ਘਰ-ਘਰ ਤਿਰੰਗਾ ਮਤਲਬ ਹਰ ਦਿਲ ਵਿਚ ਆਜ਼ਾਦੀ ਲਈ ਤਾਂਘ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਸ ਵਾਰ ਆਜ਼ਾਦੀ ਦੇ ਜਸ਼ਨ ਬੜੇ ਜ਼ੋਰ ਸ਼ੋਰ ਨਾਲ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ।

Har Ghar Tiranga

 

ਇਸ ਵਾਰ ਆਜ਼ਾਦੀ ਦੇ ਜਸ਼ਨ ਬੜੇ ਜ਼ੋਰ ਸ਼ੋਰ ਨਾਲ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਹਰ ਘਰ ਉਤੇ ਤਿਰੰਗਾ ਲਹਿਰਾਏਗਾ ਤੇ ਇਹ ਲਹਿਰਾਇਆ ਵੀ ਜਾਣਾ ਚਾਹੀਦਾ ਹੈ। ਸਾਡੇ ਵੱਡੇ ਦਸਦੇ ਹਨ ਕਿ ਆਜ਼ਾਦੀ ਤੋਂ ਬਾਅਦ ਹਰ ਸਾਲ ਜਸ਼ਨ ਮਨਾਇਆ ਜਾਂਦਾ ਸੀ ਪਰ ਪਤਾ ਨਹੀਂ ਫਿਰ ਇਹ ਬੰਦ ਕਿਉਂ ਹੋ ਗਿਆ ਤੇ 15 ਅਗੱਸਤ ਸਿਰਫ਼ ਇਕ ਛੁੱਟੀ ਦਾ ਦਿਨ ਬਣ ਕੇ ਕਿਉਂ ਰਹਿ ਗਿਆ? ਅਮਰੀਕਾ ਵਿਚ 1783 ਦੀ ‘ਸਿਵਲ ਵਾਰ’ ਅੱਜ ਵੀ ਹਰ ਸਾਲ ਇਕ ਵਖਰੇ ਅੰਦਾਜ਼ ਵਿਚ ਮਨਾਈ ਜਾਂਦੀ ਹੈ। ਉਸ ਦੇਸ਼ ਵਿਚ ਆਜ਼ਾਦੀ ਦੀ ਲੜਾਈ ਵੀ ਗ਼ੁਲਾਮੀ ਦੀਆਂ ਬੇੜੀਆਂ ਨੂੰ ਤੋੜਨ ਦੇ ਹਿੱਸੇ ਵਜੋਂ ਆਈ ਸੀ ਤੇ ਉਹ ਸਾਡੀ ਗੁਲਾਮੀ ਵਾਂਗ ਹੀ ਮਨੁੱਖਾਂ ਨੂੰ ਕੁਦਰਤ ਦੇ ਨਿਯਮਾਂ ਦੇ ਉਲਟ ਜਾ ਕੇ ਵੰਡ ਦੇਂਦੀ ਸੀ। ਸਾਡੇ ਦੇਸ਼ ਵਿਚ ਜਾਤ ਦੀਆਂ ਵੰਡੀਆਂ ਸਨ ਤੇ ਅਮਰੀਕਾ ਵਿਚ ਰੰਗ ਭੇਦ ਦੀਆਂ।

 

