ਮਾਫ਼ੀਆ ਦੇ ਸਰਗ਼ਨੇ ਪੰਜਾਬ ਦੀ ਨਵੀਂ ਲੀਡਰਸ਼ਿਪ ਨੂੰ ਪ੍ਰਵਾਨ ਨਹੀਂ ਕਰ ਰਹੇ.................

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਤੇ ਦਹਿਸ਼ਤਗਰਦੀ ਨੂੰ ਹਰੀ ਝੰਡੀ ਮਿਲ ਰਹੀ ਹੈ...

Bhagwant Mann

 

ਪੰਜਾਬ ਦੀਆਂ ਚੋਣਾਂ ਇਕ ਬਦਲਾਅ ਲਿਆਉਣ ਵਾਸਤੇ ਹੋਈਆਂ ਸਨ ਪਰ ਜੋ ਕੁੱਝ ਅੱਜ ਪੰਜਾਬ ਦੇ ਲੋਕਾਂ ਨੂੰ ਵਿਖਾਇਆ ਜਾ ਰਿਹਾ ਹੈ, ਉਹ ਬਦਲਾਅ ਨਹੀਂ, ਬਦਲਾ ਜਾਪਦਾ ਹੈ। ਨਵੀਂ ਸਰਕਾਰ ਦੇ ਸਹੁੰ ਚੁਕਣ ਦੇ ਬਾਅਦ 21 ਦਿਨਾਂ ਵਿਚ 19 ਕਤਲ ਦੇ ਮਾਮਲੇ ਸਾਹਮਣੇ ਆਏ ਜੋ ਕਿ ਆਮ ਕਤਲ ਨਹੀਂ ਸਨ। ਸੂਬੇ ਵਿਚ ਥਾਂ ਥਾਂ ਤੇ ਗੋਲੀਆਂ ਚਲੀਆਂ ਤੇ ਅੱਜ ਪੂਰਾ ਦੇਸ਼ ਪੰਜਾਬ ਵਲ ਵੇਖ ਰਿਹਾ ਹੈ ਕਿ ਆਖ਼ਰ ਪੰਜਾਬ ਵਿਚ ਹੋ ਕੀ ਰਿਹਾ ਹੈ। ਪੰਜਾਬ ਦੀ ਸਰਕਾਰ ਜਿਨ੍ਹਾਂ ਹੱਥਾਂ ਵਿਚ ਗਈ ਹੈ, ਉਹ ਸਿਆਸੀ ਰਵਾਇਤਾਂ ਤੋਂ ਅਣਜਾਣ ਹਨ ਤੇ ਕਈ ਅਜਿਹੇ ਲੋਕ ਹਨ ਜੋ ਅੱਜ ਤੋਂ ਪਹਿਲਾਂ ਕਿਸੇ ਸਰਕਾਰੀ ਕਲਰਕ ਦੇ ਸਾਹਮਣੇ ਵੀ ਹੱਥ ਜੋੜੀ ਖੜੇ ਵੇਖੇ ਜਾਂਦੇ ਸਨ ਪਰ ਅੱਜ ਉਹ ਏਨੇ ਵੱਡੇ ਹੋ ਗਏ ਹਨ ਕਿ ਮਾਫ਼ੀਆ ਸਮੇਤ ਤਾਕਤਵਰ ਲੋਕਾਂ ਨੂੰ ਐਨੇ ਚੁਭਣ ਲੱਗ ਪਏ ਹਨ ਕਿ ਉਨ੍ਹਾਂ ਨੇ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਸਿਰਜਣ ਲਈ ਹਰੀ ਝੰਡੀ ਦੇ ਦਿਤੀ ਹੈ।

 

