ਭਾਰਤ ਦੀ ਰਾਜਨੀਤੀ ਬਾਰੇ ਸੱਚ ਬੋਲ ਰਿਹੈ ਵਿਦੇਸ਼ੀ ਮੀਡੀਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

2019 ਦੀਆਂ ਲੋਕ ਸਭਾ ਚੋਣਾਂ ਸਿਰੇ ਚੜ੍ਹਨ ਵਲ ਵੱਧ ਰਹੀਆਂ ਹਨ ਤੇ ਨਤੀਜੇ ਜੋ ਮਰਜ਼ੀ ਹੋਣ, ਅੱਜ ਇਕ ਗੱਲ ਸਾਫ਼ ਹੈ ਕਿ ਭਾਰਤੀ ਲੋਕਤੰਤਰ ਦਾ ਚੌਥਾ ਥੰਮ ਬਿਲਕੁਲ ਖੋਖਲਾ...

Modi is India's 'divider in chief', says Time magazine

2019 ਦੀਆਂ ਲੋਕ ਸਭਾ ਚੋਣਾਂ ਸਿਰੇ ਚੜ੍ਹਨ ਵਲ ਵੱਧ ਰਹੀਆਂ ਹਨ ਤੇ ਨਤੀਜੇ ਜੋ ਮਰਜ਼ੀ ਹੋਣ, ਅੱਜ ਇਕ ਗੱਲ ਸਾਫ਼ ਹੈ ਕਿ ਭਾਰਤੀ ਲੋਕਤੰਤਰ ਦਾ ਚੌਥਾ ਥੰਮ ਬਿਲਕੁਲ ਖੋਖਲਾ ਹੋ ਚੁੱਕਾ ਹੈ। ਭਾਰਤੀ ਮੀਡੀਆ ਦੇ ਖੋਖਲੇਪਣ ਨੂੰ ਵੇਖ ਕੇ ਹੁਣ ਵਿਦੇਸ਼ੀ ਮੀਡੀਆ ਭਾਰਤ ਦੀ ਸਿਆਸਤ ਉਤੇ ਸੱਚੀ ਟਿਪਣੀ ਕਰ ਰਿਹਾ ਹੈ। ਟਾਈਮਜ਼ ਮੈਗਜ਼ੀਨ ਜਿਹੜਾ ਦੁਨੀਆਂ ਭਰ ਵਿਚ ਸੱਚੀ ਪੱਤਰਕਾਰੀ ਦੀ ਮਿਸਾਲ ਹੈ, ਨੇ ਨਾ ਸਿਰਫ਼ ਨਰਿੰਦਰ ਮੋਦੀ ਬਾਰੇ ਵਿਸ਼ੇਸ਼ ਅੰਕ ਕਢਿਆ ਹੈ ਸਗੋਂ ਭਾਰਤ ਦੇ ਹੋਰਨਾਂ ਸਿਆਸੀ ਆਗੂਆਂ ਦੀ ਵੀ ਸਚਾਈ ਪੇਸ਼ ਕੀਤੀ ਹੈ।

ਟਾਈਮਜ਼ ਮੈਗਜ਼ੀਨ ਦੇ ਵਿਸ਼ੇਸ਼ ਅੰਕ ਵਿਚ ਨਰਿੰਦਰ ਮੋਦੀ ਨੂੰ 'ਡਿਵਾਈਡਰ ਇਨ-ਚੀਫ਼' (ਵੰਡ ਦਾ ਮੁਖੀ) ਆਖਦਿਆਂ ਸਵਾਲ ਪੁਛਿਆ ਗਿਆ ਹੈ ਕਿ ਕੀ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਮੋਦੀ ਸਰਕਾਰ ਦੇ ਹੋਰ ਪੰਜ ਸਾਲ ਬਰਦਾਸ਼ਤ ਕਰ ਸਕਦਾ ਹੈ? ਲੇਖਕ ਇਤਫ਼ਾਕਨ, ਤਵਲੀਨ ਸਿੰਘ ਦਾ ਪੁੱਤਰ ਹੈ। ਉਹ ਤਵਲੀਨ ਸਿੰਘ ਜਿਹੜੀ ਕਿਸੇ ਵੇਲੇ ਮੋਦੀ ਭਗਤ ਆਖੀ ਜਾਂਦੀ ਸੀ ਪਰ ਪਿਛਲੇ ਦੋ ਸਾਲਾਂ ਤੋਂ ਭਗਤੀ ਵਾਲੀ ਪੱਤਰਕਾਰੀ ਤੋਂ ਪਿੱਛੇ ਹਟਦੀ ਜਾਪਦੀ ਹੈ। ਲੇਖਕ ਆਤਿਸ਼ ਤਾਸੀਰ ਦੇ ਪਿਤਾ ਪਾਕਿਸਤਾਨੀ ਸਨ ਅਤੇ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਸਿਰਫ਼ ਪਾਕਿਸਤਾਨੀ ਪਿਤਾ ਦੇ ਖ਼ੂਨ ਦੀ ਸਾਜ਼ਸ਼ ਦੀ ਦੁਹਾਈ ਦੇ ਰਹੀ ਹੈ ਪਰ ਤਵਲੀਨ ਦੀ ਪਰਵਰਿਸ਼ ਅਤੇ ਮੋਦੀ ਭਗਤੀ ਬਾਰੇ ਚੁੱਪ ਹੈ।

