ਦੇਸ਼ ਦੀ ਆਰਥਕਤਾ ਗ਼ਲਤ ਅੰਕੜਿਆਂ ਦੇ ਠੁਮਣੇ ਨਾਲ ਪੱਕੇ ਪੈਰੀਂ ਕਦੇ ਨਹੀਂ ਹੋ ਸਕੇਗੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਨਿਰਮਲਾ ਸੀਤਾਰਮਣ ਦੇ ਬਜਟ ਨੇ ਨਾ ਸਿਰਫ਼ ਆਮ ਭਾਰਤੀ ਅਤੇ ਅਮੀਰ ਭਾਰਤੀ ਨੂੰ ਹੀ ਨਿਰਾਸ਼ ਕਰ ਛਡਿਆ ਹੈ ਬਲਕਿ ਪੂਰੇ ਹਫ਼ਤੇ ਵਿਚ ਭਾਰਤੀ ਸ਼ੇਅਰ ਬਾਜ਼ਾਰ ਰਾਹੀਂ...

India economy incorrect statistics

ਨਿਰਮਲਾ ਸੀਤਾਰਮਣ ਦੇ ਬਜਟ ਨੇ ਨਾ ਸਿਰਫ਼ ਆਮ ਭਾਰਤੀ ਅਤੇ ਅਮੀਰ ਭਾਰਤੀ ਨੂੰ ਹੀ ਨਿਰਾਸ਼ ਕਰ ਛਡਿਆ ਹੈ ਬਲਕਿ ਪੂਰੇ ਹਫ਼ਤੇ ਵਿਚ ਭਾਰਤੀ ਸ਼ੇਅਰ ਬਾਜ਼ਾਰ ਰਾਹੀਂ ਵਿਦੇਸ਼ੀ ਨਿਵੇਸ਼ ਨੇ ਵੀ ਅਪਣੀ ਨਿਰਾਸ਼ਾ ਜ਼ਾਹਰ ਕਰ ਦਿਤੀ ਹੈ। ਪੈਸਾ ਬਾਜ਼ਾਰ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਡਿਗਦਾ ਆ ਰਿਹਾ ਹੈ ਅਤੇ ਮਾਹਰਾਂ ਮੁਤਾਬਕ ਹਾਲ ਦੀ ਘੜੀ ਇਸ ਵਿਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਨਜ਼ਰ ਆ ਰਹੀ। ਵਿਦੇਸ਼ੀ ਨਿਵੇਸ਼ਕ ਭਾਰਤ 'ਤੋਂ ਕਿਉਂ ਨਿਰਾਸ਼ ਹੋ ਰਿਹਾ ਹੈ, ਉਸ ਦਾ ਕਾਰਨ ਸਮਝਣਾ ਜ਼ਰੂਰੀ ਹੈ ਕਿਉਂਕਿ ਭਾਰਤ ਨੂੰ ਨਿਵੇਸ਼ ਦੀ ਸਖ਼ਤ ਜ਼ਰੂਰਤ ਹੈ।

ਅਸੀ ਇਸ ਰਫ਼ਤਾਰ ਨਾਲ ਅਪਣੀ ਆਬਾਦੀ ਵਧਾ ਰਹੇ ਹਾਂ ਕਿ 2027 ਤਕ ਭਾਰਤ ਦੁਨੀਆਂ ਦਾ ਸੱਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੋ ਜਾਵੇਗਾ। ਪਰ ਇਸ ਰਫ਼ਤਾਰ ਨਾਲ ਭਾਰਤ ਦਾ ਅਰਥਚਾਰਾ ਨਹੀਂ ਵੱਧ ਰਿਹਾ। ਅਰਥਚਾਰਾ ਸਿਰਫ਼ ਵੱਡੇ ਸੁਪਨਿਆਂ ਜਾਂ ਬਿਆਨਾਂ ਨਾਲ ਨਹੀਂ ਵੱਧ ਸਕਦਾ। ਅਰਥਚਾਰਾ ਇਰਾਦੇ ਨਾਲ ਠੋਸ ਕਦਮ ਵੀ ਮੰਗਦਾ ਹੈ ਅਤੇ ਠੋਸ ਕਦਮਾਂ ਵਾਸਤੇ ਠੋਸ ਅੰਕੜੇ ਜ਼ਰੂਰੀ ਹੁੰਦੇ ਹਨ। ਭਾਰਤ ਸਰਕਾਰ ਦੇ ਐਨ.ਡੀ.ਏ. ਦੇ ਪਿਛਲੇ ਪੰਜ ਸਾਲਾਂ ਅਤੇ ਹੁਣ ਨਵੀਂ ਸਰਕਾਰ ਹੇਠਲੇ ਸਮੇਂ ਦਾ ਸੱਭ ਤੋਂ ਕਮਜ਼ੋਰ ਪੱਖ ਇਸ ਦੇ ਅੰਕੜੇ ਹੀ ਰਹੇ ਹਨ।

