ਕਿਸਾਨ ਦੀ ਬਾਂਹ ਫੜਨ ਲਈ ਸ. ਭਗਵੰਤ ਸਿੰਘ ਦੀਆਂ ਵੱਡੀਆਂ ਪਹਿਲਕਦਮੀਆਂ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

 ਸਰਕਾਰ ਵਲੋਂ ਨਾ ਸਿਰਫ਼ ਫ਼ਸਲਾਂ ਦੇ ਮੁਆਵਜ਼ੇ ਦੀ ਵੰਡ ਕੀਤੀ ਜਾ ਰਹੀ ਹੈ ਸਗੋਂ ਮਕਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਵੀ ਮੁਆਵਜ਼ਾ ਦਿਤਾ ਜਾ ਰਿਹਾ ਹੈ

photo

 

ਪਿਛਲੇ ਤਿੰਨ ਮੌਸਮਾਂ ਤੋਂ ਕਿਸਾਨ ਲਗਾਤਾਰ ਮੌਸਮ ਦੀ ਮਾਰ ਸਹਾਰਦਾ ਆ ਰਿਹਾ ਹੈ। ਇਸ ਸਾਲ ਵੀ ਅਜਿਹਾ ਹੀ ਵਰਤਾਰਾ ਵੇਖਣ ਨੂੰ ਮਿਲਿਆ। ਪੰਜਾਬੀ ਅਖਾਣ ਹੈ, ਵਰਿ੍ਹਆ ਚੇਤ, ਨਾ ਘਰ ਨਾ ਖੇਤ। ਇਸ ਵਾਰ ਵੀ ਚੜ੍ਹਦੇ ਚੇਤ ਇਕ ਤੋਂ ਬਾਅਦ ਇਕ ਪੱਛਮ ਵਲੋਂ ਆਈਆਂ ਮੌਸਮੀ ਖ਼ਰਾਰੀਆਂ ਨੇ ਅੱਧ ਮਾਰਚ ਤੋਂ ਪੂਰੇ ਉਤਰੀ ਭਾਰਤ ਵਿਚ ਹੀ ਬੇਮੌਸਮੀ ਬਰਸਾਤਾਂ ਲਿਆ ਦਿਤੀਆਂ। ਪੰਜਾਬ ਸਮੇਤ ਉੱਤਰੀ ਭਾਰਤ ਦੇ ਰਾਜਾਂ ਵਿਚ ਕਈ ਥਾਈਂ ਤਾਂ ਮਾਰਚ ਦੇ ਦੂਜੇ ਅੱਧ ਵਿਚ ਰਿਕਾਰਡ ਮੀਂਹ ਪਿਆ ਅਤੇ ਮੀਂਹ ਨਾਲ ਪਏ ਗੜਿਆਂ ਨੇ ਕਣਕ ਦੀ ਫ਼ਸਲ ਦੀਆਂ ਪੱਕੀਆਂ ਬੱਲੀਆਂ ਭੰਨ ਸੁੱਟੀਆਂ। ਇਹ ਗੜੇਮਾਰੀ ਕਿਸਾਨਾਂ ਦੇ ਅਰਮਾਨਾਂ ਤੇ ਹੋਈ ਸੀ।ਪੰਜਾਬ ਦੇ ਜਿਹੜੇ ਮਰਜ਼ੀ ਹਿੱਸੇ ਵਿਚ ਚਲੇ ਜਾਉ, ਕਣਕ ਦੇ ਖੇਤਾਂ ਦੇ ਖੇਤ ਧਰਤੀ ਤੇ ਵਿਛੇ ਦਿਸਦੇ ਹਨ। ਗੜੇਮਾਰੀ ਅਤੇ ਬੇਮੌਸਮੀ ਮੀਂਹ ਨੇ ਕਣਕ ਵਿਚ ਪਾਣੀ ਭਰ ਦਿਤਾ। 

ਇਸ ਵਾਰ ਤਾਂ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਇਕ ਟਾਰਨੇਡੋ ਨੇ ਵੀ ਵੱਡੀ ਤਬਾਹੀ ਕੀਤੀ। ਕੌਮਾਂਤਰੀ ਸਰਹੱਦ ਨੇੜੇ ਵਸੇ ਪਿੰਡ ਬਕੈਣ ਵਾਲਾ ਦਾ ਇਕ ਹਿੱਸਾ ਇਸ ਦੇਵ-ਕਦ ਵਾਅਵਰੋਲੇ ਨੇ ਢਹਿ ਢੇਰੀ ਕਰ ਦਿਤਾ। ਫ਼ਸਲਾਂ ਤੇ ਕਿਨੂੰ ਦੇ ਬਾਗ਼ ਮਧੋਲ ਸੁੱਟੇ। ਬੇਸ਼ਕ ਇਸ ਵਾਰ ਮਾਰਚ ਵਿਚ ਆਮ ਨਾਲੋਂ ਜਿਆਦਾ ਬਰਸਾਤਾਂ ਹੋਈਆਂ ਪਰ ਅਜਿਹਾ ਨੁਕਸਾਨ ਪਹਿਲਾਂ ਵੀ ਕਈ ਵਾਰ ਹੁੰਦਾ ਰਿਹਾ ਹੈ ਅਤੇ ਇਸ ਵਾਰ ਵੀ ਪੰਜਾਬ ਦੇ ਨਾਲ ਨਾਲ ਗੁਆਂਢੀ ਰਾਜਾਂ ਵਿਚ ਵੀ ਕੁਦਰਤ ਦੀ ਇਹ ਮਾਰ ਪਈ ਹੈ।

