ਸਿੱਖਾਂ ਦੀ ਦਸਤਾਰ ਲਈ ਹੈਲਮਟ ਤਿਆਰ ਕਰਵਾਉਣ ਤੋਂ ਪਹਿਲਾਂ ਸਿੱਖ ਮਰਿਆਦਾ ਬਾਰੇ ਅਕਾਲ ਤਖ਼ਤ ਅਤੇ ਸਿੱਖ ਪੰਥ ਨਾਲ ਸਲਾਹ ਕਰਨ ਵਿਚ ਕੀ ਮੁਸ਼ਕਲ ਸੀ?
ਨਵੇਂ ਸੁਰੱਖਿਆ ਹੈਲਮੈਟਾਂ ਵਿਚ ਜੂੜਿਆਂ ਵਾਸਤੇ ਪੂਰੀ ਥਾਂ ਹੁੰਦੀ ਹੈ। ਇਸ ਨਾਲ ਜੂੜੇ ਨੂੰ ਛੋਟਾ ਕਰਨ ਜਾਂ ਕੱਟਣ ਵਲ ਧਿਆਨ ਨਹੀਂ ਜਾਵੇਗਾ ਪਰ ਫ਼ੈਸਲਾ ਲੈਣ ਤੋਂ ਪਹਿਲਾਂ...
ਨਵੇਂ ਸੁਰੱਖਿਆ ਹੈਲਮੈਟਾਂ ਵਿਚ ਜੂੜਿਆਂ ਵਾਸਤੇ ਪੂਰੀ ਥਾਂ ਹੁੰਦੀ ਹੈ। ਇਸ ਨਾਲ ਜੂੜੇ ਨੂੰ ਛੋਟਾ ਕਰਨ ਜਾਂ ਕੱਟਣ ਵਲ ਧਿਆਨ ਨਹੀਂ ਜਾਵੇਗਾ ਪਰ ਫ਼ੈਸਲਾ ਲੈਣ ਤੋਂ ਪਹਿਲਾਂ ਇਕ ਵਾਰੀ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਤਾਂ ਪੁੱਛ ਲੈਣਾ ਚਾਹੀਦਾ ਸੀ ਜਿਨ੍ਹਾਂ ਦੇ ਬੱਚੇ ਜੰਗ ਵਿਚ ਸ਼ਹੀਦ ਹੋਏ ਜਾਂ ਜਿਨ੍ਹਾਂ ਸਿਰ ਦੀ ਸੱਟ ਖਾਧੀ। ਨਾਲ ਹੀ ਦੋ ਸੰਸਾਰ ਯੁਧਾਂ ਵਿਚ ਸਿੱਖਾਂ ਦੀ ਬਹਾਦਰੀ ਵੇਖਣ ਵਾਲੇ ਵਿਦੇਸ਼ੀ ਜਰਨੈਲਾਂ ਦੀ ਵੀ ਸਲਾਹ ਲੈ ਲੈਣੀ ਚਾਹੀਦੀ ਸੀ ਕਿ ਇਸ ਮਸਲੇ ਤੇ ਉਨ੍ਹਾਂ ਦਾ ਤਜਰਬਾ ਕੀ ਕਹਿੰਦੈ। ਪੱਛਮ ਦੇ ਜਿਹੜੇ ਦੂਜੇ ਦੇਸ਼ਾਂ ਵਿਚ ਸਿੱਖ ਫ਼ੌਜੀਆਂ ਨੂੰ ਹੈਲਮਟ ਤੋਂ ਬਗ਼ੈਰ, ਫ਼ੌਜ ਵਿਚ ਭਰਤੀ ਕੀਤਾ ਜਾਂਦਾ ਹੈ, ਉਨ੍ਹਾਂ ਦਾ ਤਜਰਬਾ ਵੀ ਵਰਤ ਲਿਆ ਜਾਣਾ ਚਾਹੀਦਾ ਸੀ। ਪਰ ਸੱਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਿੱਖ ਮਰਿਆਦਾ ਨਾਲ ਸਬੰਧਤ ਗੱਲਾਂ ਬਾਰੇ ਅਕਾਲ ਤਖ਼ਤ ਦੀ ਰਾਏ ਜਾਣੇ ਬਿਨਾਂ ਕੋਈ ਫ਼ੈਸਲਾ ਨਹੀਂ ਸੀ ਲਿਆ ਜਾਣਾ ਚਾਹੀਦਾ।