ਜੋ ਨਵੀਂ ਸਿਆਸੀ ਲੀਡਰਸ਼ਿਪ ਆਈ ਹੈ, ਮਾਫ਼ੀਆ ਉਸ ਵਿਰੁਧ ਬਗ਼ਾਵਤ ਵਿਚ ਉਠ ਖੜਾ ਹੋਇਆ ਲਗਦਾ ਹੈ। ਅੱਜ ਪੰਜਾਬ ਵਿਚ ਨਸ਼ਾ ਮਾਫ਼ੀਆ, ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ ਦੇ ਨਾਲ ਨਾਲ ਇਕ ਭ੍ਰਿਸ਼ਟਾਚਾਰ ਦਾ ਮਾਫ਼ੀਆ ਵੀ ਚਲਦਾ ਹੈ। ਇਹ ਮਾਫ਼ੀਆ ਬਾਕੀਆਂ ਨਾਲੋਂ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਇਹ ਸਿਸਟਮ ਦਾ ਅਜਿਹਾ ਹਿੱਸਾ ਹੈ ਜਿਸ ਦੀਆਂ ਜੜ੍ਹਾਂ ਕੱਟੀਆਂ ਜਾਣਗੀਆਂ ਤਾਂ ਕੁੱਝ ਦੇਰ ਵਾਸਤੇ ਪੰਜਾਬ ਦੀ ਅਰਥ ਵਿਵਸਥਾ ਵੀ ਬੁਰੀ ਤਰ੍ਹਾਂ ਹਿਲ ਜਾਏਗੀ। ਅੱਜ ਦੇ ਦਿਨ ਕਿਹੜਾ ਕੰਮ ਹੈ ਜੋ ਤੁਸੀਂ ਪੈਸਾ ਦਿਤੇ ਬਗ਼ੈਰ, ਕਰਵਾ ਸਕਦੇ ਹੋ?

 

 

ਕੀ ਤੁਸੀ ਅਪਣੀ ਕੋਈ ਫ਼ਾਈਲ ਰਿਸ਼ਵਤ ਦਿਤੇ ਬਿਨਾਂ ਪਾਸ ਕਰਵਾ ਸਕਦੇ ਹੋ? ਹੁਣ ਸਾਡੀ ਸੋਚ ਵੀ ਅਜਿਹੀ ਹੋ ਗਈ ਹੈ ਕਿ ਜਦ ਅਸੀ ਅਪਣੇ ਕੰਮ ਦੇ ਖ਼ਰਚੇ ਦਾ ਅੰਦਾਜ਼ਾ ਲਗਾਉਂਦੇ ਹਾਂ ਤਾਂ 10 ਫ਼ੀ ਸਦੀ ਸਰਕਾਰੀ ਰਿਸ਼ਵਤ ਦਾ ਹਿੱਸਾ ਰਖਣਾ ਅਸੀ ਗ਼ਲਤ ਨਹੀਂ ਸਮਝਦੇ। ਸਾਨੂੰ ਇਹ ਚੁਭਣਾ ਉਦੋਂ ਸ਼ੁਰੂ ਹੋਇਆ ਜਦ ਅਕਾਲੀ ਰਾਜ ਸਮੇਂ ਰਿਸ਼ਵਤ ਦਾ ਇਹ ਹਿੱਸਾ 30 ਤੋਂ 40 ਫ਼ੀ ਸਦੀ ਤਕ ਚਲਾ ਗਿਆ ਸੀ। 10 ਫ਼ੀ ਸਦੀ ਰਿਸ਼ਵਤ ਦੇਸ਼ ਵਾਸੀਆਂ ਲਈ ਸਵੀਕਾਰ ਕਰਨ ਯੋਗ ਤੇ ਆਮ ਜਹੀ ਗੱਲ ਬਣ ਗਈ ਹੈ ਤੇ ਬਿਲਕੁਲ ਵੀ ਚੁਭਦੀ ਨਹੀਂ। ਪਰ ਅੱਜ ਦੀ ਨਵੀਂ ਸੋਚ ਇਸ 10 ਫ਼ੀ ਸਦੀ ਤੇ ਵੀ ਹਾਵੀ ਹੋ ਰਹੀ ਹੈ ਤੇ ਇਹ ਰਿਸ਼ਵਤ ਮਾਫ਼ੀਆ ਸ਼ਾਇਦ ਨਸ਼ੇ ਦੇ ਵਪਾਰ ਤੋਂ ਵੀ ਜ਼ਿਆਦਾ ਮੁਨਾਫ਼ਾ ਕਮਾਉਂਦਾ ਹੋਵੇਗਾ।