ਇਸ ਬਜਟ ਵਿਚ ਵੀ ਅੰਕੜਿਆਂ ਵਿਚ 1.7 ਲੱਖ ਕਰੋੜ ਦੇ ਫ਼ਰਕ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਮਾਹਰਾਂ ਮੁਤਾਬਕ ਸਰਕਾਰ ਦੀ ਪਿਛਲੇ ਸਾਲ ਦੀ ਕਮਾਈ 15.6 ਲੱਖ ਕਰੋੜ ਸੀ ਨਾ ਕਿ 17.3 ਲੱਖ ਕਰੋੜ ਜੋ ਬਜਟ ਵਿਚ ਦੱਸੀ ਗਈ ਹੈ।  ਟੈਕਸਾਂ ਤੋਂ ਹੋਈ ਆਮਦਨ 'ਚ ਵੀ ਫ਼ਰਕ ਆ ਰਿਹਾ ਹੈ। ਇਸ ਸੱਭ ਬਾਰੇ ਵਿੱਤ ਮੰਤਰੀ ਨੇ ਬਿਆਨ ਦਿਤਾ ਹੈ ਕਿ ਸਮੇਂ ਦਾ ਫ਼ਰਕ ਹੈ ਨਾਕਿ ਅੰਕੜਿਆਂ ਦਾ ਹੇਰਫੇਰ। ਵਿੱਤ ਮੰਤਰਾਲੇ ਨੇ ਹੀ ਬਜਟ ਦੀ ਤਿਆਰੀ ਕੀਤੀ ਹੈ ਅਤੇ ਵਿੱਤ ਮੰਤਰਾਲੇ ਨੇ ਹੀ ਅਰਥਚਾਰੇ ਦਾ ਸਰਵੇਖਣ। ਸਰਵੇਖਣ, ਬਜਟ ਤੋਂ ਇਕ ਦਿਨ ਪਹਿਲਾਂ ਸਰਕਾਰ ਵਲੋਂ ਪੇਸ਼ ਕੀਤਾ ਗਿਆ ਸੀ ਪਰ ਵਿੱਤ ਮੰਤਰੀ ਆਖਦੇ ਹਨ ਕਿ ਉਨ੍ਹਾਂ ਵਿਚ ਲਿਆ ਗਿਆ ਸਮਾਂ ਵੱਖੋ-ਵਖਰਾ ਹੈ। 

ਅਰਵਿੰਦ ਸੁਬਰਾਮਨੀਅਮ, ਜੋ ਕਿ ਮੋਦੀ ਜੀ ਦੇ ਬੜੇ ਚਹੇਤੇ ਹਨ, ਵਾਰ ਵਾਰ ਆਖਦੇ ਹਨ ਕਿ ਸਰਕਾਰ ਅੰਕੜਿਆਂ ਦਾ ਵਧਾ ਚੜ੍ਹਾ ਕੇ ਅੰਦਾਜ਼ਾ ਲਾ ਰਹੀ ਹੈ। ਜਦੋਂ ਬੇਰੁਜ਼ਗਾਰੀ ਦੇ ਅੰਕੜਿਆਂ ਦਾ ਸਰਵੇਖਣ ਚੋਣਾਂ ਤੋਂ ਪਹਿਲਾਂ ਆਇਆ ਸੀ ਤਾਂ ਵੀ ਸਰਕਾਰ ਅਤੇ ਸਰਕਾਰੀ ਅਫ਼ਸਰ ਤੇ ਮਾਹਰ ਇਕ ਅੰਕੜਾ ਨਹੀਂ ਸਨ ਦੇ ਰਹੇ। ਤਾਜ਼ਾ ਬਜਟ ਵਿਚ ਸਰਕਾਰ ਦੀ ਆਮਦਨ ਵਿਚ 1 ਲੱਖ 70 ਹਜ਼ਾਰ ਕਰੋੜ ਦੀ ਕਮੀ ਅਸਲ ਵਿਚ ਮੌਜੂਦ ਹੈ ਤਾਂ ਇਸ ਦਾ ਮਤਲਬ ਸਰਕਾਰ ਦੇ ਖ਼ਰਚੇ 'ਚ ਵੱਡੀਆਂ ਕਟੌਤੀਆਂ ਕਰਨੀਆਂ ਹੋਣਗੀਆਂ। ਪੰਜਾਬ ਨੂੰ ਸਰਕਾਰ ਨੇ 550 ਸਾਲਾ ਸਮਾਗਮਾਂ ਵਾਸਤੇ ਵੀ ਇਕ ਧੇਲਾ ਨਹੀਂ ਦਿਤਾ। ਸ਼ਾਇਦ ਦੇਣ ਦੀ ਚਾਹਤ ਸੀ ਪਰ ਜੇਬ ਵਿਚ 1.70 ਲੱਖ ਕਰੋੜ ਦੀ ਕਮੀ ਨੇ ਚਾਹਤ ਦਾ ਸਾਥ ਨਹੀਂ ਦਿਤਾ। ਇਸੇ ਤਰ੍ਹਾਂ ਭਾਰਤ ਵਿਚ ਸਰਕਾਰ ਕਈ ਹੋਰ ਜਨਤਕ ਭਲਾਈ ਦੇ ਕੰਮਾਂ ਉਤੇ ਰੋਕ ਲਾ ਸਕਦੀ ਹੈ।

