ਦੇਸ਼ ਦੀ ਰਾਖੀ ਲਈ ਰੱਖੇ ਧਨ ਦੀ ਚੋਰੀ ਵਿਚ ਦਿਲਚਸਪੀ ਕਿਉ ਨਹੀਂ !

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੀਯੂਸ਼ ਗੋਇਲ ਠੀਕ ਆਖਦੇ ਹਨ ਕਿ ਵੋਟਰਾਂ ਨੂੰ ਰਾਫ਼ੇਲ ਵਿਚ ਕੋਈ ਦਿਲਚਸਪੀ ਨਹੀਂ.........

Piyush Goyal

ਪੀਯੂਸ਼ ਗੋਇਲ ਠੀਕ ਆਖਦੇ ਹਨ ਕਿ ਵੋਟਰਾਂ ਨੂੰ ਰਾਫ਼ੇਲ ਵਿਚ ਕੋਈ ਦਿਲਚਸਪੀ ਨਹੀਂ। ਵੋਟਰ ਆਖਦੇ ਹਨ ਕਿ ਪਿਛਲੀ ਸਰਕਾਰ ਉਤੇ 500 ਕਰੋੜ ਦੇ ਘਪਲੇ ਦੇ ਇਲਜ਼ਾਮ ਲੱਗੇ ਸਨ ਅਤੇ ਉਹ ਭੁਲ ਭੁਲਾ ਦਿਤੇ ਗਏ, ਕਿਸੇ ਦਾ ਕੁੱਝ ਨਹੀਂ ਸੀ ਵਿਗੜਿਆ। ਰਾਬਰਟ ਵਾਡਰਾ ਉਤੇ ਇਲਜ਼ਾਮ ਲੱਗੇ ਸਨ ਜੋ ਗ਼ਾਇਬ ਹੋ ਗਏ ਅਤੇ ਹੁਣ ਕਿਸੇ ਹੋਰ ਹੀ ਤਰੀਕੇ ਨਾਲ ਉਸ ਨੂੰ ਕਾਨੂੰਨੀ ਸ਼ਿਕੰਜੇ ਵਿਚ ਜਕੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਹਜ਼ਾਰਾਂ ਕਰੋੜ ਦਾ ਰਾਫ਼ੇਲ ਘਪਲਾ ਵੀ ਸ਼ਾਇਦ ਭੁਲ ਭੁਲਾ ਦਿਤਾ ਜਾਵੇ। ਵੋਟਰ ਠੀਕ ਹੀ ਆਖਦਾ ਹੈ ਕਿ ਇਹ ਤਾਂ ਸਿਆਸਤ ਹੈ, ਕੋਈ ਵੀ ਸੱਤਾ ਵਿਚ ਆ ਜਾਏ, ਉਸ ਨੇ ਪੈਸਾ ਖਾਣਾ ਹੀ ਖਾਣਾ ਹੁੰਦਾ ਹੈ। ਬਾਕੀ ਸਾਰਾ ਤਾਂ ਲੋਕਾਂ ਨੂੰ ਮੂਰਖ ਬਣਾਉਣ ਲਈ ਡਰਾਮਾ ਹੀ ਕੀਤਾ ਜਾਂਦਾ ਹੈ।

ਕੇਂਦਰੀ ਮੰਤਰੀ ਪੀਯੂਸ਼ ਗੋਇਲ, ਜੋ ਕਿ ਵਿੱਤ, ਕਾਰਪੋਰੇਟ ਮਾਮਲੇ, ਰੇਲ ਅਤੇ ਕੋਲਾ ਮੰਤਰਾਲੇ ਦਾ ਕੰਮ ਵੇਖਦੇ ਹਨ, ਆਖਦੇ ਹਨ ਕਿ ਰਾਫ਼ੇਲ ਲੜਾਕੂ ਜਹਾਜ਼ ਦਾ ਸੌਦਾ ਵੋਟਰਾਂ ਸਾਹਮਣੇ ਕੋਈ ਵੱਡਾ ਮੁੱਦਾ ਨਹੀਂ। ਰਾਜਨਾਥ ਸਿੰਘ ਆਖਦੇ ਹਨ ਕਿ ਲੋਕ ਪ੍ਰਧਾਨ ਮੰਤਰੀ ਉਤੇ ਭਰੋਸਾ ਕਰਦੇ ਹਨ ਕਿਉਂਕਿ ਉਹ ਸੋਚਦੇ ਹਨ, ਭਲਾ ਛੜੇ ਪ੍ਰਧਾਨ ਮੰਤਰੀ, ਕਿਸ ਵਾਸਤੇ ਭ੍ਰਿਸ਼ਟਾਚਾਰ ਕਰਨਗੇ? ਉਨ੍ਹਾਂ ਦਾ ਤਾਂ ਕੋਈ ਪ੍ਰਵਾਰ ਵੀ ਨਹੀਂ। ਇਹ ਬਿਆਨ ਦੋਹਾਂ ਨੇ 'ਹਿੰਦੂ' ਅਖ਼ਬਾਰ ਵਲੋਂ ਸੁਰੱਖਿਆ ਮੰਤਰਾਲੇ ਦੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਚਿੱਠੀ ਜਨਤਕ ਕਰਨ ਤੇ ਦਿਤੇ ਹਨ।

