ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰੀ ਤੇ ਸੁਖਬੀਰ ਦਾ ਸਪੋਕਸਮੈਨ ਵਿਰੁਧ ਉਬਾਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਕ ਸ਼ਾਤਰ ਦਿਮਾਗ਼ ਇਨਸਾਨ ਜਦੋਂ ਅਪਣੀਆਂ ਮੱਕਾਰੀ ਭਰੀਆਂ ਚਾਲਾਂ ਚਲਦਾ ਹੈ ਤਾਂ ਕੁੱਝ ਕੁ ਗੱਲਾਂ ਤਾਂ ਜਨਤਾ ਦੇ ਸਾਹਮਣੇ ਆ ਹੀ ਜਾਂਦੀਆਂ ਹਨ........

Parkash Singh Badal & Sukhbir Singh Badal

ਇਕ ਸ਼ਾਤਰ ਦਿਮਾਗ਼ ਇਨਸਾਨ ਜਦੋਂ ਅਪਣੀਆਂ ਮੱਕਾਰੀ ਭਰੀਆਂ ਚਾਲਾਂ ਚਲਦਾ ਹੈ ਤਾਂ ਕੁੱਝ ਕੁ ਗੱਲਾਂ ਤਾਂ ਜਨਤਾ ਦੇ ਸਾਹਮਣੇ ਆ ਹੀ ਜਾਂਦੀਆਂ ਹਨ ਪਰ ਕੁੱਝ ਜੋ ਉਹ ਪਰਦੇ ਪਿਛੇ ਕਰਦਾ ਹੈ, ਉਨ੍ਹਾਂ ਨੂੰ ਪ੍ਰਮਾਤਮਾ ਹੀ ਵੇਖ ਸਕਦਾ ਹੈ। ਜਦੋਂ ਪਾਪ ਦਾ ਘੜਾ ਭਰ ਜਾਂਦਾ ਹੈ ਤੇ ਆਦਮੀ ਦਾ ਅੰਤ ਆਉਣ ਦਾ ਸਮਾਂ ਆ ਜਾਂਦਾ ਹੈ ਤਾਂ ਉਹ ਸੱਭ ਕੁੱਝ ਭੁੱਲ ਕੇ ਪ੍ਰਮਾਤਮਾ ਨਾਲ ਮੱਥਾ ਲਗਾ ਲੈਂਦਾ ਹੈ। ਉਸ ਦੀ ਮੱਤ ਮਾਰੀ ਜਾਂਦੀ ਹੈ। ਉਸ ਨੂੰ ਅਪਣੇ ਧੀਆਂ ਪੁੱਤਰਾਂ ਤੋਂ ਬਿਨਾਂ ਕੁੱਝ ਨਜ਼ਰ ਨਹੀਂ ਆਉਂਦਾ। ਜਦੋਂ ਦਿਨ ਮਾੜੇ ਹੋਣ, ਊਠ ਉਤੇ ਚੜ੍ਹੇ ਜਾਂਦੇ ਨੂੰ ਵੀ ਕੁੱਤਾ ਵੱਢ ਲੈਂਦਾ ਹੈ। 

ਇਹ ਜੋ ਸਮਾਂ ਚੱਲ ਰਿਹੈ, ਅਕਾਲੀ ਦਲ ਬਾਦਲ ਦੇ ਮਾੜੇ ਦਿਨਾਂ ਦੀ ਨਿਸ਼ਾਨੀ ਹੈ। ਮਾੜੇ ਦਿਨ ਸ਼ੁਰੂ ਹੋ ਗਏ ਹਨ। ਏਨੀਆਂ ਗ਼ਲਤੀਆਂ ਕਰ ਕੇ ਫਿਰ ਵੀ ਪਛਤਾਵਾ ਨਹੀਂ, ਹੰਕਾਰ ਅਜੇ ਵੀ ਸਤਵੇਂ ਅਸਮਾਨ ਉਤੇ ਹੈ ਤੇ ਹੁਣ ਹਰ ਸੱਚੇ ਸਿੱਖ ਦੀ ਆਵਾਜ਼ ਬਣ ਚੁਕੀ ਅਖ਼ਬਾਰ 'ਰੋਜ਼ਾਨਾ ਸਪੋਕਸਮੈਨ' ਦਾ ਬਾਈਕਾਟ ਕਰਨ ਲਈ ਕਹਿ ਕੇ ਵੱਡੀ ਗ਼ਲਤੀ ਕਰ ਦਿਤੀ ਗਈ ਹੈ। ਇਹ ਦੁਨੀਆਵੀ ਬੰਦਿਆਂ ਵਲੋਂ ਕੱਢੀ ਗਈ ਅਖ਼ਬਾਰ ਨਹੀਂ, ਇਹ ਅਖ਼ਬਾਰ ਜ਼ਰੂਰ ਹੈ ਪਰ ਨਿਕਲੀ 'ਉੱਚਾ ਦਰ ਬਾਬੇ ਨਾਨਕ ਦਾ' ਦੀ ਵਿਚਾਰਧਾਰਾ ਵਿਚੋਂ ਹੈ।

ਇਸ ਵਿਚ ਹਰ ਗੱਲ ਨੂੰ ਲਿਖਣ ਲੱਗਿਆਂ ਸੱਚ ਤੇ ਪਹਿਰਾ ਦਿਤਾ ਜਾਂਦਾ ਹੈ। ਪਰ ਸੱਚ ਲਿਖਣ ਵਾਲੇ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ। ਕਸੂਰ ਤੇ ਉਨ੍ਹਾਂ ਦਾ ਹੈ ਜਿਨ੍ਹਾਂ ਦਾ ਅੰਦਰ ਕੂੜ ਨਾਲ ਭਰਿਆ ਪਿਆ ਹੈ ਤੇ ਜਿਨ੍ਹਾਂ ਨੂੰ ਸੱਚ ਹਜ਼ਮ ਨਹੀਂ ਹੁੰਦਾ। ਇਹ ਅਖ਼ਬਾਰ ਇਸੇ ਕਰ ਕੇ ਹੀ ਦੁਨੀਆਂ ਦੇ ਬਹੁਤੇ ਲੋਕ ਵਿਦੇਸ਼ਾਂ ਵਿਚ ਬੈਠੇ ਇੰਟਰਨੈੱਟ ਤੋਂ ਪੜ੍ਹਦੇ ਹਨ ਕਿਉਂਕਿ ਇਹ ਸੱਚ ਲਿਖਦਾ ਹੈ।

ਕਿਸੇ ਦੀ ਚਮਚਾਗਿਰੀ ਨਹੀਂ ਕਰਦਾ ਤੇ ਨਾ ਹੀ ਇਸ ਨੂੰ ਕੋਈ ਲਾਲਚ ਹੈ। ਸੱਚ ਹਮੇਸ਼ਾ ਵਧਦਾ ਫੁਲਦਾ ਰਿਹਾ ਹੈ ਤੇ ਕੂੜ ਆਖ਼ਰ ਨੂੰ ਨਿਖੁਟ ਜਾਂਦਾ ਹੈ। ਇਹ ਅਖ਼ਬਾਰ ਜਦੋਂ ਦਾ ਸ਼ੁਰੂ ਹੋਇਆ ਹੈ, ਇਸ ਨੂੰ ਬੰਦ ਕਰਵਾਉਣਾ ਚਾਹੁਣ ਵਾਲੇ ਤੇ ਬਾਈਕਾਟ ਕਰਨ ਲਈ ਆਖਣ ਵਾਲੇ ਬਾਬੇ ਨਾਨਕ ਦੇ ਘਰ ਵਿਚੋਂ ਅਪਣਾ ਹੀ ਬਾਈਕਾਟ ਕਰਵਾ ਲੈਂਦੇ ਰਹੇ ਹਨ। ਜਿਨ੍ਹਾਂ ਨੂੰ ਰੱਬ ਰੱਖੇ ਉਨ੍ਹਾਂ ਨੂੰ ਕੌਣ ਮਾਰੇ।

-ਧਰਮ ਸਿੰਘ ਸਾਬਕਾ ਸੂਬੇਦਾਰ, ਸਾਬਕਾ ਮੈਨੇਜਰ ਗੁ. ਅੰਬ ਸਾਹਿਬ ਮੋਹਾਲੀ, ਸੰਪਰਕ : 98760-73057