ਸ਼ੋਰ ਸ਼ਰਾਬੇ ਵਾਲਾ ਇਕ ਹੋਰ ਸੈਸ਼ਨ ਸਾਡੀ ਤਾਕਤ ਨਾਲੋਂ ਜ਼ਿਆਦਾ ਸਾਡੀਆਂ ਕਮਜ਼ੋਰੀਆਂ ਵਿਖਾ ਗਿਆ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸਾਰੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਤੇ ਰਵਈਆ ਵੇਖ ਕੇ ਆਉਣ ਵਾਲੀਆਂ ਚੋਣਾਂ ਵਿਚ ਉਲਝਣ ਵਾਲੀ ਗੰਦੀ ਰਾਜਨੀਤੀ ਦਾ ਉਭਾਰ ਫਿਰ ਤੋਂ ਹਕੀਕਤ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ..

Vidhan Sabha Session

 

ਸਾਰੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਤੇ ਰਵਈਆ ਵੇਖ ਕੇ ਆਉਣ ਵਾਲੀਆਂ ਚੋਣਾਂ ਵਿਚ ਉਲਝਣ ਵਾਲੀ ਗੰਦੀ ਰਾਜਨੀਤੀ ਦਾ ਉਭਾਰ ਫਿਰ ਤੋਂ ਹਕੀਕਤ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਗੰਦੀ ਸੋਚ ਕਦੇ ਸਫਾਈ ਨਹੀਂ ਲਿਆ ਸਕਦੀ। ਪੰਜਾਬ ਵਿਧਾਨ ਸਭਾ ਦਾ ਖ਼ਾਸ ਸੈਸ਼ਨ ਕਿਤੇ ਨਾ ਕਿਤੇ ਉਸ ਸੈਸ਼ਨ ਦੀ ਯਾਦ ਕਰਵਾ ਰਿਹਾ ਸੀ ਜਿਹੜਾ ਅੱਜ ਤੋਂ ਤਕਰੀਬਨ ਸਵਾ ਤਿੰਨ ਸਾਲ ਪਹਿਲਾਂ ਬਰਗਾੜੀ ਮੁੱਦੇ ਤੇ ਬੁਲਾਇਆ ਗਿਆ ਸੀ।

ਉਸ ਦਿਨ ਲੱਗਾ ਸੀ ਕਿ ਕਾਂਗਰਸੀਆਂ ਦੇ ਦਿਲਾਂ ਵਿਚੋਂ ਪੰਥਕ ਅਵਾਜ਼ਾਂ ਨਿਕਲ ਰਹੀਆਂ ਸਨ ਤੇ ਹੁਣ ਪੰਜਾਬ ਵਿਚ ਹਾਲਾਤ ਸੁਧਰਨ ਵਾਲੇ ਸਨ ਪਰ ਸਵਾ ਤਿੰਨ ਸਾਲ ਮਗਰੋਂ ਇਕ ਵਾਰ ਫਿਰ ਉਸੇ ਤਰ੍ਹਾਂ ਜਾਂ ਉਸ ਤੋਂ ਵੱਧ ਜੋਸ਼ ਦਿਸਿਆ ਪਰ ਕੀ ਇਸ ਵਾਰ ਕੋਈ ਉਮੀਦ ਵੀ ਜਾਗੀ? ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਤਾਂ ਸੀ ਕਿ ਰਾਤਾਂ ਨੂੰ ਬਰਗਾੜੀ ਦੇ ਮੁੱਦੇ ’ਤੇ ਨੀਂਦ ਨਹੀਂ ਆਉਂਦੀ ਪਰ ਫਿਰ ਸਾਢੇ ਚਾਰ ਸਾਲ ਭਾਵੇਂ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਸਰਕਾਰ ਚੱਲ ਰਹੀ ਸੀ ਪਰ ਕਿਸੇ ਦੀ ਨੀਂਦ ਉਡਦੀ ਨਹੀਂ ਵੇਖੀ ਤੇ ਸੱਭ ਸੁੱਖ ਚੈਨ ਨਾਲ ਸੁੱਤੇ ਰਹੇ-ਉਦੋਂ ਤਕ ਜਦ ਤਕ ਚੋਣਾਂ ਦਾ ਘੁੱਗੂ ਸੁਣਾਈ ਨਾ ਦਿਤਾ। 

