UP 'ਚ 80: 20 ਦੀ ਲੜਾਈ ਅਰਥਾਤ ਹਿੰਦੂ-ਮੁਸਲਮਾਨ ਦੀ ਲੜਾਈ ਬਣਾਈ ਜਾ ਰਹੀ ਹੈ ਤੇ ਪੰਜਾਬ 'ਚ 84....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਲ੍ਹਾ ਜਾਨ, ਲੁੰਗੀ ਵਾਲੇ, ਟੋਪੀ ਵਾਲੇ, ਬਰਿਆਨੀ ਖਾਣ ਵਾਲੇ ਵਰਗੇ ਸ਼ਬਦਾਂ ਦਾ ਇਸਤੇਮਾਲ ਕਰ ਕੇ ਮੁਸਲਮਾਨ ਤਬਕੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Yogi Adityanath

 

ਭਾਰਤ ਵਿਚ ਕਈ ਚੋਣਾਂ ਵਿਕਾਸ ਨੂੰ ਮੁੱਦਾ ਬਣਾ ਕੇ ਹੋਈਆਂ ਹਨ ਪਰ ਅੱਜ ਦੇ ਦਿਨ ਨਫ਼ਰਤ ਸੱਭ ਤੋਂ ਵੱਡਾ ਚੋਣ ਮੁੱਦਾ ਬਣ ਚੁੱਕਾ ਹੈ। ਉਤਰ ਪ੍ਰਦੇਸ਼ ਵਿਚ 20 ਫ਼ੀ ਸਦੀ ਆਬਾਦੀ ਮੁਸਲਮਾਨਾਂ ਦੀ ਹੋਣ ਕਾਰਨ ਇਹ ਸੂਬਾ ਹਿੰਦੂ ਮੁਸਲਮਾਨ ਸਿਆਸਤ ਵੇਖਦਾ ਆ ਰਿਹਾ ਹੈ। ਪਰ ਇਸ ਵਾਰ ਚੋਣ ਪ੍ਰਚਾਰ ਵਿਚ ਤਕਰੀਬਨ 120 ਫ਼ੀ ਸਦੀ ਵਾਧਾ ਨਫ਼ਰਤ ਦਾ ਹੋ ਰਿਹਾ ਹੈ ਜਿਸ ਦੇ ਪ੍ਰਚਾਰਕਾਂ ਵਿਚ ਸੱਭ ਤੋਂ ਉਪਰ ਭਾਜਪਾ ਵਾਲੇ ਹੀ ਹਨ। ਅੱਲ੍ਹਾ ਜਾਨ, ਲੁੰਗੀ ਵਾਲੇ, ਟੋਪੀ ਵਾਲੇ, ਬਰਿਆਨੀ ਖਾਣ ਵਾਲੇ ਵਰਗੇ ਸ਼ਬਦਾਂ ਦਾ ਇਸਤੇਮਾਲ ਕਰ ਕੇ ਮੁਸਲਮਾਨ ਤਬਕੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਮੰਚਾਂ ਤੋਂ ਵੋਟ ਮੰਗੀ ਜਾਂਦੀ ਹੈ ਭਾਜਪਾ ਤੇ ਸਪਾ ਵਲੋਂ ਇਹ ਕਹਿ ਕੇ ਕਿ ਹੁਣ ਅਸੀ ਹਿੰਦੂ ਧਰਮ ਨੂੰ ਬਚਾ ਸਕਾਂਗੇ। ਪਰ ਤੱਥ ਕੀ ਬੋਲਦੇ ਹਨ? ਬਾਬਰੀ ਮਸਜਿਦ ਢਾਹੀ ਗਈ, ਸੜਕਾਂ ਤੇ ਮੁਸਲਮਾਨਾਂ ਨੂੰ ਦਿੱਲੀ ਦੇ ਸਿੱਖਾਂ ਵਾਂਗ ਮਾਰਿਆ ਗਿਆ, ਅਦਾਲਤ ਨੇ ਆਖ਼ਰ ਵਿਚ ਆ ਕੇ ਬਾਬਰੀ ਮਸਜਿਦ ਦੀ ਜ਼ਮੀਨ ਵੀ ਰਾਮ ਮੰਦਰ ਦੇ ਨਿਰਮਾਣ ਵਾਸਤੇ ਦੇ ਦਿਤੀ ਅਤੇ ਮਸਜਿਦ ਨੂੰ ਛੋਟੀ ਜਿਹੀ ਥਾਂ ਦੇ ਦਿਤੀ। ਮੁਸਲਮਾਨਾਂ ਨੇ ਅਦਾਲਤ ਦੇ ਫ਼ੈਸਲੇ ਅੱਗੇ ਸਿਰ ਝੁਕਾ ਦਿਤਾ ਤੇ ਕੋਈ ਵਿਰੋਧ ਨਾ ਹੋਇਆ। ਪਰ ਫਿਰ ਖ਼ਤਰਾ ਇਸ ਗੱਲ ਤੋਂ ਹੈ ਕਿ ਅੱਜ ਇਸ ਮੁੱਦੇ ਨੂੰ ਵਾਰ ਵਾਰ ਉਛਾਲਿਆ ਜਾ ਰਿਹਾ ਹੈ ਤੇ ਨਫ਼ਰਤ ਦਿਲਾਂ ਵਿਚ ਵਸਾਈ ਜਾ ਰਹੀ ਹੈ।

