Editorial: ਲੋਹੜੀ ਉਹ ਮੰਗਦੇ ਹਾਂ ਜੋ ਸਾਡੇ ਸ੍ਰੀਰਾਂ ਨੂੰ ਹੀ ਨਾ ਗਰਮਾਵੇ ਸਗੋਂ ਸਾਡੇ ਮਨਾਂ ਵਿਚ ਜੰਮ ਚੁੱਕੀ ਠੰਢ ਨੂੰ ਵੀ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਆਸ ਕਰਦੇ ਹਾਂ ਕਿ ਇਹ ਲੋਹੜੀ ਸਾਡੇ ਦਿਲਾਂ ਵਿਚ ਨਿੱਘ ਦੇ ਦੀਵੇ ਵਿਚ ਸਾਡੇ ਵਿਰਾਸਤੀ ਘਿਉ ਦੀ ਲੋਅ ਫਿਰ ਤੋਂ ਜਗਾ ਦੇਵੇ

Lohri

Editorial: ਲੋਹੜੀ ਉਹ ਮੰਗਦੇ ਹਾਂ ਜੋ ਸਾਡੇ ਸ੍ਰੀਰਾਂ ਨੂੰ ਹੀ ਨਾ ਗਰਮਾਵੇ ਸਗੋਂ ਸਾਡੇ ਮਨਾਂ ਵਿਚ ਜੰਮ ਚੁੱਕੀ ਠੰਢ ਨੂੰ ਵੀ ਅਪਣੇ ਨਿੱਘ ਨਾਲ ਜਗਾ ਦੇਵੇ!

ਲੋਹੜੀ ਦੇ ਦਿਨ ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਨੂੰ ਢੇਰ ਸਾਰੀਆਂ ਨਿੱਘੀਆਂ ਤੇ ਪਿਆਰ ਭਰੀਆਂ ਮੁਬਾਰਕਾਂ। ਇਸ ਲੋਹੜੀ ਤੇ ਨਾ ਸਿਰਫ਼ ਸ੍ਰੀਰ ਦੀ ਗਰਮੀ ਗੁਆਉਣ ਲਈ ਸਰਦੀ ਵਿਚ ਸੂਰਜੀ ਨਿੱਘ ਦੀ ਲੋੜ ਹੈ ਬਲਕਿ ਸਾਡੇ ਪੰਜਾਬ ਦੀ ਰੂਹ ਅਤੇ ਰਿਸ਼ਤਿਆਂ ਵਿਚ ਜੰਮ ਗਈ ਠੰਢ ਤੋਂ ਵੀ ਸਾਨੂੰ ਰਾਹਤ ਮਿਲਣ ਦੀ ਲੋੜ ਹੈ। ਅੱਜ ਫਿਰ ਦੁੱਲਾ ਭੱਟੀ ਵਾਲਾ ਚਾਹੀਦਾ ਹੈ ਜਾਂ ਫਿਰ ਸ਼ਾਇਦ ਉਸ ਵਰਗੇ ਸੈਂਕੜੇ ਕੁੜੀਆਂ-ਮੁੰਡੇ ਚਾਹੀਦੇ ਹਨ ਜੋ ਸਾਡੇ ਪੰਜਾਬ ਦੀ ਰੂਹ ਨੂੰ ਮੁੜ ਬਹਾਲ ਕਰਨ ਵਾਸਤੇ ਅਪਣੇ ਵਿਰਾਸਤੀ ਕਿਰਦਾਰ ਨੂੰ ਜਗਾ ਕੇ ਅੱਜ ਦੇ ਮੌਕਾ ਪ੍ਰਸਤਾਂ ਵਿਰੁਧ ਬਗ਼ਾਵਤ ਕਰਨ।

‘ਦੁੱਲਾ ਭੱਟੀ’ ਐਸਾ ਬਾਗ਼ੀ ਸੀ ਕਿ ਉਹ ਅਕਬਰ ਤੇ ਉਸ ਦੀ ਤਾਕਤਵਰ ਜਗੀਰਦਾਰੀ ਵਿਰੁਧ ਖੜਾ ਹੋ ਕੇ ਸਾਰੇ ਸਾਂਝੇ ਪੰਜਾਬ ਵਿਚ ਗ਼ਰੀਬ ਦੇ ਹੱਕ ਦੀ ਆਵਾਜ਼ ਬਣ ਗਿਆ ਸੀ। ‘ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ’ ਵਾਲੇ ਪੰਜਾਬ ਦੀ ਰੂਹ ਨੂੰ ਗਰਮਾਉਣ ਵਾਲੇ ਬੋਲ ਦੁੱਲੇ ਵਲੋਂ ਦੋ ਗ਼ਰੀਬ ਕੁੜੀਆਂ ਨੂੰ ਇਕ ਜ਼ਾਲਮ ਮੁਗ਼ਲ ਅਫ਼ਸਰ ਨਾਲ ਵਿਆਹੇ ਜਾਣ ਤੋਂ ਬਚਾਉਣ ਲਈ ਵਿਖਾਈ ਬਹਾਦਰੀ ਨੂੰ ਦਰਸਾਉਂਦੇ ਹਨ। ਦੁੱਲਾ ਆਪ ਇਕ ਗ਼ਰੀਬ ਮੁਸਲਮਾਨ ਸੀ। ਉਹ ਪੰਜਾਬ ਦੀ ਜ਼ਿੰਦਾਦਿਲੀ  ਦੀ ਨੁਮਾਇੰਦਗੀ ਕਰਦਾ ਸੀ ਕਿ ਗ਼ਰੀਬ ਵੀ ਚਾਹੇ ਤਾਂ ਇਕ ਸ਼ਹਿਨਸ਼ਾਹ ਸਾਹਮਣੇ ਅੜ ਕੇ ਜਿੱਤ ਸਕਦਾ ਹੈ।

