ਕੋਰੋਨਾ ਦਾ ਮੁਕਾਬਲਾ ਕਰਨ ਦੀ ਤਿਆਰੀ ਨਦਾਰਦ ਪਰ ਇਸ ਮਹਾਂਮਾਰੀ ਵਿਚੋਂ ਕਾਲਾ ਧਨ ਬਟੋਰਨ ਦੀ ਤਿਆਰੀ....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪਿਛਲੇ ਤਿੰਨ ਹਫ਼ਤਿਆਂ ਵਿਚ ਦਿੱਲੀ ਵਿਚ ਹਾਲਾਤ ਵਿਗੜਦੇ ਜਾ ਰਹੇ ਸਨ।

corona case

ਫ਼ਰੀਦਕੋਟ ਹਸਪਤਾਲ ਵਿਚ ਪ੍ਰਧਾਨ ਮੰਤਰੀ ਕੇਅਰ ਫ਼ੰਡ ਵਲੋਂ 80 ਵੈਂਟੀਲੇਟਰ ਆਏ ਜਿਨ੍ਹਾਂ ਵਿਚੋਂ 70 ਕੰਮ ਨਹੀਂ ਕਰਦੇ ਤੇ ਦੋ ਤਾਂ ਕੁੱਝ ਘੰਟੇ ਕੰਮ ਕਰਨ ਤੋਂ ਬਾਅਦ ਹੀ ਬੰਦ ਹੋ ਗਏ। ਇਸ ਵਿਚ ਕੇਂਦਰ ਵਲੋਂ ਜਿਸ ਕੰਪਨੀ ਨੂੰ ਵੈਂਟੀਲੇਟਰ ਦਾ ਕੰਟਰੈਕਟ ਦਿਤਾ ਗਿਆ ਸੀ, ਉਹ ਤਾਂ ਜਵਾਬਦੇਹ ਹੈ ਹੀ ਪਰ ਨਾਲ ਹੀ ਕਈ ਹੋਰ ਵੀ ਵੱਡੇ ਸਵਾਲ ਵੀ ਉਠਣ ਲਗਦੇ ਹਨ। ਜਦ ਇਹ ਵੈਂਟੀਲੇਟਰ ਆਏ ਸਨ, ਉਸ ਸਮੇਂ ਹੀ ਕਿਉਂ ਨਾ ਇਨ੍ਹਾਂ ਦੀ ਪਰਖ ਪੜਤਾਲ ਕੀਤੀ ਗਈ? ਪਿਛਲੇ ਤਿੰਨ ਹਫ਼ਤਿਆਂ ਵਿਚ ਦਿੱਲੀ ਵਿਚ ਹਾਲਾਤ ਵਿਗੜਦੇ ਜਾ ਰਹੇ ਸਨ।

ਉਸ ਸਮੇਂ ਵੀ ਤਿਆਰੀ ਨਾ ਕੀਤੀ ਗਈ। ਤਿਆਰੀ ਕੀਤੀ ਗਈ ਤਾਂ ਸਿਰਫ਼ ਹੇਰਾਫੇਰੀ ਦੀ। ਦਿੱਲੀ ਮਹਾਂਮਾਰੀ ਵਿਚ ਲੋਕਾਂ ਨੂੰ ਤੜਫਦੇ ਵੇਖ ਦਿੱਲੀ ਦੇ ਇਕ ਅਮੀਰ ਘਰਾਣੇ ਨੇ ਚੋਰ ਬਾਜ਼ਾਰੀ ਦੀ ਯੋਜਨਾ ਬਣਾ ਕੇ 2 ਸਿਲੰਡਰ, 2 ਕਨਵਰਟਰ ਤੇ ਹੋਰ ਜ਼ਰੂਰੀ ਦਵਾਈਆਂ ਦਾ ਜਾਲ ਮਜ਼ਬੂਤ ਕਰ ਲਿਆ। ਦਿੱਲੀ ਵਿਚ ਐੈਂਬੂਲੈਂਸ ਦੇ ਕਿਰਾਏ ਦੀ ਕੀਮਤ ਤਾਂ ਹੈਰਾਨ ਕਰ ਦੇਣ ਵਾਲੀਆਂ ਹੱਦਾਂ ਵੀ ਪਾਰ ਕਰ ਚੁੱਕੀ ਹੈ। ਭਾਵੇਂ ਅਦਾਲਤ ਵਲੋਂ ਇਕ ਕੀਮਤ ਨਿਸ਼ਚਿਤ ਕੀਤੀ ਗਈ ਹੈ, ਪਰ ਮਜਬੂਰ ਇਨਸਾਨ ਚੁੱਪ ਚੁਪੀਤੇ ਕੋਈ ਵੀ ਕੀਮਤ ਦੇਣ ਨੂੰ ਰਾਜ਼ੀ ਹੋ ਰਿਹਾ ਹੈ। 

