ਇਹ ਕਹਾਣੀ ਹੈ ਅੱਜ ਦੇ ਬਹੁਤ ਕਾਹਲੇ ਪਏ ਨੌਜਵਾਨਾਂ ਦੀ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸ਼ਾਹ ਫ਼ੈਜ਼ਲ ਸਿਆਸਤ ਤੋਂ ਵਾਪਸ ਅਫ਼ਸਰਸ਼ਾਹੀ ਵਲ

Shah Faesal

ਸ਼ਾਹ ਫ਼ੈਜ਼ਲ ਨੇ ਜਦ 2019 ਵਿਚ ਅਫ਼ਸਰੀ ਛੱਡ ਕੇ ਸਿਆਸਤ ਦਾ ਰਾਹ ਚੁਣਿਆ ਸੀ ਤਾਂ ਕਈਆਂ ਨੂੰ ਲੱਗਾ ਸੀ ਕਿ ਇਹ ਰਾਹ ਹੁਣ ਕਸ਼ਮੀਰੀ ਨੌਜਵਾਨਾਂ ਨੂੰ ਅਪਣੀ ਕਿਸਮਤ ਦੀ ਵਾਗਡੋਰ ਅਪਣੇ ਹੱਥਾਂ ਵਿਚ ਲੈਣ ਲਈ ਤਿਆਰ ਕਰੇਗਾ। ਉਹ ਨੌਜਵਾਨ ਜੋ ਬੰਦੂਕਾਂ ਫੜੀ ਬੈਠੇ ਸਨ, ਉਹ ਫ਼ੈਜ਼ਲ ਨੂੰ ਅਪਣਾ ਗੁਰੂ ਬਣਾ ਕੇ ਕਸ਼ਮੀਰ ਨੂੰ ਰਵਾਇਤੀ ਸਿਆਸਤ ਤੋਂ ਆਜ਼ਾਦ ਕਰ ਸਕਦੇ ਸਨ।

ਪਰ ਤਕਰੀਬਨ ਡੇਢ ਸਾਲ ਵਿਚ ਹੀ ਸ਼ਾਹ ਫ਼ੈਜ਼ਲ ਨੇ ਸਿਆਸਤ ਤੋਂ ਨਿਰਾਸ਼ ਹੋ ਕੇ ਵਾਪਸ 'ਘਰ ਵਾਪਸੀ' ਕਰ ਲਈ। ਸ਼ਾਹ ਫ਼ੈਜ਼ਲ ਦਾ ਪਿਛਲਾ ਸਾਲ ਤਾਂ ਘਰ ਦੀਆਂ ਚਾਰ ਦੀਵਾਰਾਂ ਪਿੱਛੇ ਹੀ ਬੀਤਿਆ ਹੋਵੇਗਾ ਪਰ ਇਸ ਇਕ ਸਾਲ ਵਿਚ ਸ਼ਾਹ ਫ਼ੈਜ਼ਲ ਨੇ ਅਪਣੇ ਸੁਪਨੇ ਦੀ ਹਕੀਕਤ ਨੂੰ ਸਮਝ ਲਿਆ। ਸ਼ਾਇਦ ਇਸ ਫ਼ੈਸਲੇ ਨਾਲ ਸ਼ਾਹ ਫ਼ੈਜ਼ਲ ਦੇ ਅੰਦਰ ਦਾ ਉਹ ਆਦਰਸ਼ਵਾਦੀ ਮਨੁੱਖ, ਅੱਜ ਦੀ ਦੁਨੀਆਂ ਦੀ ਸਚਾਈ ਸਮਝ ਗਿਆ ਹੈ।

