Editorial: ‘ਉੱਚਾ ਦਰ ਬਾਬੇ ਨਾਨਕ ਦਾ’ ਰੱਬ ਦੀ ਅਪਣੀ ਮਰਜ਼ੀ ਅਤੇ ਹਾਕਮਾਂ ਦੇ ਹੰਕਾਰ ਦੀ ਹਾਰ ਦੀ ਚਮਤਕਾਰੀ ਨਿਸ਼ਾਨੀ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਸੁਪਨਾ ਹਕੀਕਤ ਬਣ ਸਾਕਾਰ ਹੋਇਆ ਹੈ ਅਤੇ ਉਨ੍ਹਾਂ ਪ੍ਰਤੀ ਸਾਰੇ ਸਮਰਥਕਾਂ ਦੇ ਅਣਥੱਕ ਵਿਸ਼ਵਾਸ ਅਤੇ ਸਾਥ ਨੂੰ ਸਲਾਮ।

Ucha Dar Babe Nanak Da

Editorial: ਸਾਰੇ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਮੁਬਾਰਕਾਂ ਅਤੇ 14 ਅਪ੍ਰੈਲ ਨੂੰ ਬਾਬਾ ਨਾਨਕ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਵੀ ਅੱਜ ਹੀ। ਇਨ੍ਹਾਂ ਦੋਹਾਂ ਦਿਨਾਂ ਦੀਆਂ ਖ਼ੁਸ਼ੀਆਂ ਰੋਜ਼ਾਨਾ ਸਪੋਕਸਮੈਨ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਨਾਲ ਜੁੜੇ ਹਰ ਪ੍ਰਾਣੀ ਵਾਸਤੇ ਕਈ ਗੁਣਾਂ ਵੱਧ ਜਾਂਦੀਆਂ ਹਨ ਕਿਉਂਕਿ ਆਖ਼ਰਕਾਰ ‘ਉੱਚਾ ਦਰ ਬਾਬੇ ਨਾਨਕ ਦਾ’ ਨੂੰ ਮਾਨਵਤਾ ਦੇ ਭਲੇ ਲਈ ਸਮਰਪਿਤ ਕੀਤਾ ਜਾ ਰਿਹਾ ਹੈ।

ਕਿਸੇ ਨੂੰ ਜਦ ਇਸ ਪ੍ਰੋਗਰਾਮ ਬਾਰੇ ਦਸਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ‘‘ਅਸੀਂ ਤਾਂ ਸੁਣਿਆ ਸੀ ਕਿ ਇਹ ਤਾਂ ਹੁਣ ਕਦੇ ਚਾਲੂ ਹੋਣਾ ਹੀ ਨਹੀਂ।’’ ਪਰ ਇਹ ਉਹ ਕਾਰਜ ਹੈ ਜੋ ਰੋਜ਼ਾਨਾ ਸਪੋਕਸਮੈਨ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਬਾਨੀ ਅਤੇ ਸਰਪ੍ਰਸਤ ਸ. ਜੋਗਿੰਦਰ ਸਿੰਘ ਅਤੇ ਬੀਬੀ ਜਗਜੀਤ ਕੌਰ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਟਰੱਸਟੀਆਂ ਦਲਜੀਤ ਕੌਰ ਡਾ. ਗੁਰਦੀਪ ਸਿੰਘ, ਡਾ.ਗੁਰਪ੍ਰੀਤ ਇੰਦਰ ਸਿੰਘ(ਸਾਬਕਾ ਵਾਈਸ ਚਾਂਸਲਰ), ਭਗਤ ਸਿੰਘ(ਆਈਏਐਸ), ਸ:ਲਖਵਿੰਦਰ ਸਿੰਘ ਭੁੱਲਰ ਅਤੇ ਕਰਨਲ ਅਮਰਜੀਤ ਸਿੰਘ ਕੋਲੋਂ ਰੱਬ ਨੇ ਕਰਵਾਉਣ ਦੀ ਆਪ ਧਾਰੀ ਹੋਈ ਸੀ, ਸੋ ਇਸ ਦਾ ਸ਼ੁਰੂ ਹੋਣਾ ਜਾਂ ਨਾ ਹੋਣਾ ਕਿਸੇ ਇਨਸਾਨੀ ਤਾਕਤ ਦੇ ਹੱਥ ਵਿਚ ਨਹੀਂ ਸੀ। ਦੇਰੀਆਂ ਜ਼ਰੂਰ ਪਵਾਈਆਂ ਗਈਆਂ, ਅੜਚਨਾਂ ਪੈਦਾ ਕੀਤੀਆਂ ਗਈਆਂ ਪਰ ਕਲ ਦਾ ਦਿਹਾੜਾ ਆਪ ਗਵਾਹੀ ਭਰੇਗਾ ਕਿ ‘‘ਜਿਸ ਕੇ ਸਿਰ ਊਪਰਿ ਤੂੰ ਸੁਆਮੀ....।’’

ਕੁਦਰਤ ਨੇ ਕਿੰਨੀ ਖ਼ੂਬਸੂਰਤੀ ਨਾਲ ਬਾਬਾ ਨਾਨਕ ਦੇ ਜਨਮਦਿਨ, 14 ਅਪ੍ਰੈਲ ਤੋਂ ਇਕ ਸੋਚ ਦੀ ਸ਼ੁਰੂਆਤ ਕੀਤੀ ਹੈ ਅਤੇ 14 ਅਪ੍ਰੈਲ ਵਾਲੇ ਦਿਨ ਨੂੰ ਸਿੱਖ ਪੰਥ ਦਾ ਅਟੁਟ ਅੰਗ ਬਣਾਇਆ। ਤਰੀਕਾਂ ਦੀ ਇਸ ਖੇਡ ਵਿਚ ਹੀ ਰੱਬ ਦੀ ਮਿਹਰ ਨਜ਼ਰ ਆਉਂਦੀ ਹੈ ਅਤੇ ਕਿੰਨੀ ਵੱਡੀ ਅਣਗਹਿਲੀ ਹੈ ਕਿ 14 ਅਪ੍ਰੈਲ ਦਾ ਦਿਨ ਬਾਬਾ ਨਾਨਕ ਦੇ ਜਨਮ ਪੁਰਬ ਵਜੋਂ ਨਹੀਂ ਮਨਾਇਆ ਜਾਂਦਾ। ਸ਼੍ਰੋਮਣੀ ਕਮੇਟੀ ਇਸ ਤੱਥ ਨੂੰ ਕਬੂਲਦੀ ਹੋਈ ਇਕ ਪਾਸੇ ਪਾਕਿਸਤਾਨ ਵਿਚ ਮਨਾਏ ਜਾਂਦੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਜੱਥੇ ਭੇਜਦੀ ਹੈ ਪਰ ਪੁਜਾਰੀਵਾਦ ਦੇ ਅਸਰ ਹੇਠ, ਸਿੱਖਾਂ ਨੂੰ ਇਸ ਤੋਂ ਵਾਂਝਾ ਰੱਖਣ ਦੀ ਸੋਚ ਵੀ ਜਾਰੀ ਰਖਦੀ ਹੈ। ਸ਼ਾਇਦ ਰੱਬ ਨੇ ਆਪਣੇ ਆਪ ਹੀ ‘ਉੱਚਾ ਦਰ...’ ਰਾਹੀਂ ਸੱਭ ਨੂੰ ਭਟਕੇ ਹੋਏ ਰਸਤਿਆਂ ਤੋਂ ਵਾਪਸ ਪਰਤ ਆਉਣ ਦਾ ਇਸ਼ਾਰਾ ਕੀਤਾ ਹੈ।

