ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਹੁਣ ਪਾਕਿਸਤਾਨ ਕਮੇਟੀ ਦੀ ਵੈੱਬਸਾਈਟ ਤੋਂ ਲਿਆ ਜਾਏ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਜਿਥੇ ਹਰ ਭਾਸ਼ਾ ਦੇ ਅਨੇਕਾਂ ਚੈਨਲ ਅੱਗੇ ਆ ਰਹੇ ਹਨ, ਕਈ ਤਰ੍ਹਾਂ ਦੇ ਲੜੀਵਾਰ ਨਾਟਕਾਂ ਦਾ ਦੌਰ ਵੀ ਚਲ ਰਿਹਾ ਹੈ।

Photo

ਅੱਜ ਜਿਥੇ ਹਰ ਭਾਸ਼ਾ ਦੇ ਅਨੇਕਾਂ ਚੈਨਲ ਅੱਗੇ ਆ ਰਹੇ ਹਨ, ਕਈ ਤਰ੍ਹਾਂ ਦੇ ਲੜੀਵਾਰ ਨਾਟਕਾਂ ਦਾ ਦੌਰ ਵੀ ਚਲ ਰਿਹਾ ਹੈ। ਸਿਰਫ਼ ਪੰਜਾਬੀ ਚੈਨਲਾਂ ਦੀ ਗਿਣਤੀ ਵਿਚ ਹੀ ਜ਼ਿਆਦਾ ਵਾਧਾ ਨਹੀਂ ਹੋ ਰਿਹਾ। ਇਸ ਪਿੱਛੇ ਕਾਰਨ ਇਹ ਹੈ ਕਿ ਸੱਤਾਧਾਰੀ ਅਕਾਲੀ ਦਲ ਨੇ ਅਪਣਾ ਹੀ ਚੈਨਲ ਚਲਾ ਕੇ ਕਿਸੇ ਹੋਰ ਚੈਨਲ ਨੂੰ ਖੜੇ ਹੋਣ ਹੀ ਨਹੀਂ ਦਿਤਾ।

ਫਿਰ ਕਿਉਂਕਿ ਸ਼੍ਰੋਮਣੀ ਕਮੇਟੀ ਵੀ ਇਕ ਸਿਆਸੀ ਪਾਰਟੀ, ਅਕਾਲੀ ਦਲ ਦੀ ਹੱਥ-ਬੰਨ੍ਹ ਗ਼ੁਲਾਮ ਬਣੀ ਹੋਈ ਹੈ, ਇਸ ਲਈ ਗੁਰਬਾਣੀ ਦੇ ਪ੍ਰਸਾਰਣ ਤੇ ਵੀ ਬਾਦਲਾਂ ਦੀ ਮਾਲਕੀ ਵਾਲੇ ਇਕ ਚੈਨਲ ਦਾ ਹੀ ਮੁਕੰਮਲ ਹੱਕ ਕਾਇਮ ਕਰ ਦਿਤਾ ਗਿਆ ਹੈ। ਹੁਣ ਕਿਉਂਕਿ ਦੁਨੀਆਂ ਦੇ ਹਰ ਕੋਨੇ ਵਿਚ ਬੈਠਾ ਪੰਜਾਬੀ, ਦਰਬਾਰ ਸਾਹਿਬ ਨਾਲ ਜੁੜਿਆ ਹੋਇਆ ਹੈ, ਹਰ ਕੋਈ ਇਸ ਇਸ ਚੈਨਲ ਉਤੇ ਹੀ ਨਿਰਭਰ ਹੋ ਗਿਆ ਹੈ।

ਪੰਜਾਬ ਦਾ ਇਕੋ ਹੀ ਚੈਨਲ ਰਹਿ ਗਿਆ ਹੈ ਜਿਸ ਨੇ ਗੁਰਬਾਣੀ ਪ੍ਰਸਾਰਣ ਤੋਂ ਅਰਬਾਂ ਰੁਪਏ ਦਾ ਮੁਨਾਫ਼ਾ ਵੀ ਖਟਿਆ ਅਤੇ ਨਾਲ ਹੀ ਸਿੱਖ ਸਿਆਸਤ ਵੀ ਆਪਣੀ ਮੁੱਠੀ ਵਿਚ ਬੰਦ ਗੁੜ ਦੀ ਭੇਲੀ ਬਣਾ ਦਿਤੀ ਗਈ, ਕਿਉਂਕਿ ਜਿਸ ਦਾ ਚੈਨਲ ਉਤੇ ਕਬਜ਼ਾ ਹੋਵੇਗਾ, ਪ੍ਰਚਾਰ ਵੀ ਉਸੇ ਦਾ ਹੀ ਤਾਂ ਹੋਵੇਗਾ।

ਡਿਜੀਟਲ ਮੀਡੀਆ ਉਤੇ ਪੰਜਾਬੀ ਚੈਨਲਾਂ ਲਈ ਵਧਣ ਦਾ ਰਸਤਾ ਖੁਲ੍ਹਿਆ ਅਤੇ ਅੱਜ  ਡਿਜੀਟਲ (ਸੋਸ਼ਲ) ਮੀਡੀਆ ਵੀ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ ਕਿਉਂਕਿ ਇੱਥੇ ਹਰ ਇਕ ਨੂੰ ਮੌਕਾ ਤਾਂ ਮਿਲ ਜਾਂਦਾ ਹੈ ਕਿ ਉਹ ਪੰਜਾਬੀ ਵਿਚ ਅਪਣੇ ਦਿਲ ਦੀ ਹਵਾੜ ਕੱਢ ਲਵੇ। ਸਪੋਕਸਮੈਨ ਟੀ.ਵੀ. ਵੀ, ਡਿਜੀਟਲ ਪਲੇਟਫ਼ਾਰਮ ਬਣ ਕੇ ਪੰਜਾਬੀਆਂ ਦੇ ਨਾਲ ਨਾਲ, ਦੇਸ਼-ਵਿਦੇਸ਼ ਦੇ ਲੋਕਾਂ ਨਾਲ ਵੀ ਜੁੜਦਾ ਜਾ ਰਿਹਾ ਹੈ ਅਤੇ ਸਾਰੇ ਪੰਜਾਬੀਆਂ ਦਾ ਦਿਲ ਕਰਦਾ ਹੈ ਕਿ ਅਪਣਾ ਪਹਿਲਾ ਕੰਮ ਗੁਰੂ ਦੀ ਬਾਣੀ ਸੁਣ ਕੇ ਸ਼ੁਰੂ ਕਰਨ ਅਤੇ ਸਾਡੇ ਦਰਸ਼ਕ ਵੀ ਇਸ ਦੇ ਆਦੀ ਹੋ ਗਏ ਹਨ।

ਸੋ ਸਪੋਕਸਮੈਨ ਟੀ.ਵੀ. ਨੇ ਹਰ ਸਵੇਰ ਐਸ.ਜੀ.ਪੀ.ਸੀ. ਦੀ ਵੈੱਬਸਾਈਟ ਤੋਂ ਹੁਕਮਨਾਮਾ ਅਤੇ ਉਸ ਦਾ ਉਚਾਰਣ ਲੈ ਕੇ ਅਪਣੇ ਦਿਨ ਦੀ ਸ਼ੁਰੂਆਤ ਕੀਤੀ। ਭਾਵੇਂ ਸਾਡਾ ਡਿਜੀਟਲ ਚੈਨਲ ਖ਼ੁਦ ਫ਼ੇਸਬੁਕ ਰਾਹੀਂ ਕਮਾਈ ਕਰਦਾ ਹੈ, ਅਸੀਂ ਹੁਕਮਨਾਮੇ ਤੋਂ ਕਮਾਈ ਕਰਨ ਬਾਰੇ ਕਦੇ ਨਹੀਂ ਸੀ ਸੋਚਿਆ ਅਤੇ ਇਹ ਸਿਰਫ਼ ਇਕ ਜਜ਼ਬਾਤੀ ਧਾਰਮਕ ਫ਼ੈਸਲਾ ਸੀ।

