ਬਾਦਲ ਸਾਹਬ ਦੇ ਕਰੀਬੀ ਅਕਾਲੀਆਂ ਨੇ ਸ਼ਾਹੀ ਠਾਠ ਬਾਠ ਤੇ ਅੰਨ੍ਹੀ ਅਮੀਰੀ ਦਾ ਵਿਖਾਵਾ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

2007 ਵਿਚ ਮੁੱਖ ਮੰਤਰੀ ਬਣਨ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੋਲਿਆਂਵਾਲੀ ਨੂੰ ਚੇਅਰਮੈਨੀਆਂ ਦਾ ਤੇ ਹੋਰ ਕਈ ਬਖ਼ਸ਼ਿਸ਼ਾਂ ਦਾ ਭੰਡਾਰਾ ਦੇ ਦਿਤਾ.......

Parkash Singh Badal

2007 ਵਿਚ ਮੁੱਖ ਮੰਤਰੀ ਬਣਨ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੋਲਿਆਂਵਾਲੀ ਨੂੰ ਚੇਅਰਮੈਨੀਆਂ ਦਾ ਤੇ ਹੋਰ ਕਈ ਬਖ਼ਸ਼ਿਸ਼ਾਂ ਦਾ ਭੰਡਾਰਾ ਦੇ ਦਿਤਾ। ਚੇਅਰਮੈਨ ਬੇਸ਼ਕ ਮੰਡੀਕਰਨ ਬੋਰਡ ਦਾ ਹੋਵੇ ਜਾਂ ਕਿਸੇ ਹੋਰ ਬੋਰਡ ਦਾ, ਉਹ ਕਿਸੇ ਕੈਬਨਿਟ ਮੰਤਰੀ ਤੋਂ ਘੱਟ ਨਹੀਂ ਹੁੰਦਾ। ਫਿਰ ਕੋਲਿਆਂਵਾਲੀ ਸਾਹਬ ਤਾਂ ਦੋ ਕੈਬਨਿਟ ਮੰਤਰੀਆਂ ਦੇ ਬਰਾਬਰ ਸਨ। ਪਹਿਲਾ ਅਹੁਦਾ ਅਤਿਅੰਤ ਲਾਭ ਵਾਲਾ, ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਤੇ ਦੂਜਾ ਪੂਰਨ ਲਾਭ ਵਾਲਾ ਅਰਥਾਤ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਰਹੇ।

ਕੋਲਿਆਂਵਾਲੀ ਨੇ ਘੱਟੋ ਘੱਟ ਪੰਜ ਏਕੜ ਵਿਚ ਇਕ ਮਹਿਲ, ਸਵਿਮਿੰਗ ਪੂਲ, ਹੈਲੀਪੈਡ ਸਣੇ ਹੋਰ ਬਾਗ਼ ਬਗੀਚੇ ਤੇ ਪਤਾ ਨਹੀਂ ਕੀ-ਕੀ ਬਣਾਇਆ। ਇਸ ਬਾਰੇ ਤਾਂ ਵਿਜੀਲੈਂਸ ਵਾਲੇ ਹੀ ਬਿਹਤਰ ਜਾਣਕਾਰੀ ਦੇ ਸਕਦੇ ਹਨ। ਬਾਦਲ ਪ੍ਰਵਾਰ ਦਾ ਜੱਦੀ ਘਰ ਪਿੰਡ ਬਾਦਲ ਵਿਖੇ ਹੈ। ਹੈਲੀਪੈਡ ਤਾਂ ਉਨ੍ਹਾਂ ਦਾ ਵੀ ਪਿੰਡੋਂ ਬਾਹਰ ਹੈ। ਹੈਲੀਕਾਪਟਰ ਉਤਾਰਨ ਲਈ ਪੰਜ, ਛੇ ਕਿਲੋਮੀਟਰ ਦੀ ਦੂਰੀ ਤੇ ਬਣਾਇਆ ਗਿਆ ਸੀ। ਉਹ ਵੀ ਆਰਜ਼ੀ ਤੌਰ 'ਤੇ ਕੋਲਿਆਂਵਾਲੀ ਸਾਹਬ ਨੇ ਤਾਂ ਬਾਦਲ ਸਾਹਬ ਲਈ ਸਥਾਈ ਹੀ ਅਪਣੇ ਮਹਿਲ ਦੇ ਲਾਗੇ ਹੀ ਬਣਾ ਲਿਆ ਤਾਕਿ ਬਾਦਲ ਪ੍ਰਵਾਰ ਨੂੰ ਕੋਈ ਤਕਲੀਫ਼ ਨਾ ਹੋਵੇ।

