ਮਹਾਰਾਸ਼ਟਰ ਵਿਚ 'ਸੋਚ ਸਮਝ ਕੇ' ਤਿਆਰ ਕੀਤੇ ਜਾ ਰਹੇ ਗਠਜੋੜ ਦਾ ਤਜਰਬਾ ਪਰ ਗਵਰਨਰ ਸੋਚਣ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮਹਾਰਾਸ਼ਟਰ ਵਿਚ 'ਸੋਚ ਸਮਝ ਕੇ' ਤਿਆਰ ਕੀਤੇ ਜਾ ਰਹੇ ਗਠਜੋੜ ਦਾ ਤਜਰਬਾ ਪਰ ਗਵਰਨਰ ਸੋਚਣ ਸਮਝਣ ਲਈ ਸਮਾਂ ਦੇਣ ਨੂੰ ਤਿਆਰ ਨਹੀਂ!

ShivSena-Congress-NCP

ਸਿਆਸਤਦਾਨਾਂ ਤੋਂ ਕਿਸੇ ਵੀ ਅਜੀਬ ਤੋਂ ਨਾ ਸੋਚੀ ਜਾ ਸਕਣ ਵਾਲੀ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਪਰ ਮਹਾਰਾਸ਼ਟਰ ਅਤੇ ਹਰਿਆਣਾ ਵਿਚ ਸਿਆਸਤਦਾਨਾਂ ਦੇ ਨਵੇਂ ਰਿਸ਼ਤੇ ਵੇਖ ਕੇ ਪੈਦਾ ਹੋਈ ਹੈਰਾਨੀ ਸਾਰੇ ਹੱਦਾਂ ਬੰਨੇ ਹੀ ਟੱਪ ਜਾਂਦੀ ਲੱਗ ਰਹੀ ਹੈ। ਦੁਸ਼ਿਅੰਤ ਚੌਟਾਲਾ ਦੀ ਜਿੱਤ ਤੋਂ ਪਹਿਲਾਂ ਖੱਟੜ ਚੌਟਾਲਾ ਦੀ ਦੁਸ਼ਮਣੀ ਬੜੀ ਨੁਮਾਇਆਂ ਸੀ ਪਰ ਅੱਜ ਇਹੀ ਦੋਵੇਂ ਇਕੱਠੇ ਹੋ ਕੇ ਸਰਕਾਰ ਚਲਾ ਰਹੇ ਹਨ। ਉਧਰ ਮਹਾਰਾਸ਼ਟਰ ਵਿਚ, ਭਾਜਪਾ ਤੋਂ ਵੱਖ ਹੋ ਕੇ, ਸ਼ਿਵ ਸੈਨਾ, ਨੈਸ਼ਨਲ ਕਾਂਗਰਸ ਅਤੇ ਸੋਨੀਆ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਉਣ ਜਾ ਰਹੀ ਹੈ।

ਹੁਣ ਤੋਂ ਪਹਿਲਾਂ ਗਠਜੋੜ, ਸਾਂਝੀ ਵਿਚਾਰਧਾਰਾ ਉਤੇ ਆਧਾਰਤ ਹੁੰਦੇ ਸਨ ਪਰ ਹੁਣ ਸਿਰਫ਼ ਅਤੇ ਸਿਰਫ਼ ਇਕ ਅੰਕੜਾ ਪਾਰ ਕਰਨ ਵਾਸਤੇ ਹੁੰਦੇ ਹਨ। ਇਸ ਨੂੰ ਮੌਕਾਪ੍ਰਸਤੀ ਵੀ ਆਖ ਸਕਦੇ ਹਾਂ ਅਤੇ ਮਜਬੂਰੀ ਵੀ। ਜਿਸ ਸਖ਼ਤ ਮਿਹਨਤ ਅਤੇ ਖ਼ਰਚ ਤੋਂ ਬਾਅਦ ਚੋਣ ਮੁਹਿੰਮ ਸੰਪੂਰਨ ਹੁੰਦੀ ਹੈ, ਉਸ ਨੂੰ ਵਾਰ-ਵਾਰ ਦੁਹਰਾਉਣਾ ਵੀ ਲੋਕਾਂ ਦੇ ਹਿਤ ਵਿਚ ਨਹੀਂ ਹੁੰਦਾ। ਜਿਸ ਤਰ੍ਹਾਂ ਭਾਰਤ ਅੱਜ ਵਿਚਾਰਧਾਰਾਵਾਂ ਵਿਚ ਵੰਡਿਆ ਜਾ ਰਿਹਾ ਹੈ, ਲੋਕਾਂ ਦੀ ਵੋਟ ਵੀ ਵੰਡੀ ਜਾਵੇਗੀ। ਸੋ ਮਹਾਰਾਸ਼ਟਰ ਵਿਚ ਹੁਣ ਦੋ ਵੱਖ-ਵੱਖ ਵਿਚਾਰਧਾਰਾਵਾਂ, ਹਰਿਆਣਾ ਦੇ ਗਠਜੋੜ ਨਾਲੋਂ ਇਕ ਵਖਰੇ ਗਠਜੋੜ ਦੀ ਤਿਆਰੀ ਵਿਚ ਹਨ। ਹਰਿਆਣਾ ਵਿਚ ਦੁਸ਼ਿਅੰਤ ਚੌਟਾਲਾ ਦੇ ਨਿਜੀ ਹਿਤ ਵਿਚ ਸੀ ਕਿ ਉਹ ਭਾਜਪਾ ਨਾਲ ਜਾਣ ਅਤੇ ਉਸ ਦਾ ਫ਼ਾਇਦਾ ਉਨ੍ਹਾਂ ਦੇ ਜੇਲ ਵਿਚ ਬੈਠੇ ਪਿਤਾ ਨੂੰ ਪਲਾਂ ਵਿਚ ਮਿਲ ਗਿਆ।

