ਬਰਸਾਤੀ ਪਾਣੀ ਨੂੰ ਬਚਾ ਕੇ ਧਰਤੀ ਦੀ ਗੋਦ ਹਰੀ ਭਰੀ ਨਾ ਰੱਖੀ ਤਾਂ ਤਬਾਹ ਹੋ ਜਾਵਾਂਗੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਜਿਥੇ ਭਾਰਤ ਦੇ ਕਈ ਹਿੱਸਿਆਂ 'ਚ ਮੀਂਹ ਦੇ ਕਹਿਰ ਨਾਲ ਆਏ ਹੜ੍ਹਾਂ ਕਾਰਨ ਤਕਰੀਬਨ 200 ਲੋਕ ਮਰ ਚੁੱਕੇ ਹਨ, ਉਥੇ ਦੇਸ਼ ਦੇ ਕਈ ਇਲਾਕੇ ਅਜਿਹੇ ਵੀ ਹਨ ਜਿਥੇ ਸੋਕਾ ਪਿਆ...

Water

ਅੱਜ ਜਿਥੇ ਭਾਰਤ ਦੇ ਕਈ ਹਿੱਸਿਆਂ 'ਚ ਮੀਂਹ ਦੇ ਕਹਿਰ ਨਾਲ ਆਏ ਹੜ੍ਹਾਂ ਕਾਰਨ ਤਕਰੀਬਨ 200 ਲੋਕ ਮਰ ਚੁੱਕੇ ਹਨ, ਉਥੇ ਦੇਸ਼ ਦੇ ਕਈ ਇਲਾਕੇ ਅਜਿਹੇ ਵੀ ਹਨ ਜਿਥੇ ਸੋਕਾ ਪਿਆ ਹੋਇਆ ਹੈ ਅਤੇ ਨਾਗਪੁਰ ਵਰਗੇ ਸ਼ਹਿਰ ਪਾਣੀ ਨੂੰ ਤਰਸ ਰਹੇ ਹਨ। ਇਸ ਇਲਾਕੇ ਵਿਚ ਪਾਣੀ ਦੀ ਘਾਟ ਕਾਰਨ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਤੜਿੰਗੜੀਆਂ ਪੈਣ ਹੀ ਵਾਲੀਆਂ ਹਨ ਜਦਕਿ ਅਸੀ ਵੇਖ ਹੀ ਲਿਆ ਹੈ ਕਿ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦਾ ਮੀਂਹ ਵਿਚ ਕੀ ਹਾਲ ਹੋਇਆ ਪਿਆ ਹੈ।

ਪੰਜਾਬ ਕੋਲ ਅਪਣੀ ਲੋੜ ਦਾ ਪਾਣੀ ਵੀ ਮੁਕ ਰਿਹਾ ਹੈ ਪਰ ਰਾਜਸਥਾਨ ਅਤੇ ਹਰਿਆਣਾ ਹੋਰ ਮੰਗਦੇ ਹਨ। ਪਰ ਪੰਜਾਬ ਵਿਚ ਅਸੀ ਹਾਲ ਦੀ ਘੜੀ ਕਈ ਸ਼ਹਿਰਾਂ ਨੂੰ ਪਾਣੀ ਵਿਚ ਡੁਬਿਆ ਹੋਇਆ ਵੀ ਵੇਖਿਆ ਹੈ। ਬਠਿੰਡਾ, ਜੋ ਕਿ ਪੰਜਾਬ ਦੇ ਸੱਭ ਤੋਂ ਤਾਕਤਵਰ ਸਿਆਸੀ ਘਰਾਣੇ ਦਾ ਗੜ੍ਹ ਹੈ ਤੇ ਜਿਸ ਨੂੰ ਪੈਰਿਸ ਬਣਾਉਣ ਦਾ ਸੁਪਨਾ ਵਿਖਾਇਆ ਜਾ ਰਿਹਾ ਸੀ, ਮੀਂਹ ਵਿਚ ਡੁੱਬਾ ਰਿਹਾ। ਬਠਿੰਡਾ ਤੋਂ ਲੈ ਕੇ ਮੋਹਾਲੀ, ਅੰਮ੍ਰਿਤਸਰ, ਪਟਿਆਲਾ ਸਮੇਤ, ਪੰਜਾਬ ਦਾ ਕੋਈ ਹਿੱਸਾ ਬਚਿਆ ਨਹੀਂ ਰਹਿ ਸਕਿਆ। ਪਾਣੀ ਦੀ ਕਮੀ ਤੋਂ ਪ੍ਰੇਸ਼ਾਨ ਪੰਜਾਬ ਦਾ ਕਿਸਾਨ, ਇਕ ਵਾਰ ਤਾਂ ਅਪਣੀ ਫ਼ਸਲ ਨੂੰ ਰੁੜ੍ਹਦਾ ਵੀ ਵੇਖਦਾ ਰਿਹਾ। 