ਅਥਾਹ ਜਾਇਦਾਦਾਂ ਨਾਮੀ ਤੇ ਬੇਨਾਮੀ ਬਣਾਉਣੀਆਂ। 21ਵੀਂ ਸਦੀ ਵਿਚ ਸ਼ਾਇਦ ਅਜੋਕੇ ਅਕਾਲੀਆਂ (ਸਾਰੇ ਨਹੀਂ) ਦੇ ਹਿੱਸੇ ਹੀ ਆਈਆਂ ਹਨ ਤੇ ਸੱਤਾ ਦੇ ਘੁਮੰਡ ਵਿਚ ਸਿੱਧੇ ਤੇ ਨਾਲ ਹੀ ਅਸਿੱਧੇ ਤੌਰ ਤੇ ਆਮ ਲੋਕਾਂ ਦੀਆਂ ਜ਼ਮੀਨਾਂ ਹਥਿਆਉਣੀਆਂ ਵੀ। ਬਾਦਲ ਸਾਹਬ ਅਕਾਲ ਤਖ਼ਤ ਵਿਖੇ ਤਿੰਨ ਦਿਨ, ਹੋਈਆਂ ਭੁੱਲਾਂ ਬਖ਼ਸ਼ਾਉਣ ਤੋਂ ਬਾਅਦ ਦੋ ਕੁ ਦਿਨ ਆਰਾਮ ਫ਼ਰਮਾ ਕੇ ਸਿੱਧੇ ਪਹਿਲਾਂ ਕੋਲਿਆਂਵਾਲੀ ਦੇ ਬੰਗਲੇ ਵਿਖੇ ਗਏ।

ਅਖ਼ਬਾਰੀ ਖ਼ਬਰਾਂ ਅਨੁਸਾਰ ਬਾਦਲ ਸਾਹਬ ਨੇ ਉਨ੍ਹਾਂ ਦੇ ਘਰ ਦੇ ਗੇਟ ਨੂੰ ਵਿਜੀਲੈਂਸ ਦੇ ਅਧਿਕਾਰੀਆਂ ਵਲੋਂ ਲਗਾਇਆ ਜਿੰਦਰਾ ਤੋੜ ਦਿਤਾ, ਨਾਲ ਹੀ ਪੱਤਰਕਾਰਾਂ ਦੇ ਸਾਹਮਣੇ ਬਿਆਨ ਦੇ ਦਿਤਾ ਕਿ ਅਕਾਲੀ ਦਲ ਜੇਲਾਂ ਤੋਂ ਨਹੀਂ ਡਰਦਾ। ਖ਼ੈਰ ਉਸ ਤੋਂ ਤੀਜੇ ਦਿਨ ਹੀ ਕੋਲਿਆਂਵਾਲੀ ਨੇ ਅਦਾਲਤ ਵਿਚ ਜਾ ਕੇ ਜੱਜ ਸਾਹਬ ਅੱਗੇ ਆਤਮ ਸਮਰਪਣ ਕਰ ਦਿਤਾ। ਅੱਗੇ ਕੀ ਹੋਇਆ, ਪਾਠਕ ਭਲੀਭਾਂਤ ਜਾਣਦੇ ਹਨ। 

- ਬਲਦੇਵ ਸਿੰਘ,
 ਸੰਪਰਕ : 98881-17053