ਇਹੀ ਹੁਣ ਪੰਜਾਬ ਵਿਚ ਕਰਨ ਦੀ ਤਿਆਰੀ ਹੈ। ਜਦ ਪੰਜਾਬ ਦੇ ਮਸਲਿਆਂ ਦਾ ਹੱਲ ਅੱਜ ਇਕ ਇਮਾਨਦਾਰ ਤੇ ਤਾਕਤਵਰ ਕਿਰਦਾਰ ਵਾਲਾ ਮੁੱਖ ਮੰਤਰੀ ਤਲਾਸ਼ ਰਿਹਾ ਹੈ, ਭਾਜਪਾ 1984 ਦੇ ਸਿੱਖ ਕਤਲੇਆਮ ਨੂੰ ਪੰਜਾਬ ਵਿਚ ਚੋਣ ਮੁੱਦਾ ਬਣਾ ਰਹੀ ਹੈ। ਕਾਂਗਰਸ ਉਤੇ ਇਹ ਦਾਗ਼ ਹਰ ਸਮੇਂ ਰਹੇਗਾ ਪਰ ਜਿਨ੍ਹਾਂ ਨੇ ਇਸ ਨੂੰ ਅੰਜਾਮ ਦਿਤਾ, ਉਹ ਹੁਣ ਦੁਨੀਆਂ ਵਿਚ ਨਹੀਂ ਰਹੇ। ਮਾਫ਼ੀਆਂ ਮੰਗੀਆਂ ਗਈਆਂ, 10 ਸਾਲ ਇਕ ਸਿੱਖ  ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਸ਼ਾਇਦ ਉਸ ਸੱਭ ਕੁੱਝ ਦੇ ਪਛਤਾਵੇ ਵਜੋਂ ਹੀ ਬਣਾਇਆ ਗਿਆ। ਪੰਜਾਬ ਵਿਚ ਕਾਂਗਰਸ ਦਾ ਰਾਜ ਵਾਰ ਵਾਰ ਆਇਆ ਅਤੇ ਅੱਜ ਵੀ ਹੈ। ਉਹ ਜ਼ਖ਼ਮ ਹਰ ਸਿੱਖ ਦੇ ਦਿਲ ਵਿਚ ਹਰ ਦਮ ਹਰੇ ਰਹਿਣਗੇ