ਜਿਵੇਂ ਕਾਲੇ ਅਮਰੀਕਨਾਂ ਨੇ ਗੋਰਿਆਂ ਹੱਥੋਂ ਤੰਗੀਆਂ ਸਹੀਆਂ, ਭਾਰਤੀਆਂ ਨੇ ਵੀ ਉਸੇ ਤਰ੍ਹਾਂ ਦਾ ਸਲੂਕ ਗੋਰਿਆਂ ਦੇ ਹੱਥੋਂ ਸਹਿਆ। ਉਥੇ 21ਵੀਂ ਸਦੀ ਵਿਚ ਜਾ ਕੇ ਇਕ ਕਾਲਾ ਅਮਰੀਕਨ ਬਰਾਕ ਓਬਾਮਾ ਦੇਸ਼ ਦਾ ਰਾਸ਼ਟਰਪਤੀ ਬਣਿਆ ਤਾਂ ਵੀ ਗੋਰਿਆਂ ਤੋਂ ਬਰਦਾਸ਼ਤ ਨਾ ਹੋਇਆ ਤੇ ਇਕ ਡੌਨਲਡ ਟਰੰਪ ਵਰਗਾ ਨਫ਼ਰਤ ਉਗਲਦਾ ਬੰਦਾ ਰਾਸ਼ਟਰਪਤੀ ਬਣ ਗਿਆ। ਗੁਲਾਮੀ ਦੀਆਂ ਬੇੜੀਆਂ ਜ਼ਿਹਨ ’ਚੋਂ ਕਢਦਿਆਂ ਸਦੀਆਂ ਲੱਗ ਜਾਂਦੀਆਂ ਹਨ ਤੇ ਫਿਰ ਵੀ ਸ਼ਾਇਦ ਇਹ ਕਮਜ਼ੋਰ ਹੋ ਜਾਂਦੀਆਂ ਹਨ ਪਰ ਖ਼ਤਮ ਨਹੀਂ ਹੁੰਦੀਆਂ। 

 

 

ਆਜ਼ਾਦੀ ਦਾ ਜਸ਼ਨ ਮੁੜ ਤੋਂ ਸ਼ਾਨ ਨਾਲ ਮਨਾਉਣ ਦੀ ਰੀਤ ਸ਼ੁਰੂ ਕਰਨੀ ਇਕ ਬੜਾ ਲਾਹੇਵੰਦ ਕਦਮ ਹੈ। ਜੇ ਅਸੀ ਅਸਲ ਵਿਚ ਗ਼ੁਲਾਮੀ ਦੀ ਸੱਟ ਜ਼ਿਹਨ ’ਚੋਂ ਕਢਣੀ ਹੈ ਤਾਂ ਸਿਰਫ਼ ਜਸ਼ਨ ਮਨਾਉਣ ਕਾਫ਼ੀ ਨਹੀਂ, ਇਸ ਵਾਸਤੇ ਬਹੁਤ ਕੁੱਝ ਹੋਰ ਵੀ ਕਰਨਾ ਪਵੇਗਾ। ਜੇ ਅਸੀ ਅਮਰੀਕਾ ਦੇ ਮਾਰਗ ’ਤੇ ਚਲਣਾ ਹੈ ਤਾਂ ਫਿਰ ਉਨ੍ਹਾਂ ਦੇ ਤੌਰ ਤਰੀਕੇ ਵੀ ਅਪਨਾਉਣੇ ਪੈਣਗੇ। ਸੱਚੇ ਜਸ਼ਨ ਮਨਾਉਣ ਲਈ ਉਨ੍ਹਾਂ ਨੇ ਹਰ ਪਲ ਅਪਣੇ ਸਿਸਟਮ ਵਿਚ ਆਜ਼ਾਦੀ ਦੀ ਲੜਾਈ ਬਰਕਰਾਰ ਰੱਖੀ। ਗੱਲ ਸਿਸਟਮ ਨੂੰ ਭ੍ਰਿਸ਼ਟਾਚਾਰ ਤੋਂ ਆਜ਼ਾਦ ਰੱਖਣ ਦੀ ਹੋਵੇ ਜਾਂ ਇਕ ਆਮ ਇਨਸਾਨ ਦੇ ਹੱਕ ਦੀ ਹੋਵੇ, ਅਮਰੀਕਾ ਆਜ਼ਾਦੀ ਨੂੰ ਕਦੇ ਕਮਜ਼ੋਰ ਨਹੀਂ ਹੋਣ ਦੇਂਦਾ। ਬੱਚਾ ਬੱਚਾ ਆਜ਼ਾਦੀ ਦਾ ਮਕਸਦ ਸਮਝਦਾ ਹੈ।