ਪਰ ਤਿੰਨ ਦਿਨ ਪਹਿਲਾਂ ਸਾਨੂੰ ਹੈਰਾਨੀ ਹੋਈ ਜਦੋਂ ਫ਼ੇਸਬੁਕ ਰਾਹੀਂ ਪੀ.ਟੀ.ਸੀ. ਤੋਂ ਇਕ ਨੋਟਿਸ ਆਇਆ ਜਿਸ ਵਿਚ ਲਿਖਿਆ ਸੀ ਕਿ ਦਰਬਾਰ ਸਾਹਿਬ ਤੋਂ ਉਚਾਰੀ ਗਈ ਗੁਰਬਾਣੀ ਦਾ ਪ੍ਰਸਾਰਣ ਕਰ ਕੇ ਸਪੋਕਸਮੈਨ ਨੇ ਸਮੱਗਰੀ ਚੋਰੀ ਕੀਤੀ ਹੈ ਕਿਉਂਕਿ ਦਰਬਾਰ ਸਾਹਿਬ ਤੋਂ ਸਾਰੇ ਗੁਰਬਾਣੀ ਪ੍ਰਸਾਰਣ ਦਾ ਹੱਕ ਸਿਰਫ਼ ਅਤੇ ਸਿਰਫ਼ ਪੀ.ਟੀ.ਸੀ. ਕੋਲ ਹੈ।

ਪਹਿਲਾਂ ਤਾਂ ਸੋਚਿਆ, ਕੋਈ ਨਾ ਲੈ ਲੈਣ ਦਿਉ ਇਨ੍ਹਾਂ ਨੂੰ ਇਹ ਹੱਕ ਵੀ ਪਰ ਫਿਰ ਕੁੱਝ ਹੋਰ ਡਿਜੀਟਲ ਮੀਡੀਆ ਚੈਨਲਾਂ ਨਾਲ ਗੱਲ ਹੋਈ ਤਾਂ ਪਤਾ ਲਗਿਆ ਕਿ ਸਾਰਿਆਂ ਨੂੰ ਹੀ ਇਹ ਨੋਟਿਸ ਆਇਆ ਹੈ। ਫਿਰ ਥੋੜ੍ਹੀ ਨਿਰਾਸ਼ਾ, ਥੋੜ੍ਹਾ ਗੁੱਸਾ, ਥੋੜ੍ਹਾ ਜੋਸ਼ ਆਇਆ ਕਿ ਆਖ਼ਰ ਕੀ ਕੀ ਦੇਣਾ ਪਵੇਗਾ ਇਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੀ ਭੁਖ ਦੀ ਕੋਈ ਸੀਮਾ ਹੀ ਨਹੀਂ ਰਹਿ ਗਈ?

ਪੰਜਾਬ ਦੇ ਸਾਰੇ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਕਮਾਈ ਦੇ ਸਾਧਨਾਂ ਉਤੇ ਕਾਬਜ਼ ਹਨ, ਧਰਮ ਦੇ ਠੇਕੇਦਾਰ ਜੋ ਸਾਨੂੰ ਦਸਦੇ ਹਨ ਕਿ ਅਸੀਂ ਪਤਿਤ ਹਾਂ ਅਤੇ ਉਹ ਜੋ ਗੋਲਕ ਦੀ ਚੋਰੀ ਕਰਦੇ ਹਨ, ਬੇਟੀਆਂ ਦਾ ਕਤਲ ਕਰਦੇ ਹਨ, ਘਰਵਾਲੀਆਂ ਨਾਲ ਧੋਖੇ ਕਰਦੇ ਹਨ, ਗਾਤਰੇ ਉਤਾਰ ਮਾਰਦੇ ਹਨ, ਬਾਬਿਆਂ ਅੱਗੇ ਹੱਥ ਜੋੜ ਜੋੜ ਖੜੇ ਹੋ ਜਾਂਦੇ ਹਨ, ਉਹ ਸਾਰੇ ਗੁਰੂ ਦੇ ਸਿੱਖ ਹਨ।