ਕਲ ਉਨ੍ਹਾਂ ਲੋਕਾਂ ਨੂੰ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ ਜੋ ਇਲਜ਼ਾਮ ਲਾਉਂਦੇ ਸਨ ਕਿ ਜੋਗਿੰਦਰ ਸਿੰਘ ਨੇ ਪੈਸੇ ਖਾ ਲਏ ਹਨ ਤੇ ‘ਉੱਚਾ ਦਰ ਬਣਾਇਆ ਕੋਈ ਨਹੀਂ’। ‘ਉੱਚਾ ਦਰ’ ਨਾਲ ਸਿਰਫ਼ ਜੋਗਿੰਦਰ ਸਿੰਘ ਨਹੀਂ ਬਲਕਿ ਹੋਰ ਲੋਕ ਵੀ ਜੁੜੇ ਹਨ ਜਿਨ੍ਹਾਂ ਨੇ ਅਪਣੀ ਕਮਾਈ ਨੂੰ ਬਾਬਾ ਨਾਨਕ ਦੀ ਸੇਵਾ ਵਿਚ ਲਗਾਇਆ ਹੈ। ਇਨ੍ਹਾਂ ਵਿਚ ਉਹ ਸੋਚ ਨਹੀਂ ਜੋ ਉਨ੍ਹਾਂ ਦੇ ਵਿਰੋਧੀਆਂ ਵਿਚ ਹੈ। ਪਰ ਉਂਗਲ ਚੁੱਕਣ ਵਾਲੇ ਉਹ ਹਨ ਜੋ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ, ਜਿਸ ’ਤੇ ਹਰ ਸਿੱਖ ਦਾ ਹੀ ਨਹੀਂ ਬਲਕਿ ਹਰ ਮਨੁੱਖ ਦਾ ਹੱਕ ਬਣਦਾ ਹੈ, ’ਤੇ ਸੱਪ ਵਾਂਗ ਏਕਾਧਿਕਾਰ ਬਣਾ ਕੇ ਬੈਠੇ ਹਨ। ‘ਉੱਚਾ ਦਰ...’ ਵਿਚ ਤਾਂ ਬਾਬਾ ਨਾਨਕ ਦੀ ਸੋਚ ਹੈ, ਅਤੇ ਝੂਠ ਦਾ ਅੰਨ੍ਹਾ ਤੂਫ਼ਾਨ ਮਚਾਉਣ ਵਾਲਿਆਂ ਨੂੰ ਵੀ ਆ ਕੇ ਵੇਖਣ ਦਾ ਖੁੱਲ੍ਹਾ ਸੱਦਾ ਦਿਤਾ ਜਾਂਦਾ ਹੈ ਅਤੇ ਉਨ੍ਹਾਂ ਦੀ 200 ਰੁਪਏ ਦੀ ਟਿਕਟ ਵੀ ਅਸੀਂ ਭਰ ਦਵਾਂਗੇ, ਕਿਉਂਕਿ ਦੋਹਾਂ ਹੱਥਾਂ ਨਾਲ ਲੁੱਟਣ ਵਾਲੇ ਕਿਸੇ ਚੰਗੇ ਕਾਰਜ ਵਾਸਤੇ ਪੈਸਾ ਨਹੀਂ ਖ਼ਰਚ ਕਰ ਸਕਦੇ। ਪਰ ਅਸੀਂ ਚਾਹੁੰਦੇ ਹਾਂ ਕਿ ਉਹ ਗੁਰੂ ਨਾਨਕ ਦੀ ਸੋਚ ਨਾਲ ਜੁੜਨ ਅਤੇ ਖ਼ੁਦ ਹੀ ਆਪਣੇ ਲਾਲਚ ਨੂੰ ਤਿਆਗ ਕੇ ਬਾਣੀ ਤੋਂ ਪੈਸੇ ਕਮਾਉਣ ਵਾਲੀ ਸੋਚ ਤਿਆਗਣ।