ਇਸ ਚਿੱਠੀ ਮੁਤਾਬਕ ਸੁਰੱਖਿਆ ਸਕੱਤਰ ਨੇ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਦਾ ਦਫ਼ਤਰ ਰਾਫ਼ੇਲ ਦੇ ਸੌਦੇ ਵਿਚ ਦਖ਼ਲ ਦੇ ਕੇ ਗ਼ਲਤ ਕਰ ਰਿਹਾ ਹੈ। ਇਸ ਚਿੱਠੀ ਤੋਂ ਜਾਪਦਾ ਹੈ ਕਿ ਰਾਫ਼ੇਲ ਹਵਾਈ ਜਹਾਜ਼ ਦਾ ਸੌਦਾ ਪ੍ਰਧਾਨ ਮੰਤਰੀ ਦੇ ਦਫ਼ਤਰ ਵਲੋਂ ਕੀਤਾ ਗਿਆ ਸੀ। ਇਹ ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਫ਼ਰਾਂਸਵਾ ਹੋਲਾਂਦ ਦੇ ਕਥਨਾਂ ਨਾਲ ਮੇਲ ਖਾਂਦਾ ਹੈ ਜਿਨ੍ਹਾਂ ਨੇ ਆਖਿਆ ਸੀ ਕਿ ਅੰਬਾਨੀ ਨੂੰ ਰਾਫ਼ੇਲ ਦਾ ਠੇਕਾ ਦੇਣ ਦੀ ਸ਼ਰਤ ਮੋਦੀ ਜੀ ਨੇ ਰੱਖੀ ਸੀ। ਹੁਣ ਇਨ੍ਹਾਂ ਕਾਗ਼ਜ਼ਾਂ ਤੋਂ ਬਾਅਦ ਰਾਫ਼ੇਲ ਸੌਦੇ ਦੀ ਜਾਂਚ ਹੋਰ ਵੀ ਜ਼ਰੂਰੀ ਬਣ ਜਾਂਦੀ ਹੈ। ਰਾਜਨਾਥ ਜੀ ਆਖਦੇ ਹਨ ਕਿ ਇਕ ਛੜਾ ਕੀਹਦੇ ਲਈ ਭ੍ਰਿਸ਼ਟਾਚਾਰ ਕਰੇਗਾ?

ਰਤਨ ਟਾਟਾ, ਅੱਜ ਭਾਰਤ ਦੀ ਸੱਭ ਤੋਂ ਵੱਡੀ ਕੰਪਨੀ ਦੇ ਮਾਲਕ ਹਨ ਪਰ ਛੜੇ ਹਨ। ਬ੍ਰਹਮਚਾਰੀ ਇਨਸਾਨ ਕਿਸੇ ਵੀ ਦੁਨਿਆਵੀ ਪਦਾਰਥ ਦੀ ਤਲਬ ਰੱਖ ਸਕਦਾ ਹੈ¸ਤਾਕਤ, ਪੈਸਾ, ਸ਼ਾਨੌ-ਸ਼ੌਕਤ ਰਖਣਾ, ਖਾਣਾ ਆਦਿ ਆਦਿ। ਛੜਾ ਹੋਣਾ, ਬੇਕਸੂਰ ਹੋਣ ਦਾ ਸਬੂਤ ਨਹੀਂ ਹੋ ਸਕਦਾ। ਨਾਲੇ ਇਲਜ਼ਾਮ ਨਿਜੀ ਦੌਲਤ ਇਕੱਤਰ ਕਰਨ ਦਾ ਨਹੀਂ ਬਲਕਿ ਭਾਜਪਾ ਨੂੰ ਚੋਣ ਲੜਾਈ ਦਾ ਸਾਰਾ ਖ਼ਰਚਾ ਦੇਣ ਬਦਲੇ, ਅੰਬਾਨੀ ਸਮੇਤ ਕੁੱਝ ਵੱਡੇ ਧੰਨਾ ਸੇਠਾਂ ਨੂੰ ਵੱਡਾ ਲਾਭ ਦੁਆਉਣ ਦਾ ਹੈ। ਪਰ ਪੀਯੂਸ਼ ਗੋਇਲ ਠੀਕ ਆਖਦੇ ਹਨ ਕਿ ਵੋਟਰਾਂ ਨੂੰ ਰਾਫ਼ੇਲ ਵਿਚ ਕੋਈ ਦਿਲਚਸਪੀ ਨਹੀਂ।

