'ਗਾਂਧੀਆਂ' ਨੂੰ ਕਾਂਗਰਸ ਨੂੰ ਆਜ਼ਾਦ ਕਰ ਦੇਣਾ ਚਾਹੀਦੈ ਤੇ ਨਵੀਂ ਲੀਡਰਸ਼ਿਪ ਪੈਦਾ ਹੋਣ ਦੇਣੀ ਚਾਹੀਦੀ ਏ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਾਂਗਰਸ ਸਿਰਫ਼ ਤੇ ਸਿਰਫ਼ ਗਾਂਧੀ ਪ੍ਰਵਾਰ ਦੇ ਨਾਮ 'ਤੇ ਟੇਕ ਰੱਖ ਰਹੀ ਹੈ। ਉਸ ਨੂੰ ਜਾਪਦਾ ਹੈ ਕਿ ਇਹ ਨਾਮ ਹੀ ਉਨ੍ਹਾਂ ਨੂੰ ਮੁੜ ਦੇਸ਼ ਵਿਚ ਸਥਾਪਤ ਕਰ ਦੇਵੇਗਾ।

Gandhi Family

ਚੋਣਾਂ ਦੀ ਪ੍ਰਕਿਰਿਆ ਨੂੰ ਸਮਝਣ ਤੇ ਉਸ ਦਾ ਵਿਸ਼ਲੇਸ਼ਣ ਕਰਨ ਤੇ, ਅਖ਼ੀਰ ਵਿਚ ਕੋਨੇ ਵਿਚ ਦੁਬਕੀ ਇਕ ਪਾਰਟੀ ਨਜ਼ਰ ਆਉਂਦੀ ਹੈ ਤੇ ਉਹ ਹੈ ਕਾਂਗਰਸ ਪਾਰਟੀ। ਕਾਂਗਰਸ ਪਾਰਟੀ ਅੱਜ ਇਕ ਅਜਿਹੀ ਪਾਰਟੀ ਬਣ ਗਈ ਹੈ ਜਿਸ ਨਾਲ ਗਠਜੋੜ ਕਰਨ ਵਾਲੇ ਵੀ ਪਛਤਾਉਣ ਲਗਦੇ ਹਨ। ਅੱਜ ਦੀ ਤਰੀਕ ਰਾਸ਼ਟਰੀ ਜਨਤਾ ਦਲ (ਲਾਲੂ ਪ੍ਰਸ਼ਾਦ) ਵੀ ਜ਼ਰੂਰ ਪਛਤਾ ਰਿਹਾ ਹੋਵੇਗਾ ਕਿ ਕਿਉਂ ਉਸ ਨੇ ਕਾਂਗਰਸ ਲਈ 70 ਸੀਟਾਂ ਛੱਡ ਦਿਤੀਆਂ।