ਜਿਥੇ ਕੁਦਰਤ ਦਾ ਕਹਿਰ ਵਰ੍ਹ ਰਿਹਾ ਹੋਵੇ, ਉਥੇ ਸੁੱਖ ਕਿਸ ਤਰ੍ਹਾਂ ਹੋ ਸਕਦਾ ਹੈ? ਜ਼ਮੀਨਦੋਜ਼ ਪਾਣੀ ਦਾ ਪੱਧਰ ਡਿਗਦਾ ਜਾ ਰਿਹਾ ਹੈ ਪਰ ਫਿਰ ਇਸ ਮੀਂਹ ਨਾਲ ਉਹ ਪੂਰਾ ਕਿਉਂ ਨਹੀਂ ਹੋ ਸਕਦਾ? ਅੱਜ ਕਿਸੇ ਸਿਆਸਤਦਾਨ ਨਾਲ ਗੱਲ ਕਰ ਲਵੋ, ਪਾਣੀ ਦਾ ਮੁੱਦਾ ਉਸ ਦੀ ਜ਼ੁਬਾਨ ਉਤੇ ਸੱਭ ਤੋਂ ਪਹਿਲਾਂ ਆਉਂਦਾ ਹੈ। ਯਾਨੀ ਕਿ ਭਾਰਤ ਉਤੇ ਮੰਡਰਾਉਂਦੇ ਖ਼ਤਰੇ ਤੋਂ ਸਾਰੇ ਹੀ ਵਾਕਫ਼ ਹਨ। ਆਖ਼ਰ ਜੇ ਉਹ ਪਾਣੀ ਦੀ ਬੱਚਤ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਪ੍ਰਵਾਰ ਵੀ ਬੂੰਦ-ਬੂੰਦ ਲਈ ਤਰਸਣਗੇ ਹੀ। ਸੋ ਕੀ ਇਹ ਮੰਨੀਏ ਕਿ ਸਾਡੇ ਸਿਆਸਤਦਾਨ ਸੱਭ ਕੁੱਝ ਜਾਣਦੇ ਹੋਏ ਵੀ ਬੇਪ੍ਰਵਾਹ ਹਨ।

ਇਹੀ ਕਾਰਨ ਹੈ ਕਿ ਸਾਡੀਆਂ ਸਰਕਾਰਾਂ, ਸਾਡੇ ਸਿਸਟਮ ਅੱਜ ਤਕ ਕੁੱਝ ਵੀ ਨਹੀਂ ਕਰ ਸਕੇ। ਭਾਰਤ ਦੀ ਰਾਜਗੱਦੀ ਨੂੰ ਬਦਲੇ 6 ਸਾਲ ਹੋ ਗਏ ਹਨ। ਪਾਣੀ ਦੀ ਸਮੱਸਿਆ ਵਧੀ ਹੀ ਹੈ। ਪੰਜਾਬ ਦੀ ਰਾਜਗੱਦੀ ਤੇ ਰਾਜ-ਪ੍ਰਬੰਧ ਨੂੰ ਬਦਲੇ ਢਾਈ ਸਾਲ ਹੋ ਗਏ ਹਨ। ਪੰਜਾਬ ਸਿਰਫ਼ ਇਸ਼ਤਿਹਾਰਾਂ ਵਿਚ ਤੰਦਰੁਸਤ ਹੈ। ਅਸਲੀਅਤ ਵਿਚ ਕਮਜ਼ੋਰੀਆਂ ਉਥੇ ਹੀ ਖੜੀਆਂ ਹਨ। ਹੜੱਪਾ ਸਭਿਅਤਾ ਬਾਰੇ ਪੜ੍ਹੋ ਤਾਂ ਹੈਰਾਨ ਹੋ ਜਾਈਦਾ ਹੈ ਕਿ 5000 ਸਾਲ ਪਹਿਲਾਂ ਵੀ ਉਨ੍ਹਾਂ ਕੋਲ ਸਾਡੇ ਅੱਜ ਦੇ ਪਿੰਡਾਂ ਦੀਆਂ ਨਾਲੀਆਂ ਨਾਲੋਂ ਵਧੀਆ ਨਾਲੀਆਂ ਸਨ ਜਿਨ੍ਹਾਂ ਨੂੰ ਢੱਕ ਕੇ ਰਖਿਆ ਜਾਂਦਾ ਸੀ। ਪਰ ਉਨ੍ਹਾਂ ਦੀ ਕਮਜ਼ੋਰੀ ਇਹ ਸੀ ਕਿ ਉਹ ਮੀਂਹ ਦੇ ਪਾਣੀ ਦੀ ਵਰਤੋਂ ਨਾ ਸਿਖ ਸਕੇ ਅਤੇ ਉਹ ਸਭਿਅਤਾ ਖ਼ਤਮ ਹੋ ਗਈ। 