ਖ਼ੈਰ, ਆਤਿਸ਼ ਤਾਸੀਰ ਨੇ ਹਕੀਕਤ ਤੋਂ ਕੁੱਝ ਵਖਰਾ ਨਹੀਂ ਕਿਹਾ। 2003 ਵਿਚ ਇਕ ਭਾਰਤੀ ਮੈਗਜ਼ੀਨ ਨੇ ਵੀ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਰਹੇ ਮੋਦੀ ਨੂੰ ਇਸੇ ਤਰ੍ਹਾਂ ਦਾ 'ਖ਼ਿਤਾਬ' (ਚੀਫ਼ ਡਿਵਾਈਡਰ) ਦਿਤਾ ਸੀ। ਨਰਿੰਦਰ ਮੋਦੀ ਦੀ ਸਿਆਸਤ ਵੰਡੀਆਂ ਪਾਉਣ ਦੀ ਸੋਚ ਉਤੇ ਟਿਕੀ ਹੋਈ ਹੈ ਅਤੇ ਜਿਹੜੇ ਨਰਿੰਦਰ ਮੋਦੀ 2014 ਵਿਚ ਭਾਰਤ ਸਾਹਮਣੇ ਆਏ ਸਨ, ਉਹ ਸਿਰਫ਼ ਮਾਰਕੀਟਿੰਗ ਮਾਹਰਾਂ ਦੀ ਪੇਸ਼ਕਸ਼ ਸਨ। ਉਨ੍ਹਾਂ ਦੇ ਵਾਅਦੇ ਸਿਰਫ਼ ਜੁਮਲੇ ਸਨ ਅਤੇ ਉਨ੍ਹਾਂ ਵਲੋਂ ਦਿਤਾ ਵਿਕਾਸ ਦਾ ਸੁਪਨਾ ਸੱਚਾ ਨਹੀਂ ਸੀ। ਨਰਿੰਦਰ ਮੋਦੀ ਦੀ ਸਿਆਸਤ ਗੋਧਰਾ, ਇਸ਼ਰਤ ਜਹਾਂ, ਅਯੋਧਿਆ, ਰਾਮ ਮੰਦਰ, ਗੁਜਰਾਤ ਦੰਗਿਆਂ 'ਤੇ ਟਿਕੀ ਹੋਈ ਸੀ। ਜੋ ਗੁਜਰਾਤ ਦੀ ਤਸਵੀਰ ਬਣਾਈ ਗਈ ਸੀ, ਉਹ ਵੀ ਪ੍ਰਚਾਰ ਦੀ ਖੇਡ ਸੀ ਅਤੇ ਅੱਜ ਨਰਿੰਦਰ ਮੋਦੀ ਨੇ ਪ੍ਰਚਾਰ ਉਤੇ ਸ਼ਾਇਦ ਸੱਭ ਤੋਂ ਵੱਧ ਖ਼ਰਚਾ ਕੀਤਾ ਹੈ।

ਭਾਰਤ ਵਿਚ ਅੱਜ ਵਿਚਾਰਧਾਰਾ ਵਿਚ ਜਿਸ ਤਰ੍ਹਾਂ ਦਾ ਵਖਰੇਵਾਂ ਪੈਦਾ ਹੋ ਗਿਆ ਹੈ, ਉਹ ਸ਼ਾਇਦ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਅਤੇ ਭਾਰਤੀਆਂ ਵਿਚਕਾਰ ਸੀ। ਇਨ੍ਹਾਂ ਪੰਜ ਸਾਲਾਂ ਵਿਚ ਭਾਰਤੀ ਸਮਾਜ ਦੀਆਂ ਦਰਾੜਾਂ ਬਹੁਤ ਡੂੰਘੀਆਂ ਹੋਈਆਂ ਹਨ। ਟਾਈਮਜ਼ ਦੇ ਇਸੇ ਅੰਕ ਵਿਚ ਇਕ ਹੋਰ ਲੇਖ ਵੀ ਛਪਿਆ ਹੈ ਜੋ ਪੁਛਦਾ ਹੈ ਕਿ ਕੀ ਭਾਰਤ ਕੋਲ ਕੋਈ ਹੋਰ ਚਾਰਾ ਹੈ? ਕੀ ਰਾਹੁਲ ਗਾਂਧੀ, ਨਰਿੰਦਰ ਮੋਦੀ ਦਾ ਮੁਕਾਬਲਾ ਕਰ ਸਕਦੇ ਹਨ? ਨਰਿੰਦਰ ਮੋਦੀ ਤੋਂ ਬਿਨਾਂ ਭਾਰਤ ਕੋਲ ਕੋਈ ਹੋਰ ਆਗੂ ਨਹੀਂ ਹੈ। ਦੋਹਾਂ ਲੇਖਾਂ ਵਿਚ ਸੱਚ ਪੇਸ਼ ਕੀਤਾ ਗਿਆ ਹੈ। 