ਪਰ ਮਹਾਰਾਸ਼ਟਰ ਵਿਚ ਗਠਜੋੜ, ਸੱਤਾਧਾਰੀ ਲੋਕਾਂ ਵਿਰੁਧ ਹੋਵੇਗਾ ਜਿਥੇ ਕੋਈ ਵੀ ਕਿਸੇ ਦੇ ਹੇਠ ਨਹੀਂ ਲੱਗਣ ਵਾਲਾ। ਕੇਂਦਰ ਵਿਰੋਧ ਕਰੇਗਾ ਤੇ ਰੇੜਕੇ ਖੜੇ ਕਰੇਗਾ। ਗਵਰਨਰ ਦੇ ਕਿਰਦਾਰ ਨੇ ਸਿੱਧ ਕਰ ਹੀ ਦਿਤਾ ਹੈ ਕਿ ਜਿਥੇ ਸੱਤਾ ਹਾਸਲ ਕਰਨ ਦੀ ਗੱਲ ਆ ਜਾਏ, ਸੰਵਿਧਾਨ ਦੀ ਪਾਲਣਾ ਵੀ ਸਿਰਫ਼ ਅਤੇ ਸਿਰਫ਼ ਇਕ ਨਿਰਪੱਖਤਾ ਦਾ ਵਿਖਾਵਾ ਬਣ ਕੇ ਰਹਿ ਜਾਂਦੀ ਹੈ। ਅਸਲ ਵਿਚ ਗਵਰਨਰ ਸਿਰਫ਼ ਅਤੇ ਸਿਰਫ਼ ਅਪਣੀ ਪਾਰਟੀ ਦਾ ਧਿਆਨ ਰੱਖਣ ਵਾਸਤੇ ਹੁੰਦੇ ਹਨ। ਇਹ ਪ੍ਰਥਾ ਕਾਂਗਰਸ ਨੇ ਚਲਾਈ ਸੀ ਅਤੇ ਭਾਜਪਾ ਉਸੇ ਨੂੰ ਥੋੜ੍ਹਾ ਹੋਰ ਬੇਬਾਕ ਹੋ ਕੇ ਅਪਣੇ ਫ਼ਾਇਦੇ ਲਈ ਵਰਤ ਰਹੀ ਹੈ।

ਇਕ ਗ਼ਰੀਬ ਦੇਸ਼ ਵਿਚ, ਜਿਥੇ ਕਰੋੜਾਂ ਲੋਕਾਂ ਨੂੰ ਅਜੇ ਤਕ ਇਕ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ, ਉਥੇ ਇਕ ਅਜਿਹਾ ਅਹੁਦਾ ਸਜਾਇਆ ਹੋਇਆ ਹੈ ਜਿਸ ਦਾ ਰਾਜ-ਪ੍ਰਬੰਧ ਵਿਚ ਯੋਗਦਾਨ ਹੀ ਕੋਈ ਨਹੀਂ। ਗਵਰਨਰ, ਸਿਰਫ਼ ਅਤੇ ਸਿਰਫ਼ ਨਾਂ ਦਾ ਮੁਖੀ ਹੈ ਜਿਸ ਨੂੰ ਸੱਤਾ ਵਿਚ ਬੈਠੀ ਕੇਂਦਰ ਸਰਕਾਰ, ਲੋੜ ਪੈਣ 'ਤੇ ਇਸਤੇਮਾਲ ਕਰ ਲੈਂਦੀ ਹੈ। ਜੰਮੂ-ਕਸ਼ਮੀਰ ਵਿਚ ਗਵਰਨਰ ਦੀ ਤਾਕਤ ਦਾ ਦੁਰਉਪਯੋਗ ਵਾਰ ਵਾਰ ਕੀਤਾ ਗਿਆ ਹੈ। ਖ਼ੈਰ, ਹੁਣ ਇਸ ਬਾਰੇ ਕੁੱਝ ਨਹੀਂ ਕੀਤਾ ਜਾ ਸਕਦਾ।