ਦੋ ਮੁੰਡਿਆਂ ਦੀ ਮਾਂ ਹੋਣ ਕਾਰਨ ਜਦ ਵੀ ਬੱਚੇ ਸੜਕਾਂ ’ਤੇ ਸਾਈਕਲ ਚਲਾਉਂਦੇ ਹਨ ਤਾਂ ਡਰ ਲਗਦਾ ਹੈ ਕਿਉਂਕਿ ਜਦ ਬੱਚੇ ਡਿਗਦੇ ਹਨ ਤਾਂ ਸਿਰ ਦੀਆਂ ਸੱਟਾਂ ਸੱਭ ਤੋਂ ਜ਼ਿਆਦਾ ਖ਼ਤਰਨਾਕ ਹੁੰਦੀਆਂ ਹਨ ਤੇ ਲਾਇਲਾਜ ਵੀ ਹੁੰਦੀਆਂ ਹਨ। ਫਿਰ ਅਪਣੇ ਦਿਨ ਵੀ ਯਾਦ ਆਉਂਦੇ ਹਨ ਜਦ ਅਸੀ ਸਕੂਟਰਾਂ ਤੇ ਹਵਾ ਵਾਂਗ ਉਡਦੇ ਜਾਣਾ ਤੇ ਫ਼ੈਸ਼ਨ ਦੇ ਚੱਕਰ ਵਿਚ ਕਦੇ ਹੈਲਮੇਟ ਵੀ ਨਹੀਂ ਸੀ ਪਾਉਂਦੇ।
ਪਰ ਸਾਡੇ ਸਮੇਂ ਵਿਚ ਤੇ ਅੱਜ ਦੇ ਸਮੇਂ ਵਿਚ ਬਹੁਤ ਅੰਤਰ ਹੈ। ਜਦ ਅਸੀ ਸਕੂਟਰ ਚਲਾਉਂਦੇ ਸੀ, ਉਦੋਂ ਗੱਡੀਆਂ ਘੱਟ ਹੁੰਦੀਆਂ ਸਨ। ਉਸ ਸਮੇਂ ਫੀਏਟ ਤੇ ਅੰਬੈਸੇਡਰ ਹੀ ਹੁੰਦੀਆਂ ਸਨ ਜਿਨ੍ਹਾਂ ਦੀ ਰਫ਼ਤਾਰ ਵੀ ਘੱਟ ਤੇ ਸੱਭ ਇਕ ਦੂਜੇ ਨੂੰ ਜਾਣਦੇ ਹੁੰਦੇ ਸਨ ਤੇ ਬੱਚਿਆਂ ਨੂੰ ਤੇਜ਼ ਚਲਾਉਂਦੇ ਵੇਖ ਆਪ ਹੀ ਰੁਕ ਕੇ ਰਸਤਾ ਦੇ ਦੇਂਦੇ ਸਨ। ਪਰ ਅੱਜ ਜਦ ਵੀ ਮੈਂ ਆਪ ਸਕੂਟਰ ਚਲਾਉਣਾ ਹੁੰਦਾ ਹੈ ਤਾਂ ਹੈਲਮੇਟ ਜ਼ਰੂਰ ਪਾਉਂਦੀ ਹਾਂ। ਜਦੋਂ ਵਿਦੇਸ਼ ਵਿਚ ਰਹਿੰਦੀ ਇਕ ਸਿੱਖ ਮਾਂ ਵਲੋਂ ਬੱਚਿਆਂ ਵਾਸਤੇ ਹੈਲਮੇਟ ਦੀ ਕਾਢ ਦੀ ਖ਼ਬਰ ਪੜ੍ਹੀ ਤਾਂ ਉਸ ਮਾਂ ਦਾ ਦਿਲੋਂ ਧਨਵਾਦ ਕੀਤਾ ਕਿ ਆਖ਼ਰਕਾਰ ਕਿਸੇ ਨੇ ਤਾਂ ਡਰ ਨੂੰ ਪਹਿਲ-ਕਦਮੀ ਵਿਚ ਤਬਦੀਲ ਕੀਤਾ ਹੈ।