ਭਾਵੇਂ ਇਹ ਟਿਪਣੀ ਸਿਰਫ਼ ਭਾਰਤ ਦੀ ਸਿਆਸਤ ਬਾਰੇ ਹੈ ਪਰ ਇਹ ਉਨ੍ਹਾਂ ਆਗੂਆਂ ਨੂੰ ਬਣਾਉਣ ਵਾਲੇ ਲੋਕਾਂ ਦੀ ਸਚਾਈ ਹੈ। ਭਾਰਤੀ ਲੋਕ ਆਗੂਆਂ ਤੋਂ ਚਮਕ-ਧਮਕ ਦੀ ਉਮੀਦ ਕਰਦੇ ਹਨ। ਸ਼ਾਇਦ ਇਸੇ ਕਰ ਕੇ ਗੌਤਮ ਗੰਭੀਰ, ਸਨੀ ਦਿਉਲ ਵਰਗੇ ਐਨ ਮੌਕੇ 'ਤੇ ਆ ਕੇ ਬਾਜ਼ੀ ਮਾਰਨ ਦੀ ਉਮੀਦ ਰਖਦੇ ਹਨ। ਜੋ ਵੰਡੀਆਂ ਨਰਿੰਦਰ ਮੋਦੀ ਦੇ ਨਾਂ 'ਤੇ ਪਾਈਆਂ ਜਾਂਦੀਆਂ ਹਨ, ਉਹ ਉਨ੍ਹਾਂ ਨੇ ਪੈਦਾ ਨਹੀਂ ਕੀਤੀਆਂ, ਉਹ ਸਮਾਜ ਵਿਚ ਸਨ। ਇਸ ਸਰਕਾਰ ਨੇ ਉਨ੍ਹਾਂ ਦਰਾੜਾਂ ਨੂੰ ਸਿਰਫ਼ ਬਾਹਰ ਆਉਣ ਦੀ ਥਾਂ ਦਿਤੀ ਹੈ। 

ਰਾਹੁਲ ਗਾਂਧੀ ਅੱਜ ਹਰ ਟੀ.ਵੀ. ਚੈਨਲ ਉਤੇ ਜਾ ਕੇ ਪਿਆਰ ਦੀ ਗੱਲ ਕਰ ਰਹੇ ਹਨ। ਪਰ ਲੋਕਾਂ ਨੂੰ ਉਨ੍ਹਾਂ ਦੀ ਪੇਸ਼ਕਸ਼ ਪਸੰਦ ਨਹੀਂ ਜਾਂ ਅਸਲ ਵਿਚ ਪਿਆਰ 'ਚ ਵਿਸ਼ਵਾਸ ਨਹੀਂ। ਭਾਰਤ ਪਿਆਰ ਤੋਂ ਡਰਦਾ ਹੈ। ਪਿਆਰ ਲਫ਼ਜ਼ ਤੋਂ ਨਫ਼ਰਤ ਕਰਦਾ ਹੈ। ਉਸ ਨੂੰ ਸ਼ਰਮਨਾਕ ਸਮਝਦਾ ਹੈ। ਨਰਿੰਦਰ ਮੋਦੀ ਅਸਲ 'ਚ ਭਾਰਤੀ ਸੋਚ ਨੂੰ ਬਾਖ਼ੂਬੀ ਸਮਝਦੇ ਹਨ ਅਤੇ ਸ਼ਾਇਦ ਇਸੇ ਕਰ ਕੇ ਉਹ ਬਿਹਤਰੀਨ ਆਗੂ ਅਖਵਾਉਂਦੇ ਹਨ। ਟਾਈਮਜ਼ ਮੈਗਜ਼ੀਨ ਦੇ ਇਕੋ ਅੰਕ ਵਿਚ ਭਾਰਤੀ ਸਿਆਸਤ ਦੀਆਂ ਏਨੀਆਂ ਅੱਡ-ਅੱਡ ਤਸਵੀਰਾਂ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਵਿਚਲਾ ਫ਼ਰਕ ਹੀ ਨਹੀਂ ਵਿਖਾਉਂਦੀਆਂ ਸਗੋਂ ਇਹ ਵੀ ਵਿਖਾਉਂਦੀਆਂ ਹਨ ਕਿ ਭਾਰਤੀ ਸਮਾਜ ਵਿਚ ਧਰਮ ਦੀਆਂ ਡੂੰਘੀਆਂ ਜੜ੍ਹਾਂ ਹਨ।  - ਨਿਮਰਤ ਕੌਰ