ਇਸ ਨੂੰ ਬਚਪਨੇ ਦੀ ਮੌਤ ਆਖਿਆ ਜਾਵੇ ਜਾਂ ਸਿਆਣਪ ਦੀ ਸ਼ੁਰੂਆਤ? ਫ਼ੈਜ਼ਲ ਕਈ ਨੌਜਵਾਨਾਂ ਵਾਂਗ ਇਕ ਨਵੀਂ ਲਹਿਰ ਸ਼ੁਰੂ ਕਰਨਾ ਚਾਹੁੰਦਾ ਸੀ। ਉਹ ਇਕ ਤੀਜੀ ਸੋਚ, ਇਕ ਨਵਾਂ ਹਿੰਦੁਸਤਾਨ ਬਣਾਉਣਾ ਚਾਹੁੰਦੇ ਸਨ। ਸ਼ਾਇਦ ਉਹ ਖ਼ੁਸ਼ਨਸੀਬ ਹਨ ਕਿ ਉਨ੍ਹਾਂ ਨੂੰ ਅਫ਼ਸਰਸ਼ਾਹੀ ਵਿਚ ਅਪਣੀ ਥਾਂ ਵਾਪਸ ਮਿਲ ਜਾਵੇਗੀ ਪਰ ਨਵਾਂ ਭਾਰਤ ਬਣਾਉਣ ਵਾਸਤੇ ਸਿਆਸਤਦਾਨ ਬਣਨਾ ਜ਼ਰੂਰੀ ਵੀ ਤਾਂ ਨਹੀਂ।

ਨੌਜਵਾਨ ਜਿਹੜੀਆਂ ਗੱਲਾਂ ਕਿਤਾਬਾਂ ਵਿਚ ਪੜ੍ਹ ਕੇ ਪ੍ਰੇਰਿਤ ਹੁੰਦੇ ਹਨ ਅਰਥਾਤ ਭਗਤ ਸਿੰਘ, ਸੁਖਦੇਵ, ਸੁਭਾਸ਼ ਚੰਦਰ ਬੋਸ ਵਰਗਿਆਂ ਦੀਆਂ, ਉਹ ਅੱਜ ਦੀ ਆਧੁਨਿਕ ਦੁਨੀਆਂ ਵਿਚ ਫਿਟ ਨਹੀਂ ਬੈਠਦੀਆਂ। ਕਈ ਵਾਰ ਅੱਜ ਦੇ ਸਿਆਸਤਦਾਨ ਅੰਗਰੇਜ਼ਾਂ ਤੋਂ ਵੀ ਮਾੜੇ ਜਾਪਦੇ ਹਨ ਕਿਉਂਕਿ ਅੱਜ ਦੇ ਸਿਆਸਤਦਾਨ ਭੇਖਧਾਰੀ ਹਨ ਤੇ ਕਹਿਣ ਨੂੰ ਹੀ ਅਪਣੇ ਹਨ ਪਰ ਜਦ ਅਪਣਾ ਵਾਰ ਕਰਦੇ ਹਨ ਤਾਂ ਚੋਟ ਬਹੁਤ ਲਗਦੀ ਹੈ। ਅਫ਼ਸੋਸ ਕਿ ਉਨ੍ਹਾਂ ਦੇ ਵਾਰ ਦਾ ਤਰੀਕਾ ਬਹੁਤ ਵਖਰਾ ਹੋ ਚੁਕਾ ਹੈ। ਇਹ ਗੋਲੀ, ਬਾਰੂਦ, ਬਗ਼ਾਵਤ ਦਾ ਸਮਾਂ ਨਹੀਂ ਰਹਿ ਗਿਆ।

