ਮਨ ਹੋਰ ਤੇ ਮੁੱਖ ਹੋਰ ਵਾਲੇ ‘ਕਾਂਢੇ ਕਚਿਆਂ’ ਦਾ ਪੰਥਕ ਇਕੱਠ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜੇ ਇਹ ਸਾਰੇ ਇਕੱਠੇ ਬੈਠੇ ਸਨ ਤਾਂ ਸਿੱਖ ਪੰਥ ਦੇ ਹੋਰ ਕਈ ਮਸਲੇ ਹਨ ਜਿਨ੍ਹਾਂ ਬਾਰੇ ਸਹਿਮਤੀ ਬਣਾਈ ਜਾ ਸਕਦੀ ਸੀ।

Panthic Gathering

 

ਭਾਂਤ ਭਾਂਤ ਦੇ ਪੰਥਕ ਲੀਡਰਾਂ ਨੂੰ ਇਕੱਠੇ ਬੈਠੇ ਦੇਖ ਕੇ ਬੜੀ ਹੈਰਾਨੀ ਹੋਈ। 32 ਸਾਲਾਂ ਤੋਂ ਜੇਲ ਵਿਚ ਫਸੇ ਬੰਦੀ ਸਿੱਖਾਂ ਵਾਸਤੇ ਇਹ ਇਕੱਠ ਵੇਖ ਕੇ ਲਗਦਾ ਤਾਂ ਇਹ ਹੈ ਕਿ ਸਿੱਖ ਆਗੂਆਂ  ਉਤੇ ਕੋਈ ਨਵੇਂ ਬਾਜ਼ ਆ ਪਏ ਹਨ। ਪਰ ਨਹੀਂ, ਉਹ ਤਾਂ ਕਹਿ ਰਹੇ ਨੇ, ਉਨ੍ਹਾਂ ਨੂੰ ਬੰਦੀਆਂ ਦੀ ਚਿੰਤਾ ਇਥੇ ਲੈ ਆਈ ਹੈ। ਕੀ ਇਹ ਚਿੰਤਾ ਬੰਦੀ ਸਿੱਖਾਂ ਦੀ ਹੈ ਜਾਂ ਅਪਣੀ ਹੋਂਦ ਬਚਾਉਣ ਦੀ? ਆਖ਼ਰ ਉਹ ਕਿਹੜੀ ਗੱਲ ਹੈ ਜਿਸ ਨੇ ਹਰ ਵਿਚਾਰਧਾਰਾ ਦੇ ਅਕਾਲੀ ਗੁਟ ਦੇ ਮੁਖੀ ਨੂੰ ਇਕੱਠੇ ਬੈਠਣ ਲਈ ਮਜਬੂਰ ਕਰ ਦਿਤਾ? ਤੇ ਕੀ ਇਹ ਗੁਟ, ਆਉਣ ਵਾਲੇ ਸਮੇਂ ਵਾਸਤੇ ਇਕ ਨਵੀਂ ਰਾਜਨੀਤੀ ਦਾ ਸੰਕੇਤ ਬਣ ਸਕਦੇ ਹਨ?

