ਦੂਜਿਆਂ ਉਤੇ ਬਿਨਾਂ ਕਾਰਨ ਚਿੱਕੜ ਸੁੱਟਣ ਵਾਲੇ ਐਡੀਟਰ ਬਾਰੇ ‘ਅਜੀਤ ਟਰੱਸਟ’ ਦੇ ‘ਟਰੱਸਟੀ’ ਕੀ ਕਾਰਵਾਈ ਕਰ ਰਹੇ ਹਨ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸ਼ਾਇਦ ਇਸੇ ਕਰ ਕੇ ਬਰਜਿੰਦਰ ਹਮਦਰਦ ਨੂੰ ‘ਉੱਚਾ ਦਰ’ ਵਿਚ ਘਪਲੇ ਹੀ ਨਜ਼ਰ ਆਉਂਦੇ ਹਨ ਕਿਉਂਕਿ ਉਨ੍ਹਾਂ ਦੀ ਅਪਣੀ ਸੋਚ ਵਿਚ ਹੀ ਲਾਲਚ ਸੱਭ ਤੋਂ ਉਤੇ ਹੈ।

Barjinder Singh Hamdard

 

ਜੰਗ-ਏ-ਆਜ਼ਾਦੀ ਮਿਊਜ਼ੀਅਮ ਦੀ ਉਸਾਰੀ ਤੇ ਸੰਭਾਲ ਦੀ ਜ਼ਿੰਮੇਵਾਰੀ ਅਜੀਤ ਅਖ਼ਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਦਿਤੀ ਗਈ ਸੀ। ਜਦੋਂ ਅਜਿਹੀ ਜ਼ਿੰਮੇਵਾਰੀ ਦਿਤੀ ਜਾਂਦੀ ਹੈ ਤਾਂ ਉਥੇ ਅਜਿਹੇ ਲੋਕ ਲਗਾਏ ਜਾਣੇ ਚਾਹੀਦੇ ਹਨ ਜਿਨ੍ਹਾਂ ਦੇ ਅੰਦਰ ਕੁੱਝ ਨਵਾਂ ਦੇਣ ਦਾ ਜਜ਼ਬਾ ਹੋਵੇ ਤੇ ਜੋ ‘ਕਾਮਰੇਡੀ ਸੋਚ ਵਾਲੇ’ ਨਾ ਹੋਣ ਸਗੋਂ ਇਸ ਧਰਤੀ ਤੇ ਇਸ ਦੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ ਹੋਣ ਤੇ ਜੋ ਸੂਬੇ ਵਾਸਤੇ ਇਕ ਐਸੀ ਚੀਜ਼ ਬਣਾ ਕੇ ਦੇ ਸਕਣ ਜਿਸ ਸਦਕਾ ਆਉਣ ਵਾਲੀਆਂ ਨਸਲਾਂ ਇਤਿਹਾਸ ਨਾਲ ਜੁੜੀਆਂ ਰਹਿ ਸਕਣ। ਸਰਕਾਰਾਂ ਵੀ ਅਜਿਹੇ ਕਾਰਜਾਂ ਲਈ ਅਪਣੀਆਂ ਤਿਜੌਰੀਆਂ ਖੋਲ੍ਹ ਦੇਂਦੀਆਂ ਹਨ। ਪਰ ਸਰਕਾਰੀ ਮਿਹਰਬਾਨੀਆਂ ਸਦਕਾ ਅਮੀਰ ਬਣੇ ਅਖ਼ਬਾਰ ਦਾ ਸੰਪਾਦਕ ਅਲਮਾਰੀਆਂ ਤੇ ਇੱਟਾਂ ਦੇ ਘਪਲੇ ਵਿਚ ਹੀ ਵੱਡੇ ਇਲਜ਼ਾਮਾਂ ਵਿਚ ਘਿਰ ਜਾਂਦਾ ਹੈ ਤਾਂ ਸਵਾਲ ਇਹ ਉਠਦਾ ਹੈ ਕਿ ਆਖ਼ਰਕਾਰ ਦੂਜਿਆਂ ਉਤੇ ਬਿਨ੍ਹਾਂ ਕਾਰਨ ਚਿੱਕੜ ਸੁੱਟਣ ਵਾਲੇ ਨੂੰ ਆਪ ਦੋਸ਼ -ਮੁਕਤ ਹੋ ਲੈਣ ਤਕ ਇਸ ਕੁਰਸੀ ਤੇ ਕਿਉਂ ਬਰਦਾਸ਼ਤ ਕੀਤਾ ਜਾ ਰਿਹਾ ਹੈ?

 

(ਇਥੇ ‘ਉੱਚਾ ਦਰ ਬਾਬੇ ਨਾਨਕ ਦਾ ਟਰੱਸਟ’ ਦੀ ਗੱਲ ਵਿਲੱਖਣ ਹੈ ਕਿ ਜਦ ‘ਉੱਚਾ ਦਰ ਬਾਬੇ ਨਾਨਕ ਦਾ ਟਰੱਸਟ’ ਨੂੰ ਮਿਲੀ ਛੋਟੀ ਜਹੀ ਸਰਕਾਰੀ ਸਹਾਇਤਾ ਦਾ ਹਿਸਾਬ ਲੈਣ ਆਏ ਅਫ਼ਸਰ ਇਹ ਵੇਖ ਕੇ ਦੰਗ ਰਹਿ ਗਏ ਤੇ ਆਖਦੇ ਰਹੇ ਕਿ ਸਰਕਾਰ ਦੇ 10 ਰੁਪਏ ਨਾਲੋਂ ਤੁਸੀ 10 ਗੁਣਾਂ ਵੱਧ ਕੰਮ ਕਰ ਵਿਖਾਇਆ ਹੈ। ਪਰ ਜਿਹੜੀ ਬਰਕਤ ‘ਉੱਚਾ ਦਰ’ ਵਿਚ ਗ਼ਰੀਬਾਂ ਦੇ ਪੈਸੇ ਦੀ ਵਿਖਾਈ ਦੇਂਦੀ ਹੈ, ਉਹ ਅਮੀਰ ਐਡੀਟਰ ਕਿਉਂ ਨਹੀਂ ਵਿਖਾ ਸਕਦਾ?। ਕੀ ਸਾਰੇ ਅਮੀਰ ਲਾਲਚ ਦੇ ਹੀ ਭਰੇ ਹੁੰਦੇ ਹਨ ਤੇ ਪੈਸੇ ਦੀ ਕੁਰਬਾਨੀ ਕੇਵਲ ਭੁੱਖੇ ਪੇਟ ਰਹਿ ਕੇ ਕੰਮ ਕਰਨ ਵਾਲੇ ਹੀ ਤੇ ਸਰਕਾਰਾਂ, ਅਮੀਰਾਂ ਤੋ ਦੂਰ ਰਹਿਣ ਵਾਲਿਆਂ ਦੇ ਹਿੱਸੇ ਹੀ ਆਉਂਦੀ ਹੈ?

 

