ਕੋਰੋਨਾ ਨੇ ਬੱਚਿਆਂ ਦੀ ਪੜ੍ਹਾਈ ਬਾਰੇ ਵੱਡਾ ਸਵਾਲ ਖੜਾ ਕੀਤਾ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਦੀ ਇਸ ਸਥਿਤੀ 'ਚ ਜਿਥੇ ਜਾਨ ਅਤੇ ਜਹਾਨ ਵਿਚਕਾਰ ਜਦੋਜਹਿਦ ਚਲ ਰਹੀ ਹੈ, ਉਥੇ ਦੇਸ਼ ਦੇ ਬੱਚਿਆਂ ਦੀ ਸਿਖਿਆ ਦਾ ਸਵਾਲ ਵੀ ਬੜਾ ਅਹਿਮ ਹੈ।

File Photo

ਅੱਜ ਦੀ ਇਸ ਸਥਿਤੀ 'ਚ ਜਿਥੇ ਜਾਨ ਅਤੇ ਜਹਾਨ ਵਿਚਕਾਰ ਜਦੋਜਹਿਦ ਚਲ ਰਹੀ ਹੈ, ਉਥੇ ਦੇਸ਼ ਦੇ ਬੱਚਿਆਂ ਦੀ ਸਿਖਿਆ ਦਾ ਸਵਾਲ ਵੀ ਬੜਾ ਅਹਿਮ ਹੈ। ਬੱਚਿਆਂ ਨੂੰ ਇਸ ਸੰਕਟ ਕਾਲ ਵਿਚ ਸਕੂਲ ਨਹੀਂ ਭੇਜਿਆ ਜਾ ਰਿਹਾ ਅਤੇ ਨਾ ਹੀ ਭੇਜਿਆ ਜਾ ਸਕਦਾ ਹੈ। ਇਸ ਮੁੱਦੇ ਵਿਚੋਂ ਦੋ ਸਵਾਲ ਨਿਕਲ ਕੇ ਆਉਂਦੇ ਹਨ। ਜਿਹੜੇ ਸਕੂਲ ਬੰਦ ਹਨ, ਕੀ ਉਨ੍ਹਾਂ ਦੇ ਅਧਿਆਪਕਾਂ ਨੂੰ ਤਨਖ਼ਾਹ ਨਾ ਦਿਤੀ ਜਾਏ?

ਜੇ ਤਨਖ਼ਾਹ ਦਿਤੀ ਜਾਵੇ ਤਾਂ ਫਿਰ ਕੀ ਸਕੂਲਾਂ ਵਿਚ ਕੰਮ ਕਰਨ ਵਾਲੇ ਸਹਿਕਰਮੀਆਂ ਦੀਆਂ ਤਨਖ਼ਾਹਾਂ ਕੱਟੀਆਂ ਜਾਣ? ਮਾਰਚ ਵਿਚ ਮਹਾਂਮਾਰੀ ਬਾਰੇ ਹੋਸ਼ ਆਈ ਅਤੇ ਉਸ ਸਮੇਂ ਨਵੀਆਂ ਜਮਾਤਾਂ, ਸ਼ੁਰੂ ਹੋਣ ਤੋਂ ਹਫ਼ਤਾ ਭਰ ਹੀ ਦੂਰ ਸਨ। ਸੋ ਸਕੂਲਾਂ ਦੀਆਂ ਵਰਦੀਆਂ ਤੇ ਕਿਤਾਬਾਂ ਦਾ ਆਰਡਰ ਜਾ ਚੁੱਕਾ ਸੀ। ਕਈਆਂ ਨੇ ਤਾਂ ਪਹਿਲਾਂ ਹੀ ਕਾਹਲ ਵਿਚ ਸੱਭ ਕੁੱਝ ਚੁਕ ਲਿਆ ਸੀ।