ਨਿਜੀ ਪ੍ਰਾਈਵੇਟ ਲੇਬਾਰਟਰੀਆਂ ਵਲੋਂ ਕੋਵਿਡ ਟੈਸਟ ਵਾਸਤੇ ਵਾਧੂ ਕੀਮਤ ਵੀ ਬਟੋਰੀ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਟੈਸਟ ਦੀ ਕੀਮਤ 450 ਤੇ ਵੈਂਟੀਲੇਟਰ ਬੈੱਡ ਦੀ ਕੀਮਤ ਵੀ ਨਿਰਧਾਰਤ ਕੀਤੀ ਗਈ ਹੈ। ਪਰ ਨਿਜੀ ਹਸਪਤਾਲਾਂ ਵਲੋਂ ਇਸ ਦੀ ਖੁਲ੍ਹ ਕੇ ਉਲੰਘਣਾ ਕੀਤੀ ਜਾ ਰਹੀ ਹੈ। ਟੈਸਟ ਰੀਪੋਰਟ ਜਲਦੀ ਦੇਣ ਦੀ ਮੰਗ ਹੋਵੇ ਤਾਂ ਕੀਮਤ 1500 ਰੁਪਏ ਮੰਗ ਲਈ ਜਾਂਦੀ ਹੈ। ਇਕ ਨਾਮੀ ਨਿਜੀ ਹਸਪਤਾਲ ਵਿਚ ਕੋਵਿਡ ਦੇ ਬੈੱਡ ਵਾਸਤੇ ਦਸ ਲੱਖ ਦਾ ਨਕਦ ਭੱਤਾ ਮੰਗਿਆ ਜਾ ਰਿਹਾ ਹੈ।

ਇਹੀ ਨਹੀਂ, ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ ਨਾਲ ਪਹਿਲ ਦੂਜੇ ਸੂਬਿਆਂ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਦਿਤੀ ਜਾ ਰਹੀ ਹੈ ਕਿਉਂਕਿ ਜਿਸ ਇਲਾਜ ਦਾ ਪੰਜਾਬ ਦੇ ਨਾਗਰਿਕ ਤੋਂ ਪ੍ਰਤੀ ਦਿਨ 15000 ਮਿਲਦਾ ਹੈ, ਬਾਕੀ ਸੂਬਿਆਂ ਤੋਂ ਆਉਣ ਵਾਲੇ ਮਰੀਜ਼ਾਂ ਤੋਂ 50-60 ਫ਼ੀ ਸਦੀ ਪ੍ਰਤੀ ਦਿਨ ਵੱਧ ਲਿਆ ਜਾ ਸਕਦਾ ਹੈ।
ਆਕਸੀਮੀਟਰ ਇਕ ਛੋਟੀ ਜਿਹੀ ਉਂਗਲ ਤੇ ਲਾਉਣ ਵਾਲੀ ਮਸ਼ੀਨ, ਕੋਵਿਡ ਤੋਂ ਪਹਿਲਾਂ ਕੋਈ ਇਸਤੇਮਾਲ ਵੀ ਨਹੀਂ ਸੀ ਕਰਦਾ।

