ਲੋਕ-ਰਾਜ ਦੇ ਚੁਣੇ ਹੋਏ ਪ੍ਰਤੀਨਿਧ ਬਣਨਾ ਚਾਹੁਣ ਵਾਲਿਆਂ ਬਾਰੇ ਸੱਚ ਵੋਟਰਾਂ ਨੂੰ ਪਤਾ ਹੋਣਾ ਚਾਹੀਦੈ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਵਿਰੋਧੀ ਧਿਰ ਨੂੰ ਕਿਸਾਨਾਂ ਦੇ ਆਦੇਸ਼ ਸਨ ਤੇ ਇਸ ਕਾਰਨ ਉਹ ਚੌਕਸ ਰਹੇ। ਸਪੀਚਾਂ ਭਾਵੁਕ ਸਨ। ਸੰਸਦ ਮੈਂਬਰ ਪੋਸਟਰ ਫੜੀ ਸੰਸਦ ਦੇ ਬਾਹਰ ਖੜੇ ਰਹੇ।

photo

ਸੁਪਰੀਮ ਕੋਰਟ ਨੇ ਸਰਕਾਰ ਨੂੰ ਅਪਣੇ ਸਾਂਸਦਾਂ ਤੇ ਵਿਧਾਇਕਾਂ ਦੇ ਅਪਰਾਧਾਂ ਨੂੰ ਜਨਤਕ ਕਰਨ ਦੀ ਜ਼ਰੂਰਤ ਵਲ ਧਿਆਨ ਦਿਵਾਉਂਦਿਆਂ ਆਖਿਆ ਹੈ ਕਿ ਦੇਸ਼ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਤੇ ਭਾਵੇਂ ਇਹ ਸਹੀ ਹੈ ਕਿ ਦੇਸ਼ ਦਾ ਸਬਰ ਦਿਨ-ਬ-ਦਿਨ ਕਮਜ਼ੋਰ ਪੈਂਦਾ ਜਾ ਰਿਹਾ ਹੈ ਪਰ ਸਿਰਫ਼ ਇਹੀ ਇਕ ਕਾਰਨ ਨਹੀਂ ਕਿ ਅਪਰਾਧਕ ਕਾਰਨਾਮਿਆਂ ਕਾਰਨ ਹੀ ਸਾਡੇ ਸਿਆਸਤਦਾਨ ਲੋਕਾਂ ਤੋਂ ਦੂਰ ਹੋ ਰਹੇ ਹਨ। ਇਹ ਬਿਲਕੁਲ ਸਹੀ ਹੈ ਕਿ ਇਕ ਕਾਤਲ, ਬਲਾਤਕਾਰੀ, ਲੁਟੇਰਾ ਤੇ ਭ੍ਰਿਸ਼ਟਾਚਾਰ ਦੀ ਦਲ-ਦਲ ਵਿਚ ਫਸਿਆ ਸਿਆਸਤਦਾਨ, ਦੇਸ਼ ਦੇ ਕਾਨੂੰਨ ਦੀ ਰਾਖੀ ਨਹੀਂ ਕਰ ਸਕਦਾ।

 

 