ਅਪਣੇ ਵਲੋਂ ਤਾਂ ਮੁੱਖ ਮੰਤਰੀ ਨੇ ਆਖ ਦਿਤਾ ਕਿ ਉਨ੍ਹਾਂ ਦੀ ਸਾਢੇ ਚਾਰ ਸਾਲ ਦੀ ਸਰਕਾਰ ਅਕਾਲੀਆਂ ਨਾਲ ਮਿਲੀ ਹੋਈ ਸੀ ਜਿਸ ਨੇ ਸਾਰੇ ਸਰਕਾਰੀ ਕੇਸਾਂ ਨੂੰ ਕਮਜ਼ੋਰ ਕਰ ਦਿਤਾ ਪਰ ਕੀ ਕਿਸੇ ’ਤੇ ਵੀ ਵਿਸ਼ਵਾਸ ਕੀਤਾ ਜਾ ਸਕਦਾ ਹੈ? ਜਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਉਸ ਤੋਂ ਜੋਸ਼ ਨਹੀਂ ਬਲਕਿ ਚੋਣਾਂ ਦੀ ਘਬਰਾਹਟ ਜ਼ਰੂਰ ਨਜ਼ਰ ਆ ਰਹੀ ਸੀ। ਵਿਧਾਨ ਸਭਾ ਵਿਚ ਉਹੀ ਇਲਜ਼ਾਮਬਾਜ਼ੀ, ਗਾਲੀ ਗਲੋਚ, ਇਕ ਦੂਜੇ ਨੂੰ ਅੱਖਾਂ ਦਿਖਾਉਣ ਦੀ ਲੋਕ-ਨਾਟਸ਼ਾਲਾ ਪ੍ਰੋਸੀ ਗਈ ਪਰ ਅੰਤ ਵਿਚ ਸਿੱਟਾ ਕੀ ਨਿਕਲਿਆ? ਬੀ.ਐਸ.ਐਫ਼ ਦੇ ਦਾਇਰੇ ਵਿਰੁਧ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਹੁਣ ਫਿਰ ਗਵਰਨਰ ਦੇ ਬੂਹੇ ਅੱਗੇ ਜਾ ਰਖਿਆ ਜਾਵੇਗਾ।

ਰਾਜਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਰੌਂਦਣ ਦਾ ਦਸ ਕੇ ਸੂਬਾ ਸਰਕਾਰ ਸੁਪਰੀਮ ਕੋਰਟ ਵਿਚ ਜਾ ਕੇ ਰਸਤਾ ਕੱਢ ਸਕਦੀ ਹੈ ਪਰ ਸਹੀ ਰਸਤਾ ਕਢਣ ਦੀ ਗੱਲ ਤਾਂ ਕੀਤੀ ਹੀ ਨਹੀਂ ਗਈ। ਕਾਂਗਰਸੀ ਐਮ.ਪੀ. ਮਨੀਸ਼ ਤਿਵਾੜੀ ਨੇ ਸਾਫ਼ ਤੌਰ ’ਤੇ ਅਪਣੀ ਪਾਰਟੀ ਨੂੰ ਦਸਿਆ ਸੀ ਕਿ ਉਹ ਕਿਹੜੀ ਧਾਰਾ ਹੇਠ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾ ਕੇ ਬੀ.ਐਸ.ਐਫ਼ ਦੇ ਫ਼ੈਸਲੇ ਨੂੰ ਚੁਨੌਤੀ ਦੇ ਸਕਦੇ ਹਨ। ਜਿਸ ਪਾਰਟੀ ਵਿਚ ਕਪਿਲ ਸਿਬਲ, ਮਨੀਸ਼ ਤਿਵਾੜੀ ਵਰਗੇ  ਵੱਡੇ ਵਕੀਲ ਹੋਣ ਉਸ ਨੂੰ ਤਾਂ ਮਾਹਰਾਂ ਦੀ ਘਾਟ ਹੀ ਨਹੀਂ ਹੋਣੀ ਚਾਹੀਦੀ, ਪਰ ਜੋ ਨੇਤਾ ਅਪਣਿਆਂ ਦੀ ਨਹੀਂ ਸੁਣ ਸਕੇ ਉਹ ਪਰਾਇਆਂ ਦੀ ਕੀ ਸੁਣਨਗੇ? 