ਲਾਲੂ ਯਾਦਵ ਤੇ ਕਾਂਗਰਸ ਦਾ ਪੁਰਾਣਾ ਰਿਸ਼ਤਾ ਸੀ ਤੇ ਉਸ ਰਿਸ਼ਤੇ ਦੇ ਸਤਿਕਾਰ ਵਜੋਂ ਉਸ ਲਈ 70 ਸੀਟਾਂ ਛੱਡ ਦਿਤੀਆਂ ਗਈਆਂ ਸਨ ਪਰ ਕਾਂਗਰਸ ਨੇ ਅਪਣੇ ਆਪ ਨੂੰ ਉਸ ਸਤਿਕਾਰ ਦੇ ਕਾਬਲ ਸਾਬਤ ਨਹੀਂ ਕੀਤਾ। 70 ਵਿਚੋਂ ਕੇਵਲ 19 ਸੀਟਾਂ ਤੇ ਹੋਈ ਜਿੱਤ ਇਹੀ ਸੁਨੇਹਾ ਦੇਂਦੀ ਹੈ ਕਿ ਇਕ ਅਜਿਹਾ ਸਮਾਂ ਆਉਣ ਵਾਲਾ ਹੈ ਜਦ ਕਾਂਗਰਸ ਦਾ ਨਾਮ ਕਿਸੇ ਸੂਚੀ ਵਿਚ ਵੀ ਨਜ਼ਰ ਨਹੀਂ ਆਵੇਗਾ। ਜੇ ਤੁਸੀਂ ਪਿਛਲੇ 30 ਸਾਲ ਦੇ ਦੁਨੀਆਂ ਅਮੀਰਾਂ ਦੀ ਸੂਚੀ ਵੇਖੋ ਤਾਂ ਜੋ ਅੱਜ ਤੋਂ 30 ਸਾਲ ਪਹਿਲਾਂ ਜੋ ਲੋਕ ਦੁਨੀਆਂ ਦੇ ਅਮੀਰ ਤਰੀਨ ਲੋਕ ਸਨ, ਉਹ ਅੱਜ ਦੇ ਅਮੀਰ ਘਰਾਣਿਆਂ ਵਿਚ ਨਹੀਂ ਆਉਂਦੇ ਤੇ ਉਨ੍ਹਾਂ ਦੇ ਹੁੰਦਿਆਂ ਹੀ, ਨਵੇਂ ਲੋਕ ਉਨ੍ਹਾਂ ਦੀ ਥਾਂ ਲੈ ਬੈਠੇ ਹਨ।

ਜਦ ਵੈਲਟਨ ਪ੍ਰਵਾਰ ਸੱਭ ਤੋਂ ਅਮੀਰ ਸੀ ਤਾਂ ਅੰਬਾਨੀ, ਜ਼ੁਕਰਬਰਗ ਸਕੂਲ ਵਿਚ ਹੋਣਗੇ ਤੇ ਅੱਜ ਇਹ ਦੁਨੀਆਂ ਦੇ ਸੱਭ ਤੋਂ ਅਮੀਰ ਪੰਜ ਪ੍ਰਵਾਰਾਂ ਵਿਚ ਗਿਣੇ ਜਾ ਰਹੇ ਹਨ। ਇਹ ਸਾਰੇ, ਸਮੇਂ ਨਾਲ ਬਦਲਾਅ ਦੀ ਲੋੜ ਤੋਂ ਵਾਕਫ਼ ਲੋਕ ਹਨ ਤੇ ਸ਼ਾਇਦ ਇਸ ਕਰ ਕੇ ਹੀ ਅੱਜ ਤੋਂ 20 ਸਾਲ ਪਹਿਲਾਂ ਵਾਰਨ ਬੁਫ਼ੇਟ ਤੇ ਬਿਲ ਗੇਟਸ ਅਮੀਰਾਂ ਦੀ ਸੂਚੀ ਵਿਚ ਆਏ ਸਨ ਤੇ ਅੱਜ ਵੀ ਉਸ ਰੁਤਬੇ ਤੇ ਕਾਇਮ ਹਨ।