ਪਰ ਇਸ ਵਾਰ ਇਕ ਗੱਲ ਜ਼ਰੂਰ ਪਹਿਲੀ ਵਾਰ ਹੋਈ ਹੈ ਕਿ ਮਾਰਚ ਦੇ ਦੂਜੇ ਅੱਧ ਤੋਂ ਅਪ੍ਰੈਲ ਦੇ ਪਹਿਲੇ ਹਫ਼ਤੇ ਤਕ ਪਈ ਮੌਸਮ ਦੀ ਮਾਰ ਦੀ ਗਿਰਦਾਵਰੀ ਪੰਜਾਬ ਸਰਕਾਰ ਨੇ ਬਹੁਤ ਫੁਰਤੀ ਨਾਲ ਕਰਵਾਈ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਧਾਈ ਦੀ ਪਾਤਰ ਵੀ ਹੈ। ਹਾਲੇ ਤਾਂ ਕਿਤੇ ਕਿਤੇ ਕਣਕ ਮੰਡੀਆਂ ਵਿਚ ਆਉਣ ਲੱਗੀ ਹੈ ਪਰ ਸਰਕਾਰ ਨੇ ਫਸਲਾਂ ਦੇ ਖਰਾਬੇ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਵੰਡਣ ਦੀ ਪ੍ਰਕ੍ਰਿਆ ਵੀ ਅੱਜ ਅਬੋਹਰ ਤੋਂ ਆਰੰਭ ਕਰ ਦਿੱਤੀ ਹੈ।  ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਕੇ ਕਿਸਾਨਾਂ ਦਾ ਦਰਦ ਸਮਝਦਿਆਂ ਇਕ ਵੱਡਾ ਕਿਸਾਨ ਪੱਖੀ ਫੈਸਲਾ ਲੈਂਦਿਆਂ ਮੁਆਵਜ਼ੇ ਦੀ ਰਕਮ ਵਿਚ ਵੀ 25 ਫੀਸਦੀ ਦਾ ਵਾਧਾ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਪ੍ਰਤੀ ਏਕੜ 15000 ਰੁਪਏ ਦਾ ਮੁਆਵਜ਼ਾ ਮਿਲੇਗਾ। ਉਨ੍ਹਾਂ ਦੇ ਇਸ ਐਲਾਨ ਨੂੰ ਇੰਨਾ ਜਲਦ ਲਾਗੂ ਕੀਤਾ ਜਾ ਸਕੇਗਾ, ਇਸ ਬਾਰੇ ਸ਼ਾਇਦ ਕਿਸਾਨਾਂ ਨੂੰ ਵੀ ਯਕੀਨ ਨਾ ਹੋਵੇ ਕਿਉਂਕਿ ਅਜਿਹਾ ਇਤਿਹਾਸਕ ਵਰਤਾਰਾ ਹੋਣ ਹੀ ਪਹਿਲੀ ਵਾਰ ਜਾ ਰਿਹਾ ਹੈ ਜਦ 10—12 ਦਿਨਾਂ ਵਿਚ ਗਿਰਦਾਵਰੀ ਕਰਵਾ ਕੇ, ਗਿਰਦਾਵਰੀ ਦੀਆਂ ਸੂਚੀਆਂ ਪਿੰਡਾਂ ਵਿਚ ਜਨਤਕ ਥਾਵਾਂ ਤੇ ਲਗਾ ਕੇ ਇਨ੍ਹਾਂ ਦਾ ਸੋਸ਼ਲ ਆਡਿਟ ਕਰਵਾ ਕੇ ਮੁਆਵਜ਼ੇ ਦੀ ਵੰਡ ਸ਼ੁਰੂ ਕੀਤੀ ਗਈ ਹੋਵੇ।ਇਹ ਇਤਿਹਾਸਕ ਪਹਿਲਕਦਮੀ ਪਹਿਲੀ ਵਾਰ ਹੋਈ ਹੈ, ਤੇ ਇਹ ਪਹਿਲਕਦਮੀ ਕਰ ਕੇ ਨਵੀਆਂ ਪਿਰਤਾਂ ਪਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਦੀ ਹਾਲਤ ਪ੍ਰਤੀ ਸੱਚੀ ਹਮਦਰਦੀ ਵਿਖਾਈ ਹੈ।

 ਸਰਕਾਰ ਵਲੋਂ ਨਾ ਸਿਰਫ਼ ਫ਼ਸਲਾਂ ਦੇ ਮੁਆਵਜ਼ੇ ਦੀ ਵੰਡ ਕੀਤੀ ਜਾ ਰਹੀ ਹੈ ਸਗੋਂ ਮਕਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਵੀ ਮੁਆਵਜ਼ਾ ਦਿਤਾ ਜਾ ਰਿਹਾ ਹੈ। ਇਸ ਵਾਰ ਖ਼ਾਸ ਗੱਲ ਇਹ ਵੀ ਹੈ ਕਿ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਲੈਣ ਲਈ ਨਾ ਕਿਸੇ ਦਫ਼ਤਰ ਜਾਣਾ ਪੈ ਰਿਹਾ ਹੈ ਅਤੇ ਨਾ ਕਿਸੇ ਹੋਰ ਕੋਲ, ਬਲਕਿ ਮੁਆਵਜ਼ਾ ਰਾਸ਼ੀ ਸਿੱਧੀ ਕਿਸਾਨ ਦੇ ਬੈਂਕ ਖਾਤੇ ਵਿਚ ਸਰਕਾਰ ਵੱਲੋਂ ਭੇਜੀ ਜਾ ਰਹੀ ਹੈ।  ਉਧਰ ਭਾਰਤ ਸਰਕਾਰ ਨੇ ਵੀ ਕਿਸਾਨ ਉਤੇ ‘ਤਰਸ’ ਕਰਦਿਆਂ ਮੌਸਮ ਨਾਲ ਖ਼ਰਾਬ ਹੋਈ ਕਣਕ ਵਿਚ 6 ਫ਼ੀ ਸਦੀ ਖ਼ਰਾਬੀ ਦੀ ਬਜਾਏ 18 ਫ਼ੀ ਸਦੀ ਤਕ ਖ਼ਰਾਬ ਕਣਕ ਵੀ ਖ਼ਰੀਦ ਲੈਣ ਦਾ ਐਲਾਨ ਤਾਂ ਕਰ ਦਿਤਾ ਪਰ ‘ਵਪਾਰੀਆਂ’ ਵਾਲੀ ਇਹ ਸ਼ਰਤ ਵੀ ਲਗਾ ਦਿਤੀ ਕਿ ਖ਼ਰਾਬ ਕਣਕ ਉਤੇ 5.31 ਰੁਪਏ ਤੋਂ ਲੈ ਕੇ 31.87 ਰੁਪਏ ਪ੍ਰਤੀ ਕੁਇੰਟਲ ਰਕਮ ਕੱਟ ਲਈ ਜਾਵੇਗੀ। ਇਹ ਧੱਕਾ ਕਿਸਾਨ ਨਾਲ ਵੱਡੀ ਜ਼ਿਆਦਤੀ ਸੀ ਪਰ ਸ. ਭਗਵੰਤ ਸਿੰਘ ਮਾਨ ਇਕ ਵਾਰ ਫਿਰ ਕਿਸਾਨ ਦਾ ਹੱਥ ਫੜਨ ਲਈ ਅੱਗੇ ਆਏ ਤੇ ਉਨ੍ਹਾਂ ਐਲਾਨ ਕਰ ਦਿਤਾ ਹੈ ਕਿ ਕਿਸਾਨ ਉਤੇ ਕੇਂਦਰ ਨੇ ਕੋਈ ਕੱਟ ਲਾਈ ਤਾਂ ਕੱਟੀ ਗਈ ਰਕਮ ਪੰਜਾਬ ਸਰਕਾਰ ਦੇਵੇਗੀ। ਇਸ ਦੇ ਨਾਲ ਹੀ ਸ. ਭਗਵੰਤ ਸਿੰਘ ਮਾਨ ਨੇ ਕਈ ਵੱਡੇ ਐਲਾਨ ਵੀ ਕੀਤੇ ਹਨ ਕਿ ਹੁਣ ਭਵਿੱਖ ਵਿਚ ਕੇਂਦਰ ਤੋਂ ‘ਖ਼ੈਰਾਤ ਨਹੀਂ ਮੰਗੀ ਜਾਵੇਗੀ ਸਗੋਂ ਕਿਸਾਨ ਦੀ ਕਣਕ ਤੇ ਚਾਵਲ ਦੀ ਫ਼ਸਲ ਵੀ ਅਪਣੀਆਂ ਸ਼ਰਤਾਂ ਤੇ ਕੇਂਦਰ ਕੋਲ ਵੇਚੇਗੀ। ਸ਼ਾਬਾਸ਼! ਇਹੋ ਜਿਹਾ ਜਵਾਬ ਹੀ ਕੇਂਦਰ ਨੂੰ ਦੇਣਾ ਬਣਦਾ ਸੀ ਜੋ ਸ. ਮਾਨ ਨੇ ਦੇ ਦਿਤਾ ਹੈ।                          -ਨਿਮਰਤ ਕੌਰ