ਅੱਜ ਸਿਸਟਮ ਵਿਚ ਰਹਿ ਕੇ ਮੁਕਾਬਲਾ ਕਰਨਾ ਪਵੇਗਾ ਅਤੇ ਉਸ ਦੀ ਕਿਸਮ ਵੀ ਵਖਰੀ ਹੋਵੇਗੀ। ਮੁਕਾਬਲਾ ਤਾਂ ਉਸ ਹਰਿਆਣਵੀ ਅਫ਼ਸਰ ਅਸ਼ੋਕ ਖੇਮਕਾ ਵਾਂਗ ਹੋਵੇਗਾ ਜੋ ਅਪਣੇ ਟੀਚਿਆਂ ਨੂੰ ਕਿਸੇ ਵੀ ਤਾਕਤ ਸਾਹਮਣੇ ਨੀਵਾਂ ਨਹੀਂ ਹੋਣ ਦੇਂਦਾ। ਸ਼ਾਹ ਫ਼ੈਜ਼ਲ ਦਾ ਫ਼ੈਸਲਾ ਠੀਕ ਹੈ ਕਿਉਂਕਿ ਅੱਜ ਉਨ੍ਹਾਂ ਦੀ ਨੀਯਤ ਭਾਵੇਂ ਸਹੀ ਵੀ ਹੋਵੇ, ਰਵਾਇਤੀ ਸਿਆਸਤ ਦੇ ਤੌਰ ਤਰੀਕੇ ਅਪਣਾਉਣ ਵਾਸਤੇ ਜ਼ਮੀਰ ਦਾ ਕਤਲ ਕਰਨਾ ਜ਼ਰੂਰੀ ਬਣ ਜਾਂਦਾ ਹੈ।

ਅਜੋਕੇ ਸਮੇਂ ਵਿਚ 'ਆਪ' ਪਾਰਟੀ ਦੀ ਲਹਿਰ ਜਿੱਤ ਕੇ ਹਾਰਦੀ ਵੇਖੀ ਹੈ ਕਿਉਂਕਿ ਇਕ ਸੋਚ ਦੇ ਲੋਕ ਨਹੀਂ ਸਨ। ਕੁੱਝ ਫ਼ੈਜ਼ਲ ਵਾਂਗ ਬਦਲਾਅ ਵਾਸਤੇ ਆਏ ਸਨ ਤੇ ਕੁੱਝ ਇਨ੍ਹਾਂ ਲੋਕਾਂ 'ਤੇ ਸਿਰ ਤੇ ਜਲਦੀ ਤਾਕਤ ਫੜਨ ਵਾਸਤੇ ਆਏ ਸਨ ਤੇ ਉਹ ਹਾਰ ਗਏ। ਇਨ੍ਹਾਂ ਹਾਲਾਤ ਵਿਚ ਕ੍ਰਾਂਤੀਕਾਰੀ ਸੋਚ ਕੀ ਕਰੇ? ਕ੍ਰਾਂਤੀਕਾਰੀ ਸੋਚ ਵਾਲੇ ਲੋਕ, ਫ਼ੈਜ਼ਲ ਦੇ ਫ਼ੈਸਲੇ ਨੂੰ ਉਸ ਦੀ ਹਾਰ ਮੰਨਣਗੇ

ਪਰ ਉਹ ਜੇ ਅਸਲ ਵਿਚ ਅਪਣੀ ਸੋਚ ਪ੍ਰਤੀ ਇਮਾਨਦਾਰ ਰਿਹਾ ਤਾਂ ਉਸ ਨਾਲ ਹੀ ਇਕ ਨਵਾਂ ਰਸਤਾ ਖੋਜ ਲਵੇਗਾ। ਇਸ ਤਰ੍ਹਾਂ ਦੇ ਉਦਾਹਰਣ ਵੀ ਮਿਲਦੇ ਹਨ ਜਦ ਕਿਸੇ ਇਕ ਇਕੱਲੇ ਨੇ ਜਾਂ ਕੁੱਝ ਮੁੱਠੀ ਭਰ ਲੋਕਾਂ ਨੇ ਕਿਸੇ ਪਿੰਡ ਦੀ, ਕਿਸੇ ਨੁੱਕਰ ਦੀ, ਕਿਸੇ ਇਕ ਬੰਦੇ ਦੀ ਜ਼ਿੰਦਗੀ ਵਿਚ ਇਨਕਲਾਬ ਲਿਆ ਦਿਤਾ। ਇਕ ਇਮਾਨਦਾਰ ਇੰਸਪੈਕਟਰ ਕਿੰਨਿਆਂ ਦੀ ਜ਼ਿੰਦਗੀ ਬਦਲ ਸਕਦਾ ਹੈ ਜੋ ਸ਼ਾਇਦ ਇਕ ਮੰਤਰੀ ਨਹੀਂ ਕਰ ਸਕਦਾ।