ਇਸੇ ਅਜੀਤ ਅਖ਼ਬਾਰ ਦੇ ਸੰਪਾਦਕ ਨੇ ਹਰਿਆਵਲ ਲਹਿਰ ਵੀ ਸ਼ੁਰੂ ਕੀਤੀ ਸੀ ਤੇ ਅਕਾਲੀ ਸਰਕਾਰ ਦੇ ਮੰਤਰੀਆਂ ਤੇ ਐਮ.ਐਲ.ਏਜ਼ ਨੇ ਅਪਣੇ ਸਰਕਾਰੀ ਫ਼ੰਡ ’ਚੋਂ ਕਰੋੜਾਂ ਦਾ ਯੋਗਦਾਨ ਦਿਤਾ ਸੀ। ਸਾਡੇ ਅੰਦਾਜ਼ੇ ਨਾਲ ਜੇ ਉਸ ਹਰਿਆਵਲ ਲਹਿਰ ਨੇ ਅਪਣਾ ਕੰਮ ਇਮਾਨਦਾਰੀ ਨਾਲ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਪੰਜਾਬ ਵਿਚ ਹਰ ਸੜਕ ਕਿਨਾਰੇ ਦਰੱਖ਼ਤਾਂ ਦੀ ਛਾਂ ਹੁੰਦੀ ਤੇ ਹੜ੍ਹਾਂ ਵਿਚ ਬਰਬਾਦੀ ਨਾ ਹੁੰਦੀ। ਜੇ ਉਸ ਲਹਿਰ ’ਚ ਲੱਗੇ 50% ਦਰੱਖ਼ਤ ਵੀ ਅਜੇ ਲੱਗੇ ਹੋਏ ਹਨ ਤੇ ਛਾਂ ਦੇ ਰਹੇ ਹਨ ਤਾਂ ਵੀ ਉਸ ਨੂੰ ਇਮਾਨਦਾਰ ਮੁਹਿੰਮ ਮੰਨ ਲਵਾਂਗੇ। ਪਰ ਅਫ਼ਸੋਸ....!

 

ਗ਼ਰੀਬ ਵਲੋਂ ਭੁੱਖ ਕਾਰਨ ਕੀਤੀ ਚੋਰੀ ਉਸ ਦੀ ਮਜਬੂਰੀ ਹੁੰਦੀ ਹੈ। ਜਦ ਕੋਈ ਅਪਣੀ ਮਾਂ ਦੇ ਇਲਾਜ ਲਈ ਪੈਸੇ ਮੰਗਦਾ ਹੈ ਤਾਂ ਉਸ ਦਾ ਮੰਗਣਾ ਸਮਝ ਵਿਚ ਆ ਜਾਂਦਾ ਹੈ। ਜਦ ਆਜ਼ਾਦੀ ਵਾਸਤੇ ਅਤੇ ਸਰਕਾਰ ਦੇ ਵਿਰੋਧ ਵਿਚ ਆਜ਼ਾਦੀ ਸੰਗਰਾਮੀਏ ਬੈਂਕਾਂ ’ਤੇ ਡਾਕੇ ਮਾਰਦੇ ਸਨ, ਤਾਂ ਵੀ ਉਨ੍ਹਾਂ ਕੋਲ ਕੋਈ ਕਾਰਨ ਤਾਂ ਹੁੰਦਾ ਹੈ। ਅਪਣੀ ਜਾਨ ਨੂੰ ਬਚਾਉਣ ਵਾਸਤੇ ਕੀਤੇ ਹਮਲੇ ਨਾਲ ਕਤਲ ਵੀ ਹੋ ਜਾਂਦੇ ਹਨ ਤੇ ਉਹ ਵੀ (crime of passion) ਕਹਿ ਕੇ ਮਾਫ਼ ਕਰ ਦਿਤੇ ਜਾਂਦੇ ਹਨ। ਪਰ ਲਾਲਚ ਤੇ ਉਹ ਵੀ ਪੜ੍ਹੇ ਲਿਖੇ ਤੇ ਸਰਕਾਰੀ ਤਗ਼ਮਿਆਂ ਨਾਲ ਲੈਸ ਬੰਦੇ  ਕਰਨ ਤਾਂ ਸਮਝ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ। ਜ਼ਿੰਮੇਵਾਰੀ ਵਾਲੀ ਕੁਰਸੀ ਤੇ ਬੈਠ ਕੇ ਐਸੀ ਨੀਵੀਂ ਹਰਕਤ ਸਮਾਜ ਨੂੰ ਬਰਦਾਸ਼ਤ ਨਹੀਂ ਹੁੰਦੀ। ਇਹ ਤਾਂ ਇਕ ਕਰਿਆਨੇ ਦੀ ਦੁਕਾਨ ਵਿਚ ਬੈਠੇ ਛੋਟੇ ਵਪਾਰੀ ਦੀ ਸੋਚ ਹੋ ਸਕਦੀ ਹੈ ਜੋ ਗੋਦਰੇਜ ਦੇ ਨਕਲੀ ਤਾਲੇ ਬਣਾ ਕੇ ਚਾਰ ਪੈਸੇ ਬਣਾਉਣ ਬਾਰੇ ਸੋਚ ਸਕਦਾ ਹੈ।