‘ਉੱਚਾ ਦਰ...’ ਨੂੰ ਰੋਕਣ ਵਾਸਤੇ ਵਿਰੋਧੀਆਂ ਨੇ ਸੇਬੀ, ਸੀਬੀਆਈ, ਆਰ.ਬੀ.ਆਈ. ਕੋਲੋਂ ਉਚਾ ਦਰ ਵਾਲਿਆਂ ਦੀ ਜਾਂਚ ਕਰਵਾਈ ਅਤੇ ਹਾਲ ਹੀ ਵਿਚ ਇਨਕਮ ਟੈਕਸ ਦੀ ਰੇਡ ਵੀ ਕਰਵਾਈ, ਬਾਦਲ ਦੇ ਚੈਨਲ ’ਤੇ ਕੂੜ ਪ੍ਰਚਾਰ ਕੀਤਾ ਗਿਆ, ਅਦਾਲਤ ਵਿਚ ਕੇਸ ਚਲਾਏ, ਪਰ ਇਕ ਵੀ ਗ਼ਲਤੀ ਨਹੀਂ ਦਸ ਸਕੇ, ਸਿਵਾਏ ਝੂਠੇ ਇਲਜ਼ਾਮ ਦੁਹਰਾਉਣ ਦੇ। ਇਸ ਤਰ੍ਹਾਂ ਦੀਆਂ ਸ਼ਕਤੀਸ਼ਾਲੀ ਤਾਕਤਾਂ ਸਾਹਮਣੇ ਸਿਰਫ਼ ਬਾਬਾ ਨਾਨਕ ’ਤੇ ਵਿਸ਼ਵਾਸ ਅਤੇ ਉਨ੍ਹਾਂ ਦੀ ਸੋਚ ਪ੍ਰਤੀ ਪੂਰੀ ਤਰ੍ਹਾਂ ਸਮਰਪਣ ਨੂੰ ਅਪਣੀ ਢਾਲ ਬਣਾ ਕੇ ਜੋਗਿੰਦਰ ਸਿੰਘ ਅਤੇ ਜਗਜੀਤ ਕੌਰ ਦੋਵੇਂ ਨਾਲ ਖੜੇ ਰਹੇ ਅਤੇ ਅੱਜ ਉਨ੍ਹਾਂ ਨੂੰ ਵੇਖ ਕੇ ਲਗਦਾ ਨਹੀਂ ਕਿ ਇਕ ਆਮ, ਸਾਧਾਰਣ, ਮਿਡਲ ਕਲਾਸ ਦੇ ਬੰਦੇ ਜਿਨ੍ਹਾਂ ਦਾ ਅਪਣਾ ਘਰ ਵੀ ਨਾ ਹੋਵੇ, 83 ਅਤੇ 82 ਸਾਲ ਦੀ ਬਜ਼ੁਰਗ ਜੋੜੀ ਉੱਚਾ ਦਰ ਵਰਗਾ ਗੁਰੂ ਬਾਬੇ ਦਾ ਮਹਿਲ ਖੜਾ ਕਰਨ ਦੀ ਤਾਕਤ ਵੀ ਰਖਦੀ ਹੈ। ਪਰ ਅੱਜ ਸੁਪਨਾ ਹਕੀਕਤ ਬਣ ਸਾਕਾਰ ਹੋਇਆ ਹੈ ਅਤੇ ਉਨ੍ਹਾਂ ਪ੍ਰਤੀ ਸਾਰੇ ਸਮਰਥਕਾਂ ਦੇ ਅਣਥੱਕ ਵਿਸ਼ਵਾਸ ਅਤੇ ਸਾਥ ਨੂੰ ਸਲਾਮ। ਆਸ ਰਖਦੀ ਹਾਂ ਕਿ ਇਸ ਸੋਚ ਰਾਹੀਂ ਸਿੱਖੀ ਦੇ ਫ਼ਲਸਫ਼ੇ ਨੂੰ ਬੱਚੇ-ਬੱਚੇ ਵਿਚ ਪ੍ਰਚਾਰਿਆ ਜਾਵੇਗਾ ਅਤੇ ਪੰਥ ਤੋਂ ਦੂਰ ਜਾ ਚੁੱਕੇ ਵੀ ਵਾਪਸ ਪਰਤ ਆਉਣਗੇ।         -ਨਿਮਰਤ ਕੌਰ