ਪੀ.ਐਮ ਸਵਾਲ ਖੜਾ ਕਰ ਗਏ ਕਿ ਵਪਾਰ ਕਰਨ ਲਈ ਮਿਲਦੀ ਸਹੂਲਤ ਦੇ ਮਾਮਲੇ ਚ ਪੰਜਾਬ 20 ਨੰ ਤੇ ਕਿਉ ਆਗਿਆ?
ਇਸ ਸਵਾਲ ਦਾ ਜਵਾਬ ਪੰਜਾਬ ਸਰਕਾਰ ਨੂੰ ਦੇਣਾ ਹੀ ਚਾਹੀਦਾ ਹੈ............
ਇਸ ਸਵਾਲ ਦਾ ਜਵਾਬ ਪੰਜਾਬ ਸਰਕਾਰ ਨੂੰ ਦੇਣਾ ਹੀ ਚਾਹੀਦਾ ਹੈ। ਇਕ ਗੱਲ ਤਾਂ ਤੈਅ ਹੈ ਕਿ ਪੰਜਾਬ ਵਿਚ ਕਾਂਗਰਸ ਲੋਕਾਂ ਦੀ ਨਬਜ਼ ਨਹੀਂ ਫੜ ਪਾ ਰਹੀ। ਸਾਰੇ ਵਿਧਾਇਕ ਆਪੋ-ਅਪਣੀ •ਚਾਲ ਵਿਚ ਮਗਨ ਜਾਪਦੇ ਹਨ ਅਤੇ ਧੜੇਬਾਜ਼ੀ ਵਿਚ ਉਲਝੀ ਸਰਕਾਰ ਦੀ ਪੰਜਾਬ ਉਤੇ ਪਕੜ ਮਜ਼ਬੂਤ ਨਹੀਂ ਬਣ ਰਹੀ। ਅਫ਼ਸਰਸ਼ਾਹੀ, ਪੁਲਿਸ ਅਫ਼ਸਰ, ਅਕਾਲੀ ਜਾਂ ਕਾਂਗਰਸੀ ਨਹੀਂ ਹੋਣੇ ਚਾਹੀਦੇ, ਪਰ ਇਹ ਤਾਂ ਸਾਫ਼ ਹੈ ਕਿ ਉਹ ਕਾਂਗਰਸ ਦੇ ਨਾਲ ਨਹੀਂ ਚਲ ਰਹੇ ਤੇ ਮਨਮਾਨੀ ਕਰ ਰਹੇ ਹਨ। ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਆਪਸ ਵਿਚ ਵੰਡੇ ਜਾ ਕੇ ਵੀ ਦੇਸ਼ ਦੇ ਦੋ ਅੱਵਲ ਸੂਬੇ ਐਲਾਨੇ ਗਏ ਹਨ।
ਆਂਧਰ ਪ੍ਰਦੇਸ਼ ਵਿਚ ਚੰਦਰ ਬਾਬੂ ਨਾਇਡੂ ਨੇ ਮੋਦੀ ਸਰਕਾਰ ਨੂੰ ਛੱਡ ਕੇ ਵੀ ਅੱਵਲ ਸਥਾਨ ਹਾਸਲ ਕੀਤਾ ਹੈ। ਉਸ ਦੇ ਪਿੱਛੇ ਇਕ ਠੋਸ ਰਾਜ ਪ੍ਰਬੰਧ ਹੈ ਜੋ ਮੰਗ ਕਰਦਾ ਹੈ ਕਿ ਹਰ ਵਿਧਾਇਕ, ਅਫ਼ਸਰ, ਮੁਲਾਜ਼ਮ ਪਹਿਲਾਂ ਸੂਬੇ ਦੇ ਹਿਤਾਂ ਬਾਰੇ ਸੋਚੇ ਅਤੇ ਫਿਰ ਕਿਸੇ ਹੋਰ ਗੱਲ ਬਾਰੇ। ਪ੍ਰਧਾਨ ਮੰਤਰੀ ਮੋਦੀ ਮਲੋਟ ਦੀ ਰੈਲੀ ਵਿਚ ਆ ਕੇ ਬੜਾ ਕੁੱਝ ਕਹਿ ਗਏ ਅਤੇ ਬੜਾ ਕੁੱਝ ਨਹੀਂ ਵੀ ਕਹਿ ਗਏ। ਪਰ ਵਿਸ਼ਵ ਬੈਂਕ ਦੇ ਸਰਵੇਖਣ ਦਾ ਜ਼ਿਕਰ ਕਰ ਕੇ ਪ੍ਰਧਾਨ ਮੰਤਰੀ ਨੇ ਪੰਜਾਬ ਸਰਕਾਰ ਲਈ ਚਿੰਤਾ ਦੀ ਘੜੀ ਲਿਆ ਖੜੀ ਕੀਤੀ ਹੈ ਜਿਸ ਤੋਂ ਅਕਾਲੀ-ਭਾਜਪਾ ਲੀਡਰ ਬਹੁਤ ਖ਼ੁਸ਼ ਹਨ। ਮੋਦੀ ਜੀ ਮੁਤਾਬਕ ਜਦੋਂ ਦੀ ਪੰਜਾਬ ਵਿਚ ਕਾਂਗਰਸ ਸਰਕਾਰ ਆਈ ਹੈ,
