1984 ਦੇ ਕਤਲੇਆਮ ਬਾਰੇ ਸੀ.ਬੀ.ਆਈ. ਦੇ ਸਿੱਖਾਂ ਪ੍ਰਤੀ ਬਦਲੇ ਹੋਏ ਰੁਖ਼ ਦੀ ਸਚਾਈ ਕੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਦਿੱਲੀ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਂਗਲੀ ਕਾਂਗਰਸ ਵਲ ਕਰਨ ਦੇ ਇਸ਼ਾਰੇ ਹਵਾ ਵਿਚ ਸੁੱਟੇ ਜਾ ਰਹੇ ਹਨ...........

Victims of 1984 Sikh Riots

ਅੱਜ ਦਿੱਲੀ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਂਗਲੀ ਕਾਂਗਰਸ ਵਲ ਕਰਨ ਦੇ ਇਸ਼ਾਰੇ ਹਵਾ ਵਿਚ ਸੁੱਟੇ ਜਾ ਰਹੇ ਹਨ ਪਰ ਇਹ ਸਿੱਖਾਂ ਨੂੰ ਨਿਆਂ ਦਿਵਾਉਣ ਲਈ ਨਹੀਂ ਬਲਕਿ ਇਹ ਵਿਖਾਉਣ ਵਾਸਤੇ ਕੀਤਾ ਜਾ ਰਿਹਾ ਹੈ ਕਿ ਜਿੰਨੇ ਦਾਗ਼ ਭਾਜਪਾ ਦੇ ਦਾਮਨ ਤੇ ਹਨ, ਓਨੇ ਹੀ ਕਾਂਗਰਸ ਦੇ ਦਾਮਨ ਤੇ ਵੀ ਹਨ। ਫ਼ਿਰਕੂ ਭੀੜਾਂ ਨੇ ਜੇ ਦਲਿਤ ਜਾਂ ਗਊਮਾਸ ਦੇ ਨਾਂ 'ਤੇ ਲੋਕਾਂ ਨੂੰ ਮਾਰਿਆ ਹੈ ਤਾਂ ਕਾਂਗਰਸ ਨੇ ਵੀ ਦਿੱਲੀ ਕਤਲੇਆਮ ਦਾ ਮਹਾਂ-ਤਾਂਡਵ ਰਚਿਆ ਸੀ। ਜੇ ਭਾਜਪਾ ਨੇ ਬਾਬਰੀ ਮਸਜਿਦ ਤੋੜੀ ਸੀ ਤਾਂ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕ ਚੜ੍ਹਾਏ ਸਨ। 

ਦਿੱਲੀ ਹਾਈ ਕੋਰਟ ਵਿਚ ਚਲ ਰਹੇ '84 ਦੇ ਸਿੱਖ ਕਤਲੇਆਮ ਕੇਸ ਵਿਚ ਸੀ.ਬੀ.ਆਈ. ਵਲੋਂ ਦਿੱਲੀ ਪੁਲਿਸ ਦੇ ਵਤੀਰੇ ਬਾਰੇ ਸਖ਼ਤ ਟਿਪਣੀ ਕੀਤੀ ਗਈ ਹੈ। ਸੀ.ਬੀ.ਆਈ. ਨੇ ਕਿਹਾ ਹੈ ਕਿ ਪੁਲਿਸ ਨਵੰਬਰ '84 ਸਿੱਖ ਕਤਲੇਆਮ ਵਿਚ ਜਾਂ ਤਾਂ ਮੂਕ  ਦਰਸ਼ਕ ਬਣੀ ਰਹੀ ਜਾਂ ਖ਼ੁਦ ਕਤਲੇਆਮ ਵਿਚ ਭਾਈਵਾਲ ਸੀ। ਸੀ.ਬੀ.ਆਈ. ਵਲੋਂ ਇਹ ਵੀ ਕਿਹਾ ਗਿਆ ਕਿ ਆਦਮੀ ਝੂਠ ਬੋਲਦੇ ਹਨ ਪਰ ਸਥਿਤੀਆਂ ਝੂਠ ਨਹੀਂ ਬੋਲਦੀਆਂ। ਸੀ.ਬੀ.ਆਈ. ਇਥੇ ਹੀ ਨਹੀਂ ਰੁਕੀ, ਬਲਕਿ ਉਸ ਨੇ ਇਹ ਵੀ ਆਖਿਆ ਕਿ ਕਤਲੇਆਮ ਤੋਂ ਬਾਅਦ ਵੀ ਪੁਲਿਸ ਦਾ ਗ਼ੈਰ-ਨੈਤਿਕ ਅਤੇ ਗ਼ੈਰ-ਕਾਨੂੰਨੀ ਕਿਰਦਾਰ ਰੁਕਿਆ ਨਹੀਂ।

