ਗੈਂਗਸਟਰਾਂ ਨੂੰ ਮਾਰ ਦਿਤਾ ਜਾਏ ਜਾਂ ਸੁਧਾਰ ਲਿਆ ਜਾਵੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਉਨ੍ਹਾਂ ਦਾ ਸੱਭ ਤੋਂ ਵੱਡਾ ਕਸੂਰ ਇਹ ਹੈ ਕਿ ਉਨ੍ਹਾਂ ਦੇ ਦਿਮਾਗ਼ਾਂ ਦੀ ਕਾਬਲੀਅਤ ਵਿਚ ਵੀ ਕੋਈ ਕਮੀ ਨਹੀਂ ਤੇ ਉਨ੍ਹਾਂ ਦੀਆਂ ਇੱਛਾਵਾਂ ਤੇ ਉਮੰਗਾਂ ਵੀ ਹਨ

Gangsters should be killed or reformed?


ਅੱਜ ਪੂਰੇ ਦੇਸ਼ ਵਿਚ ਐਨ.ਆਈ.ਏ. ਵਲੋਂ ਗੈਂਗਸਟਰਾਂ ਦੇ ਘਰਾਂ ਵਿਚ ਛਾਪੇ ਮਾਰੇ ਗਏ। ਕਦਮ ਸਹੀ ਹੈ ਪਰ ਅਫ਼ਸੋਸ ਫਿਰ ਵੀ ਹੋਇਆ ਕਿਉਂਕਿ ਪੂਰੇ ਦੇਸ਼ ਵਿਚ ਪਏ 70 ਛਾਪਿਆਂ ਵਿਚੋਂ 25 ਪੰਜਾਬ ਵਿਚ ਪਏ। ਪਿਛਲੇ ਦਿਨਾਂ ਵਿਚ ਕੇਂਦਰੀ ਏਜੰਸੀਆਂ ਵਲੋਂ ਇਕ ਚੇਤਾਵਨੀ ਵੀ ਆਈ ਸੀ ਕਿ ਪੰਜਾਬ ਵਿਚ ਦੋ ਧਿਰਾਂ ਦੇ ਗੈਂਗਸਟਰਾਂ ਵਿਚਕਾਰ ਇਕ ਜੰਗ ਵੀ ਛਿੜ ਸਕਦੀ ਹੈ। ਸ਼ਾਇਦ ਇਸ ਕਾਰਨ ਹੀ ਅੱਜ ਐਨ.ਆਈ.ਏ. ਨੇ ਛਾਪੇ ਮਾਰ ਕੇ ਇਸ ਜੰਗ ਨੂੰ ਰੋਕਣ ਦਾ ਪ੍ਰਬੰਧ ਕੀਤਾ ਹੈ।

ਐਨ.ਆਈ.ਏ. ਕਿੰਨੀ ਕਾਮਯਾਬ ਹੁੰਦੀ ਹੈ, ਉਸ ਦਾ ਅੰਦਾਜ਼ਾ ਲਗਾਉਣਾ ਔਖਾ ਹੈ ਪਰ ਇਨ੍ਹਾਂ ਏਜੰਸੀਆਂ, ਸਰਕਾਰੀ ਮਹਿਕਮਿਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਸਾਰੇ ਗੈਂਗਸਟਰ ਅਪਣਾ ਸਿਸਟਮ ਜੇਲਾਂ ਵਿਚ ਜ਼ਿਆਦਾ ਸੁਰੱਖਿਅਤ ਤਰੀਕੇ ਨਾਲ ਚਲਾ ਰਹੇ ਹਨ। ਇਹ ਤੱਥ ਅਪਣੇ ਆਪ ਵਿਚ ਇਕ ਸਬੂਤ ਹੈ ਕਿ ਜੇ ਇਸ ਗੁੰਡਾ ਬ੍ਰਿਗੇਡ ਨੂੰ ਖ਼ਤਮ ਕਰਨਾ ਹੈ ਤਾਂ ਸਿਰਫ਼ ਬੰਦੂਕ ਦੇ ਸਹਾਰੇ, ਇਹ ਕੰਮ ਨਹੀਂ ਹੋ ਸਕਦਾ। ਸਾਨੂੰ ਗੈਂਗਸਟਰਵਾਦ ਦੀ ਸਚਾਈ ਵੀ ਸਮਝਣੀ ਪਵੇਗੀ ਕਿ ਇਹ ਕਿਉਂ ਸਾਡੇ ਸਿਸਟਮ ਵਿਚ ਪਸਰਦਾ ਜਾ ਰਿਹਾ ਹੈ। ਇਕ ਸੋਚ ਤਾਂ ਇਹ ਹੈ ਕਿ ਤੁਸੀ ਇਨ੍ਹਾਂ ਨੂੰ ਕਾਕਰੋਚ ਵਾਂਗ ਵੇਖੋ ਤੇ ਇਨ੍ਹਾਂ ਨੂੰ ਕੁਚਲੀ ਜਾਵੋ ਤਾਕਿ ਇਹ ਵੱਧ ਨਾ ਸਕਣ।

ਪਰ ਇਨਸਾਨੀਅਤ ਦੀ ਸੋਚ ਇਨ੍ਹਾਂ ਨੂੰ ਕਾਕਰੋਚ ਨਹੀਂ ਬਲਕਿ ਸਮਾਜ ਦਾ ਹਿੱਸਾ ਸਮਝ ਕੇ ਵੇਖਦੀ ਹੈ ਤੇ ਜੜ੍ਹ ਵਿਚ ਜਾ ਕੇ ਸਮਝਣ ਦਾ ਯਤਨ ਕਰਦੀ ਹੈ ਕਿ ਆਖ਼ਰਕਾਰ ਇਨ੍ਹਾਂ ਨੇ ਬੰਦੂਕ ਕਿਉਂ ਚੁੱਕੀ? ਲਾਰੈਂਸ ਬਿਸ਼ਨੋਈ ਦਾ ਬਚਪਨ, ਉਸ ਦੀ ਜਵਾਨੀ ਤੇ ਅੱਜ ਦੇ ਹਾਲਾਤ ਵੇਖੋ ਤਾਂ ਤਕਰੀਬਨ ਹਰ ਇਕ ਦੀ ਕਹਾਣੀ ਸਮਝ ਆ ਜਾਵੇਗੀ। ਇਕ ਹੋਣਹਾਰ ਮੁੰਡਾ ਅੱਜ ਅੰਤਰਰਾਸ਼ਟਰੀ ਪੱਧਰ ਦਾ ਗੈਂਗਸਟਰ ਬਣਨ ਮਗਰੋਂ ਵੀ ਸਾਡੇ ਸਿਸਟਮ, ਸਾਡੀ ਸਿਆਸਤ ਦਾ ਹਿੱਸਾ ਤਾਂ ਹੈ ਹੀ ਪਰ ਅੱਜ ਐਨ.ਆਈ.ਏ ਜਾਂ ਪੁਲਿਸ ਸਿਰਫ਼ ਉਸ ਦੇ ਗੈਂਗਸਟਰ ਹੋਣ ਵਲ ਹੀ ਧਿਆਨ ਦੇ ਰਹੀ ਹੈ। ਲਾਰੈਂਸ ਦੇ ਘਰ ਦੁਆਲੇ ਘੇਰਾ ਪਾ ਦਿਤਾ ਗਿਆ। ਉਸ ਦੀ ਮਾਂ ਅਤੇ ਪ੍ਰਵਾਰ ਉਤੇ ਹੋਰ ਸਖ਼ਤੀ ਕੀਤੀ ਜਾਵੇਗੀ ਪਰ ਅਸਲ ਜਵਾਬ ਤਾਂ ਜੇਲ ਵਿਚੋਂ ਮਿਲੇਗਾ ਕਿ ਲਾਰੈਂਸ ਕੋਲ ਤਿਹਾੜ ਜੇਲ ਵਿਚ ਫ਼ੋਨ ਕਿਸ ਤਰ੍ਹਾਂ ਆਇਆ? ਕੌਣ ਇਸ ਮੁੰਡੇ ਨੂੰ ਪਨਾਹ ਦਿੰਦਾ ਆ ਰਿਹਾ ਹੈ ਜਿਸ ਕਾਰਨ ਇਹ ਅਪਣਾ ਗੁੰਡਾ ਸੰਗਠਨ ਜੇਲ ਅੰਦਰੋਂ ਬੈਠ ਕੇ ਚਲਾ ਰਿਹਾ ਹੈ?

ਇਹ ਨੌਜਵਾਨ ਜੋ ਇਸ ਰਾਹ ਚਲ ਪਏ ਹਨ, ਉਨ੍ਹਾਂ ਦਾ ਸੱਭ ਤੋਂ ਵੱਡਾ ਕਸੂਰ ਇਹ ਹੈ ਕਿ ਉਨ੍ਹਾਂ ਦੇ ਦਿਮਾਗ਼ਾਂ ਦੀ ਕਾਬਲੀਅਤ ਵਿਚ ਵੀ ਕੋਈ ਕਮੀ ਨਹੀਂ ਤੇ ਉਨ੍ਹਾਂ ਦੀਆਂ ਇੱਛਾਵਾਂ ਤੇ ਉਮੰਗਾਂ ਵੀ ਹਨ ਪਰ ਉਨ੍ਹਾਂ ਲਈ ਸਹੀ ਦਿਸ਼ਾ ਵਿਚ ਜਾਣ ਦਾ ਕੋਈ ਰਸਤਾ ਨਹੀਂ ਛਡਿਆ ਗਿਆ। ਇਨ੍ਹਾਂ ਛਾਪਿਆਂ ਵਿਚ ਕਿੰਨੇ ਕਾਕਰੋਚਾਂ ਨੂੰ ਮਾਰ ਕੇ ਖ਼ਤਮ ਕਰ ਦੇਵੋਗੇ? ਜਦ ਤਕ ਸਿਸਟਮ ਵਿਚ ਅਜਿਹੇ ਸਿਆਸਤਦਾਨ, ਅਜਿਹੇ ਜੇਲਰ ਬੈਠੇ ਹਨ, ਹੋਰ ਨੌਜਵਾਨ ਗੁਮਰਾਹ ਹੁੰਦੇ ਰਹਿਣਗੇ ਕਿਉਂਕਿ ਭਾਰਤ ਵਿਚ ਨੌਜਵਾਨਾਂ ਵਾਸਤੇ ਅਪਣੀਆਂ ਆਸ਼ਾਵਾਂ ਤੇ ਉਮੰਗਾਂ ਪੂਰੀਆਂ ਕਰਨ ਦੇ ਸਾਰੇ ਰਸਤੇ ਬੰਦ ਕਰ ਦਿਤੇ ਗਏ ਨਜ਼ਰ ਆਉਂਦੇ ਹਨ। ਪਰ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਅਪੀਲ ਹੀ ਕੀਤੀ ਜਾ ਸਕਦੀ ਹੈ ਕਿ ਤੁਸੀਂ ਅਪਣੇ ਵਿਰਸੇ ਨੂੰ ਸਮਝੋ ਤੇ ਪਹਿਚਾਣੋ। ਤੁਸੀ ਆਜ਼ਾਦੀ ਦੇ ਪ੍ਰਵਾਨਿਆਂ ਦੀਆ ਗੱਲਾਂ ਤਾਂ ਬੜੀਆਂ ਸੁਣਾ ਦਿੰਦੇ ਹੋ ਪਰ ਕੀ ਤੁਸੀਂ ਉਨ੍ਹਾਂ ਦੇ ਦੱਸੇ ਮਾਰਗ ਤੇ ਚਲਣ ਵਾਸਤੇ ਵੀ ਤਿਆਰ ਹੋ?                 ਚਲਦਾ