ਪੰਜਾਬ ਦੀ ਹਾਲਤ ਹੋਰ ਖ਼ਰਾਬ ਹੋਈ ਹੈ। ਪੰਜਾਬ ਦੇ ਕਿਸਾਨਾਂ ਨਾਲ ਝੂਠੇ ਵਾਅਦੇ ਕੀਤੇ ਗਏ ਅਤੇ ਕਰਜ਼ਾ ਵੀ ਮਾਫ਼ ਨਾ ਕੀਤਾ ਗਿਆ। ਪੰਜਾਬ ਦੇ ਖ਼ਜ਼ਾਨੇ ਦੀ ਹਾਲਤ ਪੰਜਾਬ ਦਾ ਕਿਸਾਨ ਸ਼ਾਇਦ ਜਾਣਦਾ ਹੈ ਅਤੇ ਇਸ ਕਰ ਕੇ ਉਹ ਇਸ ਦਾ ਕਸੂਰਵਾਰ ਕਾਂਗਰਸ ਸਰਕਾਰ ਨੂੰ ਨਹੀਂ ਠਹਿਰਾ ਰਿਹਾ। ਨੌਜਵਾਨਾਂ ਨੂੰ ਸਮਾਰਟ ਫ਼ੋਨ ਨਹੀਂ ਮਿਲੇ, ਨੌਕਰੀਆਂ ਵਾਸਤੇ ਟੱਕਰਾਂ ਖਾ ਰਹੇ ਹਨ, 'ਘਰ-ਘਰ ਨੌਕਰੀ' ਦੇ ਨਾਂ ਤੇ ਨੌਕਰੀਆਂ ਦੇ ਮੇਲੇ ਲਾਏ ਗਏ ਜੋ ਕਿ ਬਿਲਕੁਲ ਨਾਕਾਮ ਰਹੇ। ਸਰਕਾਰੀ ਨੌਕਰੀਆਂ ਦੇ ਸੁਪਨੇ ਵਿਖਾ ਕੇ ਉਨ੍ਹਾਂ ਨੂੰ ਇਨ੍ਹਾਂ ਮੇਲਿਆਂ 'ਚ 10-15 ਹਜ਼ਾਰ ਦੀਆਂ ਛੋਟੀਆਂ-ਮੋਟੀਆਂ ਨੌਕਰੀਆਂ ਦੇਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਵੀ ਪੰਜਾਬ ਤੋਂ
ਦੂਰ ਦੀਆਂ ਸਨ। ਇਸ ਦੇ ਬਾਵਜੂਦ ਸ਼ਾਹਕੋਟ ਜ਼ਿਮਨੀ ਚੋਣ ਵਿਚ ਵੋਟਰਾਂ ਨੇ ਇਸ ਦਾ ਸ਼ਿਕਵਾ ਸਰਕਾਰ ਨਾਲ ਨਹੀਂ ਕੀਤਾ ਕਿਉਂਕਿ ਵੋਟਰਾਂ ਨੇ ਸਰਕਾਰ ਨੂੰ ਕੁੱਝ ਸਮਾਂ ਹੋਰ ਦੇਣ ਦਾ ਫ਼ੈਸਲਾ ਕੀਤਾ ਸੀ। ਪੰਜਾਬ ਸਰਕਾਰ ਵਲੋਂ ਜਨਤਾ ਨੂੰ ਵਾਰ-ਵਾਰ ਇਹ ਸਮਝਾਇਆ ਗਿਆ ਸੀ ਕਿ ਪੰਜਾਬ ਨੂੰ ਮੁੜ ਪਟੜੀ ਉਤੇ ਲਿਆਉਣ ਲਈ ਤਿੰਨ ਤੋਂ ਚਾਰ ਸਾਲ ਲੱਗ ਜਾਣਗੇ ਅਤੇ ਜਨਤਾ ਵੀ ਵਿਗੜੀ ਨੂੰ ਠੀਕ ਕਰਨ ਲਈ ਜ਼ਰਾ ਸਬਰ ਤੋਂ ਕੰਮ ਲਵੇ। ਜਨਤਾ ਨੇ ਗੱਲ ਮੰਨ ਲਈ। ਪਰ ਹੁਣ ਮੋਦੀ ਜੀ ਦੇ ਸ਼ਬਦਾਂ ਨੂੰ ਸਮਰਥਨ ਦੇਂਦੀ ਹੈ ਵਿਸ਼ਵ ਬੈਂਕ ਵਲੋਂ ਪੰਜਾਬ ਵਿਚ ਵਪਾਰ ਸ਼ੁਰੂ ਕਰਨ ਦੀ ਸਹੂਲਤ ਬਾਰੇ ਰੀਪੋਰਟ। 