Editorial : ਸਿਹਤਮੰਦ ਉਪਰਾਲਾ ਹੈ ਪਾਕਿ ’ਚ ਸੰਸਕ੍ਰਿਤ ਦੀ ਪੜ੍ਹਾਈ
Editorial : ਸਿਹਤਮੰਦ ਉਪਰਾਲਾ ਹੈ ਪਾਕਿ ’ਚ ਸੰਸਕ੍ਰਿਤ ਦੀ ਪੜ੍ਹਾਈ
Editorial: Studying Sanskrit in Pakistan is a healthy endeavor : ਇਕ ਪਾਸੇ ਭਾਰਤ-ਪਾਕਿਸਤਾਨ ਸਬੰਧਾਂ ਵਿਚਲੀ ਕਸ਼ੀਦਗੀ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ, ਦੂਜੇ ਪਾਸੇ ਪਾਕਿਸਤਾਨ ਵਿਚ ਸੰਸਕ੍ਰਿਤ ਭਾਸ਼ਾ ਦੀ ਪੜ੍ਹਾਈ ਲਈ ਯਤਨ ਉਚੇਚੇ ਤੌਰ ’ਤੇ ਸ਼ੁਰੂ ਹੋ ਗਏ ਹਨ। ਸੰਸਕ੍ਰਿਤ ਨੂੰ ਨਿਰੋਲ ਸਨਾਤਨੀ ਭਾਸ਼ਾ ਮੰਨਿਆ ਜਾਂਦਾ ਹੈ। ਪ੍ਰਾਚੀਨ ਕਾਲ ਤੋਂ ਆਮ ਆਦਮੀ ਦੀ ਭਾਸ਼ਾ ਨਾ ਹੋ ਕੇ ਵੀ ਇਸ ਦੀ ਛਾਪ ਸਾਡੇ ਉਪ ਮਹਾਂਦੀਪ ਦੀਆਂ ਤਕਰੀਬਨ ਸਾਰੀਆਂ ਭਾਸ਼ਾਵਾਂ ਉੱਤੇ ਮੌਜੂਦ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲਾਹੌਰ ਯੂਨੀਵਰਸਿਟੀ ਆਫ਼ ਮੈਨੇਜਮੈਂਟ ਸਾਇੰਸਜ਼ ਨੇ ਨਿਵੇਕਲੀ ਪਹਿਲ ਕਰਦਿਆਂ ਪਾਕਿਸਤਾਨ ਵਿਚ ਸੰਸਕ੍ਰਿਤ ਦੀ ਨਿਯਮਿਤ ਪੜ੍ਹਾਈ ਸੰਭਵ ਬਣਾਉਣੀ ਆਰੰਭੀ ਹੋਈ ਹੈ। ਪਹਿਲਾਂ ਇਸ ਨੇ ਇਕ ਵਰਕਸ਼ਾਪ ਦੇ ਰੂਪ ਵਿਚ ਤਿੰਨ ਮਹੀਨਿਆਂ ਲਈ ਹਰ ਸਪਤਾਹ-ਅੰਤ (ਸ਼ਨਿੱਚਰ-ਐਤ ਨੂੰ) ਸੰਸਕ੍ਰਿਤ ਪੜ੍ਹਾਏ ਜਾਣ ਦਾ ਉਪਰਾਲਾ ਸ਼ੁਰੂ ਕੀਤਾ। ਇਸ ਨੂੰ ਮਿਲੇ ਹੁੰਗਾਰੇ ਦੇ ਫ਼ਲਸਰੂਪ ਹੁਣ ਇਕ ਸਾਲ ਦੇ ਸਰਟੀਫ਼ਿਕੇਟ ਕੋਰਸ ਦਾ ਪ੍ਰੋਗਰਾਮ ਉਲੀਕਿਆ ਗਿਆ ਜੋ ਕਿ ਮੁੱਖ ਤੌਰ ’ਤੇ ਮਹਾਭਾਰਤ ਤੇ ਸੀ੍ਰਮਦ ਭਾਗਵਦ ਗੀਤਾ ਦੇ ਅਧਿਐਨ ਉਪਰ ਆਧਾਰਿਤ ਹੋਵੇਗਾ। ਇਸੇ ਯੂਨੀਵਰਸਿਟੀ ਦੇ ਗੁਰਮਾਨੀ ਸੈਂਟਰ ਦੇ ਡਾਇਰੈਕਟਰ ਡਾ. ਅਲੀ ਉਸਮਾਨ ਕਾਸਮੀ ਦੇ ਹਵਾਲੇ ਨਾਲ ਛਪੀਆਂ ਰਿਪੋਰਟਾਂ ਅਨੁਸਾਰ ਸਿੰਧੀ, ਪਸ਼ਤੋ, ਪੰਜਾਬੀ, ਬਲੋਚੀ ਆਦਿ ਪਾਕਿਸਤਾਨੀ ਲੋਕ ਭਾਸ਼ਾਵਾਂ ਦਾ ਮੁੱਢ ਸੰਸਕ੍ਰਿਤ ਨਾਲ ਜੁੜਿਆ ਹੋਇਆ ਹੈ ਅਤੇ ਇਸੇ ਹਕੀਕਤ ਤੋਂ ਅਸਰਅੰਦਾਜ਼ ਹੋ ਕੇ ਸੰਸਕ੍ਰਿਤ ਦੇ ਅਧਿਐਨ ਦਾ ਪ੍ਰਬੰਧ ਕਰਨ ਦੀ ਸੋਚ ਕੁੱਝ ਵਿਦਵਾਨਾਂ ਵਿਚ ਉਭਰੀ। ਇਸੇ ਸੋਚ ਨਾਲ ਜੁੜਿਆ ਇਕ ਅਹਿਮ ਤੱਥ ਇਹ ਵੀ ਹੈ ਕਿ ਪੰਜਾਬ ਯੂਨੀਵਰਸਿਟੀ, ਲਾਹੌਰ ਦੀ ਲਾਇਬਰੇਰੀ ਵਿਚ ਸੰਸਕ੍ਰਿਤ ਪਾਂਡੂਲਿਪੀਆਂ (ਤਾੜ-ਪੱਤਰਾਂ ਉੱਤੇ ਹੱਥਾਂ ਨਾਲ ਲਿਖੀਆਂ ਇਬਾਰਤਾਂ) ਦਾ ਬਹੁਤ ਵੱਡਾ ਸੰਗ੍ਰਹਿ ਮੌਜੂਦ ਹੈ। ਇਸ ਸੰਗ੍ਰਹਿ ਦਾ ਅਧਿਐਨ ਅਮੂਮਨ ਵਿਦੇਸ਼ੀ, ਖ਼ਾਸ ਤੌਰ ’ਤੇ ਯੂਰੋਪੀਅਨ ਖੋਜਾਰਥੀਆਂ ਤੇ ਸ਼ੋਧਕਾਰਾਂ ਵਲੋਂ ਕੀਤਾ ਜਾਂਦਾ ਹੈ। ਪਾਕਿਸਤਾਨੀ ਖੋਜਕਾਰ ਇਸ ਕਿਸਮ ਦੇ ਅਧਿਐਨ ਤੋਂ ਵਿਹੂਣੇ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਸੰਸਕ੍ਰਿਤ ਪੜ੍ਹਨੀ-ਸਮਝਣੀ ਆਉਂਦੀ ਨਹੀਂ। ਸੰਸਕ੍ਰਿਤ ਵਿਆਕਰਣ ਦੇ ਜਨਮਦਾਤੇ ਪਾਣਿਨੀ ਦਾ ਜੱਦੀ ਪਿੰਡ ਲਾਹੌਰ ਖ਼ਿੱਤੇ ਵਿਚ ਸਥਿਤ ਹੈ, ਪਰ ਇਸ ਤੱਥ ਤੋਂ ਚੁਨਿੰਦਾ ਪਾਕਿਸਤਾਨੀ ਵਿਦਵਾਨ ਹੀ ਵਾਕਫ਼ ਹਨ। ਗਿਆਨ ਦੀ ਇਸੇ ਅਣਹੋਂਦ ਨੂੰ ਹੀ ਸਾਹਮਣੇ ਰੱਖ ਕੇ ਸੰਸਕ੍ਰਿਤ ਬਾਰੇ ਜਾਣਕਾਰੀ ਦੇਣ ਦੀ ਵਰਕਸ਼ਾਪ ਆਰੰਭੀ ਗਈ।
ਸੰਸਕ੍ਰਿਤ ਵਾਂਗ ਹੀ ਪੰਜਾਬੀ ਭਾਸ਼ਾ ਗੁਰਮੁਖੀ ਲਿੱਪੀ ਵਿਚ ਪੜ੍ਹਾਏ ਜਾਣ ਦੇ ਯਤਨਾਂ ਨੂੰ ਵੀ ਪਾਕਿਸਤਾਨ ਵਿਚ ਹੁਲਾਰਾ ਮਿਲ ਰਿਹਾ ਹੈ। 1960ਵਿਆਂ ਤੋਂ 90ਵਿਆਂ ਦੌਰਾਨ ‘ਇਕ ਮੁਲਕ, ਇਕ ਭਾਸ਼ਾ’ ਦੇ ਨਾਅਰੇ ਹੇਠ ਸਿਰਫ਼ ਉਰਦੂ ਨੂੰ ਹੀ ਮੁਲਕ ਦੇ ਸਾਰੇ ਸੂਬਿਆਂ ਵਿਚ ਸਰਕਾਰੀ ਸਰਪ੍ਰਸਤੀ ਮਿਲਦੀ ਰਹੀ। ਪਰ 21ਵੀਂ ਸਦੀ ਦੀ ਸ਼ੁਰੂਆਤ ਨੇ ਬਾਕੀ ਭਾਸ਼ਾਵਾਂ ਨੂੰ ਵੀ ਮਾਨਤਾ ਦੇਣ ਵਾਲੀ ਸੋਚ ਉਭਾਰਨੀ ਸ਼ੁਰੂ ਕੀਤੀ। ਇਸੇ ਸੋਚ ਦੇ ਸਿੱਟੇ ਵਜੋਂ ਅਕਤੂਬਰ 2024 ਵਿਚ ਸੂਬਾ ਪੰਜਾਬ ਦੀ ਅਸੈਂਬਲੀ ਨੇ ਸਰਬ-ਸੰਮਤੀ ਨਾਲ ਮਤਾ ਪਾਸ ਕਰ ਕੇ ਪੰਜਾਬੀ ਦੀ ਪੜ੍ਹਾਈ ਸੂਬੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਵਿਚ ਲਾਜ਼ਮੀ ਬਣਾਈ। ਹੁਣ ਛੇਵੀਂ ਤੋਂ ਪੋਸਟ ਗ੍ਰੈਜੂਏਸ਼ਨ ਤਕ ਪੰਜਾਬੀ ਪੜ੍ਹਾਈ ਦਾ ਪ੍ਰਬੰਧ ਸਾਰੇ ਸੂਬੇ ਵਿਚ ਹੈ। ਇਸ ਪੜ੍ਹਾਈ ਦੀ ਲਿੱਪੀ ਭਾਵੇਂ ਸ਼ਾਹਮੁਖੀ ਹੈ, ਫਿਰ ਵੀ ਗੁਰਮੁਖੀ ਸਿਖਾਉਣ ਵਾਲੇ ਆਨਲਾਈਨ ਟਿਊਟਰਾਂ ਦੀ ਗਿਣਤੀ 500 ਦੇ ਕਰੀਬ ਪਹੁੰਚ ਚੁੱਕੀ ਹੈ। ਇਸੇ ਤਰ੍ਹਾਂ ਨਨਕਾਣਾ ਸਾਹਿਬ ਦੇ ਗੁਰੂ ਨਾਨਕ ਮਾਡਲ ਹਾਈ ਸਕੂਲ ਵਿਚ ਗੁਰਮੁਖੀ ਦਾ ਰੋਜ਼ਾਨਾ ਇਕ ਪੀਰੀਅਡ ਛੇਵੀਂ ਤੋਂ ਦਸਵੀਂ ਕਲਾਸਾਂ ਤਕ ਲਾਜ਼ਮੀ ਹੈ। ਪੰਜਾਬੀ ਵਾਂਗ ਹਿੰਦੀ ਦੀ ਵੀ ਐਮ.