ਉਸ ਦੇਸ਼ ਵਿਚ ਬੱਚੇ ਦੇ ਵਿਸ਼ੇਸ਼ ਅਧਿਕਾਰ ਵੀ ਸੰਜੀਦਗੀ ਨਾਲ ਲਏ ਜਾਂਦੇ ਹਨ। ਉਸ ਨੂੰ ਬਚਪਨ ਤੋਂ ਹੀ ਪਤਾ ਹੈ ਕਿ ਉਹ ਮਾਰ ਨਹੀਂ ਖਾ ਸਕਦਾ ਤੇ ਜੇ ਲੋੜ ਪੈ ਹੀ ਜਾਵੇ ਤਾਂ ਇਕ ਸਿਸਟਮ ਹੈ ਜੋ ਉਸ ਦੀ ਰਾਖੀ ਲਈ ਖੜਾ ਹੈ। ਪਰ ਉਸੇ ਬੱਚੇ ਨੂੰ ਅਪਣੇ ਕ੍ਰਾਂਤੀਕਾਰੀ ਜਰਨੈਲਾਂ ਬਾਰੇ ਵੀ ਬਚਪਨ ਤੋਂ ਹੀ ਪੜ੍ਹਾਇਆ ਜਾਂਦਾ ਹੈ। ਉਸ ਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਉਨ੍ਹਾਂ ਦੀਆਂ ਗ਼ਲਤੀਆਂ ਕੀ ਸਨ ਤੇ ਉਸ ਬੱਚੇ ਵਿਚ ਇਕ ਬਿਹਤਰ ਕਲ ਬਣਾਉਣ ਦੀ ਚਾਹ ਤੇ ਸਮਰੱਥਾ ਘੜੀ ਜਾਂਦੀ ਹੈ।
ਸਾਡੇ ਦੇਸ਼ ਵਿਚ ਸੱਭ ਤੋਂ ਵੱਡੀ ਕਮਜ਼ੋਰੀ ਹੀ ਇਹ ਹੈ ਕਿ ਅਸੀ ਅੰਗਰੇਜ਼ਾਂ ਤੋਂ ਆਜ਼ਾਦੀ ਲੈ ਤਾਂ ਲਈ ਪਰ ਇਕ ਦੂਜੇ ਨੂੰ ਆਪਸ ਵਿਚ ਗ਼ੁਲਾਮ ਬਣਾਉਣ ਵਿਚ ਜੁਟੇ ਹੋਏ ਹਾਂ। ਸਾਡੇ ਵਿਚ ਆਜ਼ਾਦੀ ਲਈ ਨਹੀਂ ਬਲਕਿ ਇਕ ਦੂਜੇ ਦੀ ਪਿੱਠ ਲਗਾਉਣ ਲਈ ਪ੍ਰੇਰਿਆ ਜਾਂਦਾ ਹੈ।