ਕਾਰਸੇਵਾ ਦੇ ਨਾਂ ਤੇ ਬਾਬਿਆਂ ਕੋਲੋਂ ਬੋਲੀਆਂ ਲਾ ਕੇ ਕਰੋੜਾਂ ਇਕੱਤਰ ਕਰਦੇ ਹਨ। ਅਸੀਂ ਕਿਹਾ ਕੋਈ ਗੱਲ ਨਹੀਂ, ਗੁਰੂ ਤਾਂ ਦਿਲ ਵਿਚ ਹੈ। ਫਿਰ ਇਨ੍ਹਾਂ ਗੁਰੂ ਦੇ ਫ਼ਲਸਫ਼ੇ ਨੂੰ, ਵੋਟ ਸਿਆਸਤ ਪਿੱਛੇ ਛੱਡ ਦਿਤਾ। ਚਲੋ, ਕੋਈ ਗੱਲ ਨਹੀਂ, ਸਿਆਸਤ ਚੀਜ਼ ਹੀ ਐਸੀ ਹੈ। ਸਮਾਜ ਵਿਚ ਦਰਾੜਾਂ ਪਾ ਕੇ ਜਿੱਤ ਹਾਸਲ ਕਰਨ ਲਈ ਜਾਤ ਦੇ ਨਾਂ ਤੇ ਗੁਰੂਘਰ ਅਤੇ ਸ਼ਮਸਾਨ ਘਾਟ ਬਣਵਾਏ।

ਅਸੀਂ ਦੰਗ ਸੀ ਪਰ ਫਿਰ ਚੁਪ ਹੀ ਰਹੇ ਕਿਉਂਕਿ ਇਹ ਜਨਤਾ ਦੀ ਮੰਗ ਸੀ, ਭਾਵੇਂ ਗ਼ਲਤ ਹੀ ਸੀ। ਪਰ ਅੱਜ ਤਾਂ ਉਨ੍ਹਾਂ ਨੇ ਇਹ ਫ਼ਤਵਾ ਦੇ ਦਿਤਾ ਹੈ ਕਿ ਉਨ੍ਹਾਂ ਨੇ ਗੁਰਬਾਣੀ ਦੇ ਪ੍ਰਚਾਰ ਨੂੰ ਪੀ.ਟੀ.ਸੀ. ਅਤੇ ਆਰ.ਐਨ. ਨਾਂ ਦੇ ਉਸ ਦੇ ਸੀ.ਈ.ਓ. ਦੇ ਹਵਾਲੇ ਕਰ ਦਿਤਾ ਹੈ। ਸਾਡਾ ਮਤਲਬ ਸਾਡੇ ਗੁਰੂ ਦੀ ਬਾਣੀ ਉਤੇ ਇਜਾਰੇਦਾਰੀ ਕਾਇਮ ਕਰਨਾ ਨਹੀਂ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਸਾਡੇ ਗੁਰੂ ਦੇ ਸ਼ਬਦ ਉਤੇ ਇਜਾਰੇਦਾਰੀ ਕਾਇਮ ਕਰਨ ਦਾ ਕੋਈ ਹੱਕ ਨਹੀਂ।

ਮੇਰੇ ਮਾਂ-ਬਾਪ ਦੇ ਬੋਲਾਂ ਉਤੇ ਮੇਰਾ ਹੱਕ ਕੁਦਰਤ ਨੇ ਮੈਨੂੰ ਦਿਤਾ ਅਤੇ ਸਾਡੇ ਗੁਰੂ ਦੇ ਸ਼ਬਦਾਂ ਉਤੇ ਹੱਕ ਗੁਰੂਆਂ ਨੇ ਸਾਨੂੰ ਆਪ ਦਿਤਾ ਹੈ। ਸ਼੍ਰੋਮਣੀ ਕਮੇਟੀ ਦਾ ਤਾਂ ਫ਼ਰਜ਼ ਬਣਦਾ ਹੈ ਕਿ ਗੁਰੂ ਦਾ ਸ਼ਬਦ ਦੁਨੀਆਂ ਵਿਚ ਬੈਠੇ ਹਰ ਸਿੱਖ ਅਤੇ ਸਾਰੀ ਇਨਸਾਨੀਅਤ ਤਕ ਪਹੁੰਚਾਵੇ ਪਰ ਸ਼੍ਰੋਮਣੀ ਕਮੇਟੀ ਨੇ ਤਾਂ ਗੁਰੂ ਦੇ ਸ਼ਬਦ ਨੂੰ ਹੀ ਪੀ.ਟੀ.ਸੀ. ਕੋਲ ਵੇਚ ਦਿਤਾ ਹੈ।

