ਨਵੀਂ ਪਾਰਲੀਮੈਂਟ ਬਿਲਡਿੰਗ 'ਚੋਂ ਆਤਮ-ਨਿਰਭਰਤਾ ਭਾਲਦੇ ਹਾਂ ਤੇ ਨਾਨਕੀ ਸੰਵਾਦ...........

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਨਵੀਂ ਪਾਰਲੀਮੈਂਟ ਨੂੰ ਆਤਮ ਨਿਰਭਰਤਾ ਦਾ ਪ੍ਰਤੀਕ ਆਖਿਆ ਜਾ ਰਿਹਾ

New Parliament Building

ਨਵੀਂ ਦਿੱਲੀ: ਬੋਲਣਾ ਤੇ ਸੁਣਨਾ ਲੋਕਤੰਤਰ ਦੀ ਰੂਹ ਹਨ', ਇਹ ਅਲਫ਼ਾਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਨ ਜਦੋਂ ਉਨ੍ਹਾਂ ਨੇ ਇਕ ਨਵੀਂ ਪਾਰਲੀਮੈਂਟ ਦੀ ਨੀਂਹ ਰੱਖੀ। ਮੋਦੀ ਨੇ ਬਾਬੇ ਨਾਨਕ ਦੀ ਬਾਣੀ ਪੜ੍ਹ  ਕੇ ਯਾਦ ਕਰਵਾਇਆ ਕਿ 'ਜਬ ਤਕ ਸੰਸਾਰ ਮੇਂ ਰਹੇ, ਤਬ ਤਕ ਸੰਵਾਦ ਚਲਤੇ ਰਹਿਨੇ ਚਾਹੀਏ।' ਪਰ ਜੇਕਰ ਬਾਬਾ ਨਾਨਕ ਦੇ ਉਪਦੇਸ਼ਾਂ ਅਨੁਸਾਰ ਚਲਣਾ ਹੈ ਤਾਂ ਇਕ-ਦੋ ਸ਼ਬਦ ਹੀ ਨਹੀਂ ਬਲਕਿ ਬਾਬਾ ਨਾਨਕ ਦਾ ਆਖਿਆ ਹਰ ਅੱਖਰ ਸਮਝਣਾ ਅਤੇ ਅਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਪਵੇਗਾ। 'ਸੰਵਾਦ' ਯਾਨੀ ਦੋ ਧਿਰਾਂ ਵਿਚਕਾਰ ਮੁੱਦਾ ਸੁਲਝਾਉਣ ਲਈ ਆਪਸੀ ਗੱਲਬਾਤ।

ਸੰਵਾਦ ਉਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਅਰਨਬ ਗੋਸਵਾਮੀ ਅਪਣੇ ਚੈਨਲ 'ਤੇ ਚੀਕਦਾ ਚਹਾੜਦਾ ਹੈ ਅਤੇ ਉਸ ਤਰੀਕੇ ਦਾ ਵੀ ਨਹੀਂ ਹੋਣਾ ਚਾਹੀਦਾ ਜਿਥੇ ਇਕ ਇਨਸਾਨ ਕਾਲਾ ਕੋਟ ਪਾ ਕੇ ਜੱਜ ਸਾਹਮਣੇ ਦਲੀਲ ਪੇਸ਼ ਕਰ ਰਿਹਾ ਹੁੰਦਾ ਹੈ ਅਤੇ ਜੱਜ ਸੁਣ ਰਿਹਾ ਹੁੰਦਾ ਹੈ, ਇਸ ਸੋਚ ਨਾਲ ਕਿ ਹੁਣ ਮੈਂ ਫ਼ੈਸਲਾ ਸੁਣਾਉਣਾ ਹੈ। ਇਹ ਸੰਵਾਦ ਉਹ ''ਕਹੀਏ ਸੁਣੀਐ'' ਵਾਲਾ ਨਾਨਕੀ ਸੰਵਾਦ ਨਹੀਂ ਜਿਸ ਦੀ ਗੱਲ ਬਾਬਾ ਨਾਨਕ ਕਰਦੇ ਹਨ। ਉਨ੍ਹਾਂ ਦਾ ਸੰਵਾਦ ਤਾਂ ਕੌਡੇ ਰਾਕਸ਼ ਨਾਲ ਵੀ ਹੋਇਆ ਸੀ। ਉਨ੍ਹਾਂ ਦਾ ਸੰਵਾਦ ਦੁਨੀਆਂ ਦੀ ਵੱਡੇ-ਵੱਡੇ ਪੀਰ-ਪੈਗ਼ੰਬਰਾਂ ਨਾਲ ਹੋਇਆ ਅਤੇ ਉਹ ਕਿਸੇ ਅੱਗੇ ਇਹ ਦਾਅਵਾ ਕਰਨ ਦੀ ਅੜੀ ਨਹੀਂ ਸਨ ਕਰਦੇ ਕਿ ਬੱਸ ਕੇਵਲ ਉਹੀ ਸਹੀ ਸਨ।