ਪਰ ਉਨ੍ਹਾਂ ਨੂੰ ਕੁਰੇਦ ਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਨਾ ਸਹੀ ਨਹੀਂ ਜਦਕਿ ਅੱਜ ਅਸਲ ਮੁੱਦਾ ਇਹ ਹੈ ਕਿ ਪੰਜਾਬ ਵਿਚ ਬੇਅਦਬੀਆਂ ਦੇ ਪਿਛੇ ਸੌਦਾ ਸਾਧ ਦਾ ਹੱਥ ਹੈ ਤੇ ਭਾਜਪਾ ਆਗੂ ਇਨ੍ਹਾਂ ਚੋਣਾਂ ਵਿਚ ਹੀ ਉਸ ਦੇ ਡੇਰੇ ਵਿਚ ਮੱਥਾ ਟੇਕਣ ਜਾ ਰਹੇ ਹਨ। ਸਾਫ਼ ਹੈ ਕਿ ਉਨ੍ਹਾਂ ਵਿਰੁਧ ਤਾਂ ਪਰਚਾ ਨਹੀਂ ਕਰਨਗੇ ਜਿਨ੍ਹਾਂ ਦੇ ਡੇਰੇ ਉਹ ਵੋਟਾਂ ਵਾਸਤੇ ਡੰਡੌਤ ਬੰਦਨਾ ਕਰਦੇ ਹਨ।

ਪੰਜਾਬ ਵਿਚ ਮੁਸਲਮਾਨਾਂ ਵਿਰੁਧ ਨਫ਼ਰਤ ਨਹੀਂ ਹੈ ਪਰ ਪੁਰਾਣੇ ਜ਼ਖ਼ਮ ਹਨ ਜੋ ਇਕ ਸਮੇਂ ਹਿੰਦੂਆਂ ਸਿੱਖਾਂ ਨੂੰ ਇਕ ਦੂਜੇ ਤੋਂ ਦੂਰ ਕਰ ਗਏ ਸਨ। ਉਨ੍ਹਾਂ ਨੂੰ ਕੁਰੇਦ ਕੇ ਹੀ ਸਿਆਸਤਦਾਨ ਅਪਣੇ ਲਈ ਫ਼ਾਇਦਾ ਲੈਣ ਦਾ ਯਤਨ ਕਰਦੇ ਰਹਿੰਦੇ ਹਨ। ਕਦੇ ਖ਼ਾਲਿਸਤਾਨ ਦੀ ਗੱਲ ਸ਼ੁਰੂ ਕਰ ਕੇ ਪੰਜਾਬ ਦੇ ਸਿੱਖਾਂ ਨੂੰ ਬਦਨਾਮ ਕੀਤਾ ਜਾਵੇਗਾ ਤੇ ਕਦੇ ਕਿਸੇ ਪਾਕਿਸਤਾਨੀ ਆਗੂ ਨਾਲ ਚੰਗੇ ਰਿਸ਼ਤੇ ਰਖਣ ਵਾਲੇ ਨੂੰ ਬਦਨਾਮ ਕੀਤਾ ਜਾਵੇਗਾ। ਅੱਜ ਪੂਰੇ ਦੇਸ਼ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਢਿੱਲੀ ਕਰਨ ਦੇ ਨਾਂ ਤੇ ਬਦਨਾਮ ਕੀਤਾ ਜਾ ਰਿਹਾ ਹੈ। ਹਰ ਰਾਤ ਸਾਰਾ ਗੋਦੀ ਮੀਡੀਆ ਪੰਜਾਬ ਵਿਰੁਧ ਪ੍ਰਚਾਰ ਕਰ ਰਿਹਾ ਸੁਣਾਈ ਦੇਂਦਾ ਹੈ ਜਿਵੇਂ ਕਿ ਸਾਰਾ ਪੰਜਾਬ ਪ੍ਰਧਾਨ ਮੰਤਰੀ ਨੂੰ ਮਾਰਨ ਵਾਸਤੇ ਇਕ ਸਾਜ਼ਸ਼ ਰਚ ਰਿਹਾ ਹੋਵੇ।