 

ਜਦ 19 ਕਤਲ ਹੋਏ ਤਾਂ ਪੰਜਾਬ ਸਰਕਾਰ ਵਲੋਂ ਇਕ ਪਹਿਲਾਂ ਚਲਦੀ ਟਾਸਕ ਫ਼ੋਰਸ ਨੂੰ ਨਵੇਂ ਰੂਪ ਵਿਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਅਜੇ ਤਾਂ ਤਿੰਨ ਚਾਰ ਦਿਨ ਹੀ ਹੋਏ ਹਨ ਤੇ ਟਾਸਕ ਫ਼ੋਰਸ ਦਾ ਅਸਰ ਨਜ਼ਰ ਨਹੀਂ ਆ ਰਿਹਾ ਪਰ ਗੁੰਡਾਗਰਦੀ ਸਾਫ਼ ਨਜ਼ਰ ਆ ਰਹੀ ਹੈ। ਜਦ ਅਸਰ ਨਜ਼ਰ ਆਵੇਗਾ ਤਾਂ ਕੀ ਹੋਵੇਗਾ? ਕੁੱਝ ਹੋਰ ਪੰਜਾਬੀ ਨੌਜਵਾਨ ਮਾਰੇ ਜਾਣਗੇ। ਕੁੱਝ ਹਿੰਸਾ ਦੀ ਹਨੇਰੀ ਗਲੀ ਵਿਚ ਭਟਕ ਵੀ ਜਾਣਗੇ ਅਤੇ ਕੁੱਝ ਉਨ੍ਹਾਂ ਦੇ ਪਿੱਛੇ ਲੱਗ ਤੁਰਨ ਵਾਲੀਆਂ ਭੇਡਾਂ ਹੀ ਹੋਣਗੀਆਂ ਪਰ ਹਨ ਤਾਂ ਉਹ ਸਾਡੇ ਪੁੱਤਰ ਹੀ। ਮੁੱਖ ਮੰਤਰੀ ਆਖ ਰਹੇ ਹਨ ਵਿਸ਼ਵਾਸ ਰੱਖੋ, ਸੱਭ ਠੀਕ ਹੋ ਜਾਵੇਗਾ। ਇਹ ਸਹੀ ਸੋਚ ਹੈ ਪਰ ਸਰਕਾਰ ਨੂੰ ਸਮਝਣਾ ਪਵੇਗਾ ਕਿ ਉਨ੍ਹਾਂ ਸਾਹਮਣੇ ਵਾਲਾ ਦੁਸ਼ਮਣ ਕੌਣ ਹੈ ਜੋ ਪੰਜਾਬ ਵਿਚ ਦਹਿਸ਼ਤ ਨੂੰ ਫੈਲਾਉਣ ਵਿਚ ਮਦਦ ਕਰ ਰਿਹਾ ਹੈ। ਇਸ ਬਗ਼ਾਵਤ ਨੂੰ ਸ਼ਹਿ ਵੀ ਮਿਲ ਰਹੀ ਹੈ ਤੇ ਹਥਿਆਰ ਵੀ। ਇਹ ਉਹੀ ਦਹਿਸ਼ਤਵਾਦ ਹੈ ਜੋ ਕੈਪਟਨ ਜਾਂ ਚਰਨਜੀਤ ਸਿੰਘ ਚੰਨੀ ਸਾਹਮਣੇ ਸਿਰ ਨਹੀਂ ਸੀ ਚੁਕ ਸਕਦਾ। ਇਸ ਦਾ ਹੱਲ ਸਿਆਣਪ ਨਾਲ ਕਢਣਾ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਬੱਚਿਆਂ ਦੀਆਂ ਜਾਨਾਂ ਨੂੰ ਸੁਰੱਖਿਅਤ ਕਰਨ ਦੀ ਗੱਲ ਹੈ।                                             -ਨਿਮਰਤ ਕੌਰ