ਇਸ ਦੀ ਲੋੜ ਸਮਝ ਆਈ ਤਾਂ ਇਹ ਆਮ 700 ਤੋਂ ਲੈ ਕੇ ਹਜ਼ਾਰ ਤਕ ਦੀ ਮਿਲਣ ਲੱਗੀ ਤੇ ਕੰਪਨੀ ਦੀ 1200 ਵਿਚ ਮਿਲਦੀ ਸੀ। ਅੱਜ ਆਮ ਚੀਨ ਤੋਂ ਆਉਣ ਵਾਲੀ ਵੀ ਦੋ ਹਜ਼ਾਰ ਰੁਪਏ ਦੀ ਮਿਲਦੀ ਹੈ। ਦਵਾਈਆਂ ਦੀ ਕਾਲਾ ਬਾਜ਼ਾਰੀ ਨਾਲ ਨਕਲੀ ਦਵਾਈਆਂ ਵੀ ਮਿਲ ਰਹੀਆਂ ਹਨ। ਨਕਲੀ ਵੈਕਸੀਨ ਤੋਂ ਲੈ ਕੇ ਨਕਲੀ ਡਾਕਟਰ ਵੀ ਹਰ ਪਾਸੇ ਮੌਜੂਦ ਹਨ। ਡਾਕਟਰਾਂ ਵਲੋਂ ਸੀ ਟੀ ਸਕੈਨ ਦੀ ਇਸ ਕਦਰ ਵੱਧ ਵਰਤੋਂ ਕੀਤੀ ਜਾ ਰਹੀ ਹੈ ਜੋ ਕਿ ਸਿਰਫ਼ ਪੈਸੇ ਬਣਾਉਣ ਵਾਸਤੇ ਹੀ ਆਖੀ ਜਾ ਸਕਦੀ ਹੈ। ਸੀ ਟੀ ਸਕੈਨ ਦੀ ਲੋੜ 7ਵੇਂ ਜਾਂ 8ਵੇਂ ਦਿਨ ਦੇ ਬਾਅਦ ਪੈਂਦੀ ਹੈ ਤੇ ਇਕ ਸੀ ਟੀ ਸਕੈਨ 140 ਐਕਸਰੇਅ ਬਰਾਬਰ ਹੁੰਦਾ ਹੈ ਯਾਨੀ ਉਹ ਮਰੀਜ਼ ਦੀ ਸਿਹਤ ਉਤੇ ਮਾੜਾ ਅਸਰ ਛਡਦਾ ਹੈ। ਪਰ ਜਿਸ ਦੇਸ਼ ਵਿਚ ਡਾਕਟਰ ਵੀ ਅਪਣੀ ਸਰਕਾਰੀ ਨੌਕਰੀ ਛੱਡ ਕੇ ਨਿਜੀ ਹਸਪਤਾਲ ਵਿਚ ਤਿਗਣੀ ਜਾਂ ਚੌਗੁਣੀ ਤਨਖ਼ਾਹ ਲੈਣ ਲਈ ਜਾ ਸਕਦੇ ਹੋਣ, ਉਥੇ ਫ਼ਾਲਤੂ ਦੇ ਟੈਸਟਾਂ ਵਿਚ ਕੀ ਰੁਕਾਵਟ ਹੋ ਸਕਦੀ ਹੈ?