ਅਸੀ ਉਨ੍ਹਾਂ ਤੋਂ ਵੀ ਮਾੜੇ ਹਾਂ। ਸਾਡੇ ਪਿੰਡਾਂ ਦੀਆਂ ਨਾਲੀਆਂ ਅੱਜ ਵੀ ਖੁਲ੍ਹੀਆਂ ਹਨ। ਸਾਡੇ ਸ਼ਹਿਰਾਂ ਦੀਆਂ ਨਾਲੀਆਂ ਵਿਚ ਗੰਦਗੀ ਅਤੇ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਰ ਕੇ ਉਸ ਨੂੰ ਬਚਾ ਕੇ ਨਹੀਂ ਰਖਿਆ ਜਾ ਸਕਦਾ। ਅੱਜ ਜੇ ਪਾਣੀ ਦੀ ਬੱਚਤ ਦਾ ਰਸਤਾ ਬਚਿਆ ਰਹਿ ਸਕਦਾ ਹੈ ਤਾਂ ਉਸ ਨੂੰ ਸਮਾਜ ਦੀ ਜਾਗਰੂਕਤਾ ਹੀ ਬਚਾ ਸਕਦੀ ਹੈ।

2001 ਵਿਚ ਰਾਸ਼ਟਰਪਤੀ ਕੇ.ਆਰ. ਨਾਰਾਇਣਨ ਇਕ ਪਿੰਡ ਨੂੰ ਪਾਣੀ ਦੀ ਬੱਚਤ ਕਰਨ ਲਈ ਪੁਰਸਕਾਰ ਦੇਣ ਗਏ। ਦਿੱਲੀ ਤੋਂ ਅਲਵਰ ਤਕ ਦੀ ਸੁੱਕੀ ਬੰਜਰ ਜ਼ਮੀਨ ਤੋਂ ਬਾਅਦ ਉਹ ਅਵਰੀ ਦੀ ਜੰਨਤ ਵਿਚ ਪੁੱਜੇ ਜਿੱਥੇ ਪਿੰਡ ਨੇ ਦਸ ਸਾਲਾਂ ਅੰਦਰ ਪਾਣੀ ਦੀ ਬੱਚਤ ਲਈ ਸ਼ਾਨਦਾਰ ਢਾਂਚਾ ਬਣਾਇਆ ਹੋਇਆ ਸੀ। ਅਵਰੀ ਦਰਿਆ ਸੁੱਕਾ ਸੀ, ਪਰ ਅਵਰੀ ਦੇ ਖੂਹ ਭਰੇ ਹੋਏ ਸਨ ਅਤੇ ਖੇਤਾਂ ਵਿਚ ਵੀ ਪਾਣੀ ਘੱਟ ਨਹੀਂ ਸੀ। ਸਾਡੇ ਸਿਆਸਤਦਾਨ ਸਿਆਣੇ ਨਹੀਂ ਭੁੱਖੇ ਹਨ, ਪਰ ਸਾਨੂੰ ਕੀ ਰੋਕਦਾ ਹੈ? ਜੋ ਕੰਮ ਆਪੇ ਕੀਤਾ ਜਾ ਸਕਦਾ ਹੈ, ਉਸ ਦੀ ਆਸ ਸਿਆਸਤਦਾਨਾਂ ਤੋਂ ਕਿਉਂ ਲਾ ਬੈਠਦੇ ਹੋ?  -ਨਿਮਰਤ ਕੌਰ