ਹਾਲ ਦੀ ਘੜੀ ਅਪਣੀ-ਅਪਣੀ ਹੋਂਦ ਬਚਾਉਣ ਲਈ ਇਨ੍ਹਾਂ ਵੱਖ-ਵੱਖ ਵਿਚਾਰਧਾਰਾਵਾਂ ਨੂੰ ਇਕਜੁਟ ਹੋ ਕੇ ਕੰਮ ਕਰਨਾ ਪਵੇਗਾ। ਮਹਾਰਾਸ਼ਟਰ ਵਿਚ ਇਨ੍ਹਾਂ ਵਲੋਂ ਸੋਚ-ਵਿਚਾਰ ਕਰਨਾ ਇਕ ਸਿਆਣਪ ਭਰਿਆ ਕਦਮ ਹੈ ਕਿਉਂਕਿ ਇਨ੍ਹਾਂ ਤਿੰਨ ਪਾਰਟੀਆਂ ਵਿਚ ਸਮਝੌਤਾ ਬੜਾ ਸਾਫ਼ ਸੁਥਰਾ, ਕਪਟ ਤੋਂ ਰਹਿਤ ਅਤੇ ਸਪੱਸ਼ਟ ਹੋਣਾ ਚਾਹੀਦਾ ਹੈ। ਇਹ ਇਕ ਚੰਗਾ ਸੰਕੇਤ ਹੈ ਕਿ ਗੱਲ ਸਿਰਫ਼ ਅਤੇ ਸਿਰਫ਼ 'ਕੌਣ ਬਣੇਗਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ' ਦੀ ਨਹੀਂ ਹੋ ਰਹੀ। ਅੱਜ ਤਿੰਨਾਂ ਪਾਰਟੀਆਂ ਵਲੋਂ ਕਿਸਾਨਾਂ ਦੀ ਕਰਜ਼ਾ ਮਾਫ਼ੀ ਅਤੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਬਾਰੇ ਵੀ ਸਪੱਸ਼ਟ ਨੀਤੀ ਤਿਆਰ ਕਰਨ ਬਾਰੇ ਗੱਲ ਹੋ ਰਹੀ ਹੈ। ਘੱਟੋ-ਘੱਟ ਸਾਂਝਾ ਪ੍ਰੋਗਰਾਮ ਭਾਰਤ ਵਿਚ ਆਰਥਕ ਬਰਾਬਰੀ ਲਿਆਉਣ ਲਈ ਇਕ ਬੜੀ ਹੀ ਕਾਰਗਰ ਯੋਜਨਾ ਹੈ ਜੋ ਕਿ ਅਭਿਜੀਤ ਚੈਟਰਜੀ (ਨੋਬਲ ਪੁਰਸਕਾਰ ਜੇਤੂ) ਨੇ 2019 ਦੀਆਂ ਲੋਕ ਸਭਾ ਚੋਣਾਂ ਸਮੇਂ ਕਾਂਗਰਸ ਦੇ ਮੈਨੀਫ਼ੈਸਟੋ ਵਾਸਤੇ ਬਣਾਈ ਸੀ।

ਭਾਰਤ ਵੱਖ-ਵੱਖ ਵਿਚਾਰਧਾਰਾਵਾਂ ਵਾਲਾ ਦੇਸ਼ ਹੈ ਅਤੇ ਜੇ ਇਹ ਪਾਰਟੀਆਂ ਅਪਣੇ ਵਿਚਾਰਧਾਰਕ ਵਖਰੇਵਿਆਂ ਨੂੰ ਇਕ ਪਾਸੇ ਰੱਖ ਕੇ ਵਿਕਾਸ ਦੇ ਏਜੰਡੇ ਨੂੰ ਲੈ ਕੇ ਸਫ਼ਲ ਸਰਕਾਰ ਚਲਾਉਣ ਵਿਚ ਕਾਮਯਾਬ ਹੋ ਗਈਆਂ ਤਾਂ ਇਹ ਭਾਰਤੀ ਸਿਆਸਤ ਵਿਚ ਹੋਰ ਬਹੁਤ ਸਾਰੀਆਂ ਸਥਾਈ ਤਬਦੀਲੀਆਂ ਵੀ ਲਿਆ ਸਕਦੀਆਂ ਹਨ। ਗਠਜੋੜ ਪਹਿਲਾਂ ਵੀ ਬਣੇ ਹਨ ਪਰ ਉਹ ਕਾਮਯਾਬ ਨਹੀਂ ਹੋਏ, ਭਾਵੇਂ ਉਹ ਇਕ ਵਿਚਾਰਧਾਰਾ ਦੁਆਲੇ ਹੀ ਕੇਂਦਰਤ ਸਨ। ਦੇਸ਼ ਵਿਚ ਆਰਥਕ ਨਾਬਰਾਬਰੀ ਖ਼ਤਮ ਕਰ ਕੇ, ਆਮ ਖ਼ੁਸ਼ਹਾਲੀ ਵਾਲੀ ਵਿਕਾਸ ਯੋਜਨਾ ਦੁਆਲੇ ਘੜੇ ਗਏ ਗਠਜੋੜ ਦਾ ਤਜਰਬਾ ਕਾਫ਼ੀ ਦਿਲਚਸਪ ਹੋਵੇਗਾ। -ਨਿਮਰਤ ਕੌਰ