ਭਾਰਤ-ਪਾਕ ਸਬੰਧ ਵਿਗੜੇ ਨਹੀਂ ਰਹਿਣੇ ਚਾਹੀਦੇ ਕਿਉਂਕਿ ਇਹ ਕੁੜਿੱਤਣ ਖ਼ਤਰਨਾਕ ਸਿੱਟੇ ਵੀ ਕੱਢ ਸਕਦੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਦੋਂ ਦੀ ਕਾਇਨਾਤ ਸਾਜੀ ਗਈ ਹੈ, ਦੁਨੀਆਂ ਵਿਚ ਜੰਗਾਂ ਚਲਦੀਆਂ ਆ ਰਹੀਆਂ ਹਨ। ਨੇਕੀ ਦੀ ਬਦੀ ਉਤੇ ਜਿੱਤ ਅਖਵਾਉਂਦੀਆਂ ਕਈ ਜੰਗਾਂ ਹਨ ਪਰ ਇਹ ਵੀ ਸੱਚ ਹੈ ਕਿ ਅਖ਼ੀਰ ਸਹੀ....

India-Pakistan

ਜਦੋਂ ਦੀ ਕਾਇਨਾਤ ਸਾਜੀ ਗਈ ਹੈ, ਦੁਨੀਆਂ ਵਿਚ ਜੰਗਾਂ ਚਲਦੀਆਂ ਆ ਰਹੀਆਂ ਹਨ। ਨੇਕੀ ਦੀ ਬਦੀ ਉਤੇ ਜਿੱਤ ਅਖਵਾਉਂਦੀਆਂ ਕਈ ਜੰਗਾਂ ਹਨ ਪਰ ਇਹ ਵੀ ਸੱਚ ਹੈ ਕਿ ਅਖ਼ੀਰ ਸਹੀ ਉਸੇ ਨੂੰ ਆਖਿਆ ਜਾਂਦਾ ਹੈ ਜੋ ਜਿੱਤ ਜਾਂਦਾ ਹੈ। ਆਧੁਨਿਕ ਦੁਨੀਆਂ ਵਿਚ ਜੰਗਾਂ ਦੀ ਸ਼ਕਲ ਬਦਲ ਗਈ ਹੈ। ਵਿਸ਼ਵ ਜੰਗ ਤੋਂ ਬਾਅਦ ਖ਼ੁਫ਼ੀਆ ਏਜੰਟਾਂ ਰਾਹੀਂ ਸੀਤ ਜੰਗ ਦਾ ਦੌਰ ਚਲ ਪਿਆ। ਪਰ ਅੱਜ ਵੀ ਜੰਗਾਂ ਖ਼ਤਮ ਨਹੀਂ ਹੋਈਆਂ। ਦੁਨੀਆਂ ਦਾ ਸੱਭ ਤੋਂ ਤਾਕਤਵਰ ਦੇਸ਼, ਅਮਰੀਕਾ, ਅੱਜ ਤੋਂ 18 ਸਾਲ ਪਹਿਲਾਂ 11 ਸਤੰਬਰ ਨੂੰ ਦੰਗ ਹੋ ਕੇ ਰਹਿ ਗਿਆ ਸੀ ਜਦੋਂ ਉਸ ਉਤੇ ਅਤਿਵਾਦ ਹਾਵੀ ਹੋ ਗਿਆ ਸੀ ਤੇ ਉਸ ਦੇ ਸੱਭ ਤੋਂ ਵੱਡੇ ਵਪਾਰ ਕੇਂਦਰ ਨੂੰ ਸੱਭ ਤੋਂ ਵੱਡੇ ਅਮਰੀਕੀ ਸ਼ਹਿਰ ਵਿਚ ਮਾਰ ਡੇਗਿਆ ਗਿਆ ਸੀ।