ਫਿਰ ਜਦ ਸਿੱਖ ਫ਼ੌਜੀਆਂ ਵਾਸਤੇ ਹੈਲਮੇਟ ਦੀ ਕਾਢ ਤੇ ਚੋਣ ਦੀ ਖ਼ਬਰ ਆਈ ਤਾਂ, ਬੜਾ ਚੰਗਾ ਲੱਗਾ। ਹਰ ਆਏ ਦਿਨ ਕਿਸੇ ਨਾ ਕਿਸੇ ਸਿੱਖ ਫ਼ੌਜੀ ਦੀ ਲਾਸ਼ ਪੰਜਾਬ ਆਉਂਦੀ ਹੈ ਤੇ ਮਾਂ ਦੀਆਂ ਚੀਕਾਂ ਸੁਣ ਕੇ ਦਿਲ ਦਹਿਲ ਜਾਂਦਾ ਹੈ। ਭਾਵੇਂ ਤੁਸੀ ਮੁਆਵਜ਼ੇ ਵਜੋਂ ਕਰੋੜ ਰੁਪਏ ਦੇ ਦੇਵੋ ਪਰ ਉਸ ਨਾਲ ਮਾਂ-ਬਾਪ ਦੀਆਂ ਕੁੱਖਾਂ ਨਹੀਂ ਭਰਦੀਆਂ। ਜੇ ਇਸ ਹੈਲਮੇਟ ਨੂੰ ਪਾਉਣ ਨਾਲ ਇਕ ਵੀ ਘਰ ਦਾ ਫ਼ੌਜੀ ਬੱਚ ਜਾਂਦਾ ਹੈ ਤਾਂ ਇਸ ਤੋਂ ਵੱਡੀ ਕਾਢ ਸਿੱਖਾਂ ਵਾਸਤੇ ਹੋਰ ਕੋਈ ਨਹੀਂ ਹੋ ਸਕਦੀ।
ਇਸ ਕਦਮ ਬਾਰੇ ਸੁਣ ਕੇ ਇਹ ਖ਼ਿਆਲ ਵੀ ਆਇਆ ਕਿ ਭਾਰਤੀ ਫ਼ੌਜ ਨੂੰ ਸਿੱਖ ਫ਼ੌਜੀ ਪ੍ਰਤੀ ਸਤਿਕਾਰ ਜ਼ਰੂਰ ਹੋਵੇਗਾ ਕਿਉਂਕਿ ਉਨ੍ਹਾਂ ਐਸੀ ਕਾਢ ’ਤੇ ਕਰੋੜਾਂ ਦੀ ਖੋਜ ਦਾ ਪੈਸਾ ਤੇ ਸਮਾਂ ਲਗਾਇਆ ਹੈ ਤਾਕਿ ਅੱਜ ਦੀ ਤਕਨੀਕ ਦਾ ਇਸਤੇਮਾਲ ਕਰ ਕੇ ਅਜਿਹਾ ਰਸਤਾ ਕਢਿਆ ਜਾਵੇ ਜਿਸ ਨਾਲ ਸਿੱਖ ਫ਼ੌਜੀ ਦੀ ਸੁਰੱਖਿਆ ਵਿਚ ਕੋਈ ਕਮੀ ਨਾ ਆਏ। ਪਰ ਇਹ ਵਿਚਾਰ ਇਕ ਮਾਂ ਦੇ ਹਨ ਜਿਸ ਦੇ ਮਨ ਵਿਚ ਅਪਣੇ ਬੱਚਿਆਂ ਦੀ ਸੁਰੱਖਿਆ ਤੋਂ ਵੱਡਾ ਕੁੱਝ ਨਹੀਂ ਹੁੰਦਾ। ਸਿੱਖਾਂ ਸਿਆਣਿਆਂ ਦਾ ਵਿਚਾਰ ਕੁੱਝ ਹੋਰ ਹੈ।