2016 ਵਿਚ ਪੰਜਾਬ ਪਹਿਲੇ ਸਥਾਨ ਉਤੇ ਸੀ,
2017 ਵਿਚ ਦੂਜੇ ਸਥਾਨ ਤੇ ਆ ਗਿਆ ਅਤੇ ਹੁਣ ਪੰਜਾਬ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਨੇ ਪੰਜਾਬ ਵਿਚ ਮਿਲਦੀਆਂ ਜਾਂ ਨਾ ਮਿਲਦੀਆਂ ਸਹੂਲਤਾਂ ਵਲ ਵੇਖ ਕੇ ਪੰਜਾਬ ਨੂੰ 20ਵੇਂ ਸਥਾਨ ਤੇ ਲਿਆ ਸੁਟਿਆ ਹੈ ਯਾਨੀ ਕਿ ਪਿਛਲੇ ਇਕ ਸਾਲ ਵਿਚ ਪੰਜਾਬ ਸਰਕਾਰ ਨੇ ਪਿਛਲੀ ਸਰਕਾਰ ਵਲੋਂ ਇਸ ਖੇਤਰ ਵਿਚ ਸਿਰਜੇ ਚੰਗੇ ਮਾਹੌਲ ਨੂੰ ਵੀ ਖ਼ਤਮ ਕਰ ਕੇ ਰੱਖ ਦਿਤਾ ਹੈ। ਪੰਜਾਬ ਵਿਚ ਕਾਂਗਰਸ ਸਰਕਾਰ ਉਤੇ ਲੋਕ ਇਸ ਖ਼ਿਆਲ ਨੂੰ ਲੈ ਕੇ ਵਿਸ਼ਵਾਸ ਕਰ ਰਹੇ ਹਨ ਕਿ ਉਹ ਸੁਧਾਰ ਕਰਨ ਵਿਚ ਜੁਟੀ ਹੋਈ ਹੈ ਪਰ ਹੁਣ ਇਸ ਸਰਵੇਖਣ ਤੋਂ ਸਾਫ਼ ਹੈ ਕਿ ਸਰਕਾਰ ਦੀ ਕਾਰਗੁਜ਼ਾਰੀ ਕਮਜ਼ੋਰ ਪੈ ਗਈ ਹੈ। ਜੇ ਨਸ਼ਿਆਂ ਦੇ ਮੁੱਦੇ ਉਤੇ ਵੀ ਧਿਆਨ ਦਿਤਾ
ਜਾਵੇ ਤਾਂ ਸਰਕਾਰ ਵਲੋਂ ਐਸ.ਟੀ.ਐਫ਼. ਦੀ ਸ਼ੁਰੂਆਤ ਵਿਚ ਤੇਜ਼ੀ ਰਹੀ ਪਰ ਫਿਰ ਜਦ ਉੱਚ ਅਫ਼ਸਰਾਂ ਵਿਚ ਆਪਸੀ ਝੜਪ ਹੋ ਗਈ ਤਾਂ ਗਿਰਾਵਟ ਆਉਣੀ ਸ਼ੁਰੂ ਹੋ ਗਈ। ਐਸ.ਟੀ.ਐਫ਼. ਵਲੋਂ ਕੀਤੀਆਂ ਗਈਆਂ ਸੈਂਕੜੇ ਗ੍ਰਿਫ਼ਤਾਰੀਆਂ ਬਾਰੇ ਪੰਜਾਬ ਪੁਲਿਸ ਵਲੋਂ ਤਕਨੀਕੀ ਢਿੱਲਮੱਠ ਕਰਨ ਕਰ ਕੇ ਬੜੇ ਕੇਸ ਠੰਢੇ ਬਸਤੇ ਵਿਚ ਪੈ ਗਏ ਜਾਂ ਅਦਾਲਤ ਵਲੋਂ ਖ਼ਾਰਜ ਕਰ ਦਿਤੇ ਗਏ। ਪੰਜਾਬ ਪੁਲਿਸ ਦੇ ਅਫ਼ਸਰਾਂ ਨੂੰ ਅਜੇ ਵੀ ਇਕ ਥਾਂ ਤੋਂ ਬਦਲ ਕੇ ਦੂਜੀ ਥਾਂ ਤੇ ਭੇਜਿਆ ਜਾ ਰਿਹਾ ਹੈ। ਕਦੇ ਆਖਿਆ ਜਾਂਦਾ ਹੈ ਕਿ ਇਹ ਪੁਲਿਸ ਅਫ਼ਸਰ ਐਮ.