ਜਦ ਪ੍ਰਧਾਨ ਲੌਂਗੋਵਾਲ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਪੀ.ਟੀ.ਸੀ. ਦੇ ਨਾਰਾਇਣਨ (ਜਿਨ੍ਹਾਂ ਕੋਲ ਪ੍ਰਸਾਰਨ ਦੇ ਸਾਰੇ ਹੱਕ ਹਨ) ਨੂੰ ਪੁਛ ਕੇ ਦੱਸਾਂਗਾ। ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੁਣ ਪੀ.ਟੀ.ਸੀ. ਦੇ ਸੀ.ਈ.ਓ. ਤੋਂ ਇਜਾਜ਼ਤ ਲੈ ਕੇ ਸਿੱਖਾਂ ਨੂੰ ਗੁਰਬਾਣੀ ਨਾਲ ਜੁੜੇ ਰਹਿਣ ਦੀ ਆਗਿਆ ਦੇਣ।

ਜਦੋਂ ਵੀ ਸੋਚਦੇ ਹਾਂ ਕਿ ਇਸ ਤੋਂ ਹੋਰ ਜ਼ਿਆਦਾ ਮਾੜਾ ਕੀ ਹੋ ਸਕਦਾ ਹੈ ਤਾਂ ਅਕਾਲੀ ਦਲ/ਸ਼੍ਰੋਮਣੀ ਕਮੇਟੀ ਕੁੱਝ ਹੋਰ ਨੀਵਾਂ ਹੋ ਕੇ ਵਿਖਾ ਦਿੰਦੇ ਹਨ। ਜਾਂ ਤਾਂ ਅਪਣਾ ਕੱਦ ਉੱਚਾ ਕਰੋ ਤਾਕਿ ਇਹ ਲੋਕ ਸਿੱਧੀ ਗੱਲ ਕਰਨ ਲਈ ਮਜਬੂਰ ਹੋ ਜਾਣ ਜਾਂ ਇਨ੍ਹਾਂ ਵਾਂਗ ਰੇਂਗਦੇ ਹੋਏ ਆਰ.ਐਨ. ਵਰਗੇ ਉਦਯੋਗਪਤੀ ਤੋਂ ਗੁਰਬਾਣੀ ਉਚਾਰਣ ਦੀ ਇਜਾਜ਼ਤ ਲਵੋ।

ਪਰ ਏਨੀ ਕੀਮਤ ਅਦਾ ਕਰਨੀ ਸਾਡੇ ਵਸ ਦੀ ਗੱਲ ਤਾਂ ਹੈ ਨਹੀਂ, ਸੋ ਹੁਣ ਅਸੀਂ ਦਰਬਾਰ ਸਾਹਿਬ ਤੋਂ ਦੂਰ ਹੋਣ ਜਾ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਪਾਕਿਸਤਾਨ ਤੋਂ ਨਨਕਾਣਾ ਸਾਹਿਬ ਦੇ ਹੁਕਮਨਾਮੇ ਨਾਲ ਜੁੜ ਸਕੀਏ। ਪੁਰਾਣੇ ਮੁਲਕ ਦੇ ਗੁਰਦਵਾਰਾ ਪ੍ਰਬੰਧਕ ਤਾਂ ਸਾਡੀ ਬੇਨਤੀ ਪ੍ਰਵਾਨ ਕਰ ਸਕਦੇ ਹਨ, ਅਪਣਿਆਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਕਿਉਂਕਿ ਉਨ੍ਹਾਂ ਦੇ ਵਪਾਰਕ ਅਤੇ ਰਾਜਸੀ ਹਿਤ, ਗੁਰਬਾਣੀ ਦੇ ਪ੍ਰਚਾਰ ਨਾਲੋਂ ਜ਼ਿਆਦਾ ਜ਼ਰੂਰੀ ਹਨ ਸ਼ਾਇਦ।  -ਨਿਮਰਤ ਕੌਰ