Panthic Gathering

2019 ਵਿਚ ਕੇਂਦਰ ਨੇ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਕੀਤੀ ਸੀ ਤੇ ਸਰਕਾਰ ਮੁਤਾਬਕ ਸਿਰਫ਼ ਤਿੰਨ ਸਿੱਖ ਹੁਣ ਜੇਲ ਵਿਚ ਹਨ ਤੇ ਬਲਵੰਤ ਰਾਜੋਆਣਾ ਦੀ ਸਜ਼ਾ-ਏ-ਮੌਤ, ਉਮਰ ਕੈਦ ਵਿਚ ਬਦਲ ਦਿਤੀ ਗਈ ਹੈ। ਦਵਿੰਦਰ ਪਾਲ ਭੁੱਲਰ ਨੂੰ ਤਾਂ ਸੁਪਰੀਮ ਕੋਰਟ ਨੇ ਵੀ ਛੱਡਣ ਦੇ ਆਦੇਸ਼ ਦਿਤੇ ਹਨ ਕਿਉਂਕਿ ਉਨ੍ਹਾਂ ਦੀ ਮਾਨਸਕ ਹਾਲਤ ਬਹੁਤ ਮਾੜੀ ਹੈ। ਮਾਨਵੀ ਅਧਿਕਾਰਾਂ ਤਹਿਤ ਹੀ ਉਨ੍ਹਾਂ ਨੂੰ ਹੁਣ 27 ਸਾਲ ਬਾਅਦ ਛੱਡ ਦੇਣਾ ਚਾਹੀਦਾ ਹੈ ਪਰ ਇਸ ਸੱਭ ਤੇ ਅਰਵਿੰਦ ਕੇਜਰੀਵਾਲ ਨੇ ਵੀ ਕੇਂਦਰ ਤੋਂ ਵਖਰਾ ਰੁਖ਼ ਨਹੀਂ ਅਪਣਾਇਆ ਭਾਵੇਂ ਇਸ ਮੁੱਦੇ ’ਤੇ ਬੋਲਣ ਨਾਲ ਉਨ੍ਹਾਂ ਨੂੰ 92 ਦੀ ਥਾਂ 100 ਸੀਟਾਂ ਵੀ ਮਿਲ ਸਕਦੀਆਂ ਸਨ।

Panthic Gathering

ਜਥੇਦਾਰ ਹਵਾਰਾ, ਦਵਿੰਦਰ ਭੁੱਲਰ, ਰਾਜੋਆਣਾ ਨੂੰ ਛੱਡਣ ਨਾਲ ਭਾਜਪਾ ਨੂੰ ਵੀ ਸਿੱਖਾਂ ਦੇ ਮਨਾਂ ਵਿਚ ਥਾਂ ਮਿਲ ਸਕਦੀ ਹੈ ਜਿਸ ਟੀਚੇ ਦੀ ਪ੍ਰਾਪਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਵੀ ਜ਼ੋਰ ਲਗਾ ਰਹੇ ਹਨ। ਫਿਰ ਵੀ ਉਹ ਇਨ੍ਹਾਂ ਦੀ ਰਿਹਾਈ  ਨਹੀਂ ਕਰ ਰਹੇ ਪਰ ਸਿੱਖਾਂ ਵਾਸਤੇ ਹੋਰ ਕੁੱਝ ਵੀ ਕਰਨ ਦੀ ਗੱਲ ਕਰਦੇ ਹਨ। ਇਹ ਵੀ ਸੱਚ ਹੈ ਕਿ ਅੱਜ ਤਕ ਸੱਭ ਤੋਂ ਵੱਧ ਸਜ਼ਾ ਭੁਗਤਣ ਵਾਲੇ ਸਿੱਖ, 32 ਸਾਲਾਂ ਤੋਂ ਜੇਲ ਵਿਚ ਸੜ ਰਹੇ ਹਨ। ਇਹ ਸਾਰੇ ਸਿੱਖ ਕਿਸੇ ਨਾ ਕਿਸੇ ਵਕਤ ਤਾਕਤ ਦਾ ਹਿੱਸਾ ਸਨ ਜਾਂ ਆਪ ਤਾਕਤਵਰ ਸਨ। ਪਰ ਕਦੇ ਕਿਸੇ ਪੰਥਕ ਗੁਟ ਜਾਂ ਅਕਾਲੀ ਗੁਟ ਨੇ ਉਨ੍ਹਾਂ ਦੀ ਦਸ਼ਾ ਵਲ ਵੇਖ ਕੇ ਉਫ ਤਕ ਨਾ ਕੀਤੀ।