ਅਮਰੀਕਾ ਵਿਚ ਮੀਡੀਆ ਦੀ ਆਜ਼ਾਦੀ ਦਾ ਕੋਈ ਮੁਕਾਬਲਾ ਨਹੀਂ ਅਤੇ ਇਨ੍ਹਾਂ 18 ਸਾਲਾਂ ਵਿਚ ਅਮਰੀਕਾ 'ਚ ਇਸ ਹਮਲੇ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋਇਆ ਹੈ। ਹਰ ਉਹ ਪੱਖ ਵੀ ਪੇਸ਼ ਕੀਤਾ ਗਿਆ ਤੇ ਉਧੇੜਿਆ ਗਿਆ ਜਿਸ ਵਿਚ ਅਮਰੀਕੀ ਸਰਕਾਰ ਦੀਆਂ ਉਹ ਨੀਤੀਆਂ ਵੀ ਆਲੋਚਕਾਂ ਦੀ ਦੂਰਬੀਨ ਹੇਠੋਂ ਲੰਘੇ ਬਿਨਾਂ ਨਾ ਰਹਿ ਸਕੀਆਂ ਜਿਨ੍ਹਾਂ ਨੇ ਅਲ ਕਾਇਦਾ, ਤਾਲਿਬਾਨ ਅਤੇ ਆਈ.ਐਸ.ਆਈ.ਐਸ. ਦੇ ਉਭਾਰ ਵਿਚ ਵੀ ਵੱਡਾ ਕਿਰਦਾਰ ਨਿਭਾਇਆ ਸੀ। ਪਰ 18 ਸਾਲ ਬਾਅਦ 9/11 ਦੀ ਯਾਦਗਾਰ ਵਾਲੇ ਦਿਨ ਵੀ ਦੋਹੀਂ ਪਾਸੀਂ ਨਫ਼ਰਤਾਂ ਉਸੇ ਤਰ੍ਹਾਂ ਸੁਲਗ ਰਹੀਆਂ ਹਨ। 'ਅਲ ਕਾਇਦਾ' ਵਲੋਂ ਦੁਨੀਆਂ ਭਰ ਵਿਚ ਅਮਰੀਕੀ ਫ਼ੌਜੀਆਂ ਉਤੇ ਹਮਲਾ ਕਰਨ ਦੀ ਚੇਤਾਵਨੀ, ਅਮਰੀਕੀ ਅਸੈਂਬਲੀ ਉਤੇ ਹਮਲਾ ਅਤੇ ਅਮਰੀਕਾ ਵਲੋਂ ਆਈ.ਐਸ.ਆਈ.ਐਸ. ਦੇ ਕਬਜ਼ੇ ਵਾਲੇ ਇਕ ਟਾਪੂ ਉਤੇ 35 ਹਜ਼ਾਰ ਕਿਲੋਗ੍ਰਾਮ ਦੇ ਬੰਬ ਸੁੱਟਣ ਨਾਲ ਸਾਬਤ ਹੋਇਆ ਕਿ ਇਨਸਾਨ ਕਿੰਨੀ ਵੀ ਤਰੱਕੀ ਕਰ ਜਾਵੇ, ਜੰਗ ਉਸ ਦੀ ਫ਼ਿਤਰਤ 'ਚੋਂ ਨਹੀਂ ਜਾਂਦੀ।

ਭਾਰਤ-ਪਾਕਿਸਤਾਨ ਭਾਵੇਂ ਅੰਗਰੇਜ਼ੀ ਰਾਜ 'ਚੋਂ ਜਨਮੇ ਦੇਸ਼ ਹਨ, ਇਨ੍ਹਾਂ ਦੀ ਕੜਵਾਹਟ ਘਟਣ ਦਾ ਨਾਂ ਨਹੀਂ ਲੈ ਰਹੀ। ਕਸ਼ਮੀਰ ਨੂੰ ਦੋਹਾਂ ਦੇਸ਼ਾਂ ਸਾਹਮਣੇ ਇਕ ਚੂਸਣ ਵਾਲੀ ਹੱਡੀ ਬਣਾ ਕੇ ਅੰਗਰੇਜ਼ ਤਾਂ ਚਲੇ ਗਏ ਪਰ ਦੋਵੇਂ ਦੇਸ਼ ਕਿਸੇ ਨਾ ਕਿਸੇ ਮੋਰਚੇ ਉਤੇ ਲੜਦੇ ਹੀ ਚਲੇ ਆ ਰਹੇ ਹਨ। ਅੱਜ ਪਲੜਾ ਭਾਰਤ ਦਾ ਭਾਰੀ ਹੈ ਕਿਉਂਕਿ ਪਾਕਿਸਤਾਨ ਦੇ ਮੁਕਾਬਲੇ ਉਹ ਤਾਕਤਵਰ ਹੈ ਅਤੇ ਆਧੁਨਿਕ ਜੰਗਾਂ ਵਿਚ ਜਿੱਤ ਤਾਕਤਵਰ ਦੀ ਹੀ ਹੁੰਦੀ ਹੈ। ਜਿਸ ਤਰ੍ਹਾਂ ਅਮਰੀਕਾ ਨੇ ਸੀਰੀਆ, ਇਰਾਕ 'ਚ ਤੇਲ ਦੇ ਲਾਲਚ ਵਿਚ ਤਬਾਹੀ ਸ਼ੁਰੂ ਕੀਤੀ ਸੀ, ਅੱਜ ਉਹ ਦੇਸ਼ ਤਬਾਹ ਵੀ ਹੋ ਗਏ ਹਨ ਅਤੇ ਉਨ੍ਹਾਂ ਉਤੇ ਆਈ.ਐਸ.ਆਈ.ਐਸ. ਦਾ ਗ਼ਲਬਾ ਵੀ ਸਥਾਪਤ ਹੋ ਗਿਆ ਹੈ। ਇਹ ਹੋਣਾ ਹੀ ਸੀ ਕਿਉਂਕਿ ਅਮਰੀਕਾ ਸਰਬ-ਸ਼ਕਤੀਮਾਨ ਹੈ, ਡਾਲਰ ਦੀ ਤਾਕਤ ਨਾਲ ਦੁਨੀਆਂ ਨੂੰ ਨਚਾਉਂਦਾ ਹੈ।

ਭਾਰਤ ਦੁਨੀਆਂ ਵਿਚ ਇਹ ਰੁਤਬਾ ਅਜੇ ਨਹੀਂ ਬਣਾ ਸਕਿਆ ਪਰ ਅਪਣੇ ਵਧਦੇ ਅਰਥਚਾਰੇ ਦੇ ਸਹਾਰੇ ਉਹ ਅਪਣਾ ਅਕਸ ਸੁਧਾਰ ਰਿਹਾ ਹੈ। ਅੱਜ ਫ਼ਰਾਂਸ, ਰੂਸ, ਅਮਰੀਕਾ, ਭਾਰਤ ਦੇ ਨਾਲ ਖੜੇ ਹਨ ਕਿਉਂਕਿ ਉਹ ਭਾਰਤ ਨੂੰ ਅਪਣਾ ਸਮਾਨ ਖ਼ਰੀਦਣ ਵਾਲੀ ਮੰਡੀ ਬਣਾਉਣਾ ਚਾਹੁੰਦੇ ਹਨ। 1947 ਤੋਂ ਚਲਦੀ ਆ ਰਹੀ ਇਸ ਜੰਗ ਵਿਚ ਪਾਕਿਸਤਾਨ ਤੋਂ ਜਿੱਤ ਕੇ ਅਮਰੀਕਾ ਵਾਂਗ ਕੀ ਭਾਰਤ ਵੀ ਸੱਚਾ ਬਣ ਕੇ ਨਿੱਤਰ ਸਕਦਾ ਹੈ? ਜਿਹੜੀ ਲੜਾਈ ਭਾਰਤ ਦੇ ਇਕ ਸੂਬੇ ਅਤੇ ਕੇਂਦਰ ਵਿਚਕਾਰ ਦੀ ਲੜਾਈ ਸੀ, ਅੱਜ ਸੰਯੁਕਤ ਰਾਸ਼ਟਰ ਉਸ ਤੇ ਟਿਪਣੀ ਕਰ ਰਿਹਾ ਹੈ। ਟਿਪਣੀ ਦਾ ਕੇਂਦਰ ਭਾਰਤ ਅਤੇ ਪਾਕਿਸਤਾਨ ਨੂੰ ਬਣਾਇਆ ਗਿਆ ਹੈ ਪਰ ਅਮਰੀਕਾ ਨੂੰ ਕਦੇ ਸੰਯੁਕਤ ਰਾਸ਼ਟਰ ਵਲੋਂ ਇਸ ਤਰ੍ਹਾਂ ਫਟਕਾਰਿਆ ਨਹੀਂ ਗਿਆ ਹੋਵੇਗਾ। ਭਾਰਤੀ ਬੁਲਾਰੇ ਅੱਜ ਅਪਣੀ ਛਾਤੀ ਫੁਲਾ ਰਹੇ ਹਨ ਪਰ ਸੱਚ ਤਾਂ ਇਹ ਹੈ ਕਿ ਜੇ ਜੰਗ ਸ਼ੁਰੂ ਹੋ ਗਈ ਜਾਂ ਕਿਸੇ ਸਿਰਫਿਰੀ ਸੰਸਥਾ ਵਲੋਂ ਕੋਈ ਹਮਲਾ ਹੋ ਗਿਆ ਤਾਂ ਇਕ ਛੋਟੀ ਜਹੀ 'ਪ੍ਰਾਪਤੀ' ਭਾਰਤ ਲਈ ਵੀ ਵੱਡੀ ਤਬਾਹੀ ਲੈ ਕੇ ਆ ਸਕਦੀ ਹੈ।

ਅੱਜ ਜੰਮੂ-ਕਸ਼ਮੀਰ ਜਾਂਦੇ ਕੁੱਝ ਮੁੰਡੇ ਏ.ਕੇ. 47 ਵਰਗੀਆਂ ਬੰਦੂਕਾਂ ਨਾਲ ਫੜੇ ਗਏ। ਖ਼ਬਰਾਂ ਆ ਰਹੀਆਂ ਹਨ ਕਿ ਮਕਬੂਜ਼ਾ ਕਸ਼ਮੀਰ ਤੋਂ ਸਰਹੱਦ ਵਲ ਮਾਰਚ ਕਰ ਕੇ ਤੇ ਭਾਰਤੀ ਇਲਾਕੇ ਵਿਚ ਦਾਖ਼ਲ ਹੋ ਕੇ ਲੋਕ ਅਪਣੇ ਕਸ਼ਮੀਰੀ ਭਾਈਆਂ ਨੂੰ ਘਰ ਵਿਚ ਬੰਦ ਰੱਖਣ ਵਿਰੁਧ ਮੁਜ਼ਾਹਰੇ ਕਰਨਗੇ। ਹਾਲਾਤ ਤਣਾਅਗ੍ਰਸਤ ਹਨ। ਬਸ ਮੀਡੀਆ ਦਾ ਮੂੰਹ ਬੰਦ ਹੈ, ਇਸ ਲਈ ਜਨਤਾ ਨੂੰ ਜਾਪਦਾ ਹੈ ਕਿ ਤਣਾਅ ਦਾ ਕੋਈ ਵਜੂਦ ਨਹੀਂ ਰਿਹਾ। ਜੰਗਾਂ ਤਾਕਤਵਰ ਅਮਰੀਕਾ ਲਈ ਖੇਡ ਹਨ ਕਿਉਂਕਿ ਉਹ ਅਪਣੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਦੇ ਕਾਬਲ ਹੈ। ਸੋ ਉਸ ਦਾ ਇਹ ਸ਼ੌਕ ਬਰਦਾਸ਼ਤ ਕੀਤਾ ਜਾਂਦਾ ਹੈ। ਕੀ ਭਾਰਤ ਸਰਕਾਰ ਅੱਜ ਹਰ ਭਾਰਤੀ ਨੂੰ ਸੁਰੱਖਿਅਤ ਅਤੇ ਵਿਕਾਸ ਵਲ ਵਧਦਾ ਰਖ ਸਕਦੀ ਹੈ? ਭਾਰਤ ਨੂੰ ਅੱਜ ਸਿਰਫ਼ ਇਕੋ ਜੰਗ ਉਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਉਹ ਹੈ ਗ਼ਰੀਬੀ ਵਿਰੁਧ ਜੰਗ। ਹੋਰ ਸਾਰੀਆਂ ਜੰਗਾਂ ਸਾਡਾ ਨੁਕਸਾਨ ਹੀ ਕਰਨਗੀਆਂ।  -ਨਿਮਰਤ ਕੌਰ