ਸਾਡੇ ਪੰਜਾਬ ਵਿਚ ਬਾਕੀ ਦੇਸ਼ਾਂ ਨਾਲੋਂ ਆਜ਼ਾਦੀ ਦੀ ਅਗਨੀ ਜ਼ਿਆਦਾ ਪ੍ਰਜਵਲਤ ਹੋਈ ਹੈ ਪਰ ਸਿਸਟਮ ਸਾਹਮਣੇ ਆਮ ਇਨਸਾਨ ਹਾਰ ਹੀ ਜਾਂਦਾ ਹੈ। ਅੱਜ ਵੀ ਦਲਿਤਾਂ ਨੂੰ ਬਠਿੰਡਾ ਦੇ ਤੀਆਂ ਸਮਾਗਮ ’ਚ ਵਖਰੇ ਟੇਬਲ ਤੋਂ ਖਾਣ ਲਈ ਆਖਿਆ ਗਿਆ ਜੋ ਆਜ਼ਾਦੀ ਦੇ ਮਹਾਂਉਤਸਵ ਦੇ ਖ਼ਿਲਾਫ਼ ਹੈ। ਅੱਜ ਜਦ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਹਨ, ਉਸ ਵਿਚ ਅਪਣੇ ਆਪ ਹੀ ਪੰਜਾਬ ਤੇ ਸਿੱਖਾਂ ਦੀ ਕੁਰਬਾਨੀ ਝਲਕਦੀ ਹੈ ਤੇ ਖ਼ਾਲਸਾ ਨਿਸ਼ਾਨ ਸਾਹਿਬ ਵੀ ਤਿਰੰਗੇ ਦਾ ਹਮਜੋਲੀ ਬਣ ਕੇ ਹੀ ਲਹਿਰਾਉਂਦਾ ਹੈ। ਦੋਵੇਂ ਝੰਡੇ, ਆਜ਼ਾਦੀ ਦਾ ਪੈਗ਼ਾਮ ਲੈ ਕੇ ਹੀ ਮੈਦਾਨ ਵਿਚ ਨਿਤਰੇ ਸਨ ਤੇ ਦੋਹਾਂ ਦਾ ਟੀਚਾ ਅੱਜ ਵੀ ਮਨੁੱਖੀ ਆਜ਼ਾਦੀ ਨੂੰ ਯਕੀਨੀ ਬਣਾਉਣਾ ਹੀ ਹੈ।

ਅੱਜ ਇਸ ਜਸ਼ਨ ਨੂੰ ਬੱਚੇ ਬੱਚੇ ਦੀ ਰੂਹ ਤਕ ਪਹੁੰਚਾਉਣ ਲਈ ਉਸ ਨੂੰ ਇਸ ਜਸ਼ਨ ਦੀਆਂ ਡੂੰਘਾਈਆਂ ’ਚ ਲਿਜਾਣ ਦੀ ਲੋੜ ਹੈ ਤੇ ਫਿਰ ਆਜ਼ਾਦੀ ਦੇ ਸੱਚ ਨੂੰ ਹਰ ਸਿਸਟਮ ਤੇ ਹਰ ਸਰਕਾਰੀ ਕੰਮ ਵਿਚ ਝਲਕਣ ਦੀ ਲੋੜ ਹੈ। ਪਰ ਅਫ਼ਸੋਸ ਅੱਜ ਦਾ ਏਜੰਡਾ ਸਿਆਸੀ ਪਾਰਟੀਆਂ ਦੀ ਸੋਚ ਤੈਅ ਕਰਦਾ ਹੈ ਜੋ ਕਿ ਹਰ ਮੌਕੇ ਨੂੰ ਵੋਟਾਂ ਵਾਸਤੇ ਵਰਤਦੇ ਹਨ। ਉਨ੍ਹਾਂ ਦਾ ਸਿਆਸੀ ਲਾਲਚ ਉਨ੍ਹਾਂ ਨੂੰ ਆਮ ਭਾਰਤੀ ਦੀ ਅਸਲ ਆਜ਼ਾਦੀ ਦੇ ਮਾਰਗ ਤੋਂ ਦੂਰ ਕਰਦਾ ਹੈ। ਪਰ ਅੱਜ 75 ਸਾਲ ਹੀ ਹੋਏ ਹਨ ਤੇ ਕਦੇ ਨਾ ਕਦੇ ਗ਼ੁਲਾਮੀ ਦੀਆਂ ਬੇੜੀਆਂ ਜ਼ਰੂਰ ਕਮਜ਼ੋਰ ਹੋਣਗੀਆਂ। ਸਾਰੇ ਪਾਠਕਾਂ ਨੂੰ 75ਵੇਂ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਤੇ ਆਸ ਕਰਦੀ ਹਾਂ ਕਿ ਆਜ਼ਾਦੀ ਦੀ ਮਸ਼ਾਲ ਸਾਡੇ ਦਿਲਾਂ ਵਿਚ ਹਮੇਸ਼ਾ ਜਗਦੀ ਰਹੇਗੀ।     - ਨਿਮਰਤ ਕੌਰ