Simranjit Singh Mann

ਜੇ ਇਹ ਸਾਰੇ ਇਕੱਠੇ ਬੈਠੇ ਸਨ ਤਾਂ ਸਿੱਖ ਪੰਥ ਦੇ ਹੋਰ ਕਈ ਮਸਲੇ ਹਨ ਜਿਨ੍ਹਾਂ ਬਾਰੇ ਸਹਿਮਤੀ ਬਣਾਈ ਜਾ ਸਕਦੀ ਸੀ। ਮਾਨ ਦਲ ਹਮੇਸ਼ਾ ਸੁਖਬੀਰ ਬਾਦਲ ਨੂੰ ਬਰਗਾੜੀ ਕਾਂਡ ਦਾ ਦੋਸ਼ੀ ਠਹਿਰਾਉਂਦਾ ਰਿਹਾ ਹੈ। ਪਰ ਇਥੇ ਸਤਿਕਾਰ ਨਾਲ ਇਕ ਦੂਜੇ ਨਾਲ ਬੈਠੇ ਸਨ। ਨਾ ਬਰਗਾੜੀ, ਨਾ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਉਤੇ ਬਾਦਲ ਪ੍ਰਵਾਰ ਦੀ ਅਜਾਰੇਦਾਰੀ, ਨਾ ਦਰਬਾਰ ਸਾਹਿਬ ’ਚੋਂ ਹੱਥ ਲਿਖਤ ਗ੍ਰੰਥਾਂ ਦੀ ਚੋਰੀ ਤੇ ਨਾ ਕੋਈ ਹੋਰ ਮੁੱਦਾ ਚੁਕਿਆ ਗਿਆ। ਬਾਦਲ ਰਾਜ ਵਿਚ ਤਾਂ ਪੰਜਾਬ ਪੁਲਿਸ ਨੇ ਦੋ ਨਿਹੱਥੇ ਸਿੱਖਾਂ ’ਤੇ ਗੋਲੀਆਂ ਚਲਾ ਕੇ ਕਤਲ ਕਰ ਦਿਤਾ ਪਰ ਅੱਜ ਉਹ ਸਾਰੇ ਮੁੱਦੇ ਭੁਲਾ ਕੇ ਇਹ ਸੱਭ ਇਕੱਠੇ ਬੈਠ ਗਏ।

Sukhbir Badal

ਸ਼ਾਇਦ ਸਾਰੇ ਹੀ 32 ਸਾਲਾਂ ਬਾਅਦ ਸਿੱਖ ਕੌਮ ਦੇ ਜ਼ਖ਼ਮਾਂ ਬਾਰੇ ਚਿੰਤਤ ਹੋ ਗਏ ਹਨ ਜਾਂ ਸ਼ਾਇਦ ਪੰਜਾਬ ਵਿਚ ਹੋਈ ਹਾਰ ਤੇ ਪ੍ਰਧਾਨ ਮੰਤਰੀ ਮੋਦੀ ਦੀ ਪਾਰਟੀ ਦੀ ਸਿੱਖਾਂ ਅੰਦਰ ਘੁਸਪੈਠ ਵੇਖ ਕੇ ਘਬਰਾਹਟ ਵਿਚ ਇਕੱਠੇ ਹੋ ਗਏ ਹਨ। ਬੜੀ ਕੌੜੀ ਹਕੀਕਤ ਹੈ ਪਰ ਪਿਛਲੇ 30 ਸਾਲਾਂ ਵਿਚ ਜਿੰਨੀ ਗਿਰਾਵਟ ਸਿੱਖ ਪੰਥ ਵਿਚ ਆਈ ਹੈ ਤੇ ਜਿਵੇਂ ਇਸ ਸਮੇਂ ਦੌਰਾਨ, ਪੰਥਕ ਧੜੇ ਇਕ-ਦੂਜੇ ਨੂੰ ‘ਪੰਥ-ਵਿਰੋਧੀ’ ਸਾਬਤ ਕਰਨ ਲੱਗੇ ਰਹੇ ਹਨ, ਉਸ ਨੂੰ ਸਾਹਮਣੇ ਰੱਖ ਕੇ ਅੱਜ ਦਾ ਇਕੱਠ ਇਹ ਸੋਚਣ ਤੇ ਮਜਬੂਰ ਕਰਦਾ ਹੈ ਕਿ ਬੰਦੀਆਂ ਪ੍ਰਤੀ ਪ੍ਰੇਮ ਤਾਂ ਨਿਰਾ ਇਕ ਬਹਾਨਾ ਸੀ ਤੇ ਮੁਸੀਬਤ ਵੇਲੇ ਸੱਪ ਤੇ ਨਿਉਲੇ ਵਲੋਂ ਵੀ ਜੱਫੀ ਪਾ ਲੈਣ ਵਾਲੀ ਹੀ ਗੱਲ ਹੈ।
 ਯਕੀਨਨ ਇਹ ਚਿੰਤਾ ਬੰਦੀ ਸਿੰਘਾਂ ਦੀ ਨਹੀਂ ਬਲਕਿ ਚਿੰਤਾ ਇਨ੍ਹਾਂ ਦੇ ਭਵਿੱਖ ਤੇ ਲੱਗ ਰਹੇ ਸਵਾਲੀਆ ਨਿਸ਼ਾਨ ਨੂੰ ਲੈ ਕੇ ਹੈ।