ਅਦਾਲਤ ਵਲੋਂ ਇਨ੍ਹਾਂ ਵਿਧਾਇਕਾਂ ਦੇ ਕੇਸਾਂ ਤੇ ਸਖ਼ਤੀ ਜਾਇਜ਼ ਵੀ ਹੈ ਪਰ ਇਹ ਉਹ ਅਪਰਾਧ ਹਨ ਜੋ ਦਿਸਦੇ ਹਨ ਤੇ ਇਸ ਪਿੱਛੇ ਕਈ ਵਾਰ ਸਿਆਸੀ ਰੰਜਸ਼ ਵੀ ਕੰਮ ਕਰ ਰਹੀ ਹੁੰਦੀ ਹੈ। ਪਰ ਫਿਰ ਵੀ ਇਹ ਪੱਖ ਜ਼ਰੂਰੀ ਹੈ ਕਿ ਇਸ ਦੀ ਨਿਰਪੱਖ ਤੇ ਸਮੇਂ ਸਿਰ ਜਾਂਚ ਟਾਲੀ ਨਹੀਂ ਜਾਣੀ ਚਾਹੀਦੀ। ਜਿਸ ਸਿਆਸਤਦਾਨ ਤੇ ਕਿਸੇ ਤਰ੍ਹਾਂ ਦੇ ਵੀ ਇਲਜ਼ਾਮ ਲੱਗੇ ਹੋਣ, ਉਸ ਦਾ ਸੱਚ ਬਾਹਰ ਆਉਣਾ ਜ਼ਰੂਰੀ ਹੈ ਤੇ ਜਦ ਤਕ ਉਹ ਅਪਣੀ ਸਜ਼ਾ ਪੂਰੀ ਨਹੀਂ ਕਰਦਾ, ਉਸ ਨੂੰ ਦੇਸ਼ ਦੇ ਕਾਨੂੰਨ ਦੀ ਰਖਵਾਲੀ ਦੀ ਜ਼ਿੰਮੇਵਾਰੀ ਦੇਣੀ ਸਾਡੇ ਵਲੋਂ ਅਪਣੀ ਹੀ ਆਜ਼ਾਦੀ ਤੇ ਕੁਹਾੜੀ ਮਾਰਨ ਬਰਾਬਰ ਹੋਵੇਗੀ। 

 

 

ਪਰ ਜਿਸ ਤਰ੍ਹਾਂ ਇਸ ਵਾਰ ਮਿਸ਼ਨ ਚਲਿਆ ਹੈ ਜਾਂ ਜ਼ਿਆਦਾਤਰ ਸੂਬਿਆਂ ਦੇ ਮਿਸ਼ਨ ਚਲਦੇ ਹਨ, ਕੀ ਜਾਪਦਾ ਨਹੀਂ ਕਿ ਕਮੀਆਂ ਬਹੁਤ ਡੂੰਘੀਆਂ ਹੋ ਗਈਆਂ ਹਨ? ਅਪਰਾਧ ਤਾਂ ਬੜੀ ਮੁਸ਼ਕਲ ਨਾਲ ਬਾਹਰ ਆਉਂਦੇ ਹਨ ਤੇ ਕਈ ਵਾਰ ਕੋਈ ਨਿਜੀ ਭਾਵੁਕ ਕਾਰਨ ਵੀ ਹੋ ਸਕਦਾ ਹੈ। ਅਸਲ ਮੁੱਦਾ ਤਾਂ ਇਨ੍ਹਾਂ ਸਿਆਸਤਦਾਨਾਂ ਦੀ ਜ਼ਮੀਰ ਦਾ ਹੈ। ਇਸ ਵਰਗ ਦੇ ਲੋਕ ਕਿਸੇ ਹੋਰ ਹੀ ਤਰ੍ਹਾਂ ਦੇ ਢਲੇ ਹੁੰਦੇ ਹਨ ਤੇ ਆਮ ਦੁਨੀਆਂ ਤੋਂ ਵੱਖ ਹੋ ਜਾਂਦੇ ਹਨ। ਸਾਰੀ ਸਰਕਾਰ ਵਿਚੋਂ ਇਕ ਆਵਾਜ਼ ਐਸੀ ਨਹੀਂ ਉਠੀ ਜੋ ਸਰਕਾਰ ਨੂੰ ਬਾਹਰ ਉਡੀਕਦੇ ਕਿਸਾਨਾਂ ਦੀ ਗੱਲ ਸੁਣਨ ਲਈ ਕਹਿ ਸਕੇ। ਵਿਰੋਧੀ ਧਿਰ ਨੂੰ ਕਿਸਾਨਾਂ ਦੇ ਆਦੇਸ਼ ਸਨ ਤੇ ਇਸ ਕਾਰਨ ਉਹ ਚੌਕਸ ਰਹੇ। ਸਪੀਚਾਂ ਭਾਵੁਕ ਸਨ। ਸੰਸਦ ਮੈਂਬਰ ਪੋਸਟਰ ਫੜੀ ਸੰਸਦ ਦੇ ਬਾਹਰ ਖੜੇ ਰਹੇ। 

 

 