ਫਿਲ. ਡਿਗਰੀ ਤਕ ਪੜ੍ਹਾਈ ਦਾ ਪ੍ਰਬੰਧ ਪਾਕਿਸਤਾਨੀ ਪੰਜਾਬ, ਖ਼ਾਸ ਕਰ ਕੇ ਨੈਸ਼ਨਲ ਯੂਨੀਵਰਸਿਟੀ ਆਫ਼ ਮਾਡਰਨ ਲੈਂਗੂਏਜਿਜ਼, ਇਸਲਾਮਾਬਾਦ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਮੌਜੂਦ ਹੈ। ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫਾਰ ਸਾਊਥ ਏਸ਼ੀਅਨ ਸਟੱਡੀਜ਼ ਵਿਚ ਤਾਂ ਐਮ.ਫ਼ਿਲ. ਤਕ ਹਿੰਦੀ ਲਾਜ਼ਮੀ ਵਿਸ਼ਾ ਹੈ।
ਦਰਅਸਲ, ਅਜਿਹੇ ਉੱਦਮ ਜਿੱਥੇ ਦੱਖਣ ਏਸ਼ਿਆਈ ਸਮਾਜ ਅੰਦਰਲੇ ਕਈ ਭਰਮ-ਭੁਲੇਖੇ ਦੂਰ ਕਰਦੇ ਹਨ, ਉੱਥੇ ਭਾਸ਼ਾਵਾਂ ਨੂੰ ਸੌੜੇ ਮਜ਼ਹਬੀ ਜਾਂ ਕੌਮੀ ਦਾਇਰੇ ਤਕ ਸੀਮਤ ਕਰਨ ਦੀਆਂ ਕੁਚਾਲਾਂ ਨੂੰ ਵੀ ਬੇਪਰਦ ਕਰਦੇ ਹਨ। ਸਾਡੇ ਦੇਸ਼ ਵਿਚ ਉਰਦੂ ਨੂੰ ‘ਸਿਰਫ਼ ਇਕ ਮਜ਼ਹਬ ਦੀ ਵਿਦੇਸ਼ੀ ਭਾਸ਼ਾ’ ਦੱਸਣ ਵਾਲੇ ਜਨੂਨੀਆਂ ਦੀ ਗਿਣਤੀ ਘੱਟ ਨਹੀਂ। ਫ਼ਿਰਕੂ ਵੰਡੀਆਂ ਰਾਹੀਂ ਵੋਟਾਂ ਬਟੋਰਨ ਵਾਲੀਆਂ ਰਾਜਸੀ ਧਿਰਾਂ ਅਜਿਹੇ ਜਨੂਨੀਆਂ ਦੀਆਂ ਹਰਕਤਾਂ ਨੂੰ ਨਿੰਦਣ ਤੋਂ ਜਾਣ-ਬੁੱਝ ਕੇ ਕਤਰਾਉਂਦੀਆਂ ਹਨ। ਅਜਿਹੇ ਰੁਝਾਨਾਂ ਨੂੰ ਠਲ੍ਹ ਪੈਣੀ ਚਾਹੀਦੀ ਹੈ। ਭਾਸ਼ਾਵਾਂ ਨੂੰ ਧਾਰਮਿਕ ਵੱਲਗਣਾਂ ਵਿਚ ਕੈਦ ਕਰਨ ਦੀ ਥਾਂ ਮੁਕਤ ਫ਼ਿਜ਼ਾ ਵਿਚ ਵਿਚਰਨ ਦੀ ਖੁਲ੍ਹ ਹਰ ਹਾਲ ਮਿਲਣੀ ਚਾਹੀਦੀ ਹੈ। ਇਸੇ ਖੁਲ੍ਹ ਸਦਕਾ ਹਰ ਭਾਸ਼ਾ ਦਾ ਜਿੱਥੇ ਬਚਾਅ ਹੋਵੇਗਾ, ਉੱਥੇ ਅੰਧਰਾਸ਼ਟਰਵਾਦ ਦੀ ਥਾਂ ਇਨਸਾਨੀਅਤ ਦੇ ਜਜ਼ਬੇ ਨੂੰ ਸਹੀ ਤੇ ਸੱਚਾ ਹੁਲਾਰਾ ਵੀ ਮਿਲੇਗਾ।