ਬ੍ਰਿਜ ਭੂਸ਼ਨ ਕੇਸ 'ਚ ਇਸਤਰੀ ਪਹਿਲਵਾਨਾਂ ਦੀ ਪਹਿਲੀ ਜਿੱਤ ਲਈ ਵਧਾਈ ਪਰ ਅਗਲੀ ਲੜਾਈ ਵੀ ਘੱਟ ਔਖੀ ਨਹੀਂ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮਹਿਲਾ ਪਹਿਲਵਾਨਾਂ ਨਾਲ ਕਿੰਨੇ ਸਾਲਾਂ ਤਕ ਇਹ ਇਨਸਾਨ ਬਦਸਲੂਕੀ ਕਰਦਾ ਰਿਹਾ ਹੈ। ਜਦ ਇਹ ਛੋਟੀਆਂ ਸਨ, ਇਹ  ਬੋਲ ਨਾ ਸਕੀਆਂ।

photo

 

ਸਾਂਸਦ ਬ੍ਰਿਜ ਭੂਸ਼ਨ ਵਿਰੁਧ ਆਖ਼ਰਕਾਰ ਪੁਲਿਸ ਨੇ ਚਾਰਜਸ਼ੀਟ ਦਰਜ ਕਰ ਲਈ ਹੈ ਤੇ ਇਹ ਉਨ੍ਹਾਂ ਮਹਿਲਾਵਾਂ ਦੀ ਇਕ ਬੜੀ ਵੱਡੀ ਜਿੱਤ ਹੈ। ਉਨ੍ਹਾਂ ਵਲੋਂ ਲਗਾਏ ਗਏ ਇਲਜ਼ਾਮਾਂ ਬਾਰੇ ਜਦੋਂ ਪੁਲਿਸ ਨੇ ਤਫ਼ਤੀਸ਼ ਕੀਤੀ ਤਾਂ ਉਨ੍ਹਾਂ ਨੂੰ ਸਚਾਈ ਮਿਲ ਗਈ। ਅੱਜ ਜਦ ਤਫ਼ਤੀਸ਼ ਖ਼ਤਮ ਹੋਈ ਤਾਂ ਸਬੂਤ ਦੇ ਤੌਰ ’ਤੇ ਤਸਵੀਰਾਂ ਤੇ ਹੋਰ ਬੜਾ ਕੁੱਝ ਸਾਹਮਣੇ ਆਇਆ ਜਿਸ ਦੀ ਸਾਲਾਂ ਤੋਂ ਅਣਦੇਖੀ ਕੀਤੀ ਜਾ ਰਹੀ ਸੀ। ਕਈ ਲੋਕ ਹਨ ਜੋ ਇਸ ਸਾਂਸਦ ਦੇ ਵਿਹਾਰ ਤੋਂ ਜਾਣੂ ਸਨ। ਉਹ ਵੇਖਦੇ ਸਨ ਕਿ ਕਿਸ ਤਰ੍ਹਾਂ ਕੁੜੀਆਂ ਨੂੰ ਸੱਭ ਦੇ ਸਾਹਮਣੇ ਗ਼ਲਤ ਇਰਾਦੇ ਨਾਲ ਹੱਥ ਲਗਾਉਂਦਾ ਸੀ ਪਰ ਉਸ ਸਮੇਂ ਕੋਈ ਨਾ ਬੋਲਿਆ। ਹੁਣ ਜਦ ਤਸਵੀਰ ਸਾਹਮਣੇ ਆ ਗਈ ਹੈ ਤਾਂ ਕੀ ਇਸ ਕੇਸ ਵਿਚ ਉਮੀਦ ਦੀ ਕਿਰਨ ਨਜ਼ਰ ਆਉਣ ਲੱਗ ਜਾਵੇਗੀ? ਸੱਚ ਬੋਲਾਂ ਤਾਂ ਨਹੀਂ!