ਉਹ ਸੁਣਦੇ ਸਨ ਅਤੇ ਅਪਣੀ ਸੋਚ ਦੂਜੇ ਸਾਹਮਣੇ ਪੇਸ਼ ਕਰਦੇ ਸਨ। ਅਸੀ ਅੱਜ ਵੀ ਕੌਡੇ ਰਾਕਸ਼ ਨੂੰ ਯਾਦ ਕਰਦੇ ਹਾਂ ਕਿਉਂਕਿ ਉਹ ਬਾਬਾ ਨਾਨਕ ਦਾ ਸ਼ਰਧਾਲੂ ਬਣ ਗਿਆ ਸੀ। ਉਸ ਵਲੋਂ ਅਨੇਕਾਂ ਪਾਪ ਕਰਨ ਦੇ ਬਾਵਜੂਦ ਬਾਬਾ ਨਾਨਕ ਨਾਲ ਸੰਵਾਦ ਕਰਨ ਤੋਂ ਬਾਅਦ ਉਸ ਨੂੰ ਪਿਆਰ ਮਿਲਿਆ। ਬਾਬਾ ਨਾਨਕ ਨੇ ਉਸ ਨੂੰ ਨਹੀਂ ਕਿਹਾ ਕਿ ਤੂੰ ਰਾਕਸ਼ ਹੈਂ, ਤੇ ਜੇ ਤੂੰ ਮੇਰੀ ਸ਼ਰਨ ਵਿਚ ਨਾ ਆਇਆ ਤਾਂ ਤੇਰਾ ਕੁੱਝ ਨਹੀਂ ਬਣੇਗਾ! ਬਾਬੇ ਨਾਨਕ ਨੇ ਉਸ ਦੇ ਦਿਲ ਦੀ ਗੱਲ ਸੁਣੀ ਅਤੇ ਫਿਰ ਆਪ ਉਹ ਕੁੱਝ ਆਖਿਆ ਜਿਸ ਨਾਲ ਉਨ੍ਹਾਂ ਦਾ ਸੰਵਾਦ ਸਫ਼ਲ ਹੋਇਆ।