ਹੁਣ ਉਨ੍ਹਾਂ ਨੂੰ ਇਹ ਆਖ ਦਿਤਾ ਜਾਵੇ ਕਿ ਅਸੀ ਤਾਂ ਸਕੂਲ ਖੁੱਲ੍ਹਣ ਤੇ ਹੀ ਗੱਲ ਕਰਾਂਗੇ ਤਾਂ ਉਹ ਕਿਥੇ ਜਾਣ? ਮਾਪਿਆਂ ਦੀਆਂ ਤਨਖ਼ਾਹਾਂ, ਆਮਦਨ ਚਲੀ ਗਈ ਹੈ ਪਰ ਫਿਰ ਵੀ ਇਸ ਖ਼ਰਚੇ ਵਾਸਤੇ ਤਕਰੀਬਨ 80% ਮਾਪੇ ਤਿਆਰ ਹਨ। ਅਪ੍ਰੈਲ ਦਾ ਇਹ ਖ਼ਰਚਾ ਸਾਰਿਆਂ ਦੇ ਸਿਰ ਤੇ ਆਉਣਾ ਹੀ ਹੁੰਦਾ ਹੈ। ਪਰ ਮਹਾਂਮਾਰੀ ਦੀ ਘਬਰਾਹਟ ਵਿਚ ਮਾਪਿਆਂ ਅਤੇ ਸਕੂਲਾਂ ਵਿਚਕਾਰ ਇਕ ਵੱਡੀ ਜੰਗ ਸ਼ੁਰੂ ਹੋ ਗਈ ਹੈ।

ਸਕੂਲਾਂ ਦੇ ਪ੍ਰਬੰਧਕ ਪੈਸੇ ਕਿਉਂ ਲੈ ਰਹੇ ਹਨ, ਜਦ ਸਕੂਲ ਹੀ ਬੰਦ ਹਨ? ਸਹੀ ਹੈ। ਸਕੂਲ ਦਾ ਬਿਜਲੀ, ਪਾਣੀ ਅਤੇ ਉਪਰਲਾ ਖ਼ਰਚਾ ਜਿੰਨਾ ਘਟਣਾ ਹੈ, ਉਸ ਦੀ ਕਟੌਤੀ ਕਰ ਲਉ ਪਰ ਸਾਰਾ ਤਾਂ ਦੇਣ ਤੋਂ ਇਨਕਾਰ ਕਰਨਾ ਜਾਇਜ਼ ਨਹੀਂ ਹੋ ਸਕਦਾ। ਉਧਰ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਇਕ 'ਵਪਾਰ' ਬਣ ਕੇ ਰਹਿ ਗਏ ਹਨ ਅਤੇ ਉਹ ਲੁੱਟ-ਖਸੁੱਟ ਕਰ ਰਹੇ ਹਨ।

ਇਹ ਵੀ ਜਾਇਜ਼ ਹੈ ਪਰ ਸਿਖਿਆ ਦਾ ਵਪਾਰ ਬਣ ਜਾਣਾ ਅੱਜ ਦਾ ਮੁੱਦਾ ਨਹੀਂ। ਸਿਖਿਆ ਨੂੰ ਵਪਾਰ ਬਣੇ ਕਈ ਸਾਲ ਹੋ ਗਏ ਹਨ ਅਤੇ ਜਿੰਨੇ ਇਸ ਲਈ ਸਕੂਲ ਜ਼ਿੰਮੇਵਾਰ ਹਨ, ਓਨੇ ਹੀ ਮਾਪੇ ਅਤੇ ਸਰਕਾਰਾਂ ਵੀ ਜ਼ਿੰਮੇਵਾਰ ਹਨ। ਜਿੰਨਾ ਅੱਜ ਸ਼ੋਰ ਮੱਚ ਰਿਹਾ ਹੈ, ਉਹ ਸਰਕਾਰੀ ਸਕੂਲਾਂ ਦੀ ਹਾਲਤ ਉਤੇ ਕਿਉਂ ਨਹੀਂ ਮੱਚ ਰਿਹਾ? ਇਸ ਚੁੱਪੀ ਕਰ ਕੇ ਸਾਡੇ ਦੇਸ਼ ਵਿਚ ਸਿਖਿਆ ਵੀ ਵਿਕਦੀ ਹੈ ਤਾਂ ਹੁਣ ਮਹਾਂਮਾਰੀ ਦੇ ਵਪਾਰ ਦਾ ਮੁਨਾਫ਼ਾ ਘਟਾਉਣ ਦੀ ਮੰਗ ਕਿਉਂ?