ਵਿਧਾਨ ਸਭਾ ਦਾ ਸੈਸ਼ਨ ਸਰਕਾਰੀ ਸੈਸ਼ਨ ਦੀ ਬਜਾਏ ਇਕ ਨਿਜੀ ਸੈਸ਼ਨ ਜਾਪਦਾ ਸੀ ਜਿਥੇ ਸਰਕਾਰ ਵਲੋਂ ਸਾਰੀਆਂ ਖ਼ਰਾਬੀਆਂ ਦਾ ਜ਼ਿੰਮੇਵਾਰ ਬਿਕਰਮ ਮਜੀਠੀਆ ਨੂੰ ਬਣਾਇਆ ਜਾ ਰਿਹਾ ਸੀ। ਬਿਕਰਮ ਮਜੀਠੀਆ ਉਤੇ ਸ਼ਬਦੀ ਗੋਲੀਬਾਰੀ ਕਰੀ ਜਾਣ ਨਾਲੋਂ ਤੋਂ ਬਿਹਤਰ ਹੁੰਦਾ ਜੇ ਉਸ ਵਿਰੁਧ ਕੁੱਝ ਠੋਸ ਸਬੂਤ ਪੇਸ਼ ਕਰਦੇ (ਚਾਚੇ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਇਹ ਕਰਨਾ ਹੀ ਨਹੀਂ ਸੀ) ਜੋ ਇਨ੍ਹਾਂ ਇਲਜ਼ਾਮਾਂ ਨੂੰ ਸਹੀ ਸਿੱਧ ਕਰ ਸਕਦੇ। ਇਲਜ਼ਾਮ ਲਗਾਉਂਦੇ-ਲਗਾਉਂਦੇ 6 ਸਾਲ ਹੋ ਗਏ ਹਨ ਤੇ ਹੁਣ ਸਿਰਫ਼ ਸਬੂਤਾਂ ਨਾਲ ਹੀ ਗੱਲ ਕਰਨੀ ਚਾਹੀਦੀ ਹੈ।

ਜਦ ਰਾਜਾ ਵੜਿੰਗ ਦੀ ਸਿਫ਼ਤ ਕੀਤੀ ਜਾ ਰਹੀ ਸੀ ਤਾਂ ਇਹ ਵੀ ਦਸਣਾ ਚਾਹੀਦਾ ਸੀ ਕਿ ਅੱਜ ਵੀ ਕੈਬਨਿਟ ਵਿਚ ਅਜਿਹੇ ਮੰਤਰੀ ਬੈਠੇ ਹਨ ਜਿਨ੍ਹਾਂ ਦੇ ਹੇਠ ਵੀ ਬੱਸ ਸਟੈਂਡਾਂ ਤੇ ਗ਼ੈਰ ਕਾਨੂੰਨੀ ਕਬਜ਼ੇ ਚਲਦੇ ਆ ਰਹੇ ਸਨ।ਵਿਧਾਨ ਸਭਾ ਦੀ ਕਾਰਗੁਜ਼ਾਰੀ ਨੂੰ ਵੇਖ ਕੇ ਅੰਦਾਜ਼ਾ ਹੋ ਗਿਆ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਫਿਰ ਪੰਜਾਬ ਦੀ ਜਨਤਾ ਦੇ ਅਰਮਾਨਾਂ ਨਾਲ ਖੇਡਿਆ ਜਾਵੇਗਾ। ਫਿਰ ਇਕ ਪੰਜਾਬ ਮਾਡਲ ਵਿਖਾਇਆ ਜਾਵੇਗਾ ਪਰ ਜਾਪਦਾ ਨਹੀਂ ਕਿ ‘‘ਲਾਲੀਪਾਪ’’ ਦੇਣ ਦੇ ਇਲਾਵਾ ਕੋਈ ਠੋਸ ਕੰਮ ਵੀ ਹੋਵੇਗਾ।