ਅੱਜ ਜੇ ਅਸੀ ਭਾਰਤੀ ਸੰਵਾਦ ਵਿਚ ਅਸਲ ਵਿਚ ਬਾਬੇ ਨਾਨਕ ਦੀ ਸੋਚ ਨੂੰ ਦਾਖ਼ਲ ਕਰਨਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਸੁਣਨ ਦੀ ਆਦਤ ਵੀ ਪਾਉਣੀ ਪਵੇਗੀ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਕੋਈ ਵਿਰਲਾ ਹੀ ਅਪਣੇ ਅਨੁਭਵ ਅਨੁਸਾਰ ਮਨ ਦੀ ਗੱਲ ਕਰਦਾ ਹੋਵੇਗਾ ਪਰ ਅੱਗੇ ਲਈ ਹੁਣ ਸੁਣਨ ਦੀ ਤਿਆਰੀ ਵੀ ਕਰਨੀ ਪਵੇਗੀ। ਪ੍ਰਧਾਨ ਮੰਤਰੀ 'ਤੇ ਦੇਸ਼ ਦਾ ਹਰ ਨਾਗਰਿਕ, ਚਾਹੇ ਉਹ ਅਮੀਰ ਹੈ ਜਾਂ ਗ਼ਰੀਬ, ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਅੱਜ ਗ਼ਰੀਬ ਨੂੰ ਇਹ ਨਹੀਂ ਲਗ ਰਿਹਾ ਕਿ ਸਰਕਾਰ ਉਨ੍ਹਾਂ ਦੀ ਗੱਲ ਸੁਣ ਜਾਂ ਸਮਝ ਰਹੀ ਹੈ।

ਜਦੋਂ ਦੇਸ਼ ਦੇ ਕਿਸਾਨ, ਉਹ ਵੀ ਲੱਖਾਂ ਦੀ ਗਿਣਤੀ ਵਿਚ ਠੰਢ ਵਿਚ ਦਿੱਲੀ ਦੀ ਸਰਹੱਦ ਤੇ, ਸੜਕਾਂ ਉਤੇ ਬੈਠੇ ਹਨ ਤਾਂ ਪ੍ਰਧਾਨ ਮੰਤਰੀ ਵਲੋਂ ਇਕ ਨਵੀਂ ਆਲੀਸ਼ਾਨ ਪਾਰਲੀਮੈਂਟ ਬਿਲਡਿੰਗ ਦਾ ਨੀਂਹ ਪੱਥਰ ਰਖਣਾ, ਉਨ੍ਹਾਂ ਲਈ ਇਕ ਵੱਖਰਾ ਸੁਨੇਹਾ ਭੇਜਦੀ ਹੈ। ਉਨ੍ਹਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਕਿਸਾਨਾਂ ਦੀ ਤਕਲੀਫ਼ ਨਾਲ ਪ੍ਰਧਾਨ ਮੰਤਰੀ ਨੂੰ ਕੋਈ ਮਤਲਬ ਨਹੀਂ। ਨਵੀਂ ਪਾਰਲੀਮੈਂਟ ਬਿਲਡਿੰਗ ਦੀ ਉਸਾਰੀ ਉਸ ਸਮੇਂ ਕੀਤੀ ਜਾ ਰਹੀ ਹੈ ਜਦੋਂ ਪੂਰਾ ਦੇਸ਼ ਇਕ ਆਰਥਕ ਮੰਦੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ।

ਭਾਵੇਂ ਦੇਸ਼ ਦੇ 10 ਘਰਾਣੇ ਦੁਨੀਆਂ ਦੇ ਨਾਮੀ ਅਮੀਰਾਂ ਵਿਚ ਸ਼ਾਮਲ ਹੋ ਗਏ ਹਨ ਪਰ 135 ਕਰੋੜ ਆਬਾਦੀ ਅਜੇ ਵੀ ਹਾਲੋਂ ਬੇਹਾਲ ਹੈ। ਉਨ੍ਹਾਂ ਨੂੰ ਅੱਜ ਇਹ ਮਹਿਸੂਸ ਹੋ ਰਿਹਾ ਹੋਵੇਗਾ ਕਿ ਇਹ ਨਵੀਂ ਪਾਰਲੀਮੈਂਟ ਇਕ ਨਵੀਂ ਗੁਲਾਮੀ ਦਾ ਪ੍ਰਤੀਕ ਹੈ। ਇਸ ਨਵੀਂ ਪਾਰਲੀਮੈਂਟ ਨੂੰ ਉਸਾਰਨ ਲਈ ਹਜ਼ਾਰਾਂ ਕਰੋੜ ਦਾ ਖ਼ਰਚ ਹੋਵੇਗਾ ਜਦਕਿ ਦੇਸ਼ ਵਿਚ ਕਰੋੜਾਂ ਲੋਕ ਸੜਕਾਂ 'ਤੇ ਸੁੱਤੇ ਪਏ ਹਨ। ਜਦੋਂ ਕਰੋੜਾਂ ਲੋਕ ਤਾਲਾਬੰਦੀ ਦੌਰਾਨ ਸੜਕਾਂ 'ਤੇ ਆ ਚੁੱਕੇ ਹਨ ਤਾਂ ਕੀ ਇਹ ਖ਼ਰਚਾ ਜਾਇਜ਼ ਵੀ ਹੈ? ਇਸ ਤੋਂ ਬਿਹਤਰ ਅੱਜ ਉਹ ਖਰਚਾ ਹੋਣਾ ਚਾਹੀਦਾ ਹੈ ਜਿਸ ਨਾਲ ਆਮ ਲੋਕਾਂ ਦੀ ਜੇਬ ਵਿਚ ਪੈਸਾ ਪਵੇ।