ਕੀ ਮੈਗੀ ਨੇ ਅਪਣੀ ਕੀਮਤ ਘਟਾਈ ਹੈ? ਕੀ ਪਤੰਜਲੀ ਵਾਲਿਆਂ ਨੇ ਅਪਣਾ ਸਮਾਨ ਮੁਫ਼ਤ ਕਰ ਦਿਤਾ ਹੈ? ਨਹੀਂ, ਸੋ ਫਿਰ ਸਕੂਲ ਹੀ ਅਜਿਹਾ ਕਿਉਂ ਕਰਨ? ਅੱਜ ਜਿਹੜੇ ਮਾਪੇ ਫ਼ੀਸ ਨਾ ਦੇਣ ਨੂੰ ਲੈ ਕੇ ਰੌਲਾ ਪਾ ਰਹੇ ਹਨ, ਉਨ੍ਹਾਂ ਵਿਚੋਂ ਕਈ ਜ਼ਰੂਰ ਸ਼ਰਾਬ ਦੁਗਣੀ ਕੀਮਤ ਉਤੇ ਕਰਫ਼ੀਊ ਦੌਰਾਨ ਖ਼ਰੀਦਣ ਵਾਲੇ ਵੀ ਹੋਣਗੇ।
ਅਸਲ 'ਚ ਸਾਡਾ ਸਮਾਜ ਸਿਖਿਆ ਦੀ ਕੀਮਤ ਨਹੀਂ ਸਮਝਦਾ। ਸਮਝੇਗਾ ਵੀ ਕਿਉਂ?

ਉਹ ਵੀ ਤਾਂ ਇਸੇ ਸਿਸਟਮ ਵਿਚੋਂ ਨਿਕਲ ਕੇ ਆਇਆ ਹੈ। ਸਾਡਾ ਸਮਾਜ ਅੱਜ ਅਪਣੇ ਸੱਭ ਤੋਂ ਵੱਡੇ ਸਿਖਿਆ ਦੇ ਮੰਦਰ ਨਹਿਰੂ 'ਵਰਸਟੀ ਦਾ ਗਲ ਘੋਟਣ ਵਿਚ ਜੁਟਿਆ ਹੈ ਕਿਉਂਕਿ ਉਸ ਨੂੰ ਇਸ ਦੀ ਅਸਲ ਸਿਖਿਆ ਦੀ ਕਦਰ ਹੀ ਕੋਈ ਨਹੀਂ। ਸਿਖਿਆ ਜੇ ਤੁਹਾਡੇ ਜੀਵਨ ਦਾ ਰੁਖ਼ ਬਦਲ ਸਕਦੀ ਹੈ ਅਤੇ ਅੱਜ ਸਮਾਜ ਇਕ-ਦੂਜੇ ਦੇ ਗਲੇ ਪਿਆ ਹੋਇਆ ਹੈ ਤਾਂ ਇਹ ਨਾ ਸੋਚੋ ਕਿ ਜਦੋਂ ਵੀ ਸਕੂਲ ਖੁੱਲ੍ਹਣਗੇ, ਅਪਣੇ ਬੱਚੇ ਉਸੇ ਸਕੂਲ ਵਿਚ ਜਾਂ ਅਧਿਆਪਕ ਦੇ ਹੱਥਾਂ ਵਿਚ ਤੁਸੀਂ ਆਪ ਸੌਂਪੋਗੇ। ਜੇ ਉਸ ਦੀ ਕਦਰ ਅੱਜ ਨਾ ਕੀਤੀ ਤਾਂ ਕੱਲ੍ਹ ਉਹ ਤੁਹਾਡੇ ਬੱਚੇ ਦੀ ਕਦਰ ਕਿਉਂ ਕਰਨਗੇ?

