ਸ੍ਰੀਲੰਕਾ ਸਰਕਾਰ ਵਲੋਂ ਅਪਣੇ ਗ਼ਰੀਬ ਲੋਕਾਂ ਦੀ ਅਣਦੇਖੀ ਤੋਂ ਸਬਕ ਸਿਖਣ ਦੀ ਲੋੜ
ਸ੍ਰੀਲੰਕਾ ਦੇ ਰਾਸ਼ਟਰਪਤੀ ਭਵਨ ਤੋਂ ਜੋ ਤਸਵੀਰਾਂ ਆ ਰਹੀਆਂ ਹਨ, ਉਹ ਦਰਸਾਉਂਦੀਆਂ ਹਨ ਕਿ ਹਾਲਾਤ ਏਨੇ ਜ਼ਿਆਦਾ ਵਿਗੜ ਕਿਉਂ ਗਏ ਸਨ।
ਸ੍ਰੀਲੰਕਾ ਸਰਕਾਰ ਦਾ ਕੰਗਾਲ ਹੋ ਜਾਣਾ ਤੇ ਅਪਣੇ ਹੀ ਲੋਕਾਂ ਦੀਆਂ ਨਜ਼ਰਾਂ ਵਿਚ ਡਿਗ ਵੀ ਪੈਣਾ, ਬਾਕੀ ਦੀ ਦੁਨੀਆਂ ਤੇ ਬਹੁਤਾ ਅਸਰ ਨਹੀਂ ਕਰਨ ਵਾਲਾ ਕਿਉੁਂਕਿ ਇਹ ਛੋਟਾ ਜਿਹਾ ਟਾਪੂ ਦੁਨੀਆਂ ਦੇ ਵੱਡੇ ਆਰਥਕ ਮੇਲੇ ਵਿਚ ਇਕ ਬਹੁਤ ਹੀ ਛੋਟਾ ਖਿਡਾਰੀ ਹੈ। ਜਿਵੇਂ ਯੂਕਰੇਨ ਦੀ ਤਬਾਹੀ ਅਣਸੁਣੀ ਤੇ ਅਣਵੇਖੀ ਕੀਤੀ ਜਾ ਰਹੀ ਹੈ, ਸ੍ਰੀਲੰਕਾ ਵੀ ਅਪਣੀ ਤਬਾਹੀ ਦੇ ਦਿਨਾਂ ਵਿਚ ਬਾਕੀ ਦੀ ਦੁਨੀਆਂ ਤੋਂ ਜ਼ਿਆਦਾ ਆਸ ਨਾ ਰੱਖੇ। ਸ੍ਰੀਲੰਕਾ ਨੂੰ ਅਪਣੇ ਆਪ ਨੂੰ ਦੁਬਾਰਾ ਪੈਰਾਂ ਸਿਰ ਖੜੇ ਹੋਣਾ ਪਵੇਗਾ। ਪਰ ਅਸੀ ਉਨ੍ਹਾਂ ਦੀ ਤਬਾਹੀ ਤੋਂ ਕੁੱਝ ਸਬਕ ਤਾਂ ਲੈ ਸਕਦੇ ਹਾਂ। ਆਖ਼ਰੀ ਵਾਰ ਆਮ ਲੋਕਾਂ ਦਾ ਸੀ ਜਦ ਉਨ੍ਹਾਂ ਨੇ ਰਾਸ਼ਟਰਪਤੀ ਦਾ ਘਰ ਘੇਰ ਕੇ ਉਸ ਨੂੰ ਦੌੜਨ ਲਈ ਮਜਬੂਰ ਕਰ ਦਿਤਾ।
ਸ੍ਰੀਲੰਕਾ ਦੇ ਰਾਸ਼ਟਰਪਤੀ ਭਵਨ ਤੋਂ ਜੋ ਤਸਵੀਰਾਂ ਆ ਰਹੀਆਂ ਹਨ, ਉਹ ਦਰਸਾਉਂਦੀਆਂ ਹਨ ਕਿ ਹਾਲਾਤ ਏਨੇ ਜ਼ਿਆਦਾ ਵਿਗੜ ਕਿਉਂ ਗਏ ਸਨ। ਇਕ ਪਾਸੇ ਲੋਕਾਂ ਕੋਲ ਤਾਂ ਖਾਣ ਪੀਣ ਦਾ ਸਮਾਨ ਵੀ ਖ਼ਤਮ ਹੋ ਗਿਆ ਸੀ ਤੇ ਦੂਜੇ ਪਾਸੇ ਦੇਸ਼ ਦਾ ਪ੍ਰਧਾਨ ਇਕ ਵੱਡੇ ਬੰਗਲੇ ਵਿਚ ਐਸ਼ੋ ਆਰਾਮ ਨਾਲ ਰਹਿ ਰਿਹਾ ਸੀ। ਉਸ ਦੇ ਆਲੀਸ਼ਾਨ ਬੰਗਲੇ ਵਿਚ ਹਰ ਸਹੂਲਤ ਉਪਲਭਦ ਸੀ ਜੋ ਉਸ ਦੇ ਪ੍ਰਵਾਰ ਨੂੰ ਸ਼ਾਹੀ ਠਾਠ ਨਾਲ ਰਹਿਣ ਦਾ ਮੌਕਾ ਦੇਂਦੀ ਸੀ। ਉਨ੍ਹਾਂ ਕੋਲ ਐਨਾ ਪੈਸਾ ਸੀ ਕਿ ਉਸ ਨੂੰ ਦੀਵਾਰਾਂ ਵਿਚ ਜੜ ਕੇ ਰਖਿਆ ਹੋਇਆ ਸੀ ਜਦਕਿ ਲੋਕ ਧੇਲੇ ਧੇਲੇ ਦੇ ਮੁਥਾਜ ਬਣ ਚੁੱਕੇ ਸਨ।
ਇਸ ਸਥਿਤੀ ਤਕ ਪਹੁੰਚਣ ਵਾਸਤੇ ਰਾਜਪਕਸ਼ੇ ਭਰਾਵਾਂ ਨੂੰ ਕਾਫ਼ੀ ਸਮਾਂ ਲੱਗ ਗਿਆ ਜਿਥੇ ਉਨ੍ਹਾਂ ਇਕ ਤੋਂ ਬਾਅਦ ਇਕ ਗ਼ਲਤ ਫ਼ੈਸਲਾ ਕਰ ਕੇ ਦੇਸ਼ ਦੀ ਆਰਥਕਤਾ ਨੂੰ ਤਬਾਹ ਕਰ ਕੇ ਰੱਖ ਦਿਤਾ ਪਰ ਕਿਉਂਕਿ ਉਹ ਆਪ ਸੁਰੱਖਿਅਤ ਸਨ, ਉਨ੍ਹਾਂ ਨੂੰ ਪਤਾ ਹੀ ਨਾ ਚਲਿਆ ਕਿ ਦੇਸ਼ ਦੀ ਜਨਤਾ ਕਿਸ ਨਰਕ ਨੂੰ ਹੰਢਾ ਰਹੀ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਦੇਸ਼ ਵੀ ਇਸੇ ਡਗਰ ਤੇ ਚਲ ਰਿਹਾ ਹੈ। ਹਾਲ ਵਿਚ ਹੀ ਪੰਜਾਬ ਵਿਚ ਇਕ ਪ੍ਰਵਾਰ ਦੇ ਤਿੰਨ ਜੀਆਂ ਅਰਥਾਤ ਪਤੀ, ਪਤਨੀ ਨੇ ਅਪਣੇ ਛੋਟੇ ਬੱਚੇ ਸਮੇਤ ਖ਼ੁਦਕੁਸ਼ੀ ਕੀਤੀ ਕਿਉਂਕਿ ਉਨ੍ਹਾਂ ਕੋਲ 10 ਹਜ਼ਾਰ ਦਾ ਕਰਜ਼ਾ ਚੁਕਾਉਣ ਵਾਸਤੇ ਕੋਈ ਰਸਤਾ ਨਹੀਂ ਸੀ ਰਹਿ ਗਿਆ।
10 ਹਜ਼ਾਰ ਦੀ ਰਕਮ ਦੀ ਕਿਸਤ ਕੀ ਸਾਡੇ ਤਾਕਤਵਰ ਨੇਤਾ ਸਮਝ ਸਕਦੇ ਹਨ? ਦਸੰਬਰ 2021 ਵਿਚ ਅੰਤਰਾਸ਼ਟਰੀ ਵਿਸ਼ਵ ਅਸਮਾਨਤਾ ਲੈਬ ਨਾਮਕ ਸੰਸਥਾ ਨੇ ਭਾਰਤ ਨੂੰ ਦੁਨੀਆਂ ਦੇ ਸੱਭ ਤੋਂ ਹੇਠਲੇ ਨਾ-ਬਰਾਬਰੀ ਵਾਲੇ ਦੇਸ਼ਾਂ ਵਿਚ ਸਥਾਨ ਦਿਤਾ। ਭਾਰਤ ਦੀ ਉਪਰਲੀ 1 ਫ਼ੀ ਸਦੀ ਆਬਾਦੀ ਕੋਲ ਦੇਸ਼ ਦੀ 22 ਫ਼ੀ ਸਦੀ ਦੌਲਤ ਹੈ ਤੇ ਅਗਲੇ 10 ਫ਼ੀ ਸਦੀ ਕੋਲ 57 ਫ਼ੀ ਸਦੀ ਦੌਲਤ ਹੈ ਤੇ ਹੇਠਲੇ 50 ਫ਼ੀ ਸਦੀ ਕੋਲ ਸਿਰਫ਼ 13 ਫ਼ੀ ਸਦੀ ਦੌਲਤ ਹੈ। ਪਰ ਇਸ ਵਿਚ ਵੀ ਬਹੁਤ ਅਸਮਾਨਤਾ ਹੈ ਕਿਉਂਕਿ ਜਿਹੜਾ ਉਪਰਲਾ ਇਕ ਫ਼ੀ ਸਦੀ ਹੈ ਉਸ ਵਿਚ ਅੰਬਾਨੀ, ਅਡਾਨੀ, ਟਾਟਾ ਵਰਗੇ ਵੀ ਬਹੁਤ ਥੋੜੇ ਵਿਅਕਤੀ ਹੀ ਹਨ।
ਅੱਜ ਜਿਸ ਵਿਅਕਤੀ ਦੀ ਆਮਦਨ 25 ਹਜ਼ਾਰ ਰੁਪਿਆ ਮਹੀਨਾ ਹੈ, ਉਹ ਵੀ ਅੰਬਾਨੀ ਵਾਂਗ ਦੇਸ਼ ਦੇ ਉਪਰਲੇ 10 ਫ਼ੀ ਸਦੀ ਵਿਚ ਆਉਂਦਾ ਹੈ। ਭਾਰਤ ਦੀ ਦੌਲਤ ਅਸਲ ਵਿਚ ਕੁੱਝ ਹਜ਼ਾਰ ਹੱਥਾਂ ਤਕ ਹੀ ਸੀਮਤ ਹੋ ਕੇ ਰਹਿ ਗਈ ਹੈ। ਜਿਹੜੇ ਲੋਕਾਂ ਨੇ ਭਾਰਤ ਦੀਆਂ ਨੀਤੀਆਂ ਬਣਾਉਣੀਆਂ ਹਨ, ਉਹ ਸ੍ਰੀਲੰਕਾ ਦੇ ਰਾਸ਼ਟਰਪਤੀ ਵਾਂਗ ਆਮ ਲੋਕਾਂ ਤੋਂ ਦੂਰ ਰਹਿੰਦੇ ਹਨ। ਇਨ੍ਹਾਂ ਉਤੇ ਗੈਸ ਦਾ ਸਿਲੰਡਰ 1000 ਰੁਪਏ ਦਾ ਹੋ ਜਾਣ ਜਾਂ ਪਟਰੌਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਹੋ ਜਾਣ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੀ ਦੌਲਤ ਉਨ੍ਹਾਂ ਨੂੰ ਬੇਖ਼ਬਰ ਰਖਦੀ ਹੈ। ਸਾਡੇ ਵਿਚ ਅਤੇ ਵਿਕਾਸ ਕਰ ਚੁਕੇ ਦੇਸ਼ਾਂ ਵਿਚ ਫ਼ਰਕ ਇਹ ਹੈ ਕਿ ਸਾਡੇ ਵਰਗੇ ਦੇਸ਼ ਵਿਚ ਸਮਾਜਕ ਕੰਮਾਂ ਵਲ ਧਿਆਨ ਨਹੀਂ ਦਿਤਾ ਜਾਂਦਾ। ਸ੍ਰੀਲੰਕਾ ਵਿਚ ਵੀ ਇਹੀ ਹਾਲਤ ਸੀ। ਭਾਰਤ ਵੀ ਇਸੇ ਰਾਹ ਚਲ ਰਿਹਾ ਹੈ। ਸ਼ਾਇਦ ਜੇ ਸਾਡੇ ਸਾਰੇ ਸਿਆਸਤਦਾਨ, ਅਫ਼ਸਰਸ਼ਾਹੀ, ਆਮ ਜਨਤਾ ਵਾਂਗ ਰਹਿਣ ਲਈ ਮਜਬੂਰ ਕਰ ਦਿਤੇ ਜਾਣ ਤਾਂ ਇਹ ਵੀ ਅਪਣੇ ਫ਼ੈਸਲਿਆਂ ਨੂੰ ਲੋਕ ਹਿਤ ਵਿਚ ਸੁਧਾਰਨ ਬਾਰੇ ਸੋਚਣ ਲੱਗ ਪੈੈਣਗੇ।
- ਨਿਮਰਤ ਕੌਰ