ਇਸ ਨਵੀਂ ਪਾਰਲੀਮੈਂਟ ਦੇ ਕੁੱਝ ਫ਼ਾਇਦੇ ਗਿਣਵਾਏ ਜਾ ਰਹੇ ਹਨ ਜੋ ਇਕ ਕਾਰਪੋਰੇਟ ਆਫ਼ਿਸ (ਵੱਡੀ ਕੰਪਨੀ) ਦਾ ਚਿਹਰਾ ਪੇਸ਼ ਕਰਦਾ ਹੈ। ਆਖਿਆ ਜਾ ਰਿਹਾ ਹੈ ਕਿ ਹੁਣ ਸੰਸਦ ਮੈਂਬਰ ਕਮਰੇ ਵਿਚ ਬੈਠੇ ਹੀ ਅਪਣੀ ਡਿਜੀਟਲ ਹਾਜ਼ਰੀ ਲਗਾ ਸਕਣਗੇ ਪਰ ਕੀ ਇਹ ਉਸ ਸੰਸਥਾ ਦਾ ਚਿਹਰਾ ਹੋਵੇਗਾ ਜਿਥੇ ਹਾਜ਼ਰੀ ਰਜਿਸਟਰ ਨਹੀਂ, ਮੈਂਬਰਾਂ ਦਾ ਆਪਸੀ ਸੰਵਾਦ ਤੇ ਚਰਚਾ ਪ੍ਰਧਾਨ ਹੋਣੀ ਲਾਜ਼ਮੀ ਹੈ? ਸੰਵਾਦ ਲਈ ਤਾਂ ਅੱਖ ਵਿਚ ਅੱਖ ਪਾ ਕੇ ਗੱਲ ਕਰਨਾ ਜ਼ਿਆਦਾ ਚੰਗਾ ਹੁੰਦਾ ਹੈ। ਸਾਰੇ ਮੈਂਬਰਾਂ ਨੂੰ ਅਪਣੇ ਅਪਣੇ ਹਲਕਿਆਂ ਵਿਚ ਘੁੰਮਣਾ ਪਵੇਗਾ ਕਿਉਂਕਿ ਇਨ੍ਹਾਂ ਦਾ ਕੰਮ ਮੁਨਾਫ਼ਾ ਜਾਂ ਹਾਜ਼ਰੀ ਨਹੀਂ ਬਲਕਿ ਲੋਕਾਂ ਦੀ ਗੱਲ ਸੁਣਨਾ ਹੈ। ਅੱਜ ਜੇ ਉਨ੍ਹਾਂ ਨੇ ਅਪਣਾ ਕੰਮ ਠੀਕ ਤਰ੍ਹਾਂ ਕੀਤਾ ਹੁੰਦਾ ਤਾਂ ਉਹ ਇਹ ਖੇਤੀ ਕਾਨੂੰਨ ਬਣਾਉਂਦੇ ਹੀ ਨਾ ਕਿਉਂਕਿ ਉਹ ਪਹਿਲਾਂ ਹੀ ਜਾਣ ਜਾਂਦੇ ਕਿ ਕਿਸਾਨ ਅਸਲ ਵਿਚ ਕੀ ਚਾਹੁੰਦਾ ਹੈ।