ਅੱਜ ਦੁੱਲਾ ਭੁੱਟੀ ਤਾਂ ਲੋਹੜੀ ਦੇ ਢੋਲ ਦੇ ਸ਼ੋਰ ਵਿਚ ਹੀ ਗਵਾਚ ਗਿਆ ਹੈ ਤੇ ਉਹ ‘ਹੋ’ ਦਾ ਹੋਕਾ ਜੋ ਸਾਡੇ ਦੁੱਲੇ ਦੀ ਸੋਚ ਦੇ ਸਮਰਥਨ ਵਿਚ ਲਗਦਾ ਸੀ, ਉਹ ਖੋਖਲਾ ਹੋ ਗਿਆ ਹੈ। ਉਸ ਹੋਕੇ ਵਿਚ ਜੋਸ਼ ਕਿਸ ਤਰ੍ਹਾਂ ਭਰੇਗਾ ਕਿਉਂਕਿ ਅੱਜ ਜਿਥੇ ਵੇਖੋ ਪੰਜਾਬੀਅਤ, ਸਿੱਖੀ, ਸੱਭ ਦਾ ਮਤਲਬ ਹੀ ਗਵਾਚਦਾ ਜਾ ਰਿਹਾ ਹੈ। ਪਹਿਰਾਵੇ ਬਦਲਦੇ ਰਹਿੰਦੇ ਹਨ, ਸਲਵਾਰ ਜਾਂ ਲਹਿੰਗੇ ਨਾਲ ਦਿਲਾਂ ਵਿਚ ਵਸਦੀ ਗਰਮੀ ਨਹੀਂ ਬਦਲਦੀ। ਪਰ ਅੱਜ ਜੋ ਧੁੰਦ ਸਾਡੀਆਂ ਪਹਿਚਾਣਾਂ ’ਤੇ ਪੈਂਦੀ ਜਾ ਰਹੀ ਹੈ, ਉਸ ਨੂੰ ਮਿਟਾਉਣਾ ਜ਼ਰੂਰੀ ਹੈ।