 

ਸ਼ਾਇਦ ਇਸੇ ਕਰ ਕੇ ਬਰਜਿੰਦਰ ਹਮਦਰਦ ਨੂੰ ‘ਉੱਚਾ ਦਰ’ ਵਿਚ ਘਪਲੇ ਹੀ ਨਜ਼ਰ ਆਉਂਦੇ ਹਨ ਕਿਉਂਕਿ ਉਨ੍ਹਾਂ ਦੀ ਅਪਣੀ ਸੋਚ ਵਿਚ ਹੀ ਲਾਲਚ ਸੱਭ ਤੋਂ ਉਤੇ ਹੈ। ਇਕ ਮਹੀਨਾ ਇਸ਼ਤਿਹਾਰ ਨਾ ਮਿਲੇ ਤਾਂ ਰੋਣ ਬੈਠ ਗਏ ਤੇ ਫਿਰ ਉਨ੍ਹਾਂ ਨੂੰ ਅਕਾਲੀ ਪਾਰਟੀ ਵਲੋਂ ਸਰਕਾਰੀ ਇਸ਼ਤਿਹਾਰਾਂ ਤੋਂ ਦੁਗਣਾ ਦੇ ਕੇ ਚੁਪ ਕਰਵਾਇਆ ਗਿਆ ਦਸਿਆ ਜਾਂਦਾ ਹੈ। ਉਂਜ ਸਰਕਾਰੀ ਕੋਟੇ ਵਿਚੋਂ ਅਖ਼ਬਾਰਾਂ ਨੂੰ ਜਦ ਸਸਤਾ ਕਾਗ਼ਜ਼ ਮਿਲਦਾ ਸੀ, ਉਸ ਵੇਲੇ ਜੋ ਹੋਇਆ, ਉਸ ਨੂੰ ਵੀ ਲੋਕ ਭੁੱਲੇ ਨਹੀਂ। ਇਸ ਵੇਲੇ ਅਜੀਤ ਟਰੱਸਟ ਦੇ ਟਰੱਸਟੀਆਂ ਨੂੰ ਵੀ ਸਾਬਤ ਕਰਨਾ ਚਾਹੀਦਾ ਹੈ ਕਿ ਉਹ ਐਵੇਂ ਖ਼ਾਨਾਪੂਰਤੀ ਲਈ ਹੀ ਟਰੱਸਟੀ ਨਹੀਂ ਬਣੇ ਤੇ ਅਪਣੇ ਐਡੀਟਰ ਦੇ ਕਿਰਦਾਰ ਬਾਰੇ ਸਮਾਜ ਨੂੰ ਜਵਾਬਦੇਹ ਹਨ। ਉਨ੍ਹਾਂ ਨੂੰ ਅਪਣੇ ਸੰਪਾਦਕ ਦੇ ਕਿਰਦਾਰ ਨੂੰ ਜਾਂ ਤਾਂ ਸਾਫ਼ ਸਿੱਧ ਕਰਨਾ ਚਾਹੀਦਾ ਹੈ ਜਾਂ ਇਸ ਅਹੁਦੇ ਤੋਂ ਵਿਜੀਲੈਂਸ ਦੀ ਪੜਤਾਲ ਮੁਕੰਮਲ ਹੋਣ ਤਕ, ਹਟਾ ਦੇਣਾ ਚਾਹੀਦਾ ਹੈ।