ਜੇ ਸਾਡੇ ਸਿਆਸਤਦਾਨਾਂ ਦੀ ਜ਼ਮੀਰ ਜਾਗਦੀ ਹੁੰਦੀ ਤਾਂ ਅੱਜ ਵੀ ਸਿਆਸਤਦਾਨਾਂ ਕੋਲ ਤਬਦੀਲੀ ਲਿਆਉਣ ਦੀ ਤਾਕਤ ਤਾਂ ਮੌਜੂਦ ਹੈ। ਇਨ੍ਹਾਂ ਕੋਲ ਅਜਿਹੀ ਤਾਕਤ ਹੈ ਜੋ ਇਕ ਆਮ ਇਨਸਾਨ ਪੈਸੇ ਨਾਲ ਵੀ ਨਹੀਂ ਖ਼ਰੀਦ ਸਕਦਾ। ਇਹ ਦੇਸ਼ ਦੀ ਪੁਲਿਸ ਦੀ ਵਾਗਡੋਰ ਫੜੀ ਬੈਠੇ ਹਨ। ਇਹ ਜਦ ਵੀ ਚਾਹੁਣ ਕਿਸੇ ਨੂੰ ਵੀ ਦਿੱਲੀ ਪੁਲਿਸ ਦੀ ਤਾਕਤ ਫੜਾ ਸਕਦੇ ਹਨ ਤੇ ਐਨ.ਆਈ.ਏ ਕੋਲੋਂ ਕੇਸ ਵੀ ਪਵਾ ਸਕਦੇ ਹਨ ਜਾਂ ਕਾਲ ਕੋਠੜੀ ਵਿਚ ਬੰਦ ਕਰ ਸਕਦੇ ਹਨ। ਇਹ ਤਾਕਤ ਐਸੀ ਹੈ ਜਿਸ ਨੂੰ ਵੇਖ ਕੇ ਇਕ ਚੰਗਾ ਭਲਾ ਬੰਦਾ ਵੀ ਜਦ ਸਿਆਸਤ ਵਿਚ ਆ ਜਾਂਦਾ ਹੈ ਤਾਂ ਉਸ ਦੀ ਸੋਚ ਹੀ ਬਦਲ ਜਾਂਦੀ ਹੈ।

 

ਸਿਆਸਤਦਾਨਾਂ ਨੂੰ ਦੇਸ਼ ਦਾ ਖ਼ਜ਼ਾਨਾ ਵੀ ਮਿਲ ਜਾਂਦਾ ਹੈ ਜੋ ਉਸ ਨੂੰ ਸਤਵੇਂ ਅਸਮਾਨ ਤੇ ਚੜ੍ਹਾਅ ਦੇਂਦਾ ਹੈ ਜਿਸ ਤਰ੍ਹਾਂ ਪੰਜਾਬ ਦੇ ਵਿਧਾਇਕ ਇਕ ਖ਼ਾਲੀ ਖ਼ਜ਼ਾਨੇ ਉਤੇ ਵੀ ਅਪਣੇ ਇਨਕਮ ਟੈਕਸ ਦਾ ਖ਼ਰਚਾ ਪਾਈ ਜਾ ਰਹੇ ਹਨ। ਜਾਪਦਾ ਹੈ ਜਿਵੇਂ ਸਾਰੀਆਂ ਪਾਰਟੀਆਂ ਵਿਚ ਭੁੱਖ ਦੇ ਮਾਰੇ ਹੋਏ ਆਗੂ ਹੀ ਇਕੱਠੇ ਹੋਏ ਪਏ ਹਨ ਜਦਕਿ ਹੁੰਦੇ ਇਹ ਜ਼ਿਆਦਾਤਰ ਕਰੋੜਪਤੀ ਹੀ ਹਨ। ਪੈਸੇ ਤਾਂ ਹੋਰਨਾਂ ਕੋਲ ਵੀ ਹੁੰਦੇ ਹਨ ਪਰ ਉਨ੍ਹਾਂ ਦੀ ਜ਼ਮੀਰ ਮਰੀ ਹੋਈ ਨਹੀਂ ਹੁੰਦੀ। ਇਹ ਵਰਗ ਸ਼ਾਇਦ ਪੈਸੇ ਦੀ ਤਾਕਤ ਦੇ ਦੰਗਲ ਵਿਚ ਲੜਦਾ ਲੜਦਾ ਕਮਲਾ ਹੋ ਜਾਂਦਾ ਹੈ। ਸੰਨੀ ਦਿਉਲ ਇਕ ਫ਼ਿਲਮੀ ਅਦਾਕਾਰ ਹੈ ਜਿਸ ਨੇ ਅੱਜ ਤਕ ਅਪਣੀ ਕਮਾਈ ਉਤੇ ਹੀ ਜ਼ਿੰਦਗੀ ਬਤੀਤ ਕੀਤੀ ਹੈ ਪਰ ਉਸ ਨੇ ਐਮ.ਪੀ. ਬਣ ਕੇ ਇਕ ਵੀ ਕੰਮ ਨਹੀਂ ਕੀਤਾ। ਉਸ ਨੂੰ ਤਾਕਤ ਦਾ ਅਜਿਹਾ ਬੁਖ਼ਾਰ ਚੜ੍ਹਿਆ ਹੈ ਕਿ ਕਿਸੇ ਦੂਜੇ ਐਮ.ਐਲ.ਏ ਦੀ ਧੀ ਵਾਸਤੇ ਸਰਕਾਰੀ ਖ਼ਜ਼ਾਨੇ ਤੇ ਗੱਡੀਆਂ ਦੀ ਮੰਗ ਕਰਦੇ ਨੇ ਰਤਾ ਭਰ ਵੀ ਨਾ ਸੋਚਿਆ। 