ਪੰਜਾਬ ਨੂੰ ਇਕ ਬਾਗ਼ੀ ਸੂਬੇ ਵਜੋਂ ਪੇਸ਼ ਕਰ ਕੇ ਬਾਕੀ ਸੂਬਿਆਂ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਜੋੜ ਕੇ ਚੋਣਾਂ ਜਿੱਤਣ ਦਾ ਯਤਨ ਭਾਵੇਂ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਉਤੇ ਹੀ ਕੇਂਦਰਿਤ ਹੋਵੇ ਪਰ ਉਹ ਪੰਜਾਬੀਆਂ ਦਾ ਸਮੁੱਚੇ ਤੌਰ ਤੇ ਨੁਕਸਾਨ ਵੀ ਜ਼ਰੂਰ ਕਰੇਗਾ। ਅੱਜ ਸਾਰੇ ਲੋਕ ਪੁਛਦੇ ਹਨ ਕਿ ਨੌਜਵਾਨ ਕੈਨੇਡਾ ਕਿਉਂ ਜਾਂਦਾ ਹੈ, ਦਿੱਲੀ, ਮਹਾਰਾਸ਼ਟਰ ਕਿਉਂ ਨਹੀਂ? ਕਿਉਂਕਿ ਹਰ ਥਾਂ ਤੇ ਸਿੱਖਾਂ ਨੂੰ ਵਖਰੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਪਰ ਕੈਨੇਡਾ ਵਿਚ ਸਤਿਕਾਰ ਮਿਲਦਾ ਹੈ। ਅੱਜ ਇਕ ਹੋਰ ਵਾਰ ਜੋ ਪੰਜਾਬ ਉਤੇ ਹੋ ਰਿਹਾ ਹੈ, ਉਹ ਪੰਜਾਬੀਆਂ ਨੂੰ ਕਮਜ਼ੋਰ ਤੇ ਲਾਚਾਰ ਦਰਸਾ ਰਿਹਾ ਹੈ।

ਪੰਜਾਬ ਵਿਚਾਰਾ ਮੁਹੱਬਤਾਂ ਦਾ ਭੁੱਖਾ ਹੈ ਤੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਤਤਪਰ ਹੋਇਆ ਰਹਿੰਦਾ ਹੈ। ਯਾਦ ਰੱਖੋ ਪੰਜਾਬ ਦੀ ਅਗਵਾਈ ਵਿਚ ਹੁਣੇ ਹੀ ਦੇਸ਼ ਨੇ ਖੇਤੀ ਕਾਨੂੰਨ ਰੱਦ ਕਰਵਾਏ ਹਨ। ਅੱਜ ਵੀ ਪੰਜਾਬ ਵਿਚ ਐਨੀ ਤਾਕਤ ਹੈ ਕਿ ਸਾਰੇ ਦੇਸ਼ ਲਈ ਉਹ ਹੱਕ ਦੀ ਲੜਾਈ ਲੜ ਸਕਦਾ ਹੈ। ਹਾਂ, ਸਾਡੇ ਅੰਦਰ ਕੁੱਝ ਅਜਿਹੀਆਂ ਸਿਆਸੀ ਤੇ ਧਾਰਮਕ ਕਮਜ਼ੋਰੀਆਂ ਵੜ ਆਈਆਂ ਹਨ ਜੋ ਸਾਨੂੰ ਨਿਰਾਸ਼ ਕਰਦੀਆਂ ਹਨ ਪਰ ਅੰਤ ਵਿਚ ਕਿਸਾਨੀ ਸੰਘਰਸ਼ ਦੀ ਜਿੱਤ ਨੇ ਦਰਸਾ ਦਿਤਾ ਕਿ ਪਿਆਰ, ਸ਼ਾਂਤੀ ਤੇ ਸਬਰ ਨਾਲ ਜਿੱਤ ਲੈਣ ਦੀ ਤਾਕਤ ਆਮ ਇਨਸਾਨ ਦੇ ਹੱਥ ਵਿਚ ਹੁੰਦੀ ਹੈ। ਨਫ਼ਰਤ, ਡਰ ਤੇ ਕਮਜ਼ੋਰੀ ਦਾ ਜਾਲ ਵਿਛਾ ਕੇ ਤੁਹਾਨੂੰ ਵੰਡਿਆ ਜਾ ਰਿਹਾ ਹੈ। ਜੇ ਪੰਜਾਬ ਅਪਣੀ ਬੁਨਿਆਦ ਨਾਲ ਜੁੜਿਆ ਰਿਹਾ ਤਾਂ ਪੰਜਾਬ ਸਹੀ ਚੋਣ ਵੀ ਕਰ ਲਵੇਗਾ ਤੇ ਕਿਸੇ ਦੇ ਬਹਿਕਾਵੇ ਵਿਚ ਵੀ ਨਹੀਂ ਆਵੇਗਾ।                 -ਨਿਮਰਤ ਕੌਰ