ਸੀ.ਬੀ.ਆਈ. ਹੁਣ ਅਦਾਲਤ ਸਾਹਮਣੇ ਇਹ ਤੱਥ ਪੇਸ਼ ਕਰ ਰਹੀ ਹੈ ਕਿ ਪੁਲਿਸ ਦੇ ਕਿਰਦਾਰ ਕਰ ਕੇ ਹੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤਕ ਸਜ਼ਾ ਨਹੀਂ ਮਿਲੀ। ਇਸ ਸਿਆਸੀ ਤੋਤੇ ਦੇ ਮੂੰਹ 'ਚੋਂ ਸਿੱਖਾਂ ਦੇ ਕਤਲੇਆਮ ਲਈ ਨਿਆਂ ਬਾਰੇ ਬੋਲ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਕਿਉਂਕਿ ਅੱਜ ਤਕ ਇਸ ਜਾਂਚ ਵਿਚ ਪੁਲਿਸ ਹੀ ਨਹੀਂ ਬਲਕਿ ਸੀ.ਬੀ.ਆਈ. ਵੀ ਸ਼ਾਮਲ ਰਹੀ ਹੈ। ਪਿਛਲੇ ਹੀ ਸਾਲ ਸੀ.ਬੀ.ਆਈ. ਅਤੇ ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਦੋਸ਼ੀ ਕਹਿਣ ਵਾਲੇ ਗਵਾਹਾਂ ਤੋਂ ਬਿਆਨ ਨਾ ਲੈਣ ਦੀ ਗੱਲ ਸਾਹਮਣੇ ਆਈ ਸੀ।

ਉਹ ਦੋ ਗਵਾਹ '84 ਸਾਲਾਂ ਦੇ ਹੋ ਗਏ ਹਨ ਅਤੇ ਸੀ.ਬੀ.ਆਈ. ਵਲੋਂ 31 ਸਾਲ ਗਵਾਹੀ ਵਾਸਤੇ ਲਗਾਤਾਰ ਕੀਤੀ ਗਈ ਦੇਰੀ, ਕੁਦਰਤ ਅਤੇ ਨਿਆਂ ਨੂੰ ਦਿਤੀ ਗਈ ਭਿਆਨਕ ਚੁਨੌਤੀ ਸੀ। ਸਿੱਖ ਵਕੀਲਾਂ ਦਾ ਇਸ਼ਾਰਾ ਇਹੀ ਸੀ ਕਿ ਸੀ.ਬੀ.ਆਈ. ਇਨ੍ਹਾਂ ਗਵਾਹਾਂ ਦੀ ਮੌਤ ਦੀ ਉਡੀਕ ਕਰ ਰਹੀ ਹੈ ਤਾਕਿ ਟਾਈਟਲਰ ਨੂੰ ਬਚਾਇਆ ਜਾਵੇ। ਇਸ ਕੇਸ ਵਿਚ ਟਾਈਟਲਰ ਤੇ ਇਲਜ਼ਾਮ ਅਤੇ ਇਕ ਕਾਂਗਰਸੀ ਕੌਂਸਲਰ ਦੀ ਜ਼ਮਾਨਤ ਮਗਰੋਂ ਦੀ ਸੁਣਵਾਈ, ਸੀ.ਬੀ.ਆਈ. ਵਲੋਂ ਲਟਕਾ ਲਟਕਾ ਕੇ, ਪਿਛਲੀ ਵਾਰ ਹੀ ਅਦਾਲਤ ਵਿਚ ਕੇਸ ਪੇਸ਼ ਕੀਤਾ ਗਿਆ।  ਅੱਜ ਤਕ ਸੀ.ਬੀ.ਆਈ. ਨੇ ਟਾਈਟਲਰ ਦੀ ਹਿਰਾਸਤੀ ਜਾਂਚ ਵੀ ਨਹੀਂ ਮੰਗੀ।

ਇਸ ਤੇ ਸੀ.ਬੀ.ਆਈ. ਨੇ ਜਵਾਬ ਵਿਚ ਕਿਹਾ ਸੀ ਕਿ ਗਵਾਹਾਂ ਦੇ ਬਿਆਨ ਦਰਜ ਕਿਸ ਵੇਲੇ ਕਰਨੇ ਹਨ, ਇਹ ਉਸ ਦੀ ਮਰਜ਼ੀ ਹੈ।  ਇਹੀ ਸੀ.ਬੀ.ਆਈ. ਅੱਜ ਸੱਜਣ ਕੁਮਾਰ ਦੇ ਮੁੱਦੇ ਤੇ ਸਿੱਖਾਂ ਦੀ ਜ਼ੁਬਾਨ ਬੋਲ ਰਹੀ ਹੈ ਭਾਵੇਂ ਕੁੱਝ ਦੇਰ ਪਹਿਲਾਂ, ਇਸ ਦੇ ਬੋਲ ਤੇ ਕਰਮ ਕੁੱਝ ਹੋਰ ਹੀ ਸਨ। ਹਾਈ ਕੋਰਟ ਨੇ ਤਾਂ ਇਨ੍ਹਾਂ ਕੇਸਾਂ ਨੂੰ ਮੁੜ ਖੁਲ੍ਹਵਾਇਆ ਹੈ ਕਿਉਂਕਿ ਉਹ ਮੰਨਦੇ ਹਨ ਕਿ ਸੈਸ਼ਨ ਕੋਰਟ ਵਿਚ ਨਿਆਂ ਨਹੀਂ ਹੋਇਆ। ਪਰ ਹੁਣ ਨਿਆਂ ਮਿਲ ਜਾਏਗਾ? 

ਅੱਜ ਦਿੱਲੀ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਂਗਲੀ ਕਾਂਗਰਸ ਵਲ ਕਰਨ ਦੇ ਇਸ਼ਾਰੇ ਹਵਾ ਵਿਚ ਸੁੱਟੇ ਜਾ ਰਹੇ ਹਨ ਪਰ ਇਹ ਸਿੱਖਾਂ ਨੂੰ ਨਿਆਂ ਦਿਵਾਉਣ ਲਈ ਨਹੀਂ ਬਲਕਿ ਇਹ ਵਿਖਾਉਣ ਵਾਸਤੇ ਕੀਤਾ ਜਾ ਰਿਹਾ ਹੈ ਕਿ ਜਿੰਨੇ ਦਾਗ਼ ਭਾਜਪਾ ਦੇ ਦਾਮਨ ਤੇ ਹਨ, ਓਨੇ ਹੀ ਕਾਂਗਰਸ ਦੇ ਦਾਮਨ ਤੇ ਵੀ ਹਨ। ਫ਼ਿਰਕੂ ਭੀੜਾਂ ਨੇ ਜੇ ਦਲਿਤ ਜਾਂ ਗਊਮਾਸ ਦੇ ਨਾਂ 'ਤੇ ਲੋਕਾਂ ਨੂੰ ਮਾਰਿਆ ਹੈ ਤਾਂ ਕਾਂਗਰਸ ਨੇ ਵੀ ਦਿੱਲੀ ਕਤਲੇਆਮ ਦਾ ਮਹਾਂ-ਤਾਂਡਵ ਰਚਿਆ ਸੀ। ਜੇ ਭਾਜਪਾ ਨੇ ਬਾਬਰੀ ਮਸਜਿਦ ਤੋੜੀ ਸੀ ਤਾਂ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕ ਚੜ੍ਹਾਏ ਸਨ।

ਸੂਬੇ ਵਿਚ ਅਕਾਲੀ ਦਲ ਦੇ ਹੱਕ ਵਿਚ ਉਠਦੀਆਂ ਆਵਾਜ਼ਾਂ ਵੀ ਤਾਂ ਇਹੀ ਕਹਿ ਰਹੀਆਂ ਹਨ ਕਿ ਜੇ ਅਕਾਲੀ ਦਲ ਨੇ ਬਰਗਾੜੀ ਵਿਚ ਦੋ ਸਿੱਖ ਮਰਵਾ ਦਿਤੇ ਤਾਂ ਕੀ ਹੋਇਆ, ਕਾਂਗਰਸ ਨੇ ਵੀ ਤਾਂ ਦਰਬਾਰ ਸਾਹਿਬ ਵਿਚ ਕਿੰਨੇ ਹੀ ਸਿੱਖ ਮਰਵਾਏ ਸਨ? ਸਿਆਸਤ ਅਤੇ ਉਸ ਦੇ ਹੇਠ ਚਾਪਲੂਸੀ ਕਰਦੀਆਂ ਜਾਂਚ ਏਜੰਸੀਆਂ ਸ਼ਾਇਦ ਅੱਜ ਵੀ ਸਿੱਖ ਕਤਲੇਆਮ ਨੂੰ ਮੋਹਰਾ ਬਣਾ ਕੇ ਚੋਣਾਂ ਤਕ ਇਸਤੇਮਾਲ ਕਰਨਗੀਆਂ ਅਤੇ ਮੁੜ ਤੋਂ ਕਿਸੇ ਦੇ ਹੁਕਮ ਤੇ ਜਾਂ ਕੀਮਤ ਵਸੂਲ ਕਰ ਕੇ ਅਪਣਾ ਪੱਖ ਬਦਲ ਲੈਣਗੀਆਂ।

ਇਹ ਉਹੀ ਸੀ.ਬੀ.ਆਈ. ਹੈ ਜੋ ਕਦੇ ਗੁਜਰਾਤ ਕਤਲੇਆਮ ਲਈ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਂਦੀ ਸੀ ਅਤੇ ਫਿਰ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਦੇ ਹੀ ਇਸ ਨੇ ਅਪਣਾ ਪੱਖ ਬਦਲ ਲਿਆ। ਸਾਡੇ ਮੁਲਕ ਵਿਚ ਆਮ ਇਨਸਾਨ ਦੀ ਕਦਰ, ਆਮ ਇਨਸਾਨ ਹੀ ਨਹੀਂ ਪਾਉਂਦਾ ਅਤੇ ਮੁੜ ਮੁੜ ਦਾਗ਼ੀ ਸਿਆਸਤਦਾਨਾਂ ਨੂੰ ਜਿਤਾ ਕੇ ਉਨ੍ਹਾਂ ਦੇ ਹੱਥ ਤਾਕਤ ਵਾਲੀ ਚਾਬਕ ਫੜਾ ਦਿੰਦਾ ਹੈ।

ਅਦਾਲਤ ਨੇ ਇਹ ਵੀ ਕਿਹਾ ਸੀ ਕਿ ਜੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲੀ ਹੁੰਦੀ ਤਾਂ ਸ਼ਾਇਦ ਮੁੜ ਤੋਂ ਕੋਈ ਇਸ ਤਰ੍ਹਾਂ ਫ਼ਿਰਕੂ ਭੀੜਾਂ ਬਣਾਉਣ ਦੀ ਹਿੰਮਤ ਨਾ ਕਰਦਾ। ਹੁਣ ਤਾਂ ਇਹ ਭਾਰਤੀ ਰਵਾਇਤ ਬਣ ਗਈ ਹੈ। ਸਿੱਖ ਸਿਆਣੇ ਹੋਣ ਤਾਂ ਇਕਜੁਟ ਹੋ ਕੇ ਸੀ.ਬੀ.ਆਈ. ਨੂੰ ਇਸਤੇਮਾਲ ਕਰ ਕੇ ਹੁਣ ਝਟਪਟ ਨਿਆਂ ਲੈਣ ਲਈ ਜੁਟ ਜਾਣ।  -ਨਿਮਰਤ ਕੌਰ