ਇਸ ਲਈ ਪੰਜਾਬ ਨੂੰ ਪੰਜਾਬੀਅਤ ਦਾ ਮਤਲਬ ਸਮਝਣਾ ਪਵੇਗਾ। ਪੰਜਾਬੀਅਤ ਦਾ ਪ੍ਰਤੀਕ ਅੱਜ ਦੇ ਜ਼ਮਾਨੇ ਵਿਚ ਸਿਰਫ਼ ਦਿਖ ਤਕ ਸੀਮਤ ਹੋ ਕੇ ਰਹਿ ਗਿਆ ਹੈ। ਫੁਲਕਾਰੀ ਹੋਵੇ ਜਾਂ ਦੁਪੱਟਾ ਜਾਂ ਫਿਰ ਭੰਗੜਾ-ਗਿੱਧਾ, ਅਸੀ ਕਹਿਣ ਲੱਗ ਜਾਂਦੇ ਹਾਂ ਕਿ ਹੁਣ ਪੰਜਾਬ ਦੀ ਪੁਰਾਣੀ ਸ਼ਾਨ ਬਹਾਲ ਹੋ ਜਾਵੇਗੀ। ਪਰ ਪੰਜਾਬ ਦੀ ਪਹਿਚਾਣ ਸ਼ੁਰੂ ਕਿਥੋਂ ਹੁੰਦੀ ਸੀ, ਉਸ ਸੋਚ ਨੂੰ ਪਹਿਚਾਣੇ ਬਿਨਾਂ ਉਸ ਦੀ ਨਕਲ ਦੇ ਜਸ਼ਨ ਮਨਾਉਣ ਨਾਲ ਵੱਡਾ ਅਸਰ ਨਹੀਂ ਹੋ ਸਕਦਾ। ਢੋਲ ਜਿੰਨਾ ਮਰਜ਼ੀ ਉੱਚਾ ਹੋ ਜਾਵੇ, ਜਦ ਤਕ ਉਸ ਢੋਲ ਵਿਚ ਆਪਸੀ ਭਾਈਚਾਰਕ ਸਾਂਝ ਦਾ ਪਿਆਰ ਨਹੀਂ ਹੋਵੇਗਾ, ਉਹ ਢੋਲ ਸਿਰਫ਼ ਕੰਨਾਂ ਤਕ ਹੀ ਗਰਮੀ ਪਹੁੰਚਾ ਸਕੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਸੀ ਅਪਣੇ ਆਗੂਆਂ ਤੇ ਅਪਣੇ ਧਾਰਮਕ ਲੀਡਰਾਂ ’ਤੇ ਇਲਜ਼ਾਮ ਲਾਵਾਂਗੇ ਤੇ ਉਹ ਹਨ ਵੀ ਉਸੇ ਯੋਗ ਅਤੇ ਪੰਜਾਬ ਵਿਚ ਬਾਬਰ, ਅਕਬਰ, ਅੰਗਰੇਜ਼ ਤੇ ਹੋਰ ਅਨੇਕ ਹਾਕਮਾਂ ਨੇ ਅਪਣੀਆਂ ਮੋਹਰਾਂ ਲਾਈਆਂ ਸਨ ਪਰ ਅਸਲ ਪੰਜਾਬੀਅਤ ਵਿਚ ਦੁੱਲੇ, ਬੰਦਾ ਬਹਾਦਰ, ਮਾਈ ਭਾਗੋ, ਮਹਾਰਾਜਾ ਰਣਜੀਤ ਸਿੰਘ ਤੇ ਹੋਰ ਬਹੁਤ ਸਾਰੇ ਜ਼ਿੰਦਾ ਦਿਲ ਲੋਕ ਵੀ ਸਨ ਜਿਨ੍ਹਾਂ ਨੇ ਪੰਜਾਬੀਅਤ ਨੂੰ ਜ਼ਾਲਮ ਹਾਕਮਾਂ ਸਾਹਮਣੇ ਸਲਾਮਤ ਰਖਿਆ। ਇਸੇ ਪੰਜਾਬ ਦੀ ਧਰਤੀ ’ਤੇ ਟੈਕਸਲਾ ’ਵਰਸਟੀ ਆਈ, ਵੇਦ ਲਿਖੇ ਗਏ, ਬਾਬਾ ਨਾਨਕ ਵਰਗੇ ਮਹਾਂਪੁਰਖ ਐਸੀ ਸੋਚ ਦੇ ਗਏ ਜੋ ਮਾਨਵਤਾ ਨੂੰ ਜੋੜ ਸਕੇ ਪਰ ਅੱਜ ਪੰਜਾਬ ਦੀ ਧਰਤੀ ’ਤੇ ਹਾਕਮ ਤਾਂ ਹੈ ਪਰ ਆਮ ਪੰਜਾਬੀਅਤ ਕਮਜ਼ੋਰ ਪੈ ਗਈ ਹੈ।

ਕਸੂਰ ਕਿਸ ਦਾ ਹੈ? ਹਾਕਮ ਤੇ ਉਸ ਦੇ ਜ਼ੁਲਮ ਦਾ, ਪੰਜਾਬੀਅਤ ਉਤੇ ਵਾਰ ਵਧਦੇ ਜਾ ਰਹੇ ਹਨ ਪਰ ਸਾਹਮਣੇ ਖੜੇ ਪੰਜਾਬੀ ਗਵਾਚ ਗਏ ਲਗਦੇ ਹਨ। ਆਸ ਕਰਦੇ ਹਾਂ ਕਿ ਇਹ ਲੋਹੜੀ ਸਾਡੇ ਦਿਲਾਂ ਵਿਚ ਨਿੱਘ ਦੇ ਦੀਵੇ ਵਿਚ ਸਾਡੇ ਵਿਰਾਸਤੀ ਘਿਉ ਦੀ ਲੋਅ ਫਿਰ ਤੋਂ ਜਗਾ ਦੇਵੇ ਤੇ ਆਉਣ ਵਾਲੇ ਸਮੇਂ ਵਿਚ ਪੰਜਾਬੀਅਤ ਸਾਡੀ ਸੋਚ, ਸਾਡੀਆਂ ਅੱਖਾਂ ਵਿਚੋਂ ਉਸੇ ਤਰ੍ਹਾਂ ਡੁੱਲ੍ਹੇ ਜਿਵੇਂ ਰੱਬ ਨੇ ਆਪ ਭੇਜੀ ਸੀ। ਪੰਜਾਬੀ ਅਪਣੇ ਪਹਿਰਾਵੇ ਨਾਲ ਨਹੀਂ ਪਰ ਅਪਣੇ ਕਰਮਾਂ ਨਾਲ ਪਹਿਚਾਣੇ ਜਾਣ ਵਾਲੇ ਬਣਨ।
- ਨਿਮਰਤ ਕੌਰ