ਵੋਟਰ ਆਖਦੇ ਹਨ ਕਿ ਪਿਛਲੀ ਸਰਕਾਰ ਉਤੇ 500 ਕਰੋੜ ਦੇ ਘਪਲੇ ਦੇ ਇਲਜ਼ਾਮ ਲੱਗੇ ਸਨ ਅਤੇ ਉਹ ਭੁਲ ਭੁਲਾ ਦਿਤੇ ਗਏ, ਕਿਸੇ ਦਾ ਕੁੱਝ ਨਹੀਂ ਸੀ ਵਿਗੜਿਆ। ਰਾਬਰਟ ਵਾਡਰਾ ਉਤੇ ਇਲਜ਼ਾਮ ਲੱਗੇ ਸਨ ਜੋ ਗ਼ਾਇਬ ਹੋ ਗਏ ਅਤੇ ਹੁਣ ਕਿਸੇ ਹੋਰ ਹੀ ਤਰੀਕੇ ਨਾਲ ਉਸ ਨੂੰ ਕਾਨੂੰਨੀ ਸ਼ਿਕੰਜੇ ਵਿਚ ਜਕੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਹਜ਼ਾਰਾਂ ਕਰੋੜ ਦਾ ਰਾਫ਼ੇਲ ਘਪਲਾ ਵੀ ਸ਼ਾਇਦ ਚੋਣਾਂ ਮਗਰੋਂ ਗ਼ਾਇਬ ਹੋ ਜਾਵੇ। ਵੋਟਰ ਠੀਕ ਹੀ ਆਖਦਾ ਹੈ ਕਿ ਇਹ ਤਾਂ ਸਿਆਸਤ ਹੈ, ਕੋਈ ਵੀ ਸੱਤਾ ਵਿਚ ਆ ਜਾਏ, ਉਸ ਨੇ ਪੈਸਾ ਖਾਣਾ ਹੀ ਖਾਣਾ ਹੁੰਦਾ ਹੈ। ਬਾਕੀ ਸਾਰਾ ਤਾਂ ਲੋਕਾਂ ਨੂੰ ਮੂਰਖ ਬਣਾਉਣ ਲਈ ਡਰਾਮਾ ਹੀ ਕੀਤਾ ਜਾਂਦਾ ਹੈ।

ਪਰ ਵੋਟਰ ਇਸ ਸਮੇਂ ਇਹ ਨਹੀਂ ਸਮਝ ਰਿਹਾ ਕਿ ਇਸ ਦੀ ਕੀਮਤ ਕੌਣ ਚੁਕਾ ਰਿਹਾ ਹੈ? ਹਾਂ, ਪੈਸਾ ਤਾਂ ਭਾਰਤ ਦੇ ਲੋਕਾਂ ਵਲੋਂ ਦਿਤੇ ਟੈਕਸਾਂ 'ਚੋਂ ਹੀ ਖਾਧਾ ਜਾਵੇਗਾ ਪਰ ਰਾਫ਼ੇਲ ਦਾ ਮਾਮਲਾ ਅਸਲ ਵਿਚ ਸੁਰੱਖਿਆ ਸੈਨਾਵਾਂ ਦੇ ਪੈਸੇ ਦੀ ਚੋਰੀ ਦਾ ਮਾਮਲਾ ਹੈ। ਜੋ ਪੈਸਾ ਉਨ੍ਹਾਂ ਦੀ ਸਹੂਲਤ ਵਾਸਤੇ ਰਖਿਆ ਜਾਂਦਾ ਹੈ, ਉਸ ਦੀ ਚੋਰੀ ਉਨ੍ਹਾਂ ਨੂੰ ਖ਼ਤਰੇ ਵਿਚ ਪਾ ਦੇਣ ਦਾ ਕਾਰਨ ਬਣ ਜਾਂਦੀ ਹੈ। ਪਿਛਲੇ ਹਫ਼ਤੇ ਜਹਾਜ਼ ਡਿੱਗਣ ਕਰ ਕੇ ਇਕ ਪਾਇਲਟ ਦੀ ਮੌਤ ਹੋ ਗਈ। ਉਸ ਦੀ ਪਤਨੀ ਦੇ ਲਫ਼ਜ਼ ਇਸੇ ਸੱਚ ਵਲ ਇਸ਼ਾਰਾ ਕਰਦੇ ਸਨ, 'ਇਕ ਭ੍ਰਿਸ਼ਟ ਸਿਸਟਮ ਨੇ ਇਕ ਹੋਰ ਸ਼ਹੀਦ ਬਣਾ ਦਿਤਾ।'

ਇਕ ਪਾਸੇ 'ਉੜੀ' ਵਰਗੀ ਫ਼ਿਲਮ ਬਣਾਈ ਗਈ ਹੈ ਜਿਸ ਨੂੰ ਵਿਖਾ ਕੇ ਦੇਸ਼ ਨੂੰ ਭਾਵੁਕ ਕੀਤਾ ਜਾ ਰਿਹਾ ਹੈ ਅਤੇ ਫ਼ੌਜੀਆਂ ਦੀ ਕੁਰਬਾਨੀ ਦੀ ਅਹਿਮੀਅਤ ਸਮਝਾਈ ਜਾ ਰਹੀ ਹੈ ਪਰ ਦੂਜੇ ਪਾਸੇ ਭਾਰਤੀ ਸਿਆਸਤਦਾਨਾਂ ਨਾਲ ਮਿਲ ਕੇ ਫ਼ੌਜ ਦੇ ਪੈਸੇ ਨੂੰ ਅਪਣੇ ਫ਼ਾਇਦੇ ਵਾਸਤੇ ਇਸਤੇਮਾਲ ਕਰਨ ਦੀ ਖ਼ਾਮੋਸ਼ ਹਾਮੀ ਭਰੀ ਜਾ ਰਹੀ ਹੈ।
ਜਾਂ ਤਾਂ ਕਹਿ ਦਿਉ ਕਿ ਭਾਰਤ ਦੀ ਵਿਸ਼ਾਲ ਆਬਾਦੀ ਵਿਚ ਕਿਸੇ ਦੀ ਜਾਨ ਦੀ ਕੋਈ ਕੀਮਤ ਨਹੀਂ, ਫ਼ੌਜ ਦਾ ਕੰਮ ਜਾਨ ਖ਼ਤਰੇ ਵਿਚ ਪਾਉਣਾ ਹੁੰਦਾ ਹੈ ਅਤੇ ਉਹ ਅਪਣਾ ਕੰਮ ਕਰ ਰਹੀ ਹੈ ਤੇ ਜਾਂ ਫਿਰ ਅਪਣੇ ਸ਼ਬਦਾਂ ਨੂੰ ਅਪਣੀ ਕਰਨੀ ਦੀ ਕਸਵੱਟੀ ਉਤੇ ਪਰਖ ਕੇ ਸੱਚੇ ਸਾਬਤ ਕਰੋ।

ਜੇ ਫ਼ੌਜੀ ਦੀ ਕੁਰਬਾਨੀ ਅਹਿਮੀਅਤ ਰਖਦੀ ਹੈ ਤਾਂ ਫਿਰ ਉਸ ਦੀ ਸੁਰੱਖਿਆ ਲਈ ਰਖਿਆ ਗਿਆ ਪੈਸਾ, ਸਿਆਸਤਦਾਨਾਂ ਦੇ ਅਪਣੇ ਫ਼ਾਇਦੇ ਲਈ ਵਰਤਿਆ ਜਾਣ ਵਾਲਾ ਫ਼ੰਡ ਨਹੀਂ ਹੋ ਸਕਦਾ।  ਇਕ ਫ਼ਿਲਮ ਵੇਖ ਕੇ ਭਾਵੁਕ ਹੋਣਾ, ਫ਼ੇਸਬੁਕ ਤੇ ਸਾਂਝਾ ਕਰਨਾ, ਸਿਪਾਹੀ ਦਾ ਸਤਿਕਾਰ ਨਹੀਂ ਬਲਕਿ ਰਾਫ਼ੇਲ, ਅਗਸਤਾ, ਬੋਫ਼ੋਰਸ ਵਰਗੇ ਸਵਾਲਾਂ ਤੇ ਡੂੰਘੀ ਤੇ ਨਿਰਪੱਖ ਜਾਂਚ ਉਤੇ ਜ਼ੋਰ ਦੇਣਾ ਸਤਿਕਾਰ ਹੈ। ਰਾਫ਼ੇਲ ਨੂੰ ਹਰ ਉਸ ਵੋਟਰ ਲਈ ਸਮਝਣਾ ਜ਼ਰੂਰੀ ਹੈ ਜੋ ਅਪਣੇ ਫ਼ੌਜੀ ਦੀ ਕੁਰਬਾਨੀ ਦੀ ਕਦਰ ਕਰਦਾ ਹੈ।  -ਨਿਮਰਤ ਕੌਰ