇ ਬੈਠੇ ਸਨ ਤੇ ਹੁਣ ਭਾਜਪਾ ਵਿਚ ਸ਼ਾਮਲ ਹੋ ਕੇ ਤੇ ਮੰਤਰੀ ਬਣਦੇ ਹੀ ਆਖ ਰਹੇ ਹਨ ਕਿ ਇਹ ਮਸਲਾ ਹੱਲ ਕਰਵਾਉਣਗੇ। ਕਿਸਾਨੀ ਨਾਲ ਜੁੜੇ ਹੋਏ ਹੋਣ ਦੇ ਬਾਵਜੂਦ ਤੇ ਕਿਸਾਨ ਪ੍ਰਤੀ ਦਿਲੋਂ ਹਮਦਰਦੀ ਰੱਖਣ ਦੇ ਬਾਵਜੂਦ ਭਾਵੇਂ ਉਨ੍ਹਾਂ ਨੂੰ ਕਿਸਾਨਾਂ ਦੀਆਂ ਵੋਟਾਂ ਨਹੀਂ ਮਿਲੀਆਂ, ਉਹ ਹੁਣ ਕਿਸਾਨੀ ਮੁੱਦਿਆਂ ਦਾ ਹੱਲ ਲੱਭ ਕੇ ਹੀ ਪੰਜਾਬ ਦਾ ਵਿਸ਼ਵਾਸ ਜਿੱਤ ਸਕਦੇ ਹਨ। ਜੇ ਉਹ ਅਪਣੇ ਵਾਅਦੇ ’ਤੇ ਖਰੇ ਉਤਰੇ ਤਾਂ ਉਹ ਸਿਰਫ਼ ਪੰਜਾਬ ਵਾਸਤੇ ਹੀ ਨਹੀਂ, ਕਿਸਾਨਾਂ ਵਾਸਤੇ ਇਕ ਵੱਡਾ ਚਿਹਰਾ ਸਾਬਤ ਹੋ ਸਕਦੇ ਹਨ। ਸਰਕਾਰ ਦੇ ਦਿਲ ਵਿਚ ਕਿਸਾਨਾਂ ਪ੍ਰਤੀ ਹਮਦਰਦੀ ਪੈਦਾ ਕਰਨ ਵਾਲੇ ਆਗੂ ਦੀ ਕਿਸਾਨਾਂ ਨੂੰ ਸਖ਼ਤ ਜ਼ਰੂਰਤ ਹੈ।
- ਨਿਮਰਤ ਕੌਰ