ਕਾਂਗਰਸ ਅਪਣੀ ਅਰਾਮਪ੍ਰਸਤ ਸੋਚ ਤੋਂ ਹਟਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਦੀ ਇਹ ਸੋਚਦੇ ਰਹਿਣ ਦੀ ਆਦਤ ਪੱਕ ਚੁੱਕੀ ਹੈ ਕਿ 'ਕਦੇ ਨਾ ਕਦੇ ਤਾਂ ਜਿੱਤਣ ਦੀ ਵਾਰੀ ਸਾਡੀ ਵੀ ਆਵੇਗੀ ਹੀ' ਦੇ ਸੁਪਨੇ ਲੈਂਦੇ ਰਹੋ ਪਰ ਅਪਣੇ ਆਪ ਨੂੰ ਬਿਲਕੁਲ ਨਾ ਬਦਲੋ। ਉਹ ਇਸ ਉਡੀਕ ਵਿਚ ਹੀ ਬੈਠੇ ਹਨ ਕਿ ਲੋਕ ਸੱਜੇ ਪੱਖੀ ਅਰਥਾਤ ਕੱਟੜਵਾਦੀ ਸੋਚ ਤੋਂ ਦੁਖੀ ਹੋ ਕੇ ਉਨ੍ਹਾਂ ਵਲ ਕਦੇ ਨਾ ਕਦੇ ਆ ਹੀ ਜਾਣਗੇ। ਪਰ ਜੇ ਉਹ ਸਿਆਣੇ ਹੋਣ ਤਾਂ ਸਮਝ ਜਾਣ ਕਿ ਜਿਸ ਸਮੇਂ ਦੇ ਆਉਣ ਦੀ ਉਹ ਇੰਤਜ਼ਾਰ ਕਰ ਰਹੇ ਹਨ, ਉਹ ਸਮਾਂ ਤਾਂ ਤੇਜਸਵੀ ਯਾਦਵ ਵਰਗੇ ਨੌਜਵਾਨਾਂ ਦਾ ਸਮਾਂ ਬਣ ਚੁੱਕਾ ਹੋਵੇਗਾ, ਤੇ ਉਸ ਵੇਲੇ ਦੇ 'ਤੇਜਸਵੀਆਂ' ਨੂੰ ਹਟਾਣਾ ਹੋਰ ਵੀ ਔਖਾ ਹੋ ਚੁੱਕਾ ਹੋਵੇਗਾ।

ਅਰਵਿੰਦ ਕੇਜਰੀਵਾਲ ਤੇ 'ਆਪ' ਹੁਣ ਦਿੱਲੀ ਵਿਚ ਅਪਣੇ ਪੈਰ ਜਮਾ ਚੁੱਕੇ ਹਨ। ਬਿਹਾਰ ਨੇ ਤੇਜਸਵੀ ਨੂੰ ਚੁਣ ਲਿਆ ਹੈ। ਕਾਂਗਰਸ ਦਾ 'ਗਾਂਧੀ ਬਰੀਗੇਡ' ਹੁਣ ਬੀਜੇਪੀ ਦੀ ਮਜ਼ਬੂਤੀ ਦਾ ਕਾਰਨ ਤੇ ਕਾਂਗਰਸ ਦੇ ਖ਼ਾਤਮੇ ਦਾ ਕਾਰਨ ਬਣ ਰਿਹਾ ਹੈ ਤੇ 'ਗਾਂਧੀਆਂ' ਨੂੰ ਇਹ ਗੱਲ ਸਮਝਣ ਵਿਚ ਦੇਰ ਨਹੀਂ ਲਾਉਣੀ ਚਾਹੀਦੀ। ਕਮਜ਼ੋਰ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ ਨੂੰ ਮਹਾਂਗਠਜੋੜ ਵਿਚ 70 ਸੀਟਾਂ ਤੇ ਲੜਨ ਦਾ ਹੱਕ ਦੁਬਾਰਾ ਨਹੀਂ ਮਿਲੇਗਾ।