ਮਹਿਲਾ ਪਹਿਲਵਾਨਾਂ ਨਾਲ ਕਿੰਨੇ ਸਾਲਾਂ ਤਕ ਇਹ ਇਨਸਾਨ ਬਦਸਲੂਕੀ ਕਰਦਾ ਰਿਹਾ ਹੈ। ਜਦ ਇਹ ਛੋਟੀਆਂ ਸਨ, ਇਹ  ਬੋਲ ਨਾ ਸਕੀਆਂ। ਇਨ੍ਹਾਂ ਨੇ ਤਗ਼ਮੇ ਜਿੱਤਣ ਤੋਂ ਬਾਅਦ ਸੋਚਿਆ ਕਿ ਹੁਣ ਸ਼ਾਇਦ ਸਾਡੀ ਆਵਾਜ਼ ਸੁਣੀ ਜਾਵੇਗੀ। ਸੱਭ ਤੋਂ ਪਹਿਲਾਂ ਇਨ੍ਹਾਂ ਨੇ ਅਪਣੇ ਘਰਾਂ ਵਿਚ ਗੱਲ ਕੀਤੀ ਹੋਵੇਗੀ। ਇਨ੍ਹਾਂ ਦੀ ਕਿਸਮਤ ਚੰਗੀ ਕਿ ਇਨ੍ਹਾਂ ਦੇ ਘਰ ਦੇ ਦੋਵੇਂ ਜੀਅ ਤਗ਼ਮੇ ਜਿੱਤਣ ਵਾਲੇ ਖਿਡਾਰੀ ਸਨ ਜਿਨ੍ਹਾਂ ਨੇ ਅਪਣੀਆਂ ਪਤਨੀਆਂ ਨੂੰ ਇਹ ਨਹੀਂ ਕਿਹਾ ਕਿ ਤੁਸੀ ਘਰ ਬੈਠ ਜਾਉ। ਉਂਜ ਨਾਲ ਖੜੇ ਹੋਣ ਵਾਲੇ ਘਰਵਾਲੇ ਵੀ ਬੜੇ ਹੀ ਘੱਟ ਹੁੰਦੇ ਹਨ।  ਜੋ ਕੁੱਝ ਇਨ੍ਹਾਂ ਨੂੰ ਇਸ ਜਿੱਤ ਵਾਸਤੇ ਸਹਿਣਾ ਪਿਆ ਹੈ, ਉਹ ਆਮ ਔਰਤ ਦੇ ਵੱਸ ਦੀ ਗੱਲ ਨਹੀਂ ਹੁੰਦੀ। ਰਾਤ ਨੂੰ ਸੜਕ ਤੇ ਪੁਲਿਸ ਦੀ ਨਿਗਰਾਨੀ ਵਿਚ ਰਹਿਣ ਸਮੇਂ, ਦੇਸ਼ ਭਰ ਵਿਚ ਸਵਾਲ ਚੁੱਕਣ ਵਾਲੇ ਦੇ ਚਰਿੱਤਰ ਤੇ ਇਲਜ਼ਾਮ ਲਗਾਉਣ ਵਾਲੇ ਜ਼ਿਆਦਾ ਸਨ ਅਤੇ ਸਾਥ ਦੇਣ ਵਾਲੇ ਘੱਟ। ਜਿਸ ਤਰ੍ਹਾਂ ਦਾ ਵਿਰੋਧ ਇਨ੍ਹਾਂ ਕੁੜੀਆਂ ਨੂੰ ਸਿਆਸਤਦਾਨਾਂ ਦੇ ਗੁਰਗਿਆਂ ਦਾ  ਸਹਾਰਨਾ ਪਿਆ, ਉਸ ਦੇ ਸਾਹਮਣੇ ਵੱਡੇ-ਵੱਡੇ ਵੀ ਗੋਡੇ ਟੇਕ ਜਾਂਦੇ ਹਨ।