 

 

ਇਸ ਗੱਲ ਨੂੰ ਲੈ ਕੇ ‘ਆਪ’ ਦੇ ਦਿੱਲੀ ਵਿਧਾਇਕਾਂ ਦੀ ਗੱਲ ਕੁੱਝ ਵਖਰੀ ਜਹੀ ਦਿਸਦੀ ਹੈ। ਉਨ੍ਹਾਂ ਵਿਚ ਅਜੇ ਸਾਦਗੀ ਹੈ, ਉਹ ਅਪਣੇ ਆਪ ਨੂੰ ਆਮ ਇਨਸਾਨ ਤੋਂ ਦੂਰ ਨਹੀਂ ਸਮਝਦੇ। ਉਨ੍ਹਾਂ ਦੇ ਸੱਤਾਧਾਰੀ ਵਿਧਾਇਕ ਜਾਂ ਕਿਸੇ ਮੰਤਰੀ ਨਾਲ ਗੱਲ ਕਰਨੀ ਪੰਜਾਬ ਦੇ ਹਾਰੇ ਹੋਏ ਵਿਰੋਧੀ ਧਿਰ ਦੇ ਵਿਧਾਇਕ ਨਾਲੋਂ ਜ਼ਿਆਦਾ ਸੌਖੀ ਹੈ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਦਿੱਲੀ ਵਿਚ ਕੇਂਦਰ ਨੇ ਨਾ ਕਦੇ ਪੁਲਿਸ ਦੀ ਤਾਕਤ ਦਿਤੀ ਹੈ ਤੇ ਨਾ ਹੀ ਖ਼ਜ਼ਾਨੇ ਉਤੇ ਪਕੜ। ਸ਼ਾਇਦ ਇਹੀ ਕਾਰਨ ਹੈ ਕਿ ਉਹ ਅਜੇ ਵੀ ਬਾਕੀ ਸਿਆਸੀ ਵਰਗਾਂ ਦੇ ਉਲਟ, ਅਪਣੀ ਜ਼ਮੀਰ ਨੂੰ ਜਾਗਦੀ ਰੱਖਣ ਵਿਚ ਵਧੇਰੇ ਸਫ਼ਲ ਰਹੇ ਹਨ। ਇਸੇ ਨੂੰ ਤਜਰਬੇ ਵਾਂਗ ਜਾਂਚਣ ਦੀ ਲੋੜ ਹੈ ਤੇ ਸ਼ਾਇਦ ਇਸੇ ਤਰ੍ਹਾਂ ਦੀ ਸਿਆਸਤ ਹੀ ਦੇਸ਼ ਦੇ ਨਾਗਰਿਕਾਂ ਦੇ ਸਬਰ ਦਾ ਛਲਕਦਾ ਪਿਆਲਾ ਡੁਲ੍ਹਣੋਂ ਰੋਕ ਸਕੇ।                            -ਨਿਮਰਤ ਕੌਰ