ਇਸ ਦਾ ਇਹ ਮਤਲਬ ਨਹੀਂ ਕਿ ਡਾਕਟਰੀ ਪੇਸ਼ੇ ਵਾਲੇ ਸਾਰੇ ਹੀ ਖ਼ਰਾਬ ਲੋਕ ਹਨ ਬਲਕਿ ਇਹ ਸਿਸਟਮ ਦੀ ਹਾਰ ਹੈ। ਨਾ ਸਾਡੇ ਸਿਸਟਮ ਵਿਚ ਡਾਕਟਰ ਦੀ ਕਦਰ ਹੈ ਤੇ ਨਾ ਹੀ ਇਸ ਸਿਸਟਮ ਵਿਚ ਗ਼ਲਤ ਲੈਣ-ਦੇਣ ਤੇ ਵਿਜੀਲੈਂਸ ਦੀ ਨਜ਼ਰ ਹੈ। ਪਹਿਲਾਂ ਵੀ ਬਹੁਤ ਸਾਰੇ ਵਧੀਆ, ਇਮਾਨਦਾਰ ਡਾਕਟਰ ਸਨ ਤੇ ਉਹ ਅੱਜ ਵੀ ਅਪਣੀ ਜਾਨ ਜੋਖਮ ਵਿਚ ਪਾ ਕੇ ਮਰੀਜ਼ਾਂ ਨੂੰ ਬਚਾਉਣ ਵਿਚ ਲੱਗੇ ਹਨ ਤੇ ਇਹ ਸਿਸਟਮ ਦੀ ਹਾਰ ਉਨ੍ਹਾਂ ਦੀ ਵੀ ਹਾਰ ਹੈ। ਜਦ ਇਸ ਤਰ੍ਹਾਂ ਦੀਆਂ ਚੋਰੀਆਂ ਸਾਹਮਣੇ ਆਉਂਦੀਆਂ ਹਨ ਤਾਂ ਇਕ ਪੂਰਾ ਪੇਸ਼ਾ ਬਦਨਾਮ ਹੋਣ ਲਗਦਾ ਹੈ ਤੇ ਲੋਕਾਂ ਅੰਦਰ ਉਪਜੀ ਬੇਵਿਸ਼ਵਾਸੀ, ਬੀਮਾਰੀ ਦੇ ਇਲਾਜ ਵਿਚ ਅੜਚਨ ਬਣ ਜਾਂਦੀ ਹੈ।

ਸਰਕਾਰ ਨੂੰ ਇਸ ਪੇਸ਼ੇ ਵਿਚ ਚੋਰ ਬਾਜ਼ਾਰੀ, ਧੋਖੇ ਨੂੰ, ਜੰਗ ਦੌਰਾਨ ਹੋਏ ਅਪਰਾਧ ਵਾਂਗ ਲੈਣ ਦੀ ਲੋੜ ਹੈ। ਜੇ ਸਰਕਾਰੀ ਡਾਕਟਰ ਹੈ ਤਾਂ ਉਸ ਨੂੰ ਭਗੌੜਾ ਕਰਾਰ ਦੇਣਾ ਚਾਹੀਦਾ ਹੈ। ਨਕਲੀ ਦਵਾਈਆਂ ਤੇ ਪੈਸੇ ਬਟੋਰਨ ਵਾਲੇ ਨੂੰ ਦੋਸ਼ ਧ੍ਰੋਹੀ ਕਰਾਰ ਦੇਣ ਦੀ ਲੋੜ ਹੈ। ਜੇ ਅੱਜ ਦੇ ਹਾਲਾਤ ਵਿਚ ਵੀ ਕੋਈ ਦੁਖੀਆਂ ਦੀ ਮਜਬੂਰੀ ਵਿਚੋਂ ਪੈਸੇ ਬਣਾਉਣ ਬਾਰੇ ਸੋਚ ਰਿਹਾ ਹੈ ਨਾਕਿ ਪੀੜਤ ਦੇਸ਼ ਵਾਸੀਆਂ ਦੀ ਮਦਦ ਕਰਨ ਬਾਰੇ, ਤਾਂ ਯਕੀਨਨ ਉਹ ਦੇਸ਼ ਧ੍ਰੋਹੀ ਹੀ ਹੈ।                      -ਨਿਮਰਤ ਕੌਰ