ਇਨ੍ਹਾਂ ਦੇ ਜਿਸਮਾਨੀ ਸ਼ੋਸ਼ਣ ਨੂੰ ਬਲਾਤਕਾਰ ਦੀ ਗ਼ਲਤ ਪਰਿਭਾਸ਼ਾ ਦੇ ਕੇ, ਇਨ੍ਹਾਂ ਨੂੰ ਸ਼ਰਮਿੰਦਾ ਕਰਨ ਦਾ ਯਤਨ ਕੀਤਾ ਗਿਆ। ਇਨ੍ਹਾਂ ਨੂੰ ਕਾਂਗਰਸੀ ਚਾਲ, ਹਰਿਆਣਾ ਸਿਆਸਤ ਵਿਚ ਛੇੜ ਛਾੜ ਦੀ ਕੋਸ਼ਿਸ਼ ਵਰਗੀਆਂ ਕਈ ਗੱਲਾਂ ਦੇ ਦੁਸ਼-ਪ੍ਰਚਾਰ ਦਾ ਸਾਹਮਣਾ ਕਰਨਾ ਪਿਆ। ਅਜੇ ਸਿਰਫ਼ ਚਾਰਜਸ਼ੀਟ ਆਈ ਹੈ। ਇਨ੍ਹਾਂ ਨੂੰ ਅਦਾਲਤਾਂ ਵਿਚ ਕੇਸ ਲੜਨ ਸਮੇਂ ਹੋਰ ਵੀ ਜ਼ਿੱਲਤ ਦਾ ਸਾਹਮਣਾ ਕਰਨਾ ਪਵੇਗਾ ਤੇ ਤਰੀਕਾਂ ਭੁਗਤਣੀਆਂ ਪੈਣਗੀਆਂ। ਕੰਮ, ਪ੍ਰਵਾਰ ਤੇ ਅਦਾਲਤੀ ਤਰੀਕਾਂ ਦੇ ਜਾਲ ਵਿਚ ਫਸੇ ਬੰਦੇ ਦੇ ਕਈ ਵਾਰ ਸਾਲਾਂ ਦੇ ਸਾਲ ਬੀਤ ਜਾਂਦੇ ਹਨ। 

ਬ੍ਰਿਜ ਭੂਸ਼ਨ ਨੂੰ ਸਜ਼ਾ ਦਿਵਾਉਣ ਲਈ ਅਜੇ ਇਸੇ ਸਿਸਟਮ ਵਿਚ ਰਹਿੰਦਿਆਂ ਬੜੀਆਂ ਹੋਰ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ। ਪਰ ਇਹ ਮੁੱਠੀ ਭਰ ਲੋਕ ਹਨ ਕਿਉਂਕਿ 143 ਕਰੋੜ ਲੋਕਾਂ ਵਿਚੋਂ ਅੱਧੀ ਤੋਂ ਵੱਧ ਆਬਾਦੀ ਇਨ੍ਹਾਂ ਪਹਿਲਵਾਨਾਂ ਵਰਗੀ ਤਾਕਤਵਰ ਨਹੀਂ ਹੈ।ਉਨ੍ਹਾਂ ਬਾਰੇ ਕਦੋਂ ਇਹ ਸਮਾਜ ਸੋਚੇਗਾ? ਕਦੋਂ ਸਾਡੇ ਦੇਸ਼ ਵਿਚ ਮਰਦ ਪ੍ਰਧਾਨ ਸੋਚ ਔਰਤ ਦੇ ਜਿਸਮ ਨੂੰ ਅਪਣਾ ਖਿਡੌਣਾ ਸਮਝਣ ਤੋਂ ਰੁਕੇਗੀ? ਕਦ ਇਕ ਔਰਤ ਅਪਣੀ ਸੁਰੱਖਿਆ ਨੂੰ ਅਪਣਾ ਹੱਕ ਮੰਨਣ ਦਾ ਸਾਹਸ ਕਰ ਸਕੇਗੀ? ਇਨ੍ਹਾਂ ਔਰਤਾਂ ਦੀ ਜਿੱਤ ਤੋਂ ਇਕ ਗੱਲ ਸਮਝ ਆਉਂਦੀ ਹੈ ਕਿ ਭਾਰਤੀ ਔਰਤ ਵਾਸਤੇ ਅੱਜ ਦੇ ਸਮਾਜ ਵਿਚ ਇੱਜ਼ਤ, ਨਿਆਂ, ਸਤਿਕਾਰ ਦੀ ਲੜਾਈ ਲੜਨਾ ਬਹੁਤ ਹੀ ਕਠਿਨ ਹੈ।
- ਨਿਮਰਤ ਕੌਰ