ਨਵੀਂ ਪਾਰਲੀਮੈਂਟ ਨੂੰ ਆਤਮ ਨਿਰਭਰਤਾ ਦਾ ਪ੍ਰਤੀਕ ਆਖਿਆ ਜਾ ਰਿਹਾ ਹੈ। ਅੰਗਰੇਜ਼ ਲੈਟਨ ਦੀ ਬਣਾਈ ਪਾਰਲੀਮੈਂਟ ਵਿਚ ਕਿਹੜੀ ਨਿਰਭਰਤਾ ਸੀ? ਹਾਲ ਵਿਚ ਹੀ ਏਕਤਾ ਦਾ ਬੁੱਤ, ਦੁਨੀਆਂ ਦਾ ਸੱਭ ਤੋਂ ਉੱਚਾ ਬੁੱਤ ਵੀ ਬਣਾਇਆ ਗਿਆ। ਹੁਣ ਦਸੋ, ਕੀ ਦੇਸ਼ ਵਿਚ ਏਕਤਾ ਹੋ ਗਈ ਹੈ? ਕੀ ਇਸ ਤਰ੍ਹਾਂ ਦੇਸ਼ ਵਿਚ ਵੀ ਆਤਮ ਨਿਰਭਰਤਾ ਆ ਜਾਵੇਗੀ? ਕੀ ਦੇਸ਼ ਦੇ ਨੌਜਵਾਨਾਂ ਕੋਲ ਨੌਕਰੀਆਂ ਹਨ? ਹੁਣ, ਕੀ ਇਕ ਇਮਾਰਤ ਸਾਨੂੰ ਆਤਮ ਨਿਰਭਰ ਬਣਾ ਸਕਦੀ ਹੈ?
ਜਦੋਂ ਭਾਰਤ ਖ਼ੁਸ਼ਹਾਲ ਬਣ ਜਾਵੇ, ਇਸ ਦੀ ਅਰਥ ਵਿਵਸਥਾ ਉਸ ਦੀ ਲੋੜ ਅਨੁਸਾਰ ਉਪਰ ਜਾ ਰਹੀ ਹੋਵੇ, ਇਸ ਦੇ ਬੱਚੇ ਅਪਣੀ ਪੜ੍ਹਾਈ ਡਿਜੀਟਲ ਤਰੀਕੇ ਨਾਲ ਕਰ ਰਹੇ ਹੋਣ, ਜਦੋਂ ਭਾਰਤ ਦਾ ਕੋਈ ਵਰਗ ਵੀ ਸੜਕਾਂ 'ਤੇ ਨਾ ਬੈਠਾ ਹੋਵੇ, ਫਿਰ ਨਵੀਆਂ ਇਮਾਰਤਾਂ ਬਣਾਈਆਂ ਜਾਣ ਤਾਂ ਕੋਈ ਇਤਰਾਜ਼ ਨਹੀਂ ਹੋਵੇਗਾ। ਸੁਪਰੀਮ ਕੋਰਟ ਵੀ ਇਸ ਕਦਮ ਤੋਂ ਨਰਾਜ਼ ਹੈ। ਅੱਜ ਭਾਰਤ ਦਾ ਆਮ ਵਾਸੀ ਇਸ ਇਮਾਰਤ ਨੂੰ ਅਪਣੇ ਆਸ਼ੀਰਵਾਦ ਨਹੀਂ ਭੇਜੇਗਾ। ਕੀ ਐਸੇ ਸਮੇਂ ਅਜਿਹੀ ਇਮਾਰਤ ਬਣਾਉਣੀ ਸਹੀ ਹੋਵੇਗੀ? ਕੀ ਸੁਣਨ ਦੀ ਤਾਕਤ ਹੈ?                                                     - ਨਿਮਰਤ ਕੌਰ