Akal Takht sahib

ਪਹਿਲੀ ਵਾਰ ਇਸ ਇਕੱਠ ਵਿਚ ਹੀ ਹੋਇਆ ਹੈ ਕਿ ਸਿਮਰਨਜੀਤ ਸਿੰਘ ਮਾਨ ਵਲੋਂ ਖ਼ਾਲਿਸਤਾਨ ਵਾਸਤੇ ਵੋਟ ਮੰਗਣ ਤੇ ਉਫ ਤਕ ਨਾ ਕੀਤੀ ਗਈ ਹਾਲਾਂਕਿ ਇਹ ਇਕ ਤਕਰੀਰ ਹੀ ਸਰਕਾਰ ਨੂੰ ਬੰਦੀਆਂ ਪ੍ਰਤੀ ਹੋਰ ਕਰੜਾ ਰੁਖ਼ ਅਪਨਾਉਣ ਲਈ ਵੱਡਾ ਬਹਾਨਾ ਦੇ ਸਕਦੀ ਹੈ। ਇਹ ਬੰਦੀਆਂ ਬਾਰੇ ਫ਼ਿਕਰ ਕਰਨ ਵਾਲੇ ਨਹੀਂ ਸਨ, ਅਪਣੀ ਗਵਾਚੀ ਸਾਖ ਤੇ ਸੱਤਾ ਦਾ ਰਾਹ ਲੱਭਣ ਨਿਕਲੇ ਲੋਕ ਸਨ। ਜੇ ਇਹ ਬੰਦੀਆਂ ਪ੍ਰਤੀ ਚਿੰਤਾ ਕਰਨ ਵਾਲੇ ਹੁੰਦੇ ਤਾਂ ਦਿੱਲੀ ਦੀ ਸਰਕਾਰ ਵਿਚ ਭਾਈਵਾਲੀ ਸਮੇਂ ਉਨ੍ਹਾਂ ਦੀ ਰਿਹਾਈ ਕਰਵਾ ਸਕਦੇ ਸਨ ਤੇ ਅੱਜ ਵੀ ਉਹ ਬਿਲਕੁਲ ਵੀ ਸਪੱਸ਼ਟ ਨਹੀਂ ਕਿ ਬੰਦੀਆਂ ਨੂੰ ਰਿਹਾਅ ਕਰਵਾਉਣ ਲਈ ਕੀ ਕਰਨਾ ਚਾਹੀਦਾ ਹੈ। ‘ਮਨ ਹੋਰ ਮੁਖ ਹੋਰ’ ਵਾਲੀ ਹਾਲਤ ਹੈ ਤੇ ਅਕਾਲ ਤਖ਼ਤ ਦੇ ਕਿਸੇ ਵੀ ਛੋਟੇ-ਵੱਡੇ ਪ੍ਰਤੀਨਿਧ ਨੂੰ ਅਜਿਹੇ ਇਕੱਠ ਨੂੰ ਸਰਪ੍ਰਸਤੀ ਨਹੀਂ ਦੇਣੀ ਚਾਹੀਦੀ।                                      - ਨਿਮਰਤ ਕੌਰ