ਭਾਰਤ ਦੇ ਹਾਲਾਤ ਵਲ ਵੇਖ ਕੇ ਕ੍ਰਾਂਤੀਕਾਰੀ ਨੌਜਵਾਨਾਂ ਦਾ ਉਤਾਵਲਾ ਪੈਣਾ ਜਾਇਜ਼ ਲਗਦਾ ਹੈ। ਖ਼ਾਸ ਕਰ ਕੇ ਜਦ ਵਿਦੇਸ਼ਾਂ ਤੋਂ ਅਜਿਹੇ ਸਿਆਸਤਦਾਨਾਂ ਬਾਰੇ ਜਾਣਕਾਰੀ ਮਿਲਦੀ ਹੈ ਕਿ ਉਹ ਇਮਾਨਦਾਰ ਤੇ ਸੱਚੇ ਹਨ। ਪਰ ਅਪਣੇ ਦੇਸ਼ ਦੀ ਅਸਲੀਅਤ ਤੇ ਉਨ੍ਹਾਂ ਦੇਸ਼ਾਂ ਦੇ ਇਤਿਹਾਸ ਨੂੰ ਘੋਖ ਕੇ ਇਹ ਸਮਝਣਾ ਪਵੇਗਾ ਕਿ ਉਨ੍ਹਾਂ ਸਿਆਸਤਦਾਨਾਂ ਨੇ ਹੀ ਉਹ ਦੇਸ਼ ਨਹੀਂ ਬਣਾਇਆ ਸਗੋਂ ਉਨ੍ਹਾਂ ਆਮ ਲੋਕਾਂ ਨੇ ਦੇਸ਼ 'ਤੇ ਸਿਆਸਤਦਾਨ ਬਣਾਏ। ਅੱਜ ਕ੍ਰਾਂਤੀਕਾਰੀ ਸੋਚ ਹਰ ਪਲ, ਹਰ ਭਾਰਤੀ ਦੇ ਹਰ ਦਿਨ ਦੀ ਹਰਕਤ ਲਈ ਜ਼ਰੂਰੀ ਹੈ।

ਲਹਿਰ ਹੇਠੋਂ ਸ਼ੁਰੂ ਹੋਵੇਗੀ ਤੇ ਸਿਆਸਤ ਆਪੇ ਬਦਲਣ ਨੂੰ ਮਜਬੂਰ ਹੋ ਜਾਵੇਗੀ। ਇਕ ਮਰਹੂਮ ਸ਼ਾਇਰ ਦੇ ਇਹ ਸ਼ੇਅਰ ਵੀ ਇਸ ਕ੍ਰਾਂਤੀਕਾਰੀ ਸੋਚ ਨੂੰ ਸਮਰਪਿਤ ਸਨ ਤੇ ਉਨ੍ਹਾਂ ਦੇ ਸ਼ਬਦ ਸੱਭ ਤੋਂ ਵਧੀਆ ਗੱਲ ਕਹਿੰਦੇ ਹਨ:
ਯੇ ਜੋ ਆਜ ਸਾਹਿਬ-ਏ-ਮਸਨਦ ਹੈਂ ਤੋਂ ਕਲ ਨਹੀਂ ਹੋਂਗੇ।
ਕਿਰਾਏਦਾਰ ਹੈਂ, ਅਪਨਾ ਮਕਾਨ ਥੋੜ੍ਹੀ ਹੈ,
ਸਭੀ ਕਾ ਖ਼ੂਨ ਹੈ ਸ਼ਾਮਲ ਯਹਾਂ ਕੀ ਮਿੱਟੀ ਮੇਂ
ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜ੍ਹੀ ਹੈ।

- ਨਿਮਰਤ ਕੌਰ