ਅਕਾਲੀ ਦਲ ’ਤੇ ਇਲਜ਼ਾਮ ਤਾਂ ਬਹੁਤ ਲੱਗੇ ਹੋਏ ਹਨ ਪਰ ਸਭ ਤੋਂ ਭਾਰਾ ਇਹ ਹੈ ਕਿ ਉਨ੍ਹਾਂ ਅਪਣੀ ਪੰਥਕ ਸੋਚ ਦੇ ਖ਼ਿਲਾਫ਼ ਜਾ ਕੇ ਪੰਜਾਬ ਦੀਆਂ ਨੀਹਾਂ ਨੂੰ ਕਮਜ਼ੋਰ ਕੀਤਾ ਹੈ। ਜਿਥੇ ਬਰਾਬਰੀ ਤੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਸਿਆਸਤ ਵਿਚ ਅਕਾਲੀ ਦਲ ਨੇ ਸਿੱਖੀ ਦਾ ਝੰਡਾ ਦੇਸ਼ ਵਿਚ ਉੱਚਾ ਕੀਤਾ ਸੀ, 25 ਸਾਲ ਦੇ ਰਾਜ ਦੀ ਲਾਲਸਾ ਵਿਚ ਫੱਸ ਕੇ ਉਨ੍ਹਾਂ ਨੇ ਅਪਣੇ ਸਿਰ ’ਤੇ ਜਾਤ ਪਾਤ, ਭ੍ਰਿਸ਼ਟਾਚਾਰ ਤੇ ਮਾਫ਼ੀਆ ਦੇ ਪੱਕੇ ਦਾਗ਼ ਲਗਵਾ ਲਏ। ਪੰਜਾਬ ਦੀ ਦੂਜੀ ਵੱਡੀ ਪਾਰਟੀ, ਵਿਰੋਧੀ ਧਿਰ ਦੀ ‘ਆਪ’ ਵਿਚ ਘਬਰਾਹਟ ਵੀ ਜਗ ਜ਼ਾਹਰ ਹੈ।

ਲੋਕ ਵਿਸ਼ਵਾਸ ਕਰਨ ਵਾਸਤੇ ਤਿਆਰ ਹਨ ਪਰ ਜੇ ਆਗੂ ਅੱਗੋਂ ਇਹ ਆਖਣ ਲੱਗੇ ਕਿ ਉਹ ਪੰਜਾਬੀਆਂ ਵਿਰੁਧ ਹਨ ਤਾਂ ਫਿਰ  ਪਿਛਲੀ ਵਾਰੀ ਵਾਲਾ ਹਾਲ ਹੀ ਹੋਣ ਵਾਲਾ ਹੈ। ਆਪ ਨੂੰ ਇਕ ਸਰਵੇਖਣ ਅੱਜ ਦੇ ਦਿਨ 60 ਸੀਟਾਂ ਦੇ ਰਿਹਾ ਹੈ ਪਰ ਜੇ ਪੰਜਾਬੀਆਂ ਦੇ ਹੱਥ ਵਿਚ ਸੱਤਾ ਦੀ ਡੋਰ ਨਾ ਫੜਾਈ ਤਾਂ ਯਾਦ ਰਖਿਉ ਕਿ ਨਾ ਸੁੱਚਾ ਸਿੰਘ ਛੋਟੇਪੁਰ ਤੇ ਇਲਜ਼ਾਮ ਬਰਦਾਸ਼ਤ ਹੋਏ ਸਨ ਤੇ ਨਾ ਹੀ ਭਗਵੰਤ ਮਾਨ ਦਾ ਪਿੰਡ ਥਕੇਵਾਲਾ ਬਰਦਾਸ਼ਤ ਕਰੇਗਾ।ਸਾਰੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਤੇ ਰਵਈਆ ਵੇਖ ਕੇ ਆਉਣ ਵਾਲੀਆਂ ਚੋਣਾਂ ਵਿਚ ਉਲਝਣ ਵਾਲੀ ਗੰਦੀ ਰਾਜਨੀਤੀ ਦਾ ਉਭਾਰ ਫਿਰ ਤੋਂ ਹਕੀਕਤ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਗੰਦੀ ਸੋਚ ਕਦੇ ਸਫਾਈ ਨਹੀਂ ਲਿਆ ਸਕਦੀ।
-ਨਿਮਰਤ ਕੌਰ