ਉਨ੍ਹਾਂ ਵਾਸਤੇ ਕੇਸਾਂ ਦਾ ਸਤਿਕਾਰ, ਜਾਨ ਤੋਂ ਕਿਤੇ ਵੱਧ ਪਿਆਰਾ ਹੈ। ਉਨ੍ਹਾਂ ਦਾ ਇਤਰਾਜ਼ ਸਮਝ ਆਉਂਦਾ ਹੈ ਕਿਉਂਕਿ ਅੱਜ ਆਮ ਹੀ ਦਸਤਾਰ ਨੂੰ ਟੋਪੀ ਵਾਂਗ ਪਾਇਆ ਜਾਂਦਾ ਹੈ। ਸਿਰ ’ਤੇ ਕੇਸ ਨਹੀਂ ਹੁੰਦੇ ਤੇ ਲੋਕਾਂ ਨੂੰ ਵਿਖਾਉਣ ਲਈ ਦਸਤਾਰ ਸਜਾਈ ਹੁੰਦੀ ਹੈ। ਸਾਡੇ ਬਚਪਨ ਦੇ ਵਕਤ ਜੇ ਕਿਸੇ ਸਿੱਖ ਮੁੰਡੇ ਨੇ ਟੋਪੀ ਪਾ ਲੈਣੀ ਤਾਂ ਘਰੋਂ ਬੇਦਖ਼ਲ ਵੀ ਕੀਤੇ ਜਾਣ ਦਾ ਡਰ ਹੁੰਦਾ ਸੀ। ਵੱਡਿਆਂ ਦੀ ਸੋਚ ਹੁੰਦੀ ਸੀ ਕਿ ਜੇ ਟੋਪੀ ਪਾ ਲਈ ਤਾਂ ਅਗਲਾ ਕਦਮ ਕੇਸ ਕੱਟਣ ਵਲ ਜਾਵੇਗਾ ਤੇ ਉਹ ਸਹੀ ਵੀ ਸਾਬਤ ਹੋਏ। ਅੱਜ ਪਗੜੀ ਤਾਂ ਹਰ ਕੋਈ ਪਾਉਂਦਾ ਹੈ ਪਰ ਕੇਸ ਵੀ ਘੱਟ ਨੇ ਹੀ ਰੱਖੇ ਹੁੰਦੇ ਹਨ। ਸਿੱਖੀ ਨੂੰ ਸੰਪੂਰਨ ਰੂਪ ਵਿਚ ਮੰਨਣ ਲਈ, ਕੇਸਾਂ ਦੀ ਸੰਭਾਲ ਤੇ ਸਤਿਕਾਰ ਬਹੁਤ ਜ਼ਰੂਰੀ ਹੈ।
ਸਾਡੇ ਮੁੰਡਿਆਂ ਦੀ ਜਾਨ ਕੀਮਤੀ ਹੈ ਤੇ ਅੱਜ ਜੇ ਸਰਕਾਰਾਂ ਤੇ ਸਿੱਖ ਬੁਧੀਜੀਵੀ ਤੇ ਸਿੱਖ ਧਾਰਮਕ ਆਗੂ ਬੈਠ ਕੇ ਕੋਈ ਰਸਤਾ ਕੱਢ ਲੈਣ ਤਾਂ ਇਹ ਸਾਡੇ ਵਾਸਤੇ ਫ਼ਾਇਦੇਮੰਦ ਹੀ ਹੋਵੇਗਾ। ਸਰਕਾਰ ਨੂੰ ਵੀ ਸਮਝਣਾ ਪਵੇਗਾ ਕਿ ਧਾਰਮਕ ਫ਼ੈਸਲੇ, ਵਿਚਾਰ ਵਟਾਂਦਰੇ ਤੇ ਸਹਿਮਤੀ ਤੋਂ ਬਿਨਾਂ ਨਹੀਂ ਕੀਤੇ ਜਾ ਸਕਦੇ। ਸਿਆਣੇ ਸਿੱਖਾਂ ਨੂੰ ਟੋਪੀ ਤੇ ਇਸ ਸਿੱਖ ਹੈਲਮੇਟ ਵਿਚ ਅੰਤਰ ਵੀ ਸਮਝਣਾ ਪਵੇਗਾ। ਜਿਥੇ ਟੋਪੀ ਵਿਚ ਕੇਸਾਂ ਵਾਸਤੇ ਪੂਰੀ ਥਾਂ ਨਹੀਂ ਹੁੰਦੀ ਤੇ ਉਹ ਸਿਰਫ਼ ਫ਼ੈਸ਼ਨ ਜਾਂ ਅਸਾਨੀ ਵਾਸਤੇ ਹੁੰਦੀ ਹੈ, ਉਥੇ ਹੀ ਇਨ੍ਹਾਂ ਨਵੇਂ ਸੁਰੱਖਿਆ ਹੈਲਮੈਟਾਂ ਵਿਚ ਜੂੜਿਆਂ ਵਾਸਤੇ ਪੂਰੀ ਥਾਂ ਹੁੰਦੀ ਹੈ।