ਐਲ.ਏ. ਦੀ ਗੱਲ ਨਹੀਂ ਸੁਣਦਾ ਜਾਂ ਇਹ ਅਫ਼ਸਰ ਅਕਾਲੀਆਂ ਦਾ ਬੰਦਾ ਹੈ। ਦਾਗ਼ੀ ਪੁਲਿਸ ਅਫ਼ਸਰਾਂ ਕਾਰਨ ਵੀ ਹੁਣ
ਵਖਰੀ ਹੀ ਮੁਸ਼ਕਲ ਪੈਦਾ ਹੋ ਗਈ ਹੈ ਕਿਉਂਕਿ ਹੁਣ ਜਨਤਾ ਪੁਲਿਸ ਵਿਰੁਧ ਸਾਹਮਣੇ ਆ ਕੇ ਆਵਾਜ਼ ਚੁਕ ਰਹੀ ਹੈ। ਭ੍ਰਿਸ਼ਟਾਚਾਰ ਉਤੇ ਰੋਕ ਲਗਦੀ ਨਹੀਂ ਨਜ਼ਰ ਆ ਰਹੀ ਸਗੋਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਸਲ ਵਿਚ ਸਰਕਾਰ ਅਕਾਲੀ ਚਲਾ ਰਹੇ ਹਨ। ਇਸ ਆਰਥਕ ਤੰਗੀ ਦੇ ਦੌਰ ਵਿਚ ਜਦੋਂ ਸਿਰਫ਼ ਅਕਾਲੀ ਆਗੂਆਂ ਨੂੰ ਨਵੀਆਂ ਗੱਡੀਆਂ ਮਿਲਦੀਆਂ ਹਨ ਤਾਂ ਸ਼ੱਕ ਵਿਸ਼ਵਾਸ ਵਿਚ ਬਦਲਣ ਲਗਦਾ ਹੈ। ਇਕ ਗੱਲ ਤਾਂ ਤੈਅ ਹੈ ਕਿ ਪੰਜਾਬ ਵਿਚ ਕਾਂਗਰਸ ਲੋਕਾਂ ਦੀ ਨਬਜ਼ ਨਹੀਂ ਫੜ ਪਾ ਰਹੀ। ਸਾਰੇ ਵਿਧਾਇਕ ਆਪੋ-ਅਪਣੀ •ਚਾਲ ਵਿਚ ਮਗਨ ਜਾਪਦੇ ਹਨ ਅਤੇ ਧੜੇਬਾਜ਼ੀ ਵਿਚ ਉਲਝੀ ਸਰਕਾਰ ਦੀ ਪੰਜਾਬ ਉਤੇ ਪਕੜ ਮਜ਼ਬੂਤ ਨਹੀਂ ਬਣ ਰਹੀ।
ਅਫ਼ਸਰਸ਼ਾਹੀ, ਪੁਲਿਸ ਅਫ਼ਸਰ, ਅਕਾਲੀ ਜਾਂ ਕਾਂਗਰਸੀ ਨਹੀਂ ਹੋਣੇ ਚਾਹੀਦੇ, ਪਰ ਇਹ ਤਾਂ ਸਾਫ਼ ਹੈ ਕਿ ਉਹ ਕਾਂਗਰਸ ਸਰਕਾਰ ਦੇ ਨਾਲ ਹੋ ਕੇ ਨਹੀਂ ਚਲ ਰਹੇ ਤੇ ਮਨਮਾਨੀ ਕਰ ਰਹੇ ਹਨ। ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਆਪਸ ਵਿਚ ਵੰਡੇ ਜਾ ਕੇ ਵੀ ਦੇਸ਼ ਦੇ ਦੋ ਅੱਵਲ ਸੂਬੇ ਐਲਾਨੇ ਗਏ ਹਨ। ਆਂਧਰ ਪ੍ਰਦੇਸ਼ ਵਿਚ ਚੰਦਰ ਬਾਬੂ ਨਾਇਡੂ ਨੇ ਮੋਦੀ ਸਰਕਾਰ ਨੂੰ ਛੱਡ ਕੇ ਵੀ ਅੱਵਲ ਸਥਾਨ ਹਾਸਲ ਕੀਤਾ ਹੈ। ਉਸ ਪਿੱਛੇ ਇਕ ਠੋਸ ਰਾਜ-ਪ੍ਰਬੰਧ ਕੰਮ ਕਰਦਾ ਹੈ ਜੋ ਮੰਗ ਕਰਦਾ ਹੈ ਕਿ ਹਰ ਵਿਧਾਇਕ, ਅਫ਼ਸਰ, ਮੁਲਾਜ਼ਮ ਪਹਿਲਾਂ ਸੂਬੇ ਦੇ ਹਿਤਾਂ ਬਾਰੇ ਸੋਚਣ ਅਤੇ ਫਿਰ ਕਿਸੇ ਹੋਰ ਗੱਲ ਬਾਰੇ।
ਕਾਂਗਰਸ ਦੀ ਜਿੱਤ ਦਾ ਅਸਲ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਰਾਜ ਪ੍ਰਬੰਧ ਚਲਾਉਣ ਦੀ ਕਾਬਲੀਅਤ ਅਤੇ ਉਨ੍ਹਾਂ ਦੇ ਪੰਜਾਬ ਨਾਲ ਪਿਆਰ ਦੀ ਘਰ ਘਰ ਹੁੰਦੀ ਚਰਚਾ ਸੀ। ਦੂਜਾ ਕਾਰਨ ਇਹ ਸੀ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਪਿਆਰ ਕਰਨ ਤੋਂ ਜ਼ਿਆਦਾ ਅਕਾਲੀਆਂ ਨੂੰ ਨਫ਼ਰਤ ਕਰਨ ਲੱਗ ਪਏ ਸੀ। ਅਕਾਲੀ ਦਲ ਅਜੇ ਤਾਂ ਭਾਜਪਾ ਦਾ ਪਿਛਲੱਗ ਬਣਿਆ ਹੋਇਆ ਹੈ ਪਰ ਜਿਸ ਦਿਨ ਉਹ ਪੰਜਾਬ ਦੀ ਨਬਜ਼ ਪਛਾਣ ਗਿਆ, ਕਾਂਗਰਸ ਨੂੰ ਵੱਡਾ ਧੱਕਾ ਲੱਗ ਸਕਦਾ ਹੈ।
ਅੱਜ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਅਪਣੀਆਂ ਨਿਜੀ ਲਾਲਸਾਵਾਂ ਛੱਡ ਕੇ ਅਪਣੇ ਵਾਅਦਿਆਂ ਉਤੇ ਖਰਾ ਉਤਰਨ ਵਾਸਤੇ ਪੰਜਾਬ ਦੇ ਰਾਜ ਪ੍ਰਬੰਧ ਨੂੰ ਸੁਧਾਰਨ ਦੀ ਸਖ਼ਤ ਜ਼ਰੂਰਤ ਹੈ। ਵਿਸ਼ਵ ਬੈਂਕ ਦੀ ਰੀਪੋਰਟ ਅਨੁਸਾਰ, ਦੂਜੇ ਤੋਂ 20ਵੇਂ ਸਥਾਨ ਤੇ ਡਿਗਣਾ, ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡਾ ਸਵਾਲ ਖੜਾ ਕਰਦਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਚਮਤਕਾਰ ਕਰ ਕੇ ਵਿਖਾਣਾ ਪਵੇਗਾ। -ਨਿਮਰਤ ਕੌਰ