ਦੂਜਾ ਵੱਡਾ ਮੁੱਦਾ ਇਮਤਿਹਾਨਾਂ ਦਾ ਲਟਕਿਆ ਹੋਇਆ ਹੈ। ਅਸਲ 'ਚ ਜਦੋਂ ਇਮਤਿਹਾਨ ਹੋਣੇ ਸਨ, ਉਹੀ ਸਹੀ ਵਕਤ ਸੀ ਪਰ ਕਾਹਲ ਵਿਚ ਫ਼ੈਸਲੇ ਕਰਨ ਦਾ ਨਤੀਜਾ ਅੱਜ ਸੱਭ ਭੁਗਤ ਰਹੇ ਹਾਂ। ਬੜਾ ਵੱਡਾ ਫ਼ੈਸਲਾ ਹੈ ਜੋ ਸਾਰਿਆਂ ਅੰਦਰ ਘਬਰਾਹਟ ਵੀ ਪੈਦਾ ਕਰ ਰਿਹਾ ਹੈ ਕਿ ਜੇ ਬੱਚਾ 10ਵੀਂ/12ਵੀਂ ਦੇ ਇਮਤਿਹਾਨ ਦੇਣ ਭੇਜਿਆ ਅਤੇ ਕੋਰੋਨਾ ਹੋ ਗਿਆ ਤਾਂ ਕੀ ਇਹ ਗ਼ਲਤ ਨਹੀਂ ਹੋਵੇਗਾ?

ਪਰ ਕੀ ਅੱਜ ਸਾਰੇ ਬੱਚੇ ਘਰਾਂ ਅੰਦਰ ਬੰਦ ਬੈਠੇ ਹਨ? ਕੀ ਬੱਚੇ ਕਿਸੇ ਨੂੰ ਮਿਲਣ, ਘੁੰਮਣ ਨਹੀਂ ਜਾ ਰਹੇ? ਜਿਵੇਂ ਮਾਹਰ ਆਖ ਰਹੇ ਹਨ ਕਿ ਹੁਣ ਕੋਰੋਨਾ ਨਾਲ ਜਿਊਣਾ ਪਵੇਗਾ। ਕੀ ਇਹ ਸਾਹ ਬਚਾਉਣਾ ਠੀਕ ਹੈ ਜਾਂ ਬਰਬਾਦ ਕਰਨਾ? ਕੀ 2020 ਬੱਚਿਆਂ ਵਾਸਤੇ ਇਕ ਡਰਾਉਣਾ ਯਾਦਗਾਰੀ ਸਾਲ ਬਣ ਕੇ ਰਹਿ ਜਾਵੇਗਾ? ਮਾਪਿਆਂ ਦੀਆਂ ਚਿੰਤਾਵਾਂ ਸਹੀ ਹਨ ਪਰ ਇਹ ਨਾਜ਼ੁਕ ਮਾਮਲੇ ਅਦਾਲਤਾਂ 'ਚ ਨਹੀਂ, ਆਪਸੀ ਗੱਲਬਾਤ ਰਾਹੀਂ ਅਤੇ ਸਾਰੇ ਤੱਥਾਂ ਨੂੰ ਧਿਆਨ 'ਚ ਰਖਦਿਆਂ ਸੁਲਝਾਏ ਜਾਣੇ ਚਾਹੀਦੇ ਹਨ ਅਤੇ ਇਹੀ ਬੱਚਿਆਂ ਦੇ ਭਵਿੱਖ ਵਾਸਤੇ ਬਿਹਤਰ ਸਾਬਤ ਹੋਵੇਗਾ।  -ਨਿਮਰਤ ਕੌਰ