ਕਾਂਗਰਸ ਕੋਲ ਮੱਧ ਪ੍ਰਦੇਸ਼ ਹੱਥ ਵਿਚ ਸੀ ਪਰ ਹੰਕਾਰ ਤੇ ਨੌਜਵਾਨਾਂ ਨੂੰ ਪਿਛੇ ਕਰਨ ਦੀ ਸੋਚ ਕਾਰਨ, ਮੱਧ ਪ੍ਰਦੇਸ਼ ਦੇ ਜੋਤੀਰਾਜ ਸੰਧੀਆ ਨੂੰ ਭਾਜਪਾ ਦੀ ਝੋਲੀ ਵਿਚ ਕਾਂਗਰਸ ਨੇ ਆਪ ਸੁਟਿਆ ਹੈ। ਗੁਜਰਾਤ ਵਿਚ ਸੁਨਿਧਾ ਰਾਹੀਂ 6 ਸਾਲ ਸੂਬੇ ਤੋਂ ਬਾਹਰ ਰਹਿਣ ਦੇ ਬਾਵਜੂਦ ਅੱਜ ਵੀ ਗੁਜਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹੈ। ਉਤਰ ਪ੍ਰਦੇਸ਼ ਵਿਚ ਰਾਮ ਮੰਦਰ ਦੀ ਜਿੱਤ ਸਦਕਾ ਭਾਜਪਾ ਆਦਿਤਿਆਨਾਥ ਦੇ ਹੇਠ ਹੀ ਰਹੇਗੀ। 2017 ਵਿਚ ਗੋਆ ਵਿਚ ਕਾਂਗਰਸ ਨੂੰ 17 ਸੀਟਾਂ ਮਿਲੀਆਂ ਸਨ ਪਰ ਦੋ ਸਾਲਾਂ ਵਿਚ ਸਿਰਫ਼ 5 ਰਹਿ ਗਈਆਂ ਹਨ ਤੇ 12 ਵਿਧਾਇਕ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ।

ਕਾਂਗਰਸ ਸਿਰਫ਼ ਤੇ ਸਿਰਫ਼ ਗਾਂਧੀ ਪ੍ਰਵਾਰ ਦੇ ਨਾਮ 'ਤੇ ਟੇਕ ਰੱਖ ਰਹੀ ਹੈ। ਉਸ ਨੂੰ ਜਾਪਦਾ ਹੈ ਕਿ ਇਹ ਨਾਮ ਹੀ ਉਨ੍ਹਾਂ ਨੂੰ ਮੁੜ ਦੇਸ਼ ਵਿਚ ਸਥਾਪਤ ਕਰ ਦੇਵੇਗਾ। ਪਰ ਅਸਲ ਵਿਚ ਤਾਕਤ ਲੋਕਾਂ ਦੀ ਸੀ ਤੇ ਲੋਕਾਂ ਨਾਲ ਸੂਬਾ ਪੱਧਰ ਦੇ ਲੀਡਰ ਦੀ ਸੀ। ਹਰ ਚੋਣ ਤੋਂ ਬਾਅਦ ਕਾਂਗਰਸ ਹੋਰ ਕਮਜ਼ੋਰ ਹੁੰਦੀ ਨਜ਼ਰ ਆਉਂਦੀ ਹੈ ਤੇ ਸਾਫ਼ ਗੱਲ ਇਹ ਹੈ ਕਿ ਇਹ ਪਾਰਟੀ  ਹੁਣ ਲੋਕਾਂ ਦੀ ਨਬਜ਼ ਟਟੋਲਣ ਵਿਚ ਕਾਮਯਾਬ ਨਹੀਂ ਹੋ ਰਹੀ। ਅੱਜ ਦੀ ਘੜੀ ਭਾਜਪਾ ਨੂੰ ਚੁਨੌਤੀ ਦੇਣ ਵਾਲੀ ਕੋਈ ਹੋਰ ਰਾਸ਼ਟਰੀ ਪਾਰਟੀ ਨਹੀਂ ਰਹੀ। ਜਿਵੇਂ ਕਾਂਗਰਸ ਨੇ ਅਪਣੇ ਵੇਲੇ ਖ਼ੂਬ ਮਨਮਾਨੀ ਕੀਤੀ ਸੀ, ਹੁਣ ਭਾਜਪਾ ਵੀ ਅਗਲੇ ਕਈ ਸਾਲਾਂ ਤਕ ਅਪਣੀ ਮਨਮਾਨੀ ਕਰਦੀ ਰਹਿ ਸਕਦੀ ਹੈ।       - ਨਿਮਰਤ ਕੌਰ