ਭਾਵੇਂ ਇਕ ਆਮ ਭਾਰਤੀ, ਸਰਕਾਰੀ ਅੰਕੜਿਆਂ ਪਿੱਛੇ ਛੁਪੇ ਸੱਚ ਨੂੰ ਨਹੀਂ ਸਮਝ ਸਕਦਾ, ਉਸ ਦੀ ਜ਼ਿੰਦਗੀ ਤੇ ਅਸਰ ਜ਼ਰੂਰ ਪੈਂਦਾ ਹੈ। ਅੱਜ ਪੂਰਾ ਭਾਰਤ ਜਾਂ ਤਾਂ ਪਾਣੀ ਦੀ ਕਮੀ ਨਾਲ ਤੜਪ ਰਿਹਾ ਹੈ ਜਾਂ ਮੀਂਹ ਦੇ ਪਾਣੀ ਦੇ ਚਿੱਕੜ ਵਿਚ ਫਸਿਆ ਪਿਆ ਹੈ। ਸਮਾਰਟ ਸਿਟੀ ਇਕ ਦੋ ਘੰਟਿਆਂ ਦੇ ਮੀਂਹ ਨਾਲ ਹੀ ਦਲਦਲ 'ਚ ਬਦਲ ਜਾਂਦੇ ਹਨ। ਅਤੇ ਇਹ ਛੋਟੀਆਂ ਛੋਟੀਆਂ ਕਮੀਆਂ ਬਜਟ ਦੇ ਵੱਡੇ ਵੱਡੇ ਦਾਅਵਿਆਂ ਦੇ ਅੰਕੜਿਆਂ ਉਤੇ ਸਵਾਲੀਆ ਨਿਸ਼ਾਨ ਬਣ ਕੇ ਸਾਹਮਣੇ ਆ ਜਾਂਦੀਆਂ ਹਨ। ਵਿਦੇਸ਼ੀ ਨਿਵੇਸ਼ਕ ਇਨ੍ਹਾਂ ਅੰਕੜਿਆਂ ਦੀਆਂ ਕਮਜ਼ੋਰੀਆਂ ਕਾਰਨ ਪਿੱਛੇ ਹਟ ਰਿਹਾ ਹੈ। ਐਨ.ਡੀ.ਏ. ਸਰਕਾਰ ਕੋਲ ਜਨਤਾ ਦੀ ਹਮਾਇਤ ਦੇ ਵੱਡੇ ਅੰਕੜੇ ਹਨ। ਹੁਣ ਉਨ੍ਹਾਂ ਨੂੰ ਸੱਚੇ ਆਰਥਕ ਅੰਕੜੇ ਸਮੁੱਚੀ ਦੁਨੀਆਂ ਸਾਹਮਣੇ ਪੇਸ਼ ਕਰਨੇ ਚਾਹੀਦੇ ਹਨ ਤਾਕਿ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਕੰਮ ਕੀਤਾ ਜਾ ਸਕੇ ਅਤੇ ਕੌਮਾਂਤਰੀ ਮਾਰਕੀਟ ਵਿਚ ਭਾਰਤ ਦੇ ਅਕਸ ਨੂੰ ਸੁਧਾਰਿਆ ਜਾ ਸਕੇ।-ਨਿਮਰਤ ਕੌਰ