ਇਸ ਨਾਲ ਜੂੜੇ ਨੂੰ ਛੋਟਾ ਕਰਨ ਜਾਂ ਕੱਟਣ ਵਲ ਧਿਆਨ ਨਹੀਂ ਜਾਵੇਗਾ ਪਰ ਫ਼ੈਸਲਾ ਲੈਣ ਤੋਂ ਪਹਿਲਾਂ ਇਕ ਵਾਰੀ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਪੁੱਛ ਲੈਣਾ ਚਾਹੀਦਾ ਸੀ ਜਿਨ੍ਹਾਂ ਦੇ ਬੱਚੇ ਜੰਗ ਵਿਚ ਸ਼ਹੀਦ ਹੋਏ ਜਾਂ ਜਿਨ੍ਹਾਂ ਸਿਰ ਦੀ ਸੱਟ ਖਾਧੀ। ਨਾਲ ਹੀ ਦੋ ਸੰਸਾਰ ਯੁਧਾਂ ਵਿਚ ਸਿੱਖਾਂ ਦੀ ਬਹਾਦਰੀ ਵੇਖਣ ਵਾਲੇ ਵਿਦੇਸ਼ੀ ਜਰਨੈਲਾਂ ਦੀ ਵੀ ਸਲਾਹ ਲੈ ਲੈਣੀ ਚਾਹੀਦੀ ਸੀ ਕਿ ਇਸ ਮਸਲੇ ਤੇ ਉਨ੍ਹਾਂ ਦਾ ਤਜਰਬਾ ਕੀ ਕਹਿੰਦੈ।
ਪੱਛਮ ਦੇ ਜਿਹੜੇ ਦੂਜੇ ਦੇਸ਼ਾਂ ਵਿਚ ਸਿੱਖ ਫ਼ੌਜੀਆਂ ਨੂੰ ਹੈਲਮਟ ਤੋਂ ਬਗ਼ੈਰ, ਫ਼ੌਜ ਵਿਚ ਭਰਤੀ ਕੀਤਾ ਜਾਂਦਾ ਹੈ, ਉਨ੍ਹਾਂ ਦਾ ਤਜਰਬਾ ਵੀ ਵਰਤ ਲਿਆ ਜਾਣਾ ਚਾਹੀਦਾ ਸੀ। ਪਰ ਸੱਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਿੱਖ ਮਰਿਆਦਾ ਨਾਲ ਸਬੰਧਤ ਗੱਲਾਂ ਬਾਰੇ ਅਕਾਲ ਤਖ਼ਤ ਦੀ ਰਾਏ ਜਾਣੇ ਬਿਨਾਂ ਕੋਈ ਫ਼ੈਸਲਾ ਨਹੀਂ ਸੀ ਲਿਆ ਜਾਣਾ ਚਾਹੀਦਾ। ਫ਼ੈਸਲੇ ਲੈਣ ਵਾਲੇ ਅਪਣੀਆਂ ਸੁਰੱਖਿਅਤ ਗੱਦੀਆਂ ’ਤੇ ਬੈਠੇ ਹਨ ਤੇ ਉਨ੍ਹਾਂ ਦੇ ਬੱਚੇ ਫ਼ੌਜ ਵਿਚ ਨਹੀਂ ਹਨ। ਹਮਦਰਦੀ, ਸਲਾਹ ਮਸ਼ਵਰੇ ਸਮੇਂ ਨਾਲ ਚਲਣ ਵਾਲੀ ਸੋਚ ਨਾਲ ਫ਼ੈਸਲੇ ਲੈਣੇ ਚਾਹੀਦੇੇੇ ਹਨ।
- ਨਿਮਰਤ ਕੌਰ