ਗੈਂਗਸਟਰਾਂ, ਨਸ਼ਾ ਤਸਕਰਾਂ ਤੇ ਨਸ਼ਾ ਵਪਾਰੀਆਂ ਦਾ ਦਬਦਬਾ ਪੰਜਾਬ ਲਈ ਸਦੀਵੀ ਸੱਚ ਬਣ ਗਿਆ ਹੈ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

2018-19 ਐਨ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਸਾਰੇ ਭਾਰਤ ਮੁਕਾਬਲੇ ਵੱਧ ਨਸ਼ੇ ਦੇ ਮਾਮਲੇ ਹਨ

Drug smugglers

2017 ਦੀਆਂ ਚੋਣਾਂ ਸਮੇਂ ਪੰਜਾਬ ਨਾਲ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਉਹ ਨਸ਼ੇ ਦੇ ਵਪਾਰ ਨੂੰ ਜੜ੍ਹ ਤੋਂ ਖ਼ਤਮ ਕਰ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਵਪਾਰ ਨੂੰ ਖ਼ਤਮ ਕਰਨ ਦੀ ਸਹੁੰ ਪਾਈ ਗਈ ਸੀ। ਉਹ ਤਾਂ ਸੁਹਿਰਦ ਸਨ ਅਤੇ ਹੁਣ ਵੀ ਹਨ ਪਰ ਹੁਣ ਇਹ ਸਾਫ਼ ਹੋ ਗਿਆ ਹੈ ਕਿ ਭਰਪੂਰ ਅਤੇ ਸ਼ੁਧ ਹਿਰਦੇ ਨਾਲ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰ ਤੇ ਪੰਜਾਬ ਪੁਲਿਸ ਇਸ ਵਪਾਰ ਨੂੰ ਪੰਜਾਬ ਵਿਚੋਂ ਖ਼ਤਮ ਕਰਨ ਵਿਚ ਬੁਰੀ ਤਰ੍ਹਾਂ ਅਸਮਰੱਥ ਰਹੇ ਹਨ।

ਐਤਵਾਰ ਨੂੰ ਚੰਡੀਗੜ੍ਹ ਵਿਚ ਇਕ ਵਾਰ ਫਿਰ ਗੈਂਗਸਟਰਾਂ ਨੇ ਗੋਲੀਆਂ ਚਲਾ ਕੇ ਦਸ ਦਿਤਾ ਕਿ ਉਨ੍ਹਾਂ ਦਾ ਖ਼ਾਤਮਾ ਬਹੁਤ ਦੂਰ ਦੀ ਗੱਲ ਹੈ। ਇਹੀ ਨਹੀਂ ਕਿ ਗੋਲੀਆਂ ਚਲਾਈਆਂ ਗਈਆਂ ਸਗੋਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਛਾਤੀ ਤਾਣ ਕੇ ਦਸ ਦਿਤਾ ਕਿ ਕਿਸ ਮੁੰਡੇ ਨੇ ਗੋਲੀ ਮਾਰੀ ਸੀ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿਚ ਵੀ ਇਕ ਨੌਜਵਾਨ ਤੇ ਗੋਲੀਆਂ ਚਲਾ ਕੇ ਉਸ ਦੀ ਹਤਿਆ ਕਰ ਦਿਤੀ। ਮਾਂ ਕੁਰਲਾ ਰਹੀ ਸੀ ਕਿ ਮੈਂ ਬਚਾਉਂਦੀ ਬਚਾਉਂਦੀ ਥੱਕ ਗਈ ਪਰ ਮੈਂ ਹਾਰ ਗਈ। ਹੁਣ ਮਾਵਾਂ ਨੇ ਤਾਂ ਹਾਰਨਾ ਹੀ ਹੈ ਕਿਉਂਕਿ ਸਾਫ਼ ਹੈ ਕਿ ਨਸ਼ੇ ਦੇ ਜਿਸ ਦਰਿਆ ਨੂੰ ਕਾਬੂ ਕਰਨ ਦੀਆਂ ਕੁੱਝ ਕੋਸ਼ਿਸ਼ਾਂ ਹੋਈਆਂ ਸਨ, ਉਹ ਸਫ਼ਲ ਨਹੀਂ ਹੋਈਆਂ।

