ਬੰਦਾ ਪ੍ਰਸਿੱਧ ਹੈ ਤਾਂ ਅਸੀ ਉਸ ਦੇ ਗੁਨਾਹ ਮਾਫ਼ ਕਰਨ ਲਈ ਅਪਣੇ ਆਪ ਉਤਾਵਲੇ ਕਿਉਂ ਹੋਣ ਲਗਦੇ ਹਾਂ ?
ਰਾਮ ਰਹੀਮ ਜੇਲ ਤੋਂ ਬਾਹਰ ਆਇਆ ਹੈ ਤੇ ਉਸ ਨੇ ਇਕ ਸਿੱਖ ਦਾ ਰੂਪ ਧਾਰ ਕੇ ਇਕ ਗੀਤ ਗਾਇਆ ਹੈ ਤੇ ਹੁਣ ਕਈ ਸਿੱਖ ਵੀ ਉਸ ਦੇ ਨਾਲ ਖੜੇ ਹੋ ਗਏ ਹਨ।
ਕਾਂਗਰਸ ਵਲੋਂ ਦਿੱਲੀ ਦੀਆਂ ਐਮਸੀਡੀ ਚੋਣਾਂ ਵਿਚ ਜਗਦੀਸ਼ ਟਾਈਟਲਰ ਨੂੰ ਜੇਲ ਵਿਚ ਬੈਠਿਆਂ ਵੀ, ਜ਼ੁੰਮੇਵਾਰੀ ਸੌਂਪੀ ਗਈ ਹੈ। ਜਿਹੜਾ ਇਨਸਾਨ ਸਿੱਖ ਨਸਲਕੁਸ਼ੀ ਵਿਚ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਜੇਲ ਵਿਚ ਸਜ਼ਾ ਕੱਟ ਰਿਹਾ ਹੋਵੇ, ਉਹ ਕੀ ਮਦਦ ਕਰ ਸਕਦਾ ਹੈ? ਪਰ ਟਾਈਟਲਰ ਨੂੰ ਕਾਂਗਰਸ ਵਲੋਂ ਇਸਤੇਮਾਲ ਕਰਨ ਦਾ ਮਤਲਬ ਇਹ ਹੈ ਕਿ ਅਜੇ ਵੀ ਦਿੱਲੀ ਦੇ ਲੋਕ ਟਾਈਟਲਰ ਨੂੰ ਗੁਨਾਹਗਾਰ ਨਹੀਂ ਮੰਨਦੇ।
ਅਸੀਂ ਇੰਦੌਰ ਵਿਚ ਵੇਖਿਆ ਕਿ ਉਥੇ ਖ਼ਾਲਸਾ ਕਾਲਜ ਵਿਚ ਕਮਲਨਾਥ ਨੂੰ ਗੁਰਪੁਰਬ ਮੌਕੇ ਸੱਦਿਆ ਗਿਆ ਸੀ ਤਾਂ ਗ੍ਰੰਥੀ ਮਨਪ੍ਰੀਤ ਸਿੰਘ ਕਾਨਪੁਰੀ, ਇੰਦੌਰ ਦੇ ਸਿੱਖਾਂ ਦੇ ਰਵਈਏ ’ਤੇ ਹੈਰਾਨ ਪ੍ਰੇਸ਼ਾਨ ਹੋ ਕੇ ਰਹਿ ਗਏ ਤੇ ਲੋਕਾਂ ਨੂੰ ਖਰੀਆਂ ਖਰੀਆਂ ਸੁਣਾ ਕੇ ਆਏ ਤੇ ਪ੍ਰਣ ਕੀਤਾ ਕਿ ਉਹ ਮੁੜ ਕਦੇ ਇੰਦੌਰ ਵਿਚ ਨਹੀਂ ਜਾਣਗੇ। ਸੁਪ੍ਰੀਮ ਕੋਰਟ ਵਲੋਂ ਜਸਿਟਸ ਢੀਂਗਰਾ ਦੀ ਅਗਵਾਈ ਵਿਚ ਬਣਾਈ ਇਕ ਕਮੇਟੀ ਨੇ ਅਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਸਿਰਫ਼ ਸਰਕਾਰ ਹੀ ਨਹੀਂ ਬਲਕਿ ਜੱਜ ਵੀ ਸਿੱਖ ਨਸਲਕੁਸ਼ੀ ਦਾ ਸੱਚ ਦਬਾਉਣ ਵਿਚ ਸ਼ਾਮਲ ਸਨ। ਦੂਜੇ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਕਾਂਗਰਸੀ ਸਮਰਥਕਾਂ ਦੇ ਹੱਥ ਵਿਚ ਸੀ ਜਿਨ੍ਹਾਂ ਨੇ ਵਾਰ ਵਾਰ ਅਪਰਾਧੀ ਕਾਂਗਰਸੀਆਂ ਨੂੰ ਸੱਦ ਕੇ ਸਿਰੋਪੇ ਦਿਤੇ। ਪੂਰੀ ਕਾਂਗਰਸ ਨੂੰ ਕਟਹਿਰੇ ਵਿਚ ਖੜੇ ਕਰਨ ਵਾਸਤੇ ਕੋਈ ਨਹੀਂ ਆਖ ਰਿਹਾ ਪਰ ਜਿਹੜੇ ਕਾਂਗਰਸੀ ਅਪਰਾਧੀ ਸਾਬਤ ਹੋ ਚੁਕੇ ਹਨ, ਉਨ੍ਹਾਂ ਵਲੋਂ ਤਾਂ ਅਸੀਂ ਮੂੰਹ ਫੇਰ ਸਕਦੇ ਹਾਂ।
ਰਾਮ ਰਹੀਮ ਜੇਲ ਤੋਂ ਬਾਹਰ ਆਇਆ ਹੈ ਤੇ ਉਸ ਨੇ ਇਕ ਸਿੱਖ ਦਾ ਰੂਪ ਧਾਰ ਕੇ ਇਕ ਗੀਤ ਗਾਇਆ ਹੈ ਤੇ ਹੁਣ ਕਈ ਸਿੱਖ ਵੀ ਉਸ ਦੇ ਨਾਲ ਖੜੇ ਹੋ ਗਏ ਹਨ। ਵੈਸੇ ਤਾਂ ਮਾਂ ਬਾਪ ਅਪਣੀਆਂ ਬੇਟੀਆਂ ਉਸ ਬਲਾਤਕਾਰੀ ਕੋਲ ਪੱਪੀਆਂ-ਜੱਫੀਆਂ ਵਾਸਤੇ ਲੈ ਕੇ ਹਰ ਧਰਮ ’ਚੋਂ ਜਾ ਰਹੇ ਹਨ ਪਰ ਪੰਜਾਬ ਵਿਚ ਪੜੇ੍ਹ ਲਿਖੇ ਲੋਕ ਵੀ ਇਸ ਕਾਤਲ ਨੂੰ ਇਕ ਮੌਕਾ ਦੇਣ ਦੀ ਗੱਲ ਕਰ ਰਹੇ ਹਨ। ਇਕ ਸਿੱਖ ਵਿਧਾਇਕ ਵੀ ਰਾਮ ਰਹੀਮ ਦੇ ਡੇਰੇ ਤੇ ਅਸ਼ੀਰਵਾਦ ਲੈਣ ਪਿਛਲੇ ਦਿਨੀਂ ਚਲਾ ਗਿਆ ਜਦ ਕਿ ਉਸ ਦੀ ਪਾਰਟੀ ਭਾਜਪਾ ਨੂੰ ਇਸ ਬਲਾਤਕਾਰੀ ਕਾਤਲ ਨੂੰ ਚੋਣਾਂ ਵਿਚ ਪੈਰੋਲ ਦੇਣ ਤੇ ਘੇਰ ਰਹੀ ਸੀ।
ਅਮ੍ਰਿਤਪਾਲ ਸਿੰਘ ਜੋ ਹੁਣ ਨੌਜਵਾਨਾਂ ਦੇ ਆਗੂ ਬਣ ਚੁਕੇ ਹਨ, ਅੰਬਾਲਾ ਵਿਚ ਇਕ ਭਾਸ਼ਣ ਦੇ ਕੇ ਆਉਂਦੇ ਹਨ ਤੇ ਆਖਦੇ ਹਨ ਕਿ ਐਸ.ਵਾਈ.ਐਲ ਦਾ ਮੁੱਦਾ ਸਿਰਫ਼ ਹਰਿਆਣਾ-ਪੰਜਾਬ ਦੇ ਕਿਸਾਨਾਂ ਦੀ ਸਾਂਝ ਤੋੜਨ ਵਾਸਤੇ ਚੁਕਿਆ ਜਾ ਰਿਹਾ ਹੈ ਤੇ ਪੰਜਾਬ ਹਰਿਆਣਾ ਤਾਂ ਇਕੱਠੇ ਹਨ। ਇਤਿਹਾਸ ਦੀਆਂ ਗ਼ਲਤੀਆਂ ਦਾ ਕੋਈ ਅੰਤ ਨਹੀਂ ਤੇ ਇਹੋ ਜਿਹੀ ਗੱਲ ਆਖ ਕੇ ਉਹ ਹੁਣ ਐਸਵਾਈਐਲ ਨੂੰ ਖੁਲ੍ਹਵਾ ਕੇ ਪੰਜਾਬ ਲਈ ਮੁਸ਼ਕਲਾਂ ਵੀ ਖੜੀਆਂ ਕਰ ਸਕਦੇ ਹਨ ਪਰ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਨੂੰ ਕੋਈ ਅਜਿਹਾ ਆਗੂ ਚਾਹੀਦਾ ਹੈ ਜੋ ਉਨ੍ਹਾਂ ਨੂੰ ਉਹ ਦਿਸ਼ਾ ਤਾਂ ਦੱਸ ਦੇਵੇ ਜੋ ਉਨ੍ਹਾਂ ਨੂੰ ਤਬਾਹੀ ਵਲ ਨਾ ਲਿਜਾਂਦੀ ਹੋਵੇ।
ਬਤੌਰ ਇਕ ਆਮ ਨਾਗਰਿਕ, ਇਕ ਪੰਜਾਬੀ, ਇਕ ਸਿੱਖ, ਇਕ ਹਿੰਦੁਸਤਾਨੀ ’ਚੋਂ ਕਿਸੇ ਨੂੰ ਵੀ ਅਪਣੇ ਇਤਿਹਾਸ, ਅਪਣੇ ਹੱਕਾਂ, ਅਪਣੀ ਜ਼ਿੰਮੇਵਾਰੀ ਬਾਰੇ ਜਾਣਕਾਰੀ ਹੀ ਕੋਈ ਨਹੀਂ। ਕੋਈ ਆਖਦਾ ਹੈ, ਨਹਿਰੂ ਮਾੜਾ ਹੈ ਤੇ ਫਿਰ ਨਹਿਰੂ ਨੂੰ ਕੋਸਣ ਲੱਗ ਜਾਂਦਾ ਹੈ, ਤੇ ਕੋਈ ਕਹਿੰਦਾ ਹੈ ਕਿ ਕਾਂਗਰਸ ਮਾੜੀ ਹੈ ਪਰ ਕਮਲਨਾਥ ਸਹੀ ਹੈ ਤੇ ਉਸ ਨੂੰ ਗੁਰਪੁਰਬ ਤੇ ਸਨਮਾਨਤ ਕਰਨ ਲੱਗ ਜਾਂਦਾ ਹੈ। ਕੋਈ ਵਕਾਲਤ ਕਰਦਾ ਕਹਿੰਦਾ ਹੈ ਕਿ ਸਾਧ ਨੂੰ ਮਾਫ਼ ਕਰ ਦਿਉ ਕਿਉਂਕਿ ਗੁਰੂ ਸਾਹਿਬ ਨੇ ਕੌਡੇ ਰਾਕਸ਼ ਨੂੰ ਸੁਧਾਰਿਆ ਸੀ ਪਰ ਕੀ ਸਾਧ ਨੂੰ ਅਪਣੇ ਕੁਕਰਮਾਂ ਦਾ ਪਛਤਾਵਾ ਵੀ ਹੈ?
ਕੀ ਸਾਡੇ ਨੌਜਵਾਨ ਆਗੂ ਜਾਣਦੇ ਹਨ ਕਿ ਐਸਵਾਈਐਲ ਦੇ ਪਿਛੇ ਦੀ ਲੜਾਈ ਕੀ ਹੈ? ਕੀ ਅਮ੍ਰਿਤਪਾਲ ਇਹ ਕਹਿ ਸਕਦੇ ਹਨ ਕਿ ਐਸਵਾਈਐਲ ਬਣੇ ਜਾਂ ਨਾ ਕੋਈ ਫ਼ਰਕ ਨਹੀਂ ਪੈਂਦਾ? ਪਰ ਉਸ ਦੀ ਦਿਖ ਸੰਤਾਂ ਵਾਲੀ ਹੈ ਤਾਂ ਚਲੋ ਸੱਭ ਠੀਕ ਹੈ। ਪਰ ਅਸੀਂ ਕਦੀ ਅਪਣੇ ਹੋਸ਼ ਕਾਇਮ ਰੱਖ ਕੇ ਕੇ ਸਾਰੇ ਤੱਥਾਂ ਨੂੰ ਮਾਪ ਤੋਲ ਕੇ ਸਹੀ ਗ਼ਲਤ ਦੀ ਪਹਿਚਾਣ ਕਰਨ ਯੋਗ ਬਣਾਂਗੇ ਵੀ? ਸਾਡੇ ਕੋਲ ਕਾਬਲੀਅਤ ਤਾਂ ਹੈ ਪਰ ਸੌਖਾ ਰਾਹ ਲੱਭ ਕੇ ਖ਼ੁਸ਼ ਹੋ ਜਾਂਦੇ ਹਾਂ ਤੇ ਕਿਸੇ ਇਕ ਜਾਂ ਦੂਜੇ ਪ੍ਰਸਿਧੀ ਪ੍ਰਾਪਤ ਕਰ ਚੁੱਕੇ ਵਿਅਕਤੀ ਪਿੱਛੇ ਲੱਗ ਜਾਂਦੇ ਹਨ ਤੇ ਫਿਰ ਪਛਤਾਉਣ ਵੀ ਲੱਗ ਜਾਂਦੇ ਹਾਂ। -ਨਿਮਰਤ ਕੌਰ