2018-19 ਐਨ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਸਾਰੇ ਭਾਰਤ ਮੁਕਾਬਲੇ ਵੱਧ ਨਸ਼ੇ ਦੇ ਮਾਮਲੇ ਹਨ। ਪੰਜਾਬ ਵਿਚ ਜਿੰਨੇ ਮਾਮਲੇ ਨਸ਼ਾ ਕਰਨ ਵਾਲਿਆਂ ਦੇ ਸਨ ਓਨੀ ਹੀ ਗਿਣਤੀ ਨਸ਼ਾ ਤਸਕਰਾਂ ਦੀ ਵੀ ਸੀ। ਇਸ ਤੋਂ ਇਹ ਵੀ ਸਾਫ਼ ਹੁੰਦਾ ਹੈ ਕਿ ਅਜੇ ਕਈ ਇਨ੍ਹਾਂ ਦੇ ਆਦੀ ਵੀ ਹੋਣਗੇ ਪਰ ਉਨ੍ਹਾਂ ਨੂੰ ਵੀ ਕਾਬੂ ਨਹੀਂ ਕੀਤਾ ਗਿਆ। ਇਹ ਤਾਂ ਮੁਮਕਿਨ ਹੀ ਨਹੀਂ ਕਿ ਨਸ਼ੇ ਦੇ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਇਕੋ ਜਿੰਨੀ ਹੋਵੇ ਅਰਥਾਤ ਤਸਕਰ ਵੀ ਉਹੀ, ਨਸ਼ਾ ਕਰਨ ਵਾਲੇ ਵੀ ਉਹੀ।

ਇਹ ਵੀ ਇਕ ਸੱਚਾਈ ਹੈ ਕਿ ਪੰਜ ਲੱਖ ਪੰਜਾਬੀਆਂ ਨੇ ਨਸ਼ਾ ਨਾ ਮਿਲਣ ਕਾਰਨ ਹੋਈ ਤਕਲੀਫ਼ ਦਾ ਹੱਲ ਲੱਭਣ ਲਈ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਵਿਚੋਂ ਮਦਦ ਮੰਗੀ। ਯਾਨੀ ਤਿੰਨ ਸਾਲਾਂ ਵਿਚ ਸਰਕਾਰ ਤਾਂ ਨਸ਼ੇ ਨੂੰ ਨਾ ਰੋਕ ਸਕੀ ਪਰ ਉਹੀ ਕਾਮਯਾਬੀ ਕੋਵਿਡ-19 ਨੇ ਹਾਸਲ ਕਰ ਲਈ। ਹੁਣ ਤਾਲਾਬੰਦੀ ਤਾਂ ਦੂਰ, ਪੰਜਾਬ ਵਿਚ ਕੋਵਿਡ-19 ਦਾ ਡਰ ਵੀ ਖ਼ਤਮ ਹੋ ਚੁੱਕਾ ਹੈ। ਸਾਰਾ ਵਪਾਰ ਮੁੜ ਅਪਣੀ ਪੁਰਾਣੀ ਚਾਲੇ ਵਧ ਰਿਹਾ ਹੈ। ਸੋ ਹੁਣ ਨਸ਼ੇ ਦਾ ਵਪਾਰ ਵੀ ਵਾਪਸ ਅਪਣੀਆਂ ਬੁਲੰਦੀਆਂ ਨੂੰ ਛੂਹਣ ਲੱਗ ਜਾਵੇਗਾ।

ਜੇ ਸਰਕਾਰ ਦੇ ਕਦਮਾਂ ਦੀ ਗੱਲ ਕਰੀਏ ਤਾਂ ਸਰਕਾਰ ਵਲੋਂ ਇਕ ਇਮਾਨਦਾਰ ਅਫ਼ਸਰ ਹੇਠ ਇਕ ਖ਼ਾਸ ਟਾਸਕ ਫ਼ੋਰਸ ਬਣਾਈ ਗਈ ਜਿਸ ਵਲੋਂ ਕੁੱਝ ਅਜਿਹੇ ਪ੍ਰੋਗਰਾਮ ਲਾਗੂ ਕੀਤੇ ਗਏ ਜੋ ਅੰਤਰਰਾਸ਼ਟਰੀ ਪੱਧਰ 'ਤੇ ਮਾਹਰਾਂ ਦੀ ਪ੍ਰਸ਼ੰਸਾ ਵੀ ਜਿੱਤ ਸਕੇ। ਸਰਕਾਰ ਦੀ ਸੋਚ ਵਿਚ ਨਸ਼ੇ ਦੇ ਵਪਾਰ ਨੂੰ ਖ਼ਤਮ ਕਰਨ ਦੀ ਨਿਯਤ ਸੀ ਜੋ ਪੰਜਾਬ ਕਾਂਗਰਸ ਦੇ ਪਹਿਲੇ ਸਾਲ ਵਿਚ ਨਜ਼ਰ ਵੀ ਆਈ। ਪਰ ਫਿਰ ਅਜਿਹਾ ਕੀ ਹੋਇਆ ਕਿ ਨਸ਼ਾ ਮਾਫ਼ੀਆ ਖ਼ਤਮ ਨਾ ਹੋ ਸਕਿਆ।

ਇਹ ਵੀ ਸੱਚ ਹੈ ਕਿ ਐਸ.ਟੀ.ਐਫ਼ ਤੇ ਪੰਜਾਬ ਪੁਲਿਸ ਵਿਚਕਾਰ ਸਹਿਮਤੀ ਜਾਂ ਇਕ ਦੂਜੇ ਦੀ ਮਦਦ ਕਰਨ ਦੀ ਨੀਤੀ ਨਦਾਰਦ ਹੈ। ਐਸ.ਟੀ.ਐਫ਼ ਕੋਲ ਤਾਕਤ ਪਰ ਐਸ.ਟੀ.ਐਫ਼ ਨੂੰ ਤਾਕਤਵਰ ਬਣਾਉਣ ਵਾਸਤੇ ਪੁਲਿਸ ਕਰਮਚਾਰੀ ਨਹੀਂ ਦਿਤੇ ਗਏ ਜਿਸ ਕਾਰਨ ਐਸ.ਟੀ.ਐਫ਼ ਕੋਲ ਨੀਤੀਆਂ ਹਨ ਪਰ ਉਨ੍ਹਾਂ ਨੂੰ ਲਾਗੂ ਕਰਵਾਉਣ ਵਾਲੀ ਫ਼ੋਰਸ ਕੋਈ ਨਹੀਂ।

ਦੁਨੀਆਂ ਵਿਚ ਨਸ਼ੇ ਦੇ ਵਪਾਰ ਦੀ ਸਫ਼ਲਤਾ ਪੁਲਿਸ ਤੇ ਸਿਆਸਤਦਾਨ ਦੀ ਆਪਸੀ ਭਿਆਲੀ ਬਿਨਾਂ ਮੁਮਕਿਨ ਨਹੀਂ ਹੋ ਸਕਦੀ ਤੇ ਇਸ ਅਰਬਾਂ-ਖਰਬਾਂ ਦੇ ਬਾਜ਼ਾਰ ਵਿਚ ਵੱਡੇ-ਵੱਡੇ ਇਮਾਨਦਾਰ ਬਹਿਕ ਜਾਂਦੇ ਹਨ। ਜਾਪਦਾ ਹੈ ਕਿ ਅੱਜ ਦੇ ਕੁੱਝ ਨੇਤਾ ਤੇ ਪੰਜਾਬ ਪੁਲਿਸ ਦੇ ਕੁੱਝ ਅੰਸ਼ ਵੀ ਇਸ ਨਾਜਾਇਜ਼ ਵਪਾਰ ਦੀ ਸਫ਼ਲਤਾ ਲਈ ਬਗਲਗੀਰ ਹੋਏ ਪਏ ਹਨ। ਇਨ੍ਹਾਂ ਹਾਲਾਤ ਵਿਚ ਕੀ ਆਉਣ ਵਾਲੇ ਸਮੇਂ ਵਿਚ ਫਿਰ ਪੰਜਾਬ ਵਿਚ ਗੈਂਗਵਾਰ ਤੇ ਨਸ਼ੇ ਨਾਲ ਮੌਤਾਂ ਦਾ ਦੌਰ ਤੇਜ਼ ਹੋਣ ਵਾਲਾ ਹੈ ਜਾਂ ਕੀ ਸਰਕਾਰ ਚੌਕੰਨੀ ਹੋਣ ਦੀ ਤਿਆਰੀ ਵਿਚ